ਕੈਂਚੀਆਂ,ਚਾਕੂ ਲਾਉਣ ਉਹ ਹਰ ਸਾਲ ਚ ਦੋ ਗੇੜੇ ਮਾਰਦਾ, ਇੱਕ ਹਾੜੀ ਕਣਕਾਂ ਦੀ ਵਾਢੀ ਮਗਰੋਂ ਤੇ ਦੂਜਾ ਦੀਵਾਲੀ ਦੇ ਅੇੜ-ਗੇੜ। ਸਾਰੇ ਪਿੰਡ ਦੇ ਬੰਦਿਆਂ ਨਾਲੋਂ ਬੁੜੀਆਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਸਰੂਪ ਸਿਉਂ ਨੇ ਕਿਹੜੇ ਕੁ ਮਹੀਨੇ ਜਾਂ ਰੁੱਤੇ ਆਉਣਾ। ਸਵੇਰ ਦੀ ਹਾਜਰੀ ਤੋਂ ਲੈ ਕੇ ਉਹਦੀ ਦੁਪਹਿਰ ਦੀ ਤਿੰਨ ਆਲੀ ਚਾਹ ਇੱਕੇ ਪਿੰਡ ਵਿੱਚ ਹੁੰਦੀ। ਦੁਪਹਿਰ ਦੀ ਰੋਟੀ ਹਰੇਕ ਵਾਰ ਬੰਤ ਕੇ ਘਰ ਹੁੰਦੀ, ਪਿਆਰ ਭਾਂਵੇ ਉਹਦਾ ਸਾਰੇ ਪਿੰਡ ਨਾਲ ਬਹੁਤ ਸੀ, ਪਰ ਬੰਤ ਕੇ ਟੱਬਰ ਨਾਲ ਉਹਦਾ ਅਲੱਗ ਹੀ ਲਗਾਵ ਸੀ। ਬੰਤ ਵੀ ਆਪਣੀ ਵੀਹੀ ਦੀਆਂ ਆਢਣਾਂ ਗਵਾਢਣਾਂ ਨੂੰ ਬੁਲਾ ਕੇ ਲਿਆਉਂਦੀ ਤਾਂ ਜੋ ਸਰੂਪ ਬਾਬੇ ਨੂੰ ਚਾਰ ਪੈਸੇ ਬਚ ਜਾਣ। ਹੋਰ ਤਾਂ ਹੋਰ ਬੰਤ ਤਾਂ ਨਾਲ ਦੀਆਂ ਨੂੰ ਆਨੇ-ਬਹਾਨੇ ਅਡਕਾ ਲੈਂਦੀ ਵੀ ਨਹੀਂ ਮੰਡੀ ਨੀਂ ਜਾਣਾ ਆਪਾਂ ਲਵਾਉਣ ਕੈਂਚੀਆਂ,ਉੱਥੇ ਭਾਈ ਮਹਿੰਗੇ ਲਾਉਂਦੇ ਤੇ ਕੰਮ ਵੀ ਸਮਾਰ ਕੇ ਨੀਂ ਕਰਦੇ। ਸਰੂਪ ਬਾਬਾ ਵੀ ਬੰਤ ਕੇ ਘਰ ਦੀਆਂ ਨਾਂ ਲਾਉਣ ਵਾਲੀਆਂ ਕਰਦਾਂ,ਚਾਕੂ ਵੀ ਲਾ ਹੀ ਜਾਂਦਾ...
ਤੇ ਆਖਦਾ ਕੁੜੇ ਮੇਰੇ ਤੋਂ ਕਿਹੜਾ ਨਿੱਤ ਹੀ ਗੇੜਾ ਵੱਜਦਾ। ਪੈਸੇ ਕਦੇ ਲੈਂਦਾ ਹੀ ਨਾਂ ਬੰਤੋਂ ਤੋਂ, ਕਦੇ ਪੰਜ-ਦਸ ਲੈ ਲੈਂਦੇ ਤੇ ਬੰਤ ਚੌਗਣੇ ਦੇਣਾ ਚਾਹੁੰਦੀ, ਪਰ ਜਿੱਤ ਬਾਬੇ ਦੀ ਹੀ ਹੁੰਦੀ।
ਪਤਾ ਨੀਂ ਕਿਹੋ ਜਹੀਆਂ ਮੋਹ ਦੀਆਂ ਤੰਦਾਂ ਸੀ, ਸ਼ਾਇਦ ਬੰਤ ਆਪਦੇ ਜਵਾਕ ਵੇਲੇ ਦੇ ਤੁਰੇ ਬਾਪ ਨੂੰ ਸਰੂਪ ਬਾਬੇ ਚ ਲੱਭਦੀ ਤੇ ਪਿਉ ਨੂੰ ਰੱਜਿਆ ਪੁੱਜਿਆ ਦੇਖਣਾ ਚਾਹੁੰਦੀ। ਦੂਜੇ ਪਾਸੇ ਕਦੇ ਚੜਦੀ ਜਵਾਨੀ ਚ ਨਾਲਦੀ ਨਾਲ ਕੀਤਾ ਵਾਅਦਾ ਕਿ ਆਪਾਂ ਇੱਕ ਕੁੜੀ ਜਰੂਰ ਗੋਦ ਲੈ ਕੇ ਪਾਲਾਂਗੇ ਤਾਂ ਨਾਂ ਪੂਰਾ ਹੋ ਸਕਿਆ, ਪਰ ਨਾਲਦੀ ਦੇ ਤੁਰ ਜਾਣ ਮਗਰੋਂ ਮਜਬੂਰੀ ਵੱਸ ਗੋਦ ਦਿੱਤੀ ਆਪਣੀ ਧੀ ਜੀਤ ਨੂੰ ਬੰਤ ਚ ਦੇਖਦਾ ਤੇ ਸਿਰ ਪਲੋਸਦਾ ਆਪਦੇ ਰਾਂਹੀ ਪੈ ਜਾਂਦਾ। ਕੈਂਚੀਆਂ ਲਵਾ ਲੋ, ਕਰਦਾਂ ਲਵਾ ਲੋ ਭਾਈ…..✍️ਰੱਬੋਂ