More Punjabi Kahaniya  Posts
ਸਨੈਪਚੈਟ ਭਾਗ-1


ਲੇਖਕ- ਗੁਰਪ੍ਰੀਤ ਕੌਰ
“ਤੁਹਾਡੀਆਂ ਅੱਖਾਂ ਚ ਐਨਾ ਦਰਦ ਕਿਉਂ ਨਜ਼ਰ ਆ ਰਿਹਾ ਹੈ..???”
ਸਨੈਪਚੈਟ ਤੇ ਇੱਕ ਅਣਜਾਣ ਵੱਲੋਂ ਇਹ ਮੈਸੇਜ ਆਇਆ ਵੇਖ ਕੇ ਮੈਂ ਇੱਕ ਵਾਰ ਤਾਂ ਆਪਣੀ ਸਨੈਪ ਸਟੋਰੀ ਮੁੜ ਤੋਂ ਵੇਖਣ ਲਈ ਮਜਬੂਰ ਹੋ ਗ‌ਈ। ਕੀ ਸੱਚਮੁੱਚ ਮੇਰੀ ਜਿੰਦਗੀ ਦਾ ਸੁੰਨਾਪਣ ਮੇਰੀਆਂ ਅੱਖਾਂ ਚ ਇਸ ਤਰ੍ਹਾਂ ਦਿਸਦਾ ਏ ਕਿ ਕੋਈ ਮੇਰੇ ਇਸ ਦਰਦ ਨੂੰ ਪਹਿਚਾਣ ਕੇ ਸਮਝ ਜਾਵੇ ਕਿ ਮੈਂ ਕਿਸ ਦੌਰ ਵਿੱਚੋਂ ਗੁਜ਼ਰ ਰਹੀ ਹਾਂ। ਸਨੈਪ ਸਟੋਰੀ ਤੇ ਮੈਂ ਕਦੇ ਵੀ ਆਪਣੀ ਪੂਰੀ ਫੋਟੋ ਨਹੀਂ ਲਾਈ, ਹਮੇਸ਼ਾ ਬੱਸ ਅੱਖਾਂ ਦੀ ਫੋਟੋ ਹੀ ਲਗਾਉਂਦੀ ਰਹੀ ਹਾਂ। ਪਹਿਲਾਂ ਵੀ ਅੱਖਾਂ ਦੀ ਫੋਟੋ ਦੇਖਕੇ ਅਣਜਾਣ ਲੋਕਾਂ ਦੇ ਮੈਸੇਜ ਆ ਜਾਂਦੇ ਸੀ, ਪਰ ਉਹ ਜ਼ਿਆਦਾਤਰ ਇਹੋ ਆਖਦੇ ਸੀ, “ਜੀ ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਨੇ..”
ਪਰ‌ ਮੈਨੂੰ ਪਤਾ ਹੈ ਕਿ ਮੇਰੀਆਂ ਅੱਖਾਂ ਕਿੰਨੀਆਂ ਕੁ ਸੋਹਣੀਆਂ ਨੇ, ਇਸ ਲਈ ਮੈਂ ਅਜਿਹੇ ਲੋਕਾਂ ਨੂੰ ਕੋਈ ਜਵਾਬ ਨਾ ਦਿੰਦੀ ਕਿਉਂਕਿ ਮੈਨੂੰ ਪਤਾ ਰੋਡ ਰਾਂਝਿਆ ਨੂੰ ਗੱਲਬਾਤ ਜਾਰੀ ਕਰਨ ਦਾ ਇਹੋ ਤਰੀਕਾ ਆਉਂਦਾ ਹੈ।
ਪਰ ਇਹ ਜਿਸਨੇ ਮੈਸੇਜ ਕੀਤਾ ਸੀ, ਇਹ ਕੁਝ ਵੱਖ ਸੀ। ਮੈਂ ਆਪਣੀਆਂ ਅੱਖਾਂ ਨੂੰ ਸ਼ੀਸ਼ੇ ਚ ਵੇਖਿਆ, ਮੇਰੀਆਂ ਅੱਖਾਂ ਚ ਇੱਕ ਉਦਾਸੀ ਸੀ, ਤੇ ਇਸ ਉਦਾਸੀ ਦਾ ਕਾਰਨ ਵੀ ਕੋਈ ਹੋਰ ਨਹੀਂ ਮੇਰਾ ਆਪਣਾ ਘਰਵਾਲਾ ਰਵਿੰਦਰ ਹੈ। ਮੇਰੇ ਸੁਪਨੇ,‌ ਮੇਰੀਆਂ ਰੀਝਾਂ ਸਭ ਕੁਝ ਨਸ਼ੇ ਨਾਲ ਆਪਣੇ ਸ਼ਰੀਰ ਵਾਂਗ ਖੋਖਲਾ ਕਰ ਗਿਆ। ਸਾਰਾ ਦਿਨ ਘਰੇ ਪਿਆ ਰਹਿੰਦਾ ਏ ਤੇ ਜਦੋਂ ਨਸ਼ੇ ਦੀ ਤੋੜ ਲੱਗਦੀ ਐ ਤਾਂ ਉੱਠ ਕੇ ਹਲਕੇ ਕੁੱਤੇ ਵਾਂਗ ਨਸ਼ੇੜੀਆਂ ਦੇ ਅੱਡਿਆਂ ਵੱਲ ਨੂੰ ਹੋ ਤੁਰਦਾ ਹੈ। ਪਿਛਲੇ ਤਿੰਨ ਚਾਰ ਸਾਲ ਚ ਕਿੰਨੀ ਵਾਰ ਕੋਸ਼ਿਸ਼ ਕੀਤੀ ਕਿ ਨਸ਼ੇ ਛੱਡ ਦੇਵੇ ਪਰ ਮੇਰੀਆਂ ਸਭ ਕੋਸ਼ਿਸ਼ਾਂ ਵਿਅਰਥ ਗ‌ਈਆਂ। ਜਦ ਨਸ਼ੇ ਬਾਝੋਂ ਵਿਲਕਦਾ ਤਾਂ ਅਖੀਰ ਨੂੰ ਤਰਸ ਆ ਹੀ ਜਾਂਦਾ, ਤੇ ਅਸੀਂ ਸਭ ਐਨੇ ਮਜਬੂਰ ਹੋ ਜਾਂਦੇ ਕਿ ਖੁਦ ਇਸਦੇ ਨਸ਼ੇ ਦੀ ਪੂਰਤੀ ਕਰਦੇ।
ਕਦੇ ਆਪਣੀ ਕਿਸਮਤ ਨੂੰ ਕੋਸਦੀ ਤੇ ਕਦੇ ਆਪਣੇ ਮਾਪਿਆਂ ਨੂੰ ਜਿਹਨਾਂ ਨੇ ਉੱਨੀਵੇਂ ਸਾਲ ਚ ਹੀ ਮੇਰਾ ਵਿਆਹ ਕਰ ਦਿੱਤਾ ਸੀ। ਕਹਿੰਦੇ ਨੇ ਧੀਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਕੇ ਹੀ ਵਿਆਹੋ, ਪਰ ਸਮਾਜ ਹਾਲੇ ਵੀ ਕਹਿੰਦਾ ਹੈ ਕਿ ਜ਼ਨਾਨੀ ਘਰਦੇ ਕੰਮ ਕਰ ਲਵੇ ਉਹੀ ਬਹੁਤ ਹੈ। ਮੈਨੂੰ ਵੀ ਮਾਪਿਆਂ ਨੇ ਅੱਗੇ ਪੜ੍ਹਨ ਦੀ ਗੱਲ ਤੇ ਇਹੋ ਸਮਝਾਇਆ ਕਿ ਤੂੰ ਕੀ ਕਰਨਾ ਪੜ੍ਹ ਕੇ, ਚੰਗਾ ਘਰ ਬਾਰ ਮਿਲ ਗਿਆ, ਆਪਣੇ ਨਿਆਣਿਆਂ ਨੂੰ ਪੜ੍ਹਾਉਣ ਲਾਇਕ ਹੋ ਗਈ ਏ, ਬੱਸ ਬਹੁਤ ਹੈ। ਨਵਾਂ ਨਵਾਂ ਵਿਆਹ ਹੋਇਆ ਤਾਂ ਚੂੜੇ ਤੇ ਸੋਹਣੇ ਸੋਹਣੇ ਸੂਟਾਂ ਦਾ ਚਾਅ ਛੇਤੀ ਹੀ ਲਹਿ ‌ਗਿਆ ਜਦੋਂ ਪਤਾ ਲੱਗਿਆ ਕਿ ਰਵਿੰਦਰ ਤਾਂ ਪੱਕਾ ਨਸ਼ੇ ਦਾ ਆਦੀ ਹੈ। ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ। ਪੇਕੇ ਜਾ ਕੇ ਜਦੋਂ ਮਾਂ ਨੂੰ ਦੱਸਿਆ ਤਾਂ ਉਹਨਾਂ ਨੇ ਵਿਚੋਲਿਆਂ ਨੂੰ ਬੁਲਾਇਆ। ਅਖੀਰ ਗੱਲ ਇੱਥੇ ਆ ਕੇ ਨਿੱਬੜੀ ਕਿ ਨਸ਼ਾ ਛੁਡਾਇਆ ਜਾਵੇਗਾ, ਤੇ ਰਵਿੰਦਰ ਨੂੰ ਇਸ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਜਾਵੇਗਾ। ਦੋ ਮਹੀਨੇ ਉੱਥੇ ਰਹਿ ਕੇ ਵੀ ਆ ਗਿਆ। ਥੋੜੇ ਦਿਨ ਠੀਕ ਰਿਹਾ ਪਰ ਹਾਲਾਤ ਫੇਰ ਉਹੀ ਹੋ ਗ‌ਏ। ਤੇ ਇਹਨਾਂ ਹਾਲਾਤਾਂ ਚ ਸਾਡੀ ਜ਼ਿੰਦਗੀ ਚ ਤੀਜੇ ਜਾਣੇ ਨੇ ਦਸਤਕ ਦਿੱਤੀ। ਮੈਨੂੰ ਲੱਗਿਆ ਸ਼ਾਇਦ ਔਲਾਦ ਕਰਕੇ ਹੀ ਨਸ਼ਿਆਂ ਨੂੰ ਤਿਆਗ ਦੇਵੇਗਾ। ਪਰ ਕੋਈ‌ ਫਾਇਦਾ ਨਾ ਹੋਇਆ। ਪਹਿਲਾਂ ਮੇਰੇ ਕੋਲ ਮੌਕਾ ਸੀ ਕਿ ਮੈਂ ਰਵਿੰਦਰ ਨੂੰ ਨਸ਼ਿਆਂ ਦੀ ਦਲਦਲ ਚ ਫਸੇ ਨੂੰ ਛੱਡਕੇ ਇੱਥੋਂ ਜਾ ਸਕਦੀ ਸੀ। ਪਰ ਹੁਣ, ਹੁਣ ਤਾਂ ਮੁੜਨਾ ਬਹੁਤ ਔਖਾ ਹੈ। ਜੇਕਰ ਮੈਂ ਗ‌ਈ ਤਾਂ ਮੇਰੀ ਧੀ ਰੁਲ ਜਾਉ।
ਹੁਣ ਮੈਨੂੰ ਪੈਸੇ ਦੀ ਜ਼ਿਆਦਾ ਪ੍ਰੇਸ਼ਾਨੀ ਨਹੀਂ ਝੱਲਣੀ ਪੈਂਦੀ, ਮੈਂ ਘਰ ਚ ਇੱਕ ਪਾਸੇ ਪਾਰਲਰ ਖੋਲ੍ਹ ਲਿਆ ਤੇ ਨਾਲ ਨਾਲ ਕੱਪੜੇ ਸਿਉਣ ਦਾ ਕੰਮ ਵੀ ਕਰ ਰਹੀ ਹਾਂ। ਰਵਿੰਦਰ ਵੱਲੋਂ ਕਮਾਈ ਦਾ ਕੋਈ ਵਸੀਲਾ ਨਹੀਂ। ਉਹ ਤਾਂ ਨਸ਼ਾ ਕਰਕੇ ਸਾਰਾ ਦਿਨ ਘਰ ਸੁੱਤਾ ਪਿਆ ਰਹਿੰਦਾ ਹੈ। ਮੈਂ ਆਪਣੀਆਂ, ਸੱਸ ਸਹੁਰੇ ਦੀਆਂ ਤੇ ਆਪਣੀ ਧੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹਾਂ।
ਪਰ ਇੱਕ ਔਰਤ ਦੀਆਂ ਜ਼ਰੂਰਤਾਂ ਸਿਰਫ ਕੱਪੜੇ ਮੇਕਅੱਪ ਹੀ ਨਹੀਂ ਹੁੰਦਾ। ਮੇਰੇ ਕੋਲ ਅਜਿਹਾ ਕੋਈ ਇਨਸਾਨ ਨਹੀਂ ਜੋ ਮੈਨੂੰ ਸਮਝ ਸਕੇ, ਮੇਰੀ ਚੁੱਪ ਨੂੰ ਸੁਣ ਸਕੇ, ਮੈਨੂੰ ਪਤਾ ਹੋਵੇ ਕਿ ਜੇਕਰ ਕਦੇ ਮੈਂ ਕਮਜ਼ੋਰ ਪਵਾਂਗੀ ਤਾਂ ਇਹ ਮੈਨੂੰ ਸੰਭਾਲ ਲਵੇਗਾ।
ਮੇਰੇ ਦੁੱਖ ਭਰੇ ਦਿਲ ਨੂੰ ਪਿਆਰ ਤੇ ਅਪਣੱਤ ਦੀ ਸਤਰੰਗੀ ਪੀਂਘ ਨਾਲ ਸ਼ਿੰਗਾਰ ਦੇਵੇਗਾ। ਹਰ ਕਿਸੇ ਨੂੰ ਇੱਕ ਸਾਥੀ ਦੀ ਜ਼ਰੂਰਤ ਹੁੰਦੀ ਹੈ ਜੋ ਜਜਬਾਤਾਂ ਨੂੰ ਸਮਝੇ। ਜਿੰਦਗੀ ਦੇ ਖਾਲੀਪਣ ਨੂੰ ਮਹਿਕਾ ਦੇਵੇ।
ਅੱਜਕਲ੍ਹ ਭਾਵੇਂ ਇੰਟਰਨੈੱਟ ਤੇ ਸਭ ਸੁਖਾਲਾ ਹੈ, ਪਰ ਮੈਂ ਜਾਣਦੀ ਹਾਂ ਕਿ ਇਹ ਥੋੜ੍ਹਚਿਰੇ ਰਿਸ਼ਤੇ ਇੱਕ ਬਲੌਕ ਦੀ ਮਾਰ ਹੁੰਦੇ ਨੇ। ਪਲਾਂ ਛਿਣਾਂ ਵਿੱਚ ਕੋਈ ਤੁਹਾਡੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਸ਼ਾਮ ਤੱਕ ਗਾਇਬ ਹੋ ਜਾਵੇਗਾ। ਫੇਰ ਜਿੰਨਾ ਮਰਜ਼ੀ ਲੱਭਦੇ ਰਹੋ ਉਹ ਨਹੀਂ ਮਿਲਣ ਵਾਲਾ। ਇਸ ਲਈ ਮੈਂ ਵੀ ਕਦੇ ਕਿਸੇ ਨੂੰ ਤਵੱਜੋ ਨਾਲ ਦਿੱਤੀ।
ਪਰ ਇਸ ਮੈਸੇਜ ਨੇ ਮੈਨੂੰ ਸੋਚਾਂ ਦੀ ਘੁੰਮਣਘੇਰੀ ਵਿੱਚ ਉਲਝਾ ਦਿੱਤਾ। ਮੈਂ ਅਗਲੀ ਵਾਰ ਚੰਗੀ ਤਰ੍ਹਾਂ ਅੱਖਾਂ ਦਾ ਮੇਕਅੱਪ ਕਰਕੇ ਸਨੈਪ ਸਟੋਰੀ ਅੱਪਡੇਟ ਕੀਤੀ। ਥੋੜੀ ਦੇਰ ਬਾਅਦ ਉਸ ਅਣਜਾਣ ਦਾ ਮੈਸੇਜ ਆ ਗਿਆ, “ਇਹ ਬਾਹਰੀ ਸਜਾਵਟ ਦਿਲ ਦੀ ਵਿਰਾਨਗੀ ਨੂੰ ਰੰਗੀਨ ਨਹੀਂ ਕਰ ਸਕਦੀ… ਕੋਸ਼ਿਸ਼ ਚੰਗੀ ਐ.. ਪਰ ਅੰਦਰ ਦਾ ਵਿਸਮਾਦ ਕਿਵੇਂ ਲੁਕੋ ਸਕਦੇ ਹੋ… ਜਦੋਂ ਅੱਖਾਂ ਚੀਕ ਚੀਕ ਕੇ ਦੱਸ ਰਹੀਆਂ ਨੇ ਕਿ...

ਉਦਾਸੀਆਂ ਨਿਗਲ ਰਹੀਆਂ ਨੇ…”
ਇਸ ਵਾਰ ਮੈਂ ਉਸਨੂੰ ਜਵਾਬ ਦੇ ਦਿੱਤਾ, “ਇਸ ਤਰ੍ਹਾਂ ਦੀ ਕੋਈ ਗੱਲ ਨਹੀਂ… ਤੁਹਾਨੂੰ ਗਲਤ ਫਹਿਮੀ ਹੋਈ ਹੈ..”
“ਕਾਸ਼! ਇਹ ਮੇਰੀ ਗਲਤ ਫਹਿਮੀ ਹੀ ਹੋਵੇ.. ਪਰ ਕਹਿੰਦੇ ਨੇ ਦਿਲ ਚ ਜਜਬਾਤਾਂ ਨੂੰ ਦਫ਼ਨ ਕਰਕੇ ਉਸਨੂੰ ਸ਼ਮਸ਼ਾਨ ਨਹੀਂ ਬਣਾਉਣਾ ਚਾਹੀਦਾ.. ਦਫ਼ਨ ਹੋਏ ਜਜ਼ਬਾਤ ਅੱਧੀ ਅੱਧੀ ਰਾਤ ਨੂੰ ਡਰਾਉਂਦੇ ਨੇ… ਦਿਲ ਨੂੰ ਬਗੀਚੇ ਵਾਂਗ ਰੱਖਣਾ ਚਾਹੀਦਾ… ਹਰ ਇੱਕ ਜਜ਼ਬਾਤ ਫੁੱਲਾਂ ਵਾਂਗ ਖਿੜਿਆ ਹੋਣਾ ਚਾਹੀਦਾ ਦਿਲ ਚ.. ਤਾਂ ਜੋ ਹਾਸਿਆਂ ਦੀ ਮਹਿਕ ਪੌਣਾਂ ਚ ਬਿਖਰੀ ਰਹੇ…”
ਮੈਂ ਇਹ ਮੈਸੇਜ ਦੇਖਿਆ ਤੇ ਕਿਹਾ, “ਆਖਿਰ ਤੁਹਾਨੂੰ ਕੀ ਲੱਗਦਾ ਕਿ ਮੇਰੇ ਦਿਲ ਚ ਕੋਈ ਦਰਦ ਹੈ..??”
“ਮੈਨੂੰ ‌ਅੱਖਾਂ ਪੜ੍ਹਨ ਦੀ ਕਲਾ ਆਉਂਦੀ ਹੈ… ਅੱਖਾਂ ਵੇਖਕੇ ਸਮਝ ਜਾਂਦਾ ਹਾਂ ਕਿ ਕਿੰਨਾ ਦਰਦ ਹੰਝੂ ਬਣ ਬਣ‌ ਵਹਿ ਰਿਹਾ ਹੈ ਅੰਦਰੋ‌ ਅੰਦਰ..”
“ਹਨੇਰੇ ਚ ਤੀਰ ਚਲਾ ਰਹੇ ਹੋ… ਬੱਸ ਗੱਲਬਾਤ ਸ਼ੁਰੂ ਕਰਨ ਦਾ ਤਰੀਕਾ ਇਹ ਵੀ…”
“ਮੈਨੂੰ ਜੋ ਲੱਗਿਆ ਮੈਂ ਆਖ ਦਿੱਤਾ… ਰਹੀ ਗੱਲ ਗੱਲਬਾਤ ਸ਼ੁਰੂ ਕਰਨ ਦੀ ਗੱਲ ਤਾਂ ਮੈਨੂੰ ਉਸਦੀ ਜ਼ਰੂਰਤ ਨਹੀਂ… ਮੈਂ ਇੱਕ ਅਧਿਆਤਮਕ ਇਨਸਾਨ ਹਾਂ… ਤੁਹਾਡੀ ਥਾਂ ਇਹ ਅੱਖਾਂ ਕਿਸੇ ਮਰਦ ਦੀਆਂ ਹੁੰਦੀਆਂ ਤਾਂ ਉਸਨੂੰ ਵੀ ਮੈਂ ਇਹੋ ਕਹਿੰਦਾ… ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ.. ਪਰ ਮੈਂ ਇਹ ਜਰੂਰ ਜਾਣਦਾ ਹਾਂ.. ਤੁਹਾਡੀਆਂ ਅੱਖਾਂ ਬਾਰੇ ਮੈਂ ਜੋ ਵੀ ਕਿਹਾ ਉਹ ਸੱਚ ਹੈ…”
ਮੈਂ ਚੁੱਪ ਕਰ ਗਈ, ਮੈਨੂੰ ਕੋਈ ਜਵਾਬ ਨਾ ਸੁਝਿਆ। ਉਸਦੀਆਂ ਸਾਰੀਆਂ ਗੱਲਾਂ ਮੈਨੂੰ ਬਿਲਕੁਲ ਠੀਕ ਲੱਗੀਆਂ। ਜੇਕਰ ਉਹਨੂੰ ਮੇਰੇ ਨਾਲ ਗੱਲ ਕਰਨ ਤੱਕ ਹੀ ਮਤਲਵ ਹੁੰਦਾ ਤਾਂ ਉਹ ਵੀ ਹੋਰਨਾਂ ਵਾਂਗ ਮੇਰੀ ਤਾਰੀਫ਼ ਕਰਦਾ, ਹਾਏ ਹੈਲੋ ਦਾ ਮੈਸੇਜ ਕਰਦਾ, ਪਰ ਉਸਨੇ ਇੰਝ ਨਹੂ ਕੀਤਾ। ਇਸਦਾ ਮਤੂ ਉਸਨੂੰ ਮੇਰੇ ਨਾਲ ਗੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਮੈਂ ਉਸਨੂੰ ਕੋਈ ਜਵਾਬ ਨਾ ਦਿੱਤਾ। ਉਸਦਾ ਵੀ ਕੋਈ ਮੈਸੇਜ ਨਾ ਆਇਆ।
ਅਗਲੇ ਦਿਨ ਫੇਰ ਮੈਂ ਸਨੈਪ ਸਟੋਰੀ ਅੱਪਡੇਟ ਕੀਤੀ, ਉਸਨੇ ਸਟੋਰੀ ਦੇਖੀ ਪਰ ਕਿਹਾ ਕੁਝ ਨਾ। ਸ਼ਾਮ ਨੂੰ ਮੈਂ ਹੀ ਮੈਸੇਜ ਕਰਕੇ ਪੁੱਛ ਲਿਆ,‌ “ਇਸ ਵਾਰ ਨੀ ਤੁਹਾਨੂੰ ਮੇਰੀਆਂ ਅੱਖਾਂ ਚ ਕੋਈ ਦਰਦ ਦਿਸਿਆ..??”
“ਤੁਹਾਡੇ ‌ਦਿਲ ਚ ਭਰਿਆ ਦਰਦ ਅੱਖਾਂ ਰਾਹੀਂ ਝਰਨਾ ਬਣ ਵਹਿ ਜਾਣ ਨੂੰ ਤਿਆਰ ਏ.. ਬੱਸ ਮੌਕਾ ਭਾਲ ਰਿਹਾ…”
“ਤੁਹਾਨੂੰ ਕੀ ਲੱਗਦਾ ਕਿ ਕੀ ਦਰਦ ਸਮੇਟਿਆ ਹੈ ਇਹਨਾਂ ਚ…”
“ਇਕੱਲਤਾ ਦਾ ਦਰਦ… ਜਿਹਨੂੰ ਕੋਈ ਸਮਝ ਨੀ ਨਾ ਰਿਹਾ… ਦੱਬੀਆਂ ਘੁੱਟੀਆਂ ਰੀਝਾਂ ਦਾ‌ ਦਰਦ… ਚੁੱਪ ਦੇ ਰੌਲ਼ੇ ਦਾ‌‌ ਦਰਦ…ਮਨ ਤੇ ਚੱਲਦੇ ਵਿਚਾਰਾਂ ਦਾ ਘਸਮਾਨ ‌ਜੋ ਜਵਾਲਾਮੁਖੀ ਵਾਂਗ ਫ਼ਟ ਕੇ ਲਾਵੇ ਵਾਂਗਰਾਂ ਵਹਿ ਜਾਣਾ ਚਾਹੁੰਦਾ ਹੈ… ਸਮੇਂ ਤੋਂ ਪਹਿਲਾਂ ਮਸਲੀ ਹੋਈ ਕਲੀ ਦਾ ਦਰਦ… ਬਹਾਰ ਦੀ ਰੁੱਤ ਦਾ ਪਲਾਂ ਛਿਣਾਂ ਵਿੱਚ ਹੀ ਪਤਝੜ ਵਿੱਚ ਤਬਦੀਲ ਹੋ ਜਾਣ ਦਾ ਦਰਦ… ਅੰਬੀਆਂ ਦਾ ਸੰਧੂਰੀ ਹੋ ਜਾਣ ਤੋਂ ਪਹਿਲਾਂ ਹੀ ਤੇਜ਼ ਹਨੇਰੀ ਨਾਲ ਟੁੱਟ ਕੇ ਗਿਰ ਜਾਣ ਦਾ ਦਰਦ…”
“ਤੁਸੀਂ ਐਨਾ ਸਭ ਕਿਵੇਂ ਜਾਣਦੇ ਹੋ… ਤੇ ਤੁਹਾਡੀਆਂ ਇਹ ਗੱਲਾਂ ਕਿਸੇ ਹੋਰ ਹੀ ਦੁਨੀਆਂ ਦੀਆਂ ਲੱਗਦੀਆਂ ਨੇ…”
“ਮੈਂ ਜਾਣਦਾ ਹਾਂ ਕਿਉਂਕਿ ਦੁੱਖ ਨਾਲ ਭਰੀਆਂ ਰੂਹਾਂ ਚ ਰੋਜ਼ ਹੀ ਵਿਚਰਦਾ ਹਾਂ ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਮੈਨੂੰ ਇਸ ਲਾਇਕ ਸਮਝੇ ਕਿ ਆਪਣਾ ਦੁੱਖ ਮੇਰੇ ਨਾਲ ਸਾਂਝਾ ਕਰ ਸਕੇ.. ਤੇ ‌ਮੈਂ ਉਸਨੂੰ ਉਸਦੇ ਬਦਲੇ ਚ ਬੁੱਕ ਭਰਕੇ ਹਾਸਿਆਂ ਦਾ ਦੇ ਸਕਾਂ.. ਕੁਝ ਪਲ ਕੁਝ ਘੜੀਆਂ ਹੀ ਸਹੀ ਪਰ ਮੈਂ ਕਿਸੇ ਦੀ ਮੁਸਕਰਾਹਟ ਦੀ ਵਜ੍ਹਾ ਬਣ ਸਕਾਂ…”
ਪਤਾ ਨਹੀਂ ਕਿਉਂ ਜਿਸ ਚੀਜ਼ ਤੋਂ ਮੈਂ ਹੁਣ ਤੱਕ ਦੂਰ ਰਹੀ ਅੱਜ ਉਹੀ ਕਰਨ ਦਾ ਮਨ ਹੋ‌ ਰਿਹਾ ਸੀ। ਕਿਸ ਅਣਜਾਣ ਦੇ ਮੋਢੇ ਤੇ ਸਿਰ ਰੱਖ ਕੇ ਜਾਰੋ ਜਾਰ ਰੋਣ ਦਾ ਦਿਲ ਕਰ ਰਿਹਾ ਸੀ। ਪਿਛਲੇ ਸਾਲਾਂ ਦਾ ਸੰਘਰਸ਼ ਇਸਦੇ ਸਾਹਮਣੇ ਰੱਖ ਦਿਆਂ, ਇਹੋ ਦਿਲ ਕਰ ਰਿਹਾ ਸੀ। ਮੈਨੂੰ ਇੰਝ ਲੱਗਿਆ ਜਿਵੇਂ ਕੋਈ ਰੱਬੀ ਰੂਹ ਆਪਣੇ ਆਪ ਮੇਰਾ ਸਹਾਰਾ ਬਣਨ ਆ ਗ‌ਈ ਹੋਵੇ। ਮੇਰਾ‌ ਮਨ ਕਹਿ ਰਿਹਾ ਸੀ ਕਿ ਪ੍ਰੀਤ ਇੱਕ ਵਾਰ ਵਿਸ਼ਵਾਸ ਕਰਕੇ ਤਾਂ ਵੇਖ। ਉਂਝ ਵੀ ਕਹਿੰਦੇ ਨੇ ਕਿ ਤੁਹਾਡੀ ਜ਼ਿੰਦਗੀ ਚ ਆਉਣ ਵਾਲੇ ਹਰ ਸ਼ਖਸ ਦਾ ਕੋਈ ਨਾ ਕੋਈ ‌ਮਕਸਦ ਜ਼ਰੂਰ ਹੁੰਦਾ ਹੈ। ਸੁਕੂਨ ਤੇ ਮੁਹੱਬਤ ਨਾਲ ਭਰੀ ਇਸ ਰੱਬੀ ਰੂਹ ਦਾ ਸਫ਼ਰ ਕੋਈ ਚੰਗਾ ਮਕਸਦ ਹੀ ਹੋਵੇਗਾ।
ਹੌਲੀ-ਹੌਲੀ ਮੈਂ ਉਸਨੂੰ ਆਪਣੀ ਜ਼ਿੰਦਗੀ ਦੀ ਹੁਣ ਤੱਕ ਦੀ ਸਾਰੀ ਕਹਾਣੀ ਸੁਣਾ ਦਿੱਤੀ। ਕਿੰਝ ਵਰਿਆਂ ਤੋਂ ਮੇਰੀ ਜਿੰਦਗੀ ਸਰਦ ਰੁੱਤ ਦੀ ਲੰਮੀ ਤੇ ਬੇਦਰਦ ਰਾਤ ਜਿਹੀ ਹੋ ਗਈ ਹੈ, ਸਭ ਕੁਝ ਉਸਦੇ ਸਾਹਮਣੇ ਰੱਖ ਦਿੱਤਾ। ਕਿੰਝ ਮੋਹ ਤੋਂ ਸੱਖਣੀ ਹੋ ਕੇ ਜਜ਼ਬਾਤਾਂ ਨੂੰ ਮਾਰ ਕੇ ਕੋਈ ਪੁਤਲਾ ਹੋ ਗਈ ਹਾਂ। ਦਿਲ ਦਾ ਬਗੀਚਾ ਵਿਰਾਨ ਤੇ ਉਜਾੜ ਹੋ ਗਿਆ ਹੈ। ਕੱਲੇਪਣ ਦੀ ਹਨੇਰੀ ਨੇ ਮੁਹੱਬਤ ਦੇ ਫੁੱਲ ਜੜੋਂ ਪੁੱਟ ਸੁੱਟੇ ਹਨ। ਇੱਥੇ ਮਹਿਕਾਂ ਨਹੀਂ ਸਗੋਂ ਮਰ ਚੁੱਕੀਆਂ ਸੱਧਰਾਂ ਦੀਆਂ ਲਾਸ਼ਾਂ ਦੀ ਬਦਬੂ ਫੈਲੀ ਹੈ।
ਗੱਲਾਂ ਗੱਲਾਂ ਚ ਪਤਾ ਲੱਗਿਆ ਕਿ ਉਹ ਵੀ ਵਿਆਹਿਆ ਹੋਇਆ ਹੈ ਤੇ ਉਸਦੇ ਤੇ ਉਸਦੀ ਪਤਨੀ ਦੇ ਆਪਸ ਚ ਬਹੁਤ ਵਧੀਆ ਸੰਬੰਧ ਹਨ। ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਇਹ ਉਹਨਾਂ ਵਰਗਾ ਨਹੀਂ ਹੈ ਜੋ ਕੁੜੀਆਂ ਨੂੰ ਗੱਲਾਂ ਰਾਹੀਂ ਫਸਾ ਕੇ ਫੇਰ ਅੱਗੇ ਹੋਰ ਰਿਸ਼ਤੇ ਬਣਾ ਲੈਂਦੇ ਹਨ।
ਚੱਲਦਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)