ਸੰਸਥਾ ਦੇ ਕੰਮਾਂ ਕਰਕੇ ਪੰਜਾਬ ਦੇ ਚੱਕਰ ਤਾਂ ਅਕਸਰ ਹੀ ਲੱਗਦੇ ਰਹਿੰਦੇ ਸਨ ਪਰ ਨੇੜੇ ਦੀ ਰਿਸ਼ਤੇਦਾਰੀ ਦਾ ਵਿਆਹ ਪਹਿਲੀ ਵੇਰ ਵੇਖ ਰਹੀ ਸਾਂ..!
ਸ਼ਸ਼ੋਪੰਜ ਵਿਚ ਪਈ ਨੇ ਪੂਰਾਣੇ ਸੂਟਾਂ ਵਿਚੋਂ ਹੀ ਇੱਕ ਕੱਢਿਆ ਤੇ ਪਾ ਲਿਆ..!
ਸੋਚ ਰਹੀ ਸਾਂ ਕੇ ਪੂਰਾਣੀ ਰਿਸ਼ਤੇਦਾਰੀ ਨੂੰ ਮਿਲ ਪੂਰਾਣੀਆਂ ਯਾਦਾਂ ਤਾਜਾ ਹੋਣਗੀਆਂ..ਗਵਾਚ ਗਿਆ ਸੁਕੂਨ ਮੁੜ ਵਾਪਿਸ ਪਰਤ ਆਵੇਗਾ..ਪਰ ਓਥੇ ਤਾਂ ਮਾਹੌਲ ਹੀ ਬਿਲਕੁਲ ਵੱਖਰਾ ਸੀ!
ਵੱਡੀਆਂ ਮਹਿੰਗੀਆਂ ਚੀਜਾਂ ਅਤੇ ਗੱਡੀਆਂ ਦੀ ਨੁਮਾਇਸ਼..ਕੀਮਤੀ ਹਾਰ ਸ਼ਿੰਗਾਰ..ਪਰਸ ਮੇਕਅੱਪ..ਅਤੇ ਕਿੰਨੀਆਂ ਸਾਰੀਆਂ ਹੋਰ ਐਸੀਆਂ ਗੱਲਾਂ ਜੋ ਪਹਿਲਾਂ ਦੇ ਵਿਆਹਾਂ ਵਿਚ ਮੈਂ ਕਦੀ ਨਹੀਂ ਸਨ ਵੇਖੀਆਂ..!
ਕਿੰਨੇ ਸਾਰੇ ਲੋਕ ਮੈਨੂੰ ਹੇਠਾਂ ਤੋਂ ਲੈ ਕੇ ਉੱਪਰ ਤੱਕ ਗਹੁ ਨਾਲ ਨਿਹਾਰਦੇ..ਅਜੀਬ ਜਿਹੇ ਸਵਾਲ ਪੁੱਛਦੇ..ਕਿੰਨੀ ਉਮਰ ਹੋ ਗਈ..ਵਿਆਹ ਕਦੋਂ ਕਰਵਾਉਣਾ..!
ਇੱਕ ਚੀਜ ਨੋਟ ਕੀਤੀ..ਮੇਰੇ ਗੱਲ ਪਾਇਆ ਸੂਟ ਓਥੇ ਜਿਆਦਾਤਰ ਪਾਏ ਹੋਏ ਸੂਟਾਂ ਤੋਂ ਬਹੁਤ ਵੱਖਰਾ ਸੀ..ਇੱਕ ਦੋ ਨੇ ਤੇ ਆਖ ਹੀ ਦਿੱਤਾ ਕੇ ਆਹ ਪੰਦਰਾਂ ਸਾਲ ਪੂਰਾਣਾ ਸੂਟ ਕਿਥੋਂ ਕੱਢਿਆ..ਮੈਂ ਗੱਲ ਆਈ ਗਈ ਕਰ...
ਦਿੱਤੀ ਪਰ ਤਨਖਾਹ ਬਾਰੇ ਪੁੱਛੇ ਗਏ ਕਿੰਨੇ ਸਾਰੇ ਸਵਾਲਾਂ ਮਗਰੋਂ ਇਹ ਤੱਤ ਕੱਢਿਆ ਕੇ ਅੱਜ ਕੱਲ ਇਹ ਨਹੀਂ ਵੇਖਿਆ ਜਾਂਦਾ ਕੇ ਤੁਸੀਂ ਕਰਦੇ ਕੀ ਓ..ਸਗੋਂ ਇਹ ਜਿਆਦਾ ਮਹੱਤਵਪੂਰਨ ਬਣ ਗਿਆ ਕੇ ਤੁਹਾਨੂੰ ਉਸ ਕੀਤੇ ਕੰਮ ਦੇ ਪੈਸੇ ਕਿੰਨੇ ਮਿਲਦੇ!
ਘਰੇ ਮੁੜਦੀ ਹੋਈ ਸੋਚ ਰਹੀ ਸਾਂ ਕੇ ਪੂਰਾਣਾ ਮੋਹ ਕਰਦੀ ਉਹ ਰਿਸ਼ਤੇਦਾਰੀ ਕਿਧਰੇ ਗਵਾਚ ਗਈ ਹੋਵੇ..!
ਫੇਰ ਕੁਝ ਦਿਨ ਮਗਰੋਂ ਹੀ ਦੂਰ ਦੁਰਾਡੇ ਲੱਗੇ ਅੱਖਾਂ ਦੇ ਇੱਕ ਕੈਂਪ ਵਿਚ ਲਗਾਤਾਰ ਮਿਲਦੀਆਂ ਢੇਰ ਸਾਰੀਆਂ ਅਣਜਾਣ ਦੁਆਵਾਂ..ਸਿਰ ਤੇ ਹੱਥ ਰੱਖ ਮਿਲਦਾ ਬੇਅੰਤ ਪਿਆਰ..ਅਤੇ ਕਿੰਨੀਆਂ ਅਣਜਾਣ ਅੱਖਾਂ ਵਿਚੋਂ ਡਿੱਗਦੇ ਹੋਏ ਖੁਸ਼ੀ ਦੇ ਹੰਜੂ ਵੇਖ ਇੰਝ ਲੱਗਣ ਲੱਗ ਗਿਆ ਜਿੱਦਾਂ ਉਸ ਦਿਨ ਵਿਆਹ ਵਿਚ ਗਵਾਚ ਗਏ ਸਾਰੇ ਰਿਸ਼ਤੇਦਾਰ ਵਾਪਿਸ ਪਰਤ ਆਏ ਹੋਣ!
ਹਰਪ੍ਰੀਤ ਸਿੰਘ ਜਵੰਦਾ