ਜਦੋਂ ਵੀ ਮੈਂ ਸਿਆਸਤਦਾਨਾਂ ਦੇ ਵਾਅਦਿਆਂ ਭਰੇ ਭਾਸ਼ਣ ਸੁਣਦਾ ਹਾਂ। ਤਾਂ ਮੈਨੂੰ ਉਸ ਜੱਟ ਦੀ ਕਹਾਣੀ ਯਾਦ ਆ ਜਾਂਦੀ ਹੈ। ਜਿਸਦਾ ਕਦੀ ਬਲਦ ਗਵਾਚ ਗਿਆ ਸੀ।
ਜੱਟ ਅਤੇ ਜੱਟ ਦਾ ਮੁੰਡਾ ਬਲਦ ਦੀ ਭਾਲ ਵਿੱਚ ਪਿੰਡ ਪਿੰਡ ਘੁੰਮਦੇ ਨੇ। ਜਿੱਥੇ ਕਿਤੇ ਕੋਈ ਗੁਰਦਵਾਰਾ ਆਉਂਦਾ ਜੱਟ ਸੌ ਸਵਾ ਸੌ ਦਾ ਪ੍ਰਸਾਦ ਸੁੱਖ ਲੈਂਦਾ ਕਿ ਮੇਰਾ ਬਲਦ ਲੱਭ ਆਵੇ। ਇੰਞ ਹੀ ਮੰਦਰ ਆਵੇ ਤਾਂ ਵੀ, ਤੇ ਜੇ ਮਸੀਤ ਆਵੇ ਤਾਂ ਵੀ!
ਜੱਟ ਜਾਣੀ…..’ਸਿਆਸਤਦਾਨ’
ਬਲਦ ਜਾਣੀ…..’ਸੱਤਾ’
ਰੱਬ,ਅੱਲਾ ਅਤੇ ਭਗਵਾਨ ਜਾਣੀ …….’ਜੰਤਾਂ’
ਸੁੱਖਾਂ ਜਾਣੀ …….’ਵਾਅਦੇ’
ਜੱਟ ਨੇ ਜਦ ਬਹੁਤ ਸਾਰੀਆਂ ਸੁੱਖਾਂ ਸੁੱਖ ਲਈਆਂ ਤਾਂ ਮੁੰਡਾ ਪੈਸਿਆਂ ਦਾ ਜੋੜ ਜਿਹਾ ਕਰਕੇ ਕਹਿੰਦਾ,
“ਭਾਪਾ ਜਿੰਨੀਆਂ ਸੁੱਖਾਂ ਸੁੱਖੀ ਜਾਨਾ ਐਨੇ ਦਾ ਤਾਂ ਬਲਦ ਵੀ ਨਹੀਂ।”
ਅੱਗੋਂ ਜੱਟ ਬੋਲਿਆ, “ਪੁੱਤਰਾ ਬਲਦ ਦੇ ਸਿੰਗਾਂ ਨੂੰ ਹੱਥ ਤਾਂ ਪੈ ਲੈਣ ਦੇ ਸੁੱਖਾਂ ਕਿਹੜੇ ਨੇ ਲਾਹੁਣੀਆਂ।”
ਮੈਂ...
ਦੁਖੀ ਦਿਲ ਨਾਲ ਸੋਚਦਾ ਹਾਂ ਕਿ ਇਹੋ ਗੱਲ ਸਾਡੇ ਸਿਆਸਤਦਾਨਾਂ ਦੀ ਹੈ। ਕੁਰਸੀ ਮਿਲ਼ ਜਾਏ ਵਾਅਦੇ ਕਿਹੜੇ ਨੇ ਪੂਰੇ ਕਰਨੇ ਨੇ। ਜੋ ਵਾਅਦੇ ਸੱਤਰ ਸਾਲ ਚੇ ਪੂਰੇ ਨਹੀਂ ਹੋਏ। ਪੰਜਾ ਸਾਲਾਂ ‘ਚੇ ਕਿਵੇਂ ਪੂਰੇ ਹੋਣਗੇ? ਸੋਚਦਾ ਹਾਂ ਸੋਚ ਕੇ ਉਦਾਸ ਹੋ ਜਾਂਦਾ ਹਾਂ।
ਅਤੇ ਫਿਰ ਹੱਸ ਵੀ ਪੈਂਦਾ ਹਾਂ। ਕਿ ਚੱਲੀ ਜਾਣਾ, ਚੱਲੀ ਜਾਣ ਦਿਓ।
ਫਿਰ ਸੋਚਦਾ ਹਾਂ ਕਿਸੇ ਨਵੀਂ ਪਾਰਟੀ ਨੂੰ ਵੋਟਾਂ ਪਾਕੇ ਦੇਖ ਲਵੋ। ਕੀ ਫਰਕ ਪੈਂਦਾ ਖੌਰੇ ਪਾਸਾ ਪਲਟ ਹੀ ਜਾਵੇ। ਇੱਕ ਮੌਕਾ ਦੇ ਕੇ ਦੇਖ ਲਵੋ।
ਸ਼ਾਇਦ ਸਾਨੂੰ ਸਾਡਾ ਬਲਦ ਇੱਕੋ ਸੁੱਖ ‘ਚੋਂ ਲੱਭ ਪਵੇ।
ਅਵਤਾਰ ਸਿੰਘ ਰਾਏ ਬਰਮਿੰਘਮ
DHILLON Filmz
ਬਹੁਤ ਸੋਹਣੀ ਗੱਲ ਕਹੀ ਤੁਸੀਂ