ਮਰਦ
ਕੁਲਦੀਪ ਕੌਰ ਅੱਜ ਬਹੁਤ ਖੁਸ਼ ਸੀ ।ਹੁੰਦੀ ਵੀ ਕਿਉਂ ਨਾ ?ਉਸਨੇ ਆਪਣੇ ਪੁੱਤ ਗੁਰਦੀਪ ਦਾ ਵਿਆਹ ਜੋ ਕੀਤਾ ਸੀ ਤੇ ਆਪਣੀ ਪਸੰਦ ਦੀ ਨੂੰਹ ਲੈ ਕੇ ਆਈ ਸੀ।ਆਪਣੀ ਮਾਂ ਨੂੰ ਖੁਸ਼ ਦੇਖ ਗੁਰਦੀਪ ਵੀ ਬਹੁਤ ਖੁਸ਼ ਸੀ ਕਿਉਂਕਿ ਉਸਦੀ ਮਾਂ ਸਾਰੀ ਉਮਰ ਉਸਦੇ ਪਿਉ ਦੇ ਰੋਅਬ ਅੰਦਰ ਰਹਿੰਦੀ ਆਈ ਸੀ ।ਉਸਨੇ ਕਦੇ ਆਪਣੀ ਮਾਂ ਨੂੰ ਉੱਚੀ ਅਵਾਜ਼ ਵਿੱਚ ਬੋਲਦਿਆਂ ਨਹੀਂ ਵੇਖਿਆ ਸੀ ।ਉਹ ਹਮੇਸ਼ਾ ਘੁੱਟੀ ਨੱਪੀ ਰਹਿੰਦੀ ਸੀ। ਉਸਨੇ ਕਦੇ ਆਪਣੀ ਰੀਝ ਨਾ ਰੱਖੀ ਤੇ ਨਾ ਦੱਸੀ।ਉਹ ਹਮੇਸ਼ਾ ਸੋਚਦਾ ਸੀ ਕਿ ਉਹ ਆਪਣੀ ਮਾਂ ਨੂੰ ਹਰ ਖੁਸ਼ੀ ਦੇਵੇਗਾ ਹਰ ਰੀਝ ਪੂਰੀ ਕਰੇਗਾ ਜੋ ਉਸਦਾ ਪਿਉ ਨੇ ਕਦੇ ਨਹੀਂ ਕੀਤੀ ਸੀ।ਉਸਨੇ ਮਾਂ ਦੇ ਚਿਹਰੇ ਉੱਤੇ ਹਮੇਸ਼ਾ ਆਪਣੇ ਪਿਉ ਦੇ ਡਰ ਨੂੰ ਦੇਖਿਆ ਸੀ।
ਉਹ ਸੋਚ ਰਿਹਾ ਸੀ ਉਹ ਆਪਣੀ ਮਾਂ ਦੇ ਨਾਲ ਨਾਲ ਆਪਣੀ ਪਤਨੀ ਨੂੰ ਹਰ ਖੁਸ਼ੀ ਦੇਵੇਗਾ।ਉਸਨੂੰ ਰਾਣੀ ਬਣਾ ਕੇ ਰੱਖੇਗਾ, ਉਸਦੀ ਹਰ ਖੁਸ਼ੀ ਨੂੰ ਪਹਿਲ ਦੇਵੇਗਾ ਤੇ ਹਰ ਕੰਮ...
ਵਿੱਚ ਆਪਣੀ ਪਤਨੀ ਦੀ ਸਲਾਹ ਲਵੇਗਾ ਤਾਂ ਜੋ ਉਸਦੀ ਪਤਨੀ ਨੂੰ ਉਸਦੀ ਮਾਂ ਵਾਂਗ ਜਿਊਂਦੇ ਜੀਅ ਮਰਨਾ ਨਾ ਪਵੇ।
ਵਿਆਹ ਤੋਂ ਅਗਲੇ ਦਿਨ ਮਾਂ ਨੇ ਆਪਣੇ ਪੁੱਤ ਨੂੰ ਕੋਲ ਬਿਠਾਇਆ ਤੇ ਜੋ ਕਿਹਾ ਉਹ ਸੁਣ ਗੁਰਦੀਪ ਸੰਨ ਹੋ ਗਿਆ ਤੇ ਸਮਝ ਨਹੀਂ ਪਾ ਰਿਹਾ ਸੀ ਕੇ ਕੀ ਕਰੇ ਕੀ ਕਹੇ?
ਬਸ ਉਸਦੇ ਕੰਨਾਂ ਵਿੱਚ ਉਸਦੀ ਮਾਂ ਦੇ ਬੋਲ ਤੂਫ਼ਾਨ ਬਣ ਗੂੰਜ ਰਹੇ ਸਨ…. ਵੇ ਪੁੱਤ ਮੇਰੀ ਗੱਲ ਧਿਆਨ ਨਾਲ ਸੁਣ।ਤੂੰ ਵੀ ਆਪਣੀ ਘਰਵਾਲੀ ਨੂੰ ਬਿਲਕੁਲ ਉਂਝ ਹੀ ਰੱਖੀ ਜਿਵੇਂ ਤੇਰੇ ਪਿਉ ਨੇ ਮੈਨੂੰ ਰੱਖਿਆ ।ਔਰਤ ਉੱਤੇ ਹਮੇਸ਼ਾ ਆਦਮੀ ਦਾ ਰੋਅਬ ਹੋਣਾ ਚਾਹੀਦਾ।ਉਹ ਮਰਦ ਹੀ ਕੀ ਜੋ ਔਰਤ ਦੇ ਪਿੱਛੇ-ਪਿੱਛੇ ਫਿਰੇ। ਪੁੱਤ ਆਪਣੇ ਪਿਉ ਵਾਂਗ ‘ਮਰਦ’ ਬਣੀ ‘ਮਰਦ ‘।