ਭਾਈਚਾਰਾ !! ❤❤
ਕੁੰਡਾ ਤੇ ਪਹਿਲਾਂ ਹੀ ਖੁੱਲ੍ਹਾ ਸੀ ਫੇਰ ਵੀ ਜਗੀਰੋ ਨੇ ਹਾਕ ਮਾਰਨੀ ਜਰੂਰੀ ਸਮਝੀ, ” ਨੀ ! ਕੁੱੜੇ ਭੋਲੀਏ ਘਰੇ ਈ ਓ।” ” ਹਾਹੋ !! ਚਾਚੀ ਲੰਘ ਆ।” ਭੋਲੀ ਨੇ ਹੂੰਗਾਰਾ ਭਰਿਆ ।
ਏਧਰ /ਓਧਰ ਵੇਖ ਜਗੀਰੋ ਨੇ ਪੁੱਛਿਆ , ” ਕੁੱੜੇ ਤੇਰੀ ਬੇਬੇ ਨਹੀ ਦਿਸਦੀ ਸਗੋਂ ਵਾਂਡੇ (ਰਿਸ਼ਤੇਦਾਰੀ ਵਿੱਚ ) ਤਾਂ ਨਹੀਂ ਗਈ?”
” ਉਹ ਹਵੇਲੀ ਗੀਰੇ ਚੋਂ ਪਾਥੀਆਂ ਲੈਣ ਗਈ , ਆਉੰਦੀ ਹੋਣੀ …..ਚਾਚੀ ਤੂੰ ਮੰਜੀ ਤੇ ਬਹਿ ਜਾ।”
ਭੋਲੀ ਨੇ ਕੰਧ ਨਾਲ ਖੜ੍ਹੀ ਕੀਤੀ ਮੰਜੀ ਡਾਹ ਦਿੱਤੀ ।
ਧੰਨੀ ਪਾਥੀਆਂ ਦਾ ਟੋਕਰਾ ਸਬਾਤ ( ਰਸੋਈ ) ਵਿੱਚ ਰੱਖਦਿਆਂ ਬੋਲੀ, ” ਮੈਖਾਂ ! ਜਗੀਰੋ ! ਤੇਲ ਚੋਅ ਲੈਣ ਦੇੰਦੀ …..ਤੈਨੂੰ ਕਿਵੇਂ ਚੇਤਾ ਆ ਗਿਆ ਸਾਡੇ ਘਰ ਦਾ. ….ਸਿਆਣੇ ਕਹਿੰਦੇ ਸਾਕ ਵਿਗੋਚੇ ਹੋ ਜਾਈਏ ….ਪਰ ਭਾਈਚਾਰੇ ਵਿਗੋਚੇ ਨਹੀਂ ਹੋਈਦਾ….ਇਹ ਤਾਂ ਬਾਂਹ ਦਾ ਸਰਾਣਾ ਹੁੰਦੇ ਨੇ …..ਤੇਰੇ ਕਦੀ ਖਿਆਲਾਂ ਵਿੱਚ ਨਹੀਂ ਆਇਆ ਕਿ ਮੈਂ ਜਾ ਕੇ ਵੇਖ ਆਵਾਂ , ਉਹ ਜਿਉਂਦੇ ਨੇ ਕੇ ਮਰ ਗਏ …ਤੂੰ ਭਾਈਚਾਰਕ ਸਾਂਝ ਦੀ ਲਾਜ਼ ਈ ਰੱਖ ਲੈੰਦੀ।”
ਧੰਨੀ ਨੇ ਹੇਠ ਉੱਤੇ ਨਿਹੋਰੇ ਸੁੱਟਦਿਆਂ ਇਕੇ ਸਾਹੇ ਢੇਰ ਸਾਰੇ ਗੁੱਸੇ ਗਿਲੇ ਕੱਢ ਸੁੱਟੇ।
ਜਗੀਰੋ ਨੇ ਦੇਰ ਬਾਅਦ ਆਉਣ ਦੀ ਭੁੱਲ ਕਬੂਲਦਿਆਂ ਭੱਜ ਕੇ ਧੰਨੀ ਨੂੰ ਕਲਾਵੇ ‘ਚ’ ਲੈ ਜੱਫੀ ਪਾ ਲਈ। ਉਸਦਾ ਮਨ ਠੰਢਾ ਕਰਦੀ ਬੋਲੀ , ” ਨਾ ਮੇਰੀ ਛਿੰਦੀ ਭੈਣ ਨਰਾਜ ਨਹੀਂ ਹੋਈਦਾ ……ਅੈਵੇ ਨਹੀਂ ਇਹੋ ਜਿਹੇ ਬੋਲ-ਕਬੋਲ ਮੂੰਹੋਂ ਕੱਢੀਦੇ …..ਮਰਨ ਤੁਹਾਡੇ ਦੁਸ਼ਮਣ…. ..ਸੱਚ ਜਾਣੀ !! ਰੋਜ਼ ਹੀ ਆਉਣ -ਆਉਣ ਕਰਦੀ ਸੀ , ਸਗੋਂ ਨਾਜ਼ਰ ਦਾ ਬਾਪੂ ਵੀ ਕਹਿੰਦਾ, ” ਨਾ ਸਾਥੋੰ ਜਾ ਹੋਇਆ ਤੇ ਨਾ ਧੰਨੀ ਕਿਆਂ ਚੋਂ ਕੋਈ ਆਇਆ ਸੁੱਖ ਹੋਵੇ ਸਹੀ….ਅੜੀਏ!! .ਸਾਡੇ ਢਿੱਡ ‘ਚ’ ਕੋਈ ਗੱਲ ਨਹੀਂ , ਕਬੀਲਦਾਰੀ ਨੇ ਅੈਸਾ ਨੂੜਿਆ ਕਿਸੇ ਕੋਲ ਜਾ ਨਹੀਂ ਹੋਇਆ । ਗੁੱਸਾ ਤੇ ਮੈਨੂੰ ਵੀ ਤੇਰੇ ਤੇ ਬੜਾ ਸੀ ਪਰ ਤੂੰ ਮੇਰੀ ਵਾਰੀ ਨਹੀਂ ਆਉਣ ਦਿੱਤੀ… ਮੈਥੋਂ ਪਹਿਲਾਂ ਛਿੜ ਪਈ ….ਜੇ ਸਾਥੋੰ ਨਹੀ ਆ ਹੋਇਆ ਤੇ ਤੁਸੀਂ ਆਉਣ ਵਾਲੇ ਕਿਹੜੇ ਰਾਹ ਪੋਲੇ ਕਰ ਦਿੱਤੈ।”
ਪੰਜਾਬੀ ਭਾਈਚਾਰੇ ਦਾ ਇਹ ਮਾਣਮੱਤਾ ਖਾਸਾ ਸੀ ,ਉਹ ਮਿਲਣਸਾਰ ਛੋਟੀ -ਮੋਟੀ ਨੋਕ/ਝੋਕ ਕਰ ਮਨਾਂ ਦੀ ਭੜਾਸ ਕੱਢ ਲੈੰਦੇ ਪਰ ਨਰਾਜ਼ਗੀਆਂ ਦਿਲਾਂ ਵਿੱਚ ਨਾਲ ਪਾਲਦੇ।
ਭੋਲੀ ਗੜ੍ਹਵੀ ਭਰਕੇ ਗੁੜ ਵਾਲੀ ਸੰਘਣੀ ਚਾਹ ਲੈ ਕੇ ਹਾਜ਼ਰ ਹੋ ਗਈ । ਚਾਹ ਚੋਂ ਨਿਕਲਦੀ ਭਾਫ ਸੁੰਢ ਅਵਾਇਣ ਤੇ ਲੋੰਗਾਂ ਦੀ ਖੁਸ਼ਬੋ ਦੀਆਂ ਲਪਟਾਂ ਛੱਡ ਰਹੀ ਸੀ ਜਿਸ ਸਦਕਾ ਵਿਹੜੇ ਦੀ ਫਿਜ਼ਾ ਸੁਗੰਧੀਆਂ ਨਾਲ ਮਹਿਕ ਉੱਠੀ।
ਧੰਨੀ ਲੰਢੀ ਚਾਹ ਵੇਖ ਬੋਲੀ, ” ਨੀ ਭੋਲੀਏ !! ਆਪਣੀ ਚਾਚੀ ਲਈ ਕੁੱਝ ਖਾਣ ਨੂੰ ਲਿਆ , ਸੱਖਣੀ ਚਾਹ ਲਿਆ ਰੱਖੀ ਊ।”
“ਲਿਆਈ ਬੇਬੇ।” ਕਹਿ ਭੋਲੀ ਨੇ ਬੂੰਦੀ ਤੇ ਸਕਰਪਾਰੇ ਥਾਲ ਵਿੱਚ ਪਾ ਅਗੇ ਲਿਆ ਰੱਖੇ … .ਜੋ ਸ਼ਰੀਕੇ ਚੋਂ ਭਾਜੀ ਦੇ ਰੂਪ ਵਿੱਚ ਆਏ ਸਨ।
“ਧੰਨੀਏ !! ਆਹ ਬੂੰਦੀ ਸਕਰਪਾਰੇ ਕਿਧਰੋਂ ਆਏ ਨੀ?” ਜਗੀਰੋ ਨੇ ਬੂੰਦੀ ਦਾ ਫੱਕਾ ਮਾਰਦਿਆਂ ਤੇ ਸਿਰ ਤੋਂ ਖਿਸਕਿਆ ਦੁਪੱਟਾ ਸਿੱਧਾ ਕਰਦਿਆਂ ਪੁੱਛਿਆ ?
“ਭੈਣ ਜਗੀਰੋ ! ਇਹ ਭਾਜੀ ਪਿੜੀਵੱਢਾਂ (ਪਿੰਡ ਦੀ ਅੱਲ) ਦੇ ਘਰੋਂ ਆਈ ਸੀ .. ..ਕਿਉਂ ਤੁਹਾਡੇ ਵੱਲ ਨਹੀਂ ਦੇ ਕੇ ਗਏ?” ਧੰਨੀ ਨੇ ਹੈਰਾਨ ਹੁੰਦਿਆਂ ਪੁੱਛਿਆ ।
” ਭਾਜੀ ਤੇ ਸਾਡੇ ਵੱਲ ਵੀ ਆਈ ਸੀ ਪਰ ਸਾਡਾ ਟੱਬਰ ਸੁੱਖ ਨਾਲ ਵੱਡਾ ਵਾ , ਸਾਰਿਆਂ ਦੋਵੇਂ ਹੱਥੀਂ ਮੁੱਠਾਂ ਭਰੀਆਂ ਤੇ ਖਾ ਉੱਡਾ ਦਿੱਤੀ।” ਜਗੀਰੋ ਨੇ ਜਵਾਬ ਦਿੱਤਾ ।
“ਜਗੀਰੋ !! ਮੁੱਕ ਤੇ ਸਾਡੀ ਵੀ ਹੁਣ ਨੂੰ ਜਾਣੀ ਸੀ ਪਰ ਮੈਂ ਆਏ ਗਏ ਲਈ ਲੁੱਕਾ ਕੇ ਰੱਖੀ ਸੀ…..ਚੰਗੇ ਕਰਮਾਂ ਨੂੰ ਤੂੰ ਆ ਗਈ ਤੇ ਤੈਨੂੰ ਖਾਣੀ ਨਸੀਬ ਹੋ ਗਈ……ਕਹਿੰਦੇ ਹੁੰਦੇ ਨੇ “ਹੋਵੇ ਰਲਿਆ ਤੇ ਆਵੇ ਚਲਿਆ।” ਧੰਨੀ ਗਰਮ ਚਾਹ ਦਾ ਸੁੱੜਕੜਾ ਖਿੱਚਦਿਆਂ ਬੋਲੀ।
* “ਚਲ ਹੋਰ ਸੁਣਾ ! ਮੇਰੇ...
ਦਿਉਰ ਦਾ ਕੀ ਹਾਲ ਆ” ਧੰਨੀ ਨੇ ਕਰਮੇ ਦਿਉਰ ਦੀ ਸੁੱਖ ਸਾਂਦ ਜਾਨਣੀ ਚਾਹੀ।”
“ਵੇਖਣ ਨੂੰ ਤੇ ਚੰਗਾ ਭਲਾ ਦਿਸਦਾ ਪਰ ਡਿਮਾਗੋਂ ਰੇਸ਼ਾ ਡਿੱਗਣੋ ਨਹੀਂ ਹਟਦਾ……ਜਿਹੜੇ ਖੇਸ ਦੀ ਬੁਕੱਲ ਮਾਰਦਾ ….ਉਹਨੂੰ ਕਈ ਥਾਵਾਂ ਤੋਂ ਤੂੰਬਾਂ ( ਮੋਰੀਆਂ) ਲਗੀਆਂ ਪਈਆਂ ….ਲਗਦਾ ਸਿਆਲ ਦੀ ਠੰਢ ਖਾ ਗਿਆ ……ਉਹਦਾ ਖੇਸ ਉਣਾਉਣਾ ਸੀ ਹੱਥ ਤੰਗ ਹੋਣ ਕਰਕੇ ਅੈਤਕੀਂ ਜੋਰ ਨਹੀਂ ਪਿਆ। ਜੇ ਤੇਰੇ ਕੋਲ ਕੋਈ ਖੇਸ ਵਾਧੂ ਹੈ ਤਾਂ ਦੇਖਾਂ।”
ਹਾਂ ਸੱਚ ਯਾਦ ਆਇਆ ਜਗੀਰੋ ਕਿਤੇ ਫੀਮ ਹੋਵੇ ਤਾਂ ਭੋਰਾ ਦੇਵੀੰ ਕਹਿੰਦੇ ਅਫੀਮ ਖਾਣ ਨਾਲ ਸੀੰਡ (ਨਜਲਾ) ਸੁੱਕ ਜਾਂਦਾ।” ਜਗੀਰੋ ਨੇ ਜਿਥੇ ਸਿਰ ਦੇ ਸਾਈਂ ਦੀ ਚਿੰਤਾ ਜਿਤਾਈ ਉਥੇ ਫੀਮ ਤੇ ਖੇਸ ਦੀ ਮੰਗ ਵੀ ਮੰਗ ਲਈ ।
ਫੀਮ ਰੱਖੀ ਤਾਂ ਸੀ ਲਕੋ ਕੇ ,ਅੌਖੇ-ਸੌਖੇ ਵੇਲੇ ਲਈ ਪਰਸੋੰ ਦੀਪੋ ਆਈ ਕਹਿੰਦੀ , ” ਅੜੀਏ !! ਬੜਾ ਜਰੂਰੀ ਕੰਮ ਪੈ ਗਿਆ ਤੇਰੇ ਗੋਚਰਾ …ਭੈਣ ਬਣਕੇ ਥੋੜ੍ਹੀ ਫੀਮ ਦਈੰ ਸ਼ੇਰੇ ਦੇ ਬਾਪੂ ਨੂੰ ਦਸਤ-ਮੜੋ ਲਗ ਗਏ …ਉਹਦੀਆਂ ਭੂਕਣੀਆਂ ਛੁੱਟ ਪਈਆਂ।”
ਬਕਰੀ ਦੀ ਮੇੰਗਣ ਜਿੰਨੀ ਹੈ ਸੀ , ਮੈਂ ਉਹਨੂੰ ਫੜਾ ਦਿੱਤੀ।”
ਪੁਰਾਣਿਆਂ ਸਮਿਆਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਹੋਣ ਕਰਕੇ ਮਜਬੂਰੀ ਵੱਸ ਪਿੰਡਾਂ ਵਿੱਚ ਲੋਕ ਛੋਟੇ -ਮੋਟੇ ਦੁੱਖਾਂ ਤੋਂ ਨਿਜਾਤ ਪਾਉਣ ਲਈ ਅਫੀਮ ਵਾਲਾ ਅੌੜ੍-ਪੌੜ ਕਰਦੇ ਤਾਂ ਕਈ ਵਾਰ ਇਹ ਕਾਰਗਰ ਵੀ ਸਾਬਤ ਹੁੰਦਾ ।
ਧੰਨੀ ਝੱਟ ਕਰ ਮੰਜੀ ਤੋਂ ਉੱਠੀ ਤੇ ਸੰਦੂਖ ਚੋਂ ਕੋਰਾ -ਸੁੱਚਾ ਡੱਬੀਆਂ ਵਾਲਾ ਖੇਸ ਕੱਢ ਲਿਆਈ। ਧੰਨੀ ਖੇਸ ਫੜਾਉੰਦਿਆ ਬੋਲੀ , ” ਜਗੀਰੋ !! ਆਹ ਲੈ ਖੇਸ ਤੇ ਕਰਮੇ ਨੂੰ ਆਖੀਂ ਇਹਦੀ ਬੁਕੱਲ ਮਾਰਿਆ ਕਰੇ …ਡੋਰੇ ਵਟਨ ਵਾਲੇ ਨੇ, ਆਪ ਵੱਟ ਲਈਂ …..ਮਰਦਾਂ ਤੇ ਘੋੜਿਆਂ ਦੀ ਸੇਵਾ ਸੰਭਾਲ ਵਿੱਚ ਲਾਪਰਵਾਹੀ ਨਹੀਂ ਕਰੀਦੀ…..ਬਾਹਰੋਂ ਇੰਨਾਂ ਕਮਾ ਕੇ ਲਿਆਉਣਾ ਤੇ ਸਾਰੇ ਟੱਬਰ ਖਾਣਾ ਹੁੰਦਾ।”
“ਇਕ ਗੱਲ ਕਹਾਂ, ਧੰਨੀਏ ! ਜਿਸ ਕੰਮ ਮੈਂ ਆਈ ਸਾਂ , ਮੂੰਹੋਂ ਕਹਿ ਨਹੀਂ ਹੁੰਦੀ …..ਪਰ ਕੀ ਕਰਾਂ ਕਹੇ ਬਗੈਰ ਚਾਰਾ ਕੋਈ ਨਹੀ… ..ਇਸ ਵਾਰੀ ਫਸਲ ਵੀ ਮਾੜੀ ਹੋਈ ਤੇ ਲਵੇਰੀਆਂ ਵੀ ਤੋਕੜ ਹੋ ਗਈਆਂ …ਨਹੀਂ ਤੇ ਦੋਧੀ ਤੋਂ ਕੁੱਝ ਪੈਸੇ ਫੜ ਲੈਂਦੇ … ਉਪਰੋ ਵਿਆਹ ਆਣ ਪਿਆ … ਸੱਚ ਜਾਣੀ , ਸਾਥੋੰ ਵਿਆਹ ਜਾਣ ਲਈ ਲੀੜੇ ਨਹੀਂ ਬਣਾ ਹੋਏ…..ਮੇਰੀ ਭੈਣ ! ਆਪਣਾ ਸ਼ੌਲ (ਸ਼ਾਲ) ਤੇ ਕੋਈ ਆਉਣ-ਜਾਣ ਵਾਲਾ ਸੂਟ ਕੁੱਝ ਦਿਨਾਂ ਲਈ ਮੰਗਵਾਂ ਦੇ ….ਵੇਖੀਂ ਕਿਤੇ ਨਾਂਹ ਨਾ ਕਰ ਦੇਵੀ……ਮੈਂ ਤੇਰੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਵਰਤੂੰ।” ਜਗੀਰੋ ਨੇ ਘਰਦੀ ਨਿਗਰੀ ਹਾਲਤ ਤੇ ਮੰਗਵੀਆਂ ਵਸਤਾਂ ਦਾ ਵਾਸਤਾ ਪਾਇਆ ।
” ਮੈਂ ਵੀ ਆਖਾਂ ਸਾਡੀ ਜਗੀਰੋ ਅੱਜ ਪਹਿਲਾਂ ਵਾਲੀ ਜਗੀਰੋ ਨਹੀਂ ਜਾਪਦੀ.. …ਇਸ ਕਰਕੇ ਘੁੱਟੀ ਵੱਟੀ ਬੈਠੀੰ ਸੇਂ। ਮੇਰੀਏ ਭੈਣੇ ! ਤੂੰ ਚਿੰਤਾ ਸੁੱਟ ਪਰੇ …ਮੈਂ ਹੁਣੇ ਲਿਆਈ ਲੀੜੇ (ਕਪੜੇ )।”
ਧੰਨੀ ਅੰਦਰ ਗਈ, ਤੇ ਦੋ ਸੋਹਣੇ ਸੂਟ ਤੇ ਕਸ਼ਮੀਰੀ ਸ਼ੌਲ ਰੰਗਲੇ ਝੋਲੇ ਵਿੱਚ ਪਾ ਜਗੀਰੋ ਦੇ ਹੱਥ ਤੇ ਲਿਆ ਰੱਖਿਆ ।
ਜਗੀਰੋ ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ ਵੇਖ ਫੁੱਲੀ ਨਹੀਂ ਸੀ ਸਮਾ ਰਹੀ।
ਉਸ ਪਾਂਝ ਉਦੜਨ ਤੋਂ ਡਰਦਿਆਂ ਡੱਬੀਆਂ ਵਾਲਾ ਖੇਸ ਵੀ ਝੋਲੇ ਵਿੱਚ ਪਾ ਲਿਆ। ਮਤਾ ਕੋਈ ਗਲੀ ਵਿੱਚ ਜਾਂਦਿਆਂ ਵੇਖਕੇ ਕਹੇ ਕਿ ਜਗੀਰੋ ਤਾਂ ਮੰਗਵੀਆਂ ਚੀਜ਼ਾਂ ਨਾਲ ਡੰਗ ਸਾਰਦੀ।
ਰੰਗਲਾ ਝੋਲਾ ਉਸ ਮੋਢੇ ਤੇ ਪਾਇਆ ਤੇ ਹੱਥ ਜੋੜਦੀ ਕਹਿੰਦੀ , “ਧੰਨੀਏ ਤੂੰ ਧੰਨ ਏ , ਜਿਨ੍ਹੇ ਮੇਰਾ ਅੌਖਾ ਵੇਲਾ ਸਾਰ ਢੱਕ-ਢੱਕਾਅ ਕਰ ਦਿੱਤਾ ……ਸੱਚੀਂ ਤੂੰ ਜਿਥੇ ਮੇਰੀ ਪੱਤ ਰੱਖੀ ਉਥੇ ਭਾਈਚਾਰਕ ਸਾਂਝ ਨੂੰ ਹੋਰ ਪਕੇਰਾ ਕਰ ਦਿੱਤਾ …. ਇਕ ਦੂਸਰੇ ਦੇ ਦੁੱਖ ਸੁੱਖ ਨੂੰ ਵੰਡਾਉਣਾ ਹੀ ਅਸਲ ਭਾਈਚਾਰਾ ਕਹਾਉੰਦਾ … ਤੇਰੇ ਇਸ ਅਹਿਸਾਨ ਨੂੰ ਜਿੰਦਗੀ ਭਰ ਨਹੀਂ ਭੁੱਲ ਸਕਦੀ….ਧੰਨੀਏ ਤੈਨੂੰ ਭਾਗ ਲਗੇ ਰਹਿਣ.।”…
ਜਗੀਰੋ ਅਸੀਸਾਂ ਦੇੰਦੀ ਬੂਹੇ ਤੋਂ ਬਾਹਰ ਹੋ ਗਈ।
✍:- ਗੁਰਨਾਮ ਨਿਜੱਰ=25/02/2022