ਫੋਨ ਦੀ ਘੰਟੀ ਵੱਜੀ..
ਬੀਜੀ ਦਾ ਨੰਬਰ ਸੀ..ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ..ਨਾਲ ਹੀ ਰਾਹ ਭੁੱਲ ਕੇ ਨੱਕ ਵਿਚ ਜਾ ਵੜੇ ਕਿੰਨੇ ਸਾਰੇ ਹੰਜੂਆਂ ਨਾਲ ਭਰ ਗਏ ਨੱਕ ਨੂੰ ਵੀ ਸਾਫ ਕੀਤਾ..ਫੇਰ ਚੇਹਰੇ ਦੇ ਹਾਵ ਭਾਵ ਬਦਲ ਹਰੇ ਬਟਨ ਤੇ ਉਂਗਲ ਦੱਬ ਦਿੱਤੀ..!
ਅੱਗੋਂ ਆਖਣ ਲੱਗੀ..
“ਬੇਟਾ ਹਾਲ ਬਜਾਰ ਆਈ ਸਾਂ ਸੋਚਿਆ ਤੇਰੇ ਵੱਲ ਹੁੰਦੀ ਜਾਵਾਂ”!
ਛੇਤੀ ਨਾਲ ਪੁੱਛਿਆ “ਕਿੰਨੀ ਕੂ ਦੇਰ ਲੱਗੂ ਤੁਹਾਨੂੰ..”? ਅੱਗੋਂ ਆਖਣ ਲੱਗੇ ਅੱਧਾ ਘੰਟਾ ਹੋਰ ਲੱਗ ਜਾਣਾ..!
ਮਨ ਹੀ ਮਨ ਸ਼ੁਕਰ ਕੀਤਾ ਕੇ ਅਜੇ ਕੋਲ ਅੱਧਾ ਘੰਟਾ ਤੇ ਹੈ ਠੀਕ ਠਾਕ ਹੋਣ ਲਈ..!
ਫੇਰ ਧਿਆਨ ਛੇਤੀ ਨਾਲ ਆਸ ਪਾਸ ਟੁੱਟੇ ਹੋਏ ਕਿੰਨੇ ਸਾਰੇ ਕੱਚ ਦੇ ਗਿਲਾਸਾਂ ਵੱਲ ਚਲਾ ਗਿਆ..
ਆਸ ਪਾਸ ਖਿਲਰੇ ਹੋਏ ਸਿਰਹਾਣੇ ਅਤੇ ਟਿਫਨ ਵਿਚੋਂ ਡੁੱਲੀ ਹੋਈ ਸਬਜੀ ਸੁਵੇਰੇ-ਸੁਵੇਰੇ ਕਲੇਸ਼ ਦੇ ਰੂਪ ਵਿਚ ਆਈ ਸੁਨਾਮੀ ਦੀ ਮੂੰਹ ਬੋਲੀ ਤਸਵੀਰ ਪੇਸ਼ ਕਰ ਰਹੀ ਸੀ..!
ਸੁਰਤ ਨਿੱਕੀ ਹੁੰਦੀ ਵਾਲੇ...
ਬਚਪਨ ਦੇ ਦਿਨਾਂ ਵੱਲ ਚਲੀ ਗਈ..!
ਓਨੀ ਦੇਰ ਤੱਕ ਰੋਂਦੀ ਰਹਿੰਦੀ ਜਿੰਨੀ ਦੇਰ ਤੱਕ ਮਾਂ ਦਾ ਧਿਆਨ ਨਾ ਪੈ ਜਾਇਆ ਕਰਦਾ..ਜਿਦ ਜੂ ਪਗਾਉਣੀ ਹੁੰਦੀ ਸੀ..ਜਿੰਨਾ ਜਿਆਦਾ ਰੋਣ ਓਨਾ ਹੀ ਜਿਆਦਾ ਮੁਆਵਜਾ..!
ਫੇਰ ਸੋਚਾਂ ਦੀ ਘੁੰਮਣ ਘੇਰੀ ਵਿਚ ਪਈ ਦਾ ਧਿਆਨ ਫੋਨ ਦੀ ਘੜੀ ਤੇ ਜਾ ਪਿਆ..
ਸਿਰਫ ਦਸ ਮਿੰਟ ਹੀ ਰਹਿ ਗਏ ਸਨ!
ਛੇਤੀ ਨਾਲ ਜੂੜਾ ਖੋਹਲ ਵਾਲ ਵਹੁਣ ਲੱਗ ਪਈ..ਅੱਜ ਹੱਸ ਕੇ ਜੂ ਵਿਖਾਉਣਾ ਸੀ..ਜੰਮਣ ਵਾਲੀ ਨੂੰ..!
ਦਿਲ ਦੀ ਮਰੀਜ ਅੱਜ ਕੱਲ ਮੇਰੇ ਚੇਹਰੇ ਤੇ ਸੁੱਕ ਗਏ ਹੰਜੂਆਂ ਦੇ ਨਿੱਕੇ-ਮੋਟੇ ਨਿਸ਼ਾਨ ਤੱਕ ਵੀ ਬਿਲਕੁਲ ਬਰਦਾਸ਼ਤ ਨਹੀਂ ਕਰਿਆ ਕਰਦੀ..
ਪਤਾ ਨਹੀਂ ਕੀ ਹੋ ਗਿਆ ਉਸਨੂੰ..ਸ਼ਾਇਦ ਬੁੱਢੀ ਹੋ ਗਈ ਏ..!
ਹਰਪ੍ਰੀਤ ਸਿੰਘ ਜਵੰਦਾ
Rekha Rani
please next part jaldi up load karo gi