ਸੂਰਮਾਂ

1

ਮੇਰਾ ਬਾਪ ਇਸ ਜਾਨਵਰ ਨੂੰ ਕਦੇ ਵੀ ਖੋਤੀ ਆਖ ਸੰਬੋਧਨ ਨਾ ਹੁੰਦਾ..
ਆਖਦਾ ਇਹ ਸਾਡੇ ਕਰਮਾਂ ਦਾ ਬੋਝ ਢੋਂਦੀ ਏ..ਸੋ ਕਰਮਾਂ ਵਾਲੀ ਹੋਈ ਨਾ..ਨਿੱਕੇ ਹੁੰਦਿਆਂ ਜਦੋਂ ਕਦੇ ਵੀ ਚਾਰੇ ਦੀ ਪੰਡ ਲੱਦਣ ਲਗਿਆਂ ਦੁਲੱਤੀਆਂ ਮਾਰਨ ਲੱਗਦੀ ਤਾਂ ਮੇਰਾ ਬਾਪ ਉਸਦੀ ਪਿੱਠ ਉੱਪਰ ਮੈਨੂੰ ਬਿਠਾ ਦਿਆ ਕਰਦਾ..

ਫੇਰ ਇਹ ਕਰਮਾਂ ਵਾਲੀ ਕਦੇ ਇੱਲਤ ਨਾ ਕਰਦੀ..ਆਰਾਮ ਨਾਲ ਤੁਰੀ ਜਾਂਦੀ..ਸ਼ਾਇਦ ਉਸਨੂੰ ਆਪਣੀ ਪਿੱਠ ਤੇ ਬੈਠੀ ਆਪਣੇ ਮਾਲਕ ਦੀ ਔਲਾਦ ਦਾ ਫਿਕਰ ਹੋਇਆ ਕਰਦਾ ਸੀ..ਔਖੇ ਸੌਖੇ ਉਹ ਸਾਰਾ ਕੁਝ ਘਰੇ ਅਪੜਾ ਸੁਖ ਦਾ ਸਾਹ ਲੈਂਦੀ..!

ਫੇਰ ਇੱਕ ਦਿਨ ਉਸਦੇ ਪੇਟ ਵਿਚ ਇੱਕ ਬੱਚਾ ਪਲਣ ਲੱਗਾ..
ਮੈਂ ਆਪਣੇ ਬਾਪ ਨੂੰ ਉਸਦੀ ਪਿੱਠ ਤੇ ਭਾਰ ਲੱਦਣ ਤੋਂ ਰੋਕ ਦਿੱਤਾ..ਆਖਿਆ ਉਸਨੇ ਕਿਸੇ ਵੇਲੇ ਤੇਰੀ ਔਲਾਦ ਦਾ ਲਿਹਾਜ ਕੀਤਾ ਸੀ ਹੁਣ ਸਾਡਾ ਫਰਜ ਬਣਦਾ ਕੇ ਅਸੀ ਪੇਟ ਅੰਦਰ ਪਲਦੀ ਉਸਦੀ ਔਲਾਦ ਦਾ ਖਿਆਲ ਰੱਖੀਏ!

ਫੇਰ ਉਸਨੂੰ ਇੱਕ ਦਿਨ ਸੂੰਦੀ ਨੂੰ ਵੇਖਿਆ..
ਨਿਆਣਿਆਂ ਨੂੰ ਅਕਸਰ ਕੋਲ ਨਹੀਂ ਖਲੋਣ ਦਿੱਤਾ ਜਾਂਦਾ ਪਰ ਮੇਰਾ ਬਾਪ ਅਨੋਖਾ ਇਨਸਾਨ ਸੀ..ਮੈਨੂੰ ਜਾਣ ਕੇ ਕੋਲ ਖਲਿਆਰਿਆ..

ਮੇਰਾ ਰੋਣ ਨਿੱਕਲ ਗਿਆ..ਏਨੀ ਤਕਲੀਫ..ਏਨਾ ਦਰਦ..ਦੱਸਦੇ ਸੰਤਾਲੀ ਹੱਡੀਆਂ ਟੁੱਟਣ ਜਿੰਨੀ ਪੀੜ ਹੁੰਦੀ ਏ ਇੱਕ ਮਾਂ ਨੂੰ ਜਣੇਪੇ ਵੇਲੇ..
ਫੇਰ ਵੀ ਉਸਨੂੰ ਜਨਮ ਦੇਣ ਮਗਰੋਂ ਚੱਟਦੀ ਰਹਿੰਦੀ..ਚੁੰਮਦੀ..ਸਾਰਾ ਦਰਦ ਭੁੱਲ ਜਾਂਦੀ ਏ..!

ਮੇਰੀ ਮਾਂ ਕੋਰੀ ਅਨਪੜ ਸੀ..
ਸ਼ਕਲ ਦੀ ਬੜੀ ਸੋਹਣੀ ਪਰ ਇੱਕ ਅੱਖ ਵਿਚ ਨੁਕਸ..ਪਰ ਮੇਰਾ ਬਾਪ ਹੱਥੀਂ ਛਾਵਾਂ ਕਰਦਾ..ਇੱਕ ਵਾਰ ਕਿਸੇ ਕਾਣੀ ਆਖ ਦਿੱਤਾ..ਉਸਨੂੰ ਮਾਰ ਮੁਕਾਉਣ ਤੱਕ...

ਗਿਆ..ਅਖੀਰ ਮਾਫ਼ੀ ਮੰਗ ਖਹਿੜਾ ਛੁਡਾਇਆ..ਆਖਿਆ ਕਰਦਾ ਮੇਰੇ ਬੱਚਿਆਂ ਦੀ ਮਾਂ ਏ..ਮੇਰੇ ਵੰਸ਼ ਨੂੰ ਅੱਗੇ ਤੋਰਨ ਵਾਲੀ..
ਫੇਰ ਜਿਸ ਦਿਨ ਚਲੀ ਗਈ ਉਸ ਦਿਨ ਵੇਹੜੇ ਬੱਝੇ ਸਾਰੇ ਪਸ਼ੂ ਅਨਾਥ ਜਿਹੇ ਹੋ ਗਏ..ਕਿੰਨੇ ਦਿਨ ਕਿਸੇ ਨੇ ਪੱਠਿਆਂ ਨੂੰ ਮੂੰਹ ਨਾ ਲਾਇਆ..
ਮੇਰਾ ਬਾਪ ਧਾਰਾਂ ਚੋਣ ਗਿਆ ਕਿੰਨੀ ਕਿੰਨੀ ਦੇਰ ਓਹਨਾ ਦੇ ਗੱਲ ਲੱਗ ਰੋਂਦਾ ਰਹਿੰਦਾ..ਪਰ ਮੈਥੋਂ ਚੋਰੀ..!

ਲੋਕੀ ਸਲਾਹਾਂ ਦਿੰਦੇ ਆਖਦੇ ਨਵਾਂ ਵਿਆਹ ਕਰਵਾ ਲੈ..
ਕੁਝ ਆਖਦੇ ਮੁੱਲ ਵਿਕਦੀ ਕੁਦੇਸਣ ਲਿਆ ਦਿੰਨੇ..ਅੱਗੋਂ ਕਹਿੰਦਾ ਨਹੀਂ ਮੇਰੀ ਧੀ ਨੇ ਰੁਲ ਜਾਣਾ..ਕਿੰਨਾ ਕਮਲਾ ਸੀ ਉਹ..ਆਪਣੇ ਸੁੱਖਾਂ ਦੀ ਕੋਈ ਪ੍ਰਵਾਹ ਹੀ ਨਹੀਂ ਸੀ ਉਸ ਨੂੰ..
ਫੇਰ ਮੇਰੇ ਵਿਆਹ ਮਗਰੋਂ ਮਸੀਂ ਛੇ ਮਹੀਨੇ ਜਿਉਂਦਾ ਰਿਹਾ..ਲੋਕੀ ਆਖਦੇ ਕੋਈ ਬਾਹਰ ਦੀ ਸ਼ੈ ਚੰਬੜੀ ਸੀ ਉਸਨੂੰ ਪਰ ਮੈਨੂੰ ਪਤਾ ਸੀ ਜਦੋਂ ਉਹ ਖੰਗਦਾ ਤਾਂ ਕਈ ਵਾਰ ਥੁੱਕ ਵਿਚ ਲਹੂ ਆਉਂਦਾ..!

ਦੋਸਤੋ ਇਹ ਤੇ ਸੀ ਇੱਕ ਅਖੀਂ ਵੇਖਿਆ ਸੱਚਾ ਘਟਨਾ ਕਰਮ..ਪਰ ਇੱਕ ਗੱਲ ਤਾਂ ਸੋਲਾਂ ਆਨੇ ਸੱਚ ਏ ਕੇ ਇਹ ਸਾਹ ਲੈਂਦੇ ਪ੍ਰਾਣੀ ਭਾਵੇ ਮੂਹੋਂ ਕੁਝ ਨਹੀਂ ਬੋਲ ਸਕਦੇ ਪਰ ਇਹਨਾਂ ਦੀਆਂ ਅੱਖੀਆਂ ਵਿਚੋਂ ਵੀ ਨੀਰ ਵਗਦਾ..ਜਦੋਂ ਕੋਈ ਆਪਣਾ ਜਹਾਨ ਤੋਂ ਚਲਾ ਜਾਂਦਾ!

ਸਾਡੇ ਪਿੰਡ ਮੇਰੇ ਨਾਲ ਡੰਗਰ ਚਾਰਦਾ ਇੱਕ ਬਜ਼ੁਰਗ ਅਕਸਰ ਹੀ ਆਖਿਆ ਕਰਦਾ ਸੀ ਕੇ ਜੋ ਇਨਸਾਨ ਘਰੇ ਰੱਖੇ ਕਿੱਲੇ ਬੱਝੇ ਪਸ਼ੂ ਤੇ ਜਾਂ ਫੇਰ ਘਰ ਦੀ ਔਰਤ ਤੇ ਕਦੀ ਵੀ ਹੱਥ ਨਾ ਚੁੱਕੇ..ਅਸਲ ਵਿਚ ਸੂਰਮਾਂ ਅਖਵਾਉਣ ਦਾ ਹੱਕ ਸਿਰਫ ਉਸਨੂੰ ਹੀ ਹੈ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. karam

    very nice spleechless

  2. RUPINDER KAUR

    superb story

  3. Parminder Kaur

    wow wonderful story

Like us!