ਉਸ ਦਿਨ ਹਨੇਰਾ ਹੋਣ ਹੀ ਵਾਲਾ ਸੀ ਸ਼ਾਇਦ ਆਖਰੀ ਬੱਸ ਲੰਘ ਚੁੱਕੀ ਸੀ | ਕਿਰਨ ਪਿੰਡ ਜਾਣ ਲਈ ਅੱਡੇ ਚ ਖੜੀਆਂ ਇੱਕਾ ਦੁੱਕਾ ਸਵਾਰੀਆਂ ਵੱਲ ਘਬਰਾਈ ਹੋਈ ਦੇਖ ਰਹੀ ਸੀ । ਉਸ ਨੇ ਨਾਲ ਹੀ ਖੜੇ ਮੁੰਡੇ ਨੂੰ ਝਾਕਦਿਆਂ ਹੋਈਆਂ ਸਮਾਂ ਪੁੱਛਿਆ । ਸੁੱਖ ਨੇ ਫੋਨ ਕੱਢਿਆ ਅਤੇ ਨੌਂ ਵੱਜਣ ਵਾਲੇ ਨੇ ਇਹ ਕਹਿ ਕੇ ਫੋਨ ਜੇਬ ਵਿੱਚ ਪਾ ਲਿਆ ।
ਇੰਨੇ ਨੂੰ ਬੱਸ ਆਈ ਤੇ ਸਭ ਬੱਸ ਵਿੱਚ ਚੜ੍ਹ ਗਏ । ਥੋੜ੍ਹੀ ਦੂਰ ਜਾ ਕੇ ਬੱਸ ਨੇ ਅਗਲੇ ਅੱਡੇ ਤੋਂ ਸਵਾਰੀਆਂ ਚੱਕੀਆਂ । ਜਿਸ ਵਿਚੋਂ ਇੱਕ ਨਸ਼ੇ ਵਿੱਚ ਧੁੱਤ ਮੁੰਡਾ ਬਿਲਕੁਲ ਕਿਰਨ ਦੇ ਕੋਲ ਜਾ ਖੜਾ ਹੋਗਿਆ । ਕੁਝ ਚਿਰ ਬਰਦਾਸ਼ਤ ਕਰਨ ਤੋਂ ਬਾਅਦ ਕਿਰਨ ਆਪਣੀ ਸੀਟ ਤੋਂ ਉੱਠੀ ਅਤੇ ਸੁੱਖ ਲਾਗੇ ਸੀਟ ਤੇ ਜਾ ਬੈਠੀ । ਸੁੱਖ ਉਹ ਮੁੰਡਾ ਬੈਠਾ ਇਕ ਕਿਤਾਬ ਦੇ ਪੰਨੇ ਫਰੋਲ ਰਿਹਾ ਸੀ | ਕਿਰਨ ਨੂੰ ਆਪਣੇ ਕੋਲ ਬੈਠ ਵੇਖ ਸੁੱਖ ਨੇ ਆਪਣੀ ਕਿਤਾਬ ਬੈਗ ਵਿੱਚ ਪਾਈ ਤੇ ਉਸਦੀ ਸੁਰੱਖਿਆ ਲਈ ਵਧੇਰੇ ਚੇਤਨ ਮੁਦਰਾ ਵਿਚ ਬੈਠ ਗਿਆ ।
ਤਕਰੀਬਨ ਅੱਧੇ ਘੰਟੇ ਬਾਅਦ ਕਿਰਨ ਦਾ ਪਿੰਡ ਆ ਗਿਆ | ਕਿਰਨ ਬਸ ਦੀ ਤਾਕੀ ਕੋਲ ਜਾ ਕੇ ਖੜੀ ਹੋ ਗਈ...
| ਸੁੱਖ ਨੇ ਆਪਣੇ ਮਨ ਦਾ ਸਵਾਲ ਉਸ ਕੋਲੋਂ ਆਖਿਰ ਪੁੱਛ ਹੀ ਲਿਆ ਕਿ ਕੁੜੇ ਤੂੰ ਮੇਰੇ ਕੋਲ ਆ ਕੇ ਬੈਠਣਾ ਹੀ ਕਿਉਂ ਚੁਣਿਆ ਸੀ ?
ਬੱਸ ਦੀ ਬਰੇਕ ਵਜਦੀ ਵਜਦੀ ਨੇ ਕਿਰਨ ਨੇ ਕਿਹਾ ਮੈਂ ਤੇਰੇ ਫੋਨ ਉੱਤੇ ਲਗਿਆ ਭਗਤ ਸਿੰਘ ਵਾਲਾ ਵਾਲਪੇਪਰ ਤੇ ਤੇਰੇ ਬੈਗ ਤੇ ਲਿਖਿਆ ਸਾਡਾ ਉਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਦੇਖਿਆ | ਇਹ ਕਹਿ ਕਿਰਨ ਹੋਰ ਸਵਾਰੀਆਂ ਦੇ ਨਾਲ ਨਾਲ ਬੱਸ ਚੋਂ ਉੱਤਰ ਗਈ |
ਬੱਸ ਫੇਰ ਸਵਾਰੀਆਂ ਉਤਾਰ ਉਥੋਂ ਚੱਲ ਪਈ | ਕਨੈਕਟਰ ਦੀ ਸੀਟੀਆਂ ਤੇ ਬਸ ਦੀ ਲੋਹੇ ਦੀ ਚਾਦਰ ਤੇ ਹੱਥ ਵੱਜਣ ਤੋਂ ਬਾਅਦ ਸੁੱਖ ਨੇ ਆਪਣਾ ਫੋਨ ਕੱਢਿਆ ਤੇ ਭਗਤ ਸਿੰਘ ਦੀ ਫੋਟੋ ਨੂੰ ਗੰਭੀਰਤਾ ਨਾਲ ਦੇਖਦਾ ਰਿਹਾ ਤੇ ਖੁਦ ਨੂੰ ਮਹਿਸੂਸ ਕਰਦਾ ਰਿਹਾ ਕਿ ਮੈਂ ਇਕ ਭਗਤ ਸਿੰਘ ਹਾਂ | ਜਿਸ ਭਗਤ ਸਿੰਘ ਨੂੰ ਵੇਖ ਦੁਨੀਆ ਖੁਸ਼ ਤੇ ਔਰਤ ਆਪਣੇ ਆਪ ਨੂੰ ਸਹੀ ਸਲਾਮਤ ਮਹਿਸੂਸ ਕਰਦੀ ਹੈ |