ਅੱਜ ਸ਼ਾਮੀਂ ਸੈਰ ਕਰਦਿਆਂ ਇੱਕ ਘਰ ਦੇ ਯਾਰਡ ਦੇ ਬਾਹਰ ਆਹ ਮੂਰਤੀ ਪਈ ਵੇਖੀ..
ਇੰਝ ਲੱਗਾ ਜਿੱਦਾਂ ਹੁਣੇ ਬੋਲ ਪਵੇਗੀ..ਥੋੜੀ ਉਦਾਸ ਜਿਹੀ ਵੀ ਲੱਗੀ..ਗਹੁ ਨਾਲ ਉਸਦੇ ਹਾਵ-ਭਾਵ ਤੱਕਦਿਆਂ ਘੜੀ ਲੱਗ ਗਈ..ਬੋਝੇ ਚੋਂ ਫੋਨ ਕੱਢਿਆ ਤੇ ਫੋਟੋ ਖਿੱਚ ਲਈ..ਓਸੇ ਵੇਲੇ ਇੱਕ ਗੋਰੀ ਨਿੱਕਲੀ ਤੇ ਹੱਸ ਪਈ..ਉਸਦੇ ਯਾਰਡ ਦੀ ਸਿਫਤ ਕੀਤੀ ਤੇ ਆਖਿਆ ਤੇਰੀ ਆਗਿਆ ਤੋਂ ਬਗੈਰ ਇਸ ਕੁੜੀ ਦੀ ਫੋਟੋ ਖਿੱਚ ਲਈ..ਆਖਣ ਲੱਗੀ ਕੋਈ ਗੱਲ ਨਹੀਂ!
ਦੂਜੇ ਚੱਕਰ ਵਿਚ ਘੜੀ ਕੂ ਮਗਰੋਂ ਓਸੇ ਥਾਂ ਤੋਂ ਮੁੜ ਲੰਗਿਆ ਤਾਂ ਉਦਾਸ ਕੁੜੀ ਓਥੋਂ ਗਾਇਬ ਸੀ..ਸ਼ਾਇਦ ਗੋਰੀ ਨੇ ਚੁੱਕ ਕੇ ਪਾਸੇ ਕਰ ਦਿੱਤੀ ਸੀ
ਦੁੱਖ ਲੱਗਾ..ਕਈ ਖਿਆਲ ਵੀ ਆਏ..ਗੋਰੀ ਦੀ ਮਾਨਸਿਕਤਾ ਤੇ ਅਚੰਬਾ ਜਿਹਾ ਵੀ ਹੋਇਆ..!
ਖੈਰ ਸੋਚਿਆ ਕੇ ਹੋ ਸਕਦਾ ਸੋਚਦੀ ਹੋਵੇਗੀ ਕਿਧਰੇ ਰਾਤੀ ਚੋਰੀ ਕਰ ਕੇ ਹੀ ਨਾ ਲੈ ਜਾਵੇ..!
ਸੁਰਤ ਤੀਹ ਪੈਂਤੀ ਸਾਲ ਪਿੱਛੇ ਚਲੀ ਗਈ..
ਛੀਨੇ ਰੇਲਵੇ ਟੇਸ਼ਨ ਤੇ ਰਿਹਾ ਕਰਦੇ ਸਾਂ..ਨਿੱਕੇ ਨਿੱਕੇ ਕਈ ਵਾਰ ਖੇਡਦੇ ਖੇਡਦੇ ਕੋਲ ਨਵੇਂ ਵਿਆਹੇ ਛੋਟੇ ਟੇਸ਼ਨ ਮਾਸਟਰ ਦੇ ਕਵਾਟਰ ਵੜ ਜਾਣਾ..ਉਸਦੀ ਨਵੀਂ ਵਿਆਹੀ ਨੇ ਸਾਡੇ ਸਾਰਿਆਂ ਨਾਲ ਕਿੰਨੀਆਂ ਗੱਲਾਂ ਕਰਦੇ ਰਹਿਣਾ..ਫੇਰ ਜਦੋਂ ਓਦੇ ਘਰ ਵਾਲੇ ਦੇ ਆਉਣ ਦਾ ਟਾਈਮ ਹੋਣਾ ਤਾਂ ਉਸਨੇ ਆਖਣਾ ਹੁਣ ਆਪੋ ਆਪਣੇ ਘਰੇ ਜਾਓ..
ਫੇਰ ਖੇਡਦੇ ਮੱਲਦੇ ਓਸੇ ਘਰ ਵਿਚੋਂ ਆਉਂਦੀਆਂ ਉੱਚੀਆਂ ਉੱਚੀਆਂ ਅਵਾਜਾਂ ਨਾਲ ਡਰ ਜਾਇਆ ਕਰਦੇ..
ਦੋਵੇਂ ਕਿਸੇ ਗੱਲੋਂ ਲੜ ਰਹੇ ਹੁੰਦੇ..ਮਾਨਸਿਕਤਾ ਅਵਿਕਸਤ ਸੀ ਪਰ ਏਨਾ ਪਤਾ ਲੱਗ ਜਾਂਦਾ ਕੇ ਅੰਕਲ ਓਸਤੇ ਸ਼ੱਕ ਕਰਿਆ ਕਰਦਾ..
ਇਥੋਂ ਤੱਕ ਅਸੀ ਨਿੱਕੇ-ਨਿੱਕੇ ਵੀ ਉਸਦੇ ਸ਼ੱਕ ਦੇ ਦਾਇਰੇ ਵਿਚ ਆ ਜਾਇਆ ਕਰਦੇ..!
ਕੁਝ ਮਹੀਨਿਆਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ..ਮੈਨੂੰ ਯਾਦ ਏ ਲਾਲ ਚੂੜੇ ਵਾਲੀ ਨੂੰ ਉਸਦਾ ਬਜ਼ੁਰਗ ਬਾਪ ਵਾਪਿਸ ਅਮ੍ਰਿਤਸਰ ਲੈ ਗਿਆ..ਬੜਾ ਰੋ ਰਹੀ ਸੀ..ਸਾਨੂੰ ਬੜਾ ਬੁਰਾ ਲੱਗਾ..ਉਦਾਸ...
ਵੀ ਹੋਏ..!
ਫੇਰ ਉਸ ਅੰਕਲ ਨੇ ਨਵਾਂ ਵਿਆਹ ਕਰਵਾ ਲਿਆ..!
ਨਵੀਂ ਆਈ ਬੜੀ ਸਖਤ ਸੁਭਾਅ ਦੀ ਸੀ..ਸਾਨੂੰ ਲਾਗੇ ਨਹੀਂ ਲੱਗਣ ਦਿਆ ਕਰਦੀ..ਲੜਾਈ ਹੁਣ ਵੀ ਹੋਇਆ ਕਰਦੀ ਸੀ ਪਰ ਹੁਣ ਸਿਰਫ ਆਂਟੀ ਬੋਲਦੀ..ਅੰਕਲ ਸਿਰਫ ਸੁਣਿਆ ਕਰਦਾ..
ਫੇਰ ਕਈ ਵਾਰ ਕਿੰਨੀ ਕਿੰਨੀ ਦੇਰ ਬਾਹਰ ਬੈਠਾ ਰਹਿੰਦਾ..ਸਾਨੂੰ ਲੱਗਦਾ ਸ਼ਾਇਦ ਸਾਡੇ ਵਾਂਙ ਪਹਿਲੀ ਨੂੰ ਯਾਦ ਕਰਦਾ ਹੋਵੇਗਾ..!
ਕਈ ਵਾਰ ਜਦੋਂ ਇਨਸਾਨ ਨੂੰ ਉਸਦੀ ਉਮੀਦ ਤੋਂ ਜਿਆਦਾ ਮਿਲ ਜਾਵੇ ਤਾਂ ਫੇਰ ਉਸਨੂੰ ਬੱਸ ਏਹੀ ਡਰ ਵੱਢ ਵੱਢ ਖਾਈ ਜਾਂਦਾ ਏ ਕੇ ਉਸਨੂੰ ਮਿਲ਼ੀ ਸ਼ੈ ਨੂੰ ਕੋਈ ਚੋਰੀ ਹੀ ਨਾ ਕਰ ਲਵੇ ਜਾ ਫੇਰ ਇਹ ਖੁਦ ਹੀ ਉਸਨੂੰ ਧੋਖਾ ਨਾ ਦੇ ਜਾਵੇ..!
ਫੇਰ ਓਸਤੇ ਦਬਾਅ ਪਾਇਆ ਜਾਂਦਾ ਏ ਕੇ ਉਹ ਦੁਨੀਆਂ ਦੀ ਚਕਾਚੌਂਧ ਤੋਂ ਦੂਰ ਰਹੇ..ਹਰ ਵੇਲੇ ਅੰਦਰ ਹੀ ਵੜੀ ਜਾਂ ਵੜਿਆ ਰਹੇ..ਕਿਸੇ ਗੈਰ ਨਾਲ ਗੱਲ ਨਾ ਕਰੇ..ਹਮੇਸ਼ਾਂ ਰੀਮੋਟ ਨਾਲ ਚੱਲਦੇ ਇੱਕ ਖਿਡੌਣੇ ਵਾਂਙ ਹੀ ਵਿਚਰਿਆ ਕਰੇ..ਪਰ ਦੋਸਤੋ ਬੁੱਤ ਅਤੇ ਇਨਸਾਨ ਵਿਚ ਬਹੁਤ ਵੱਡਾ ਫਰਕ ਹੁੰਦਾ ਏ..!
ਕਲਾਕਾਰ ਵੱਲੋਂ ਘੜਿਆ ਮਿੱਟੀ ਦਾ ਖਿਡੌਣਾ ਬਾਹਰੀ ਰੂਪ ਵਿਚ ਟੁੱਟ ਕੇ ਵੀ ਆਪਣੇ ਚੇਹਰੇ ਦੇ ਹਾਵ ਭਾਵ ਨਹੀ ਗਵਾਉਂਦਾ ਪਰ ਜਿਉਂਦਾ ਜਾਗਦਾ ਭਾਵਨਾਵਾਂ ਦੇ ਸਮੁੰਦਰ ਵਿਚ ਤੈਰਦਾ ਹੋਇਆ ਹੱਡ-ਮਾਸ ਦਾ ਬਣਿਆ ਇਨਸਾਨ ਜਦੋਂ ਕਿਧਰੇ ਅੰਦਰੋਂ ਟੁੱਟਦਾ ਏ ਤਾਂ ਕਈ ਐਸੀਆਂ ਸੁਨਾਮੀਆਂ ਆਉਂਦੀਆਂ ਨੇ ਕੇ ਕਈ ਵਜੂਦ ਆਪਣੀ ਹੋਂਦ ਗਵਾ ਬੈਠਦੇ ਨੇ!
ਸਹੀ ਆਖਿਆ ਕਿਸੇ ਨੇ ਕੇ “ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਬੱਚੇ ਕੋਂ ਹੰਸਾਇਆ ਜਾਏ”
ਹਰਪ੍ਰੀਤ ਸਿੰਘ ਜਵੰਦਾ
Gagandeep Kaur
❤heart touching story ❤
Rekha Rani
right G. nice story