ਅੰਬਰਸਰ ਤੋਂ ਗੰਗਾ-ਨਗਰ ਜਾਣ ਵਾਲੀ ਆਖਰੀ ਬਸ ਵਿਚ ਦੋ ਸਵਾਰੀਆਂ ਵਾਲੀ ਸੀਟ ਤੇ ਇੱਕ ਬਾਬਾ ਜੀ ਆਣ ਬੈਠੇ ਤੇ ਬਾਰੀ ਵਾਲੇ ਪਾਸੇ ਇੱਕ ਗਠੜੀ ਟਿਕਾ ਦਿੱਤੀ!
ਕੰਡਕਟਰ ਆਖਣ ਲੱਗਾ ਕੇ ਬਾਪੂ ਜੀ ਗਠੜੀ ਆਪਣੇ ਪੈਰਾਂ ਵਿਚ ਰੱਖ ਲਵੋ ਤੇ ਨਾਲਦੀ ਸੀਟ ਤੇ ਕਿਸੇ ਹੋਰ ਸਵਾਰੀ ਨੂੰ ਬਹਿਣ ਦੇਵੋ!
ਅੱਗੋਂ ਬੋਲੇ ਕੇ ਪੁੱਤਰ ਟਿਕਟਾਂ ਭਾਵੇਂ ਦੋ ਕਟਦੇ ਪਰ ਇਹ ਗਠੜੀ ਬਾਰੀ ਵਾਲੇ ਪਾਸੇ ਸੀਟ ਤੇ ਮੇਰੇ ਬਰਾਬਰ ਹੀ ਰਹੂ !
ਹੈਰਾਨ ਹੁੰਦਾ ਹੋਇਆ ਕੰਡਕਟਰ ਦੋ ਟਿਕਟਾਂ ਕੱਟ ਅਗਾਂਹ ਨੂੰ ਤੁਰ ਪਿਆ ਪਰ ਬਾਕੀ ਦੀਆਂ ਟਿਕਟਾਂ ਕੱਟਦੇ ਹੋਏ ਦਾ ਧਿਆਨ ਵੀ ਬਾਪੂ ਦੇ ਨਾਲ ਰੱਖੀ ਗਠੜੀ ਵੱਲ ਹੀ ਰਿਹਾ !
ਘੰਟੇ ਬਾਅਦ ਵਿਹਲਾ ਹੋ ਕੇ ਮੁੜ ਬਾਪੂ ਜੀ ਕੋਲ ਆ ਗਿਆ ਤੇ ਪੁੱਛਣ ਲੱਗਾ ਕੇ ਬਾਪੂ ਜੀ ਇੱਕ ਗੱਲ ਤੇ ਦੱਸ..ਇਸ ਗਠੜੀ ਵਿਚ ਐਸਾ ਕੀ ਹੈ ਕੇ ਜੋ ਤੂੰ ਇਸਦੀ ਵੀ ਟਿਕਟ ਕਟਵਾਈ?
ਬਾਪੂ ਜੀ ਨੇ ਗਠੜੀ ਆਪਣੇ ਵੱਲ ਖਿੱਚ ਲਈ ਤੇ ਆਖਣ ਲੱਗਾ ਕੇ ਪੁੱਤ ਇਸ ਵਿਚ ਮੇਰੀ ਨਾਲਦੀ “ਪਿਆਰ ਕੌਰ” ਦੀਆਂ ਅਸਥੀਆਂ ਨੇ…ਦੋਨੋਂ ਬੇਔਲਾਦੇ ਸਾਂ..ਪਰ ਰੈ ਵਾਹਵਾ ਰਲਦੀ ਸੀ ਇੱਕ-ਦੂਜੇ ਨਾਲ..ਹਮੇਸ਼ਾਂ ਇੱਕ ਗੱਲੋਂ ਡਰਦੇ ਹੁੰਦੇ ਸਾਂ ਕੇ ਜੇ ਕਿਤੇ ਦੋਹਾਂ ਚੋਂ ਇੱਕ ਪਹਿਲਾਂ ਤੁਰ ਗਿਆ ਤਾਂ ਮਗਰੋਂ ਦੂਜੇ ਕੱਲੇ ਕਾਰੇ ਰਹਿ ਗਏ ਦਾ ਕੀ ਬਣੂ?
ਸੋ ਇੱਕ ਦਿਨ ਅਸਾਂ ਦੋਨਾਂ ਨੇ ਮਤਾ ਪਕਾਇਆ ਕੇ ਜਿਹੜਾ ਵੀ ਮਗਰ ਰਹਿ ਜਾਊ ਉਹ ਪਹਿਲਾਂ ਤੁਰ ਗਏ ਨੂੰ ਰਹਿੰਦੇ ਸਾਹਵਾਂ ਤੀਕ ਆਪਣੇ ਨਾਲ ਰੱਖੂ…ਸੋ ਪੁੱਤ ਪਿਛਲੇ ਵਰੇ ਚੜਦੇ ਸਿਆਲ ਪਿਆਰ ਕੌਰ ਫਤਹਿ ਬੁਲਾ ਗਈ ਤੇ ਮੈਂ ਬੱਸ ਹੁਣ ਤੱਕ ਵੀ ਉਂਦੇ ਨਾਲ ਕੀਤੇ “ਕੌਲ ਕਰਾਰ” ਨਿਭਾਹ ਰਿਹਾ ਹਾਂ..ਗੱਲਾਂ ਕਰਦੇ ਕਰਦੇ ਬਾਬਾ ਜੀ ਨੂੰ...
ਨੀਂਦ ਆਉਣ ਲੱਗੀ ਤੇ ਉਹ ਨੀਂਦ ਦੀ ਝੋਕ ਲੈਂਦੇ ਹੋਏ ਗਠੜੀ ਵੱਲ ਨੂੰ ਉੱਲਰ ਗਏ..!
“ਸੋਂ ਜਾਓ ਬਾਬਾ ਜੀ…ਬਾਕੀ ਗੱਲ ਸੁਵੇਰੇ ਅੱਡੇ ਤੇ ਪੁੱਜ ਕੇ ਕਰਾਂਗੇ..ਏਨੀ ਗੱਲ ਆਖ ਉਹ ਡਰਾਈਵਰ ਵਾਲੀ ਸੀਟ ਵੱਲ ਨੂੰ ਹੋ ਤੁਰਿਆ!
ਤੜਕੇ ਮੂੰਹ ਹਨੇਰੇ ਬੱਸ ਅੱਡੇ ਤੇ ਜਾ ਲੱਗੀ ਤੇ ਸਭ ਸਵਾਰੀਆਂ ਆਪੋ ਆਪਣਾ ਸਮਾਂਨ ਲੈ ਹੇਠਾਂ ਉੱਤਰ ਗਈਆਂ! ਪਰ ਦੋ ਟਿਕਟਾਂ ਵਾਲੇ ਬਾਬਾ ਜੀ ਅਜੇ ਵੀ ਸਿਰ ਗਠੜੀ ਤੇ ਰੱਖੀ ਗੂੜੀ ਨੀਂਦਰ ਸੁੱਤੇ ਪਏ ਸਨ..!
ਕੰਡਕਟਰ ਕੋਲ ਆਇਆ ਤੇ ਆਖਣ ਲੱਗਾ ਕੇ “ਬਾਬਾ ਜੀ ਉਠੋਂ ਅੱਖਾਂ ਖੋਲੋ..ਆਜੋ ਥੋਨੂੰ ਅੱਜ ਗੰਗਾਨਗਰ ਦੀ ਚਾਹ ਪਿਆਈਏ ਤੇ ਨਾਲੇ ਬਾਕੀ ਦੀ ਕਹਾਣੀ ਵੀ ਸੁਣਨੀ ਏ ਤੁਹਾਥੋਂ ਅਜੇ”..!
ਇੱਕ ਵਾਜ..ਦੋ ਵਾਜਾਂ..ਤਿੰਨ ਵਾਜਾਂ…ਮਗਰੋਂ ਕੰਡਕਟਰ ਦੇ ਮਾੜੇ ਜਿਹੇ ਹਲੂਣੇ ਨਾਲ ਹੀ ਬਾਬਾ ਜੀ ਦੇ ਹੱਥੋਂ ਫੜੀ ਹੋਈ ਸੋਟੀ ਭੁੰਜੇ ਜਾ ਡਿੱਗੀ ਤੇ ਬਾਬਾ ਜੀ “ਪਿਆਰ ਕੌਰ” ਨਾਲ ਕੀਤਾ ਆਪਣਾ ਵਾਅਦਾ ਤੋੜ ਨਿਭਾ ਗਏ ਸਨ!
ਕੁਝ ਘੰਟਿਆਂ ਬਾਅਦ ਅਥਰੂ ਪੂੰਝਦਾ ਹੋਇਆ ਉਹ ਕੰਡਕਟਰ ਮ੍ਰਿਤਕ ਦੇਹ ਲੈਣ ਆਏ ਰੈਡ-ਕਰਾਸ ਵਾਲਿਆਂ ਨੂੰ ਓਹੀ ਗਠੜੀ ਫੜਾ ਰਿਹਾ ਸੀ ਤੇ ਪੱਕੀ ਕਰ ਰਿਹਾ ਸੀ ਕੇ ਭਰਾਵੋ ਸੰਸਕਾਰ ਵੇਲੇ ਦੇਹ ਤੇ ਇਹ ਗਠੜੀ ਰੱਖਣਾ ਨਾ ਭੁਲਿਓਂ ਨਹੀਂ ਤਾਂ ਬਾਬਾ ਜੀ ਵੇਲੇ ਕੁਵੇਲੇ ਆ ਜਰੂਰ ਹੀ ਇਹ ਸੁਆਲ ਕਰਿਆ ਕਰਨਗੇ ਕੇ ਪੁੱਤ ਜੇ ਮੇਰਾ ਇਹ ਨਿੱਕਾ ਜਿਹਾ ਕੰਮ ਵੀ ਨਹੀਂ ਸੀ ਕਰਨਾ ਤਾਂ ਫੇਰ ਉਸ ਦਿਨ ਮੇਰੀਆਂ ਦੋ ਟਿਕਟਾਂ ਕਿਓਂ ਕੱਟੀਆਂ ਸਨ..!
ਹਰਪ੍ਰੀਤ ਸਿੰਘ ਜਵੰਦਾ