ਉਸਦਾ ਮੈਸੇਜ ਅੱਧੀ ਕੁ ਰਾਤ ਦੇ ਕਰੀਬ ਦਾ ਆਇਆ ਹੋਇਆ ਸੀ। ਉਸਨੇ ਲਿਖਿਆ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, ਫੋਨ ਕਰ ਲੈਣਾ। ਮੈਂ ਆਪਣਾ ਕੰਮ ਸ਼ੁਰੂ ਕਰਨ ਲਈ ਤੀਜੇ ਪਹਿਰ ਉਠਿਆ। ਮੈਸੇਜ ਵੇਖਿਆ ਤਾਂ ਸੋਚਿਆ ਕਿ ਇਸ ਵੇਲੇ ਫੋਨ ਕਰਨਾ ਸਹੀ ਨਹੀਂ ਹੈ, ਦਿਨ ਚੜੇ ਫੋਨ ਕਰਨਾ ਚਾਹੀਦਾ ਹੈ ਕਿਉਂਜੋ ਮੈਸੇਜ ਵਿਚ ਕਿਸੇ ਐਮਰਜੰਸੀ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। ਦਿਨ ਚੜੇ ਮੈਂ ਆਪਣੀ ਕਾਰ ਵਾਸ਼ਿੰਗ ਲਈ ਲਗਾਈ ਤੇ ਸੋਚਿਆ ਕਿ ਜਦੋਂ ਤੱਕ ਕਾਰ ਧੋਤੀ ਜਾਵੇਗੀ, ਮੈਂ ਉਸਨੂੰ ਫੋਨ ਕਰ ਲੈਂਦਾ ਹਾਂ। ਫੋਨ ਕੀਤਾ ਤਾਂ ਅੱਗੋਂ ਨੀਂਦ ਦੀ ਹਾਲਤ ਵਿਚ ਕਿਸੇ ਨੇ ਫੋਨ ਚੁੱਕਿਆ। ਉਸਨੂੰ ਮੇਰੀ ਗੱਲ ਦੀ ਸਮਝ ਹੀ ਨਹੀਂ ਸੀ ਆ ਰਹੀ ਕਿ ਕੌਣ ਬੋਲ ਰਿਹਾ ਹਾਂ ਤੇ ਉਸਨੂੰ ਫੋਨ ਕਿਉਂ ਕੀਤਾ ਹੈ?
ਉਹ ਮੇਰੇ ਤੋਂ ਸੈਂਕੜੇ ਕਿਲੋਮੀਟਰ ਦੂਰ ਆਸਟ੍ਰੇਲੀਆ ਵਿਚੋਂ ਹੀ ਕਿਤੋਂ ਬੋਲ ਰਹੀ ਸੀ। ਉਹ ਡੇਢ ਕੁ ਸਾਲ ਪਹਿਲਾਂ ਪੰਜਾਬੋਂ ਕਿਸੇ ਛੋਟੇ ਜਿਹੇ ਪਿੰਡ ਵਿਚੋਂ ਆਈ ਸੀ ਤੇ ਅਜੇ ਪੜ੍ਹਾਈ ਚੱਲ ਰਹੀ ਸੀ। ਉਸਦੇ ਘਰ ਦਿਆਂ ਦੀ ਦਰਮਿਆਨੀ ਖੇਤੀ ਸੀ। ਹਰੇਕ ਮੱਧ-ਵਰਗੀ ਪਰਿਵਾਰ ਵਾਂਗ ਉਹਨਾਂ ਦੀ ਵੀ ਇਹੀ ਸੋਚ ਸੀ ਕਿ ਪਹਿਲੀ ਫ਼ੀਸ ਭਰ ਕੇ ਇੱਕ ਵਾਰ ਭੇਜ ਦਿਓ, ਬਾਅਦ ਵਿਚ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਕਰਕੇ ਆਪਣੀਆਂ ਫ਼ੀਸਾਂ ਵੀ ਕੱਢੀ ਜਾਵੇਗੀ।
ਸਭ ਕੁਝ ਸਹੀ ਚੱਲ ਰਿਹਾ ਸੀ ਕਿ ਕਰੋਨਾ ਦੀ ਮਾਰ ਪੈ ਗਈ। ਉਸਦਾ ਕੰਮ ਛੁੱਟ ਗਿਆ। ਕਿਸੇ ਨਾਲ ਅੱਖਾਂ ਚਾਰ ਹੋ ਗਈਆਂ ਸਨ ਪਰ ਉਹ ਕਹਿੰਦਾ ਕਿ ਵਿਆਹ ਤਾਂ ਨਹੀਂ ਕਰਵਾਉਣਾ, ਜੇਕਰ ਉਂਝ ਨਾਲ ਰਹਿਣਾ ਹੈ ਤਾਂ ਰਹਿ ਪੈਂਦੇ ਹਾਂ। ਹੁਣ ਨਾ ਕਾਲਜ, ਨਾ ਕੰਮ, ਨਾ ਮਾਹੀਆ, ਸਾਰੀਆਂ ਸਕੀਮਾਂ ਪੁੱਠੀਆਂ ਪੈ ਗਈਆਂ। ਨਾਲ ਦੀਆਂ ਕੁੜੀਆਂ ਵੀ ਕਿੰਨਾ ਕੁ ਚਿਰ ਰੋਣਾ-ਕੁਰਲਾਉਣਾ ਸੁਣਦੀਆਂ? ਸਭ ਨੇ ਆਪਣੇ ਪੈਰ ਪਿੱਛੇ ਖਿੱਚ ਲਏ।
ਉਹ ਦਿਨ-ਬ-ਦਿਨ ਨਿਘਰਦੀ ਗਈ ਤੇ ਡਿਪਰੈਸ਼ਨ, ਸਟਰੈੱਸ ਤੇ ਐਨਜ਼ਾਇਟੀ ਦੀ ਸ਼ਿਕਾਰ ਹੋ ਗਈ। ਜਿਹੜੇ ਰੰਗ ਰੂਪ ਦੇ ਸਿਰ ‘ਤੇ ਛਾਲਾਂ ਮਾਰਦੀ ਸੀ, ਉਹ ਵੀ ਧੁੰਦਲਾ ਹੋ ਗਿਆ। ਜਦੋਂ ਰੰਗ ਰੂਪ ਹੀ ਨਾ ਰਿਹਾ ਤਾਂ ਮੁੰਡਾ ਵੀ ਬਾਂਦਰ ਛੜੱਪਾ ਮਾਰ ਕੇ ਅਹੁ ਗਿਆ… ਅਹੁ ਗਿਆ…। ਮੁੰਡੇ ਦੀ ਇੰਡੀ-ਸ਼ਿੰਡੀ ਕਿਸੇ ਹੋਰ ਨਾਲ ਫਿੱਟ ਹੋ ਗਈ ਹੈ ਤਾਂ ਮਾਂ ਦੀ ਧੀ ਨੇ ਉਸ ਕੁੜੀ ਦਾ ਨੰਬਰ ਲੱਭ ਕੇ ਉਸਨੂੰ ਫੋਨ ਕਰ ਦਿੱਤਾ ਅਤੇ ਉਸਤੋਂ ਵੀ ਲਾਹ-ਪਾਹ ਕਰਵਾ ਲਈ। ਭਰੀ ਦੁਨੀਆ ‘ਚ ਉਹ ਖ਼ੁਦ ਨੂੰ ਇਕੱਲੀ ਮਹਿਸੂਸ ਕਰਨ ਲੱਗੀ। ਚੱਲ ਰਹੇ ਹਾਲਾਤ ਅਤੇ ਸੁਹੱਪਣ ਦੇ ਖ਼ਤਮ ਹੋ ਜਾਣ ਕਾਰਣ ਉਹ ਕੁਝ ਕੁ ਮਹੀਨਿਆਂ ਵਿਚ ਹੀ Extreme ਲੈਵਲ ਦੇ ਡਿਪਰੈਸ਼ਨ ਵਿਚ ਚਲੀ ਗਈ। ਪਤਾ ਨਹੀਂ ਕਿੱਥੋਂ ਉਸਨੂੰ ਮੇਰੇ ਬਾਰੇ ਪਤਾ ਲੱਗਿਆ ਤੇ ਉਸਨੇ ਅੱਧੀ ਰਾਤ ਨੂੰ ਮੈਨੂੰ ਗੱਲ ਕਰਨ ਲਈ ਸੁਨੇਹਾ ਲਾ ਦਿੱਤਾ।
ਜਦੋਂ ਮੈਂ ਉਸਨੂੰ ਫੋਨ ਕੀਤਾ ਤਾਂ ਉਸ ਤੋਂ ਗੱਲ ਹੋ ਹੀ ਨਹੀਂ ਸੀ ਰਹੀ। ਕੁਝ ਮਿੰਟਾਂ ਬਾਅਦ ਜਦੋਂ ਉਸਨੇ ਚੇਤੇ ਆਇਆ ਕਿ ਉਸਨੇ ਮੈਨੂੰ ਗੱਲ ਕਰਨ ਲਈ ਮੈਸੇਜ ਕੀਤਾ ਸੀ ਤਾਂ ਉਸਨੇ ਕਿਹਾ ਕਿ “ਹੁਣ ਤਾਂ ਗੱਲ ਕਰਨ ਦੀ ਕੋਈ ਲੋੜ ਨਹੀਂ ਰਹੀ, ਮੈਂ ਆਪਣਾ ਮਸਲਾ ਖ਼ੁਦ ਹੀ ਹੱਲ ਕਰ ਲਿਆ ਹੈ!”
“ਮਸਲਾ ਕੀ ਸੀ ਤੇ ਹੱਲ ਕਿਵੇਂ ਕਰ ਲਿਆ ਹੈ? ਤੁਸੀਂ ਬੋਲ ਕੌਣ ਰਹੇ ਹੋ ਤੇ ਕਿੱਥੋਂ?”, ਮੈਂ ਕਈ ਸੁਆਲ ਇਕੱਠੇ ਹੀ ਕਰ ਦਿੱਤੇ ਸਨ।
“ਮੇਰਾ ਨਾਮ _____ ਹੈ ਤੇ ਮੈਂ ______ ਤੋਂ ਬੋਲ ਰਹੀ ਹਾਂ। ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਹਾਂ ਤੇ ਹੁਣ ਮੈਂ ਜ਼ਹਿਰ ਖਾ ਲਿਆ ਹੈ!”, ਉਸਨੇ ਟੁੱਟੇ ਫੁੱਟੇ ਸ਼ਬਦਾਂ ‘ਚ ਦੱਸਿਆ।
“ਕੀ????? ਕੀ ਕਿਹਾ? ਤੁਸੀਂ ਜ਼ਹਿਰ ਖਾ ਲਿਆ ਹੈ?? ਕਿੰਨਾ ਚਿਰ ਹੋ ਗਿਆ??”
“ਹੁਣ ਤੁਸੀਂ ਫੋਨ ਬੰਦ ਕਰ ਦਿਓ, ਮੈਨੂੰ ਨੀਂਦ ਆ ਰਹੀ ਹੈ, ਗੱਲ ਨਹੀਂ ਹੋ ਰਹੀ!”
ਸੱਚ ਕਹਾਂ ਤਾਂ ਮੇਰੀ ਜਾਨ ਨਿੱਕਲ ਗਈ ਸੀ। ਪਲ ਭਰ ਵਿਚ ਹੀ ਮੇਰੇ ਜ਼ਿਹਨ ਵਿਚ ਆਪਣੇ ਆਪ ਨਾਲ ਬਹੁਤ ਸੁਆਲ-ਜੁਆਬ ਹੋ ਗਏ। ਉਹਨਾਂ ਵਿਚੋਂ ਦੋ ਗੱਲਾਂ ਪ੍ਰਮੁੱਖ ਸਨ, ਪਹਿਲੀ ਮੈਂ...
ਅਜਿਹੀ ਕੁੜੀ ਨਾਲ ਗੱਲ ਕਰ ਰਿਹਾ ਹਾਂ, ਜਿਸਨੇ ਜ਼ਹਿਰ ਖਾਧੀ ਹੋਈ ਹੈ, ਉਸਦੀ ਜਾਨ ਕਿਵੇਂ ਬਚਾਈ ਜਾਵੇ? ਦੂਜੀ ਉਹ ਕੁੜੀ ਮੇਰੇ ਨਾਲ (ਸ਼ਾਇਦ) ਮਰਨ ਤੋਂ ਪਹਿਲਾਂ ਆਖਰੀ ਗੱਲ ਕਰ ਰਹੀ ਹੈ। ਕੱਲ ਨੂੰ ਜਦੋਂ ਪੁਲਿਸ ਮੇਰੇ ਤੋਂ ਸੁਆਲ ਕਰੇਗੀ ਤਾਂ ਮੇਰੇ ਕੋਲ ਕੋਈ ਜੁਆਬ ਨਹੀਂ ਹੋਵੇਗਾ, ਉਹ ਕੌਣ ਸੀ, ਕਿਉਂ ਜ਼ਹਿਰ ਖਾਧਾ, ਸਭ ਤੋਂ ਮਹੱਤਵਪੂਰਣ ਇਹ ਕਿ ਮਰਨ ਤੋਂ ਪਹਿਲਾਂ ਉਸਨੇ ਮੇਰੇ ਨਾਲ ਫੋਨ ‘ਤੇ ਗੱਲ ਕਿਉਂ ਕੀਤੀ?
ਸਹੀ ਹੈ ਕਿ ਮੈਂ ਇੱਕ ਵਾਰ ਤਾਂ ਬੁਰੀ ਤਰਾਂ ਘਬਰਾ ਗਿਆ ਸੀ ਪਰ ਦੂਜੇ ਹੀ ਪਲ ਮੇਰੇ ਅੰਤਰਮਨ ਨੇ ਜੋ ਫੈਸਲਾ ਲਿਆ ਉਹ ਸੀ ਕਿ ਕੁੜੀ ਦੀ ਜਾਨ ਬਚਾਉਣ ਲਈ ਆਪਣੀ ਕੋਸ਼ਿਸ਼ ਕਰਾਂ, ਬਾਕੀ ਜੋ ਹੋਵੇਗਾ ਵੇਖੀ ਜਾਵੇਗੀ।
ਮਨ ਹੀ ਮਨ ਪ੍ਰਮਾਤਮਾ ਅੱਗੇ ਉਸਦੀ ਜਾਨ ਬਖ਼ਸ਼ੀ ਲਈ ਹਾੜੇ ਕੱਢਦਿਆਂ ਮੈਂ ਕੋਲ ਖੜੀ ਗੋਰੀ ਨੂੰ ਸਿੱਧਾ ਕਿਹਾ ਕਿ ਉਹ ਮੈਨੂੰ ਆਪਣਾ ਮੋਬਾਇਲ ਫੋਨ ਦੇਵੇ। ਅਚਾਨਕ ਅਜਿਹਾ ਸੁਆਲ ਸੁਣ ਕੇ ਉਹ ਵੀ ਝਟਕਾ ਖਾ ਗਈ, “ਮੇਰਾ ਮੋਬਾਇਲ ਮੰਗਣ ਦਾ ਤੇਰਾ ਮਤਲਬ ਕੀ ਹੈ?”
ਮੁੜ ਉਸ ਤੋਂ ਮੁਆਫ਼ੀ ਮੰਗੀ, “ਮੈਂ ਬਹੁਤ ਪ੍ਰੇਸ਼ਾਨ ਹਾਂ, ਮੈਨੂੰ ਐਮਰਜੰਸੀ ਸੇਵਾਵਾਂ ਦੀ ਤੁਰੰਤ ਲੋੜ ਹੈ, ਮੈਂ ਆਪਣੇ ਮੋਬਾਇਲ ‘ਤੇ ਚੱਲ ਰਹੀ ਕਾਲ ਕੱਟ ਨਹੀਂ ਸਕਦਾ। ਪਲੀਜ਼ ਮੇਰੀ ਮੱਦਦ ਕਰ!”
ਉਸਨੇ ਮੇਰੀ ਗੱਲ ਕਰਨ ਦਾ ਤਰੀਕਾ, ਤੀਬਰਤਾ ਅਤੇ ਚਿਹਰੇ ਦੇ ਭਾਵ ਵੇਖੇ ਅਤੇ ਟ੍ਰਿਪਲ ਜ਼ੀਰੋ ਡਾਇਲ ਕਰਕੇ ਮੋਬਾਇਲ ਮੈਨੂੰ ਫੜਾ ਦਿੱਤਾ। ਮੈਂ ਸੈਂਕੜੇ ਕਿਲੋਮੀਟਰ ਦੂਰ ਲਈ ਐਂਬੂਲੈਂਸ ਦੀ ਬੇਨਤੀ ਕੀਤੀ ਤਾਂ ਅੱਗੋਂ ਆਪਰੇਟਰ ਨੇ ਵੀ ਕਿਹਾ ਕਿ “ਤੂੰ ਐਡੀਲੇਡ ਤੋਂ ਬੋਲ ਰਿਹਾ ਹੈਂ, ਤੈਨੂੰ ਏਨੀ ਦੂਰ ਐਂਬੂਲੈਂਸ ਕਿਉਂ ਚਾਹੀਦੀ ਹੈ?”
ਏਧਰ ਕੁੜੀ ਨੀਂਦ ਆਉਣ ਬਾਰੇ ਕਹਿ ਰਹੀ ਸੀ, ਮੈਂ ਉਸਨੂੰ ਪੰਜਾਬੀ ਵਿਚ ਨਾ ਸੌਣ ਲਈ ਕਹਿ ਰਿਹਾ ਸੀ, ਉਸਦਾ ਐਡਰੈੱਸ ਪੁੱਛ ਰਿਹਾ ਸੀ ਤੇ ਦੂਜੇ ਪਾਸੇ ਆਪਰੇਟਰ ਕਹੀ ਜਾਵੇ ਕਿ ਤੂੰ ਕੀ ਕਹਿ ਰਿਹਾ ਹੈਂ, ਮੈਨੂੰ ਸਮਝ ਨਹੀਂ ਆ ਰਹੀ। ਬੱਸ ਅੰਗ੍ਰੇਜ਼ੀ ਪੰਜਾਬੀ, ਪੰਜਾਬੀ ਅੰਗ੍ਰੇਜ਼ੀ ਦਾ ਮਿਲਗੋਭਾ ਬਣ ਰਿਹਾ ਸੀ। ਬਹੁਤ ਮੁਸ਼ਕਿਲ ਨਾਲ ਕੁੜੀ ਤੋਂ ਉਸਦਾ ਐਡਰੈੱਸ ਪੁੱਛਿਆ।
ਕਰੀਬ ਦਸ ਕੁ ਮਿੰਟ ਮੈਂ ਉਸਨੂੰ ਜਗਾ ਕੇ ਰੱਖਣ ਦਾ ਯਤਨ ਕਰਦਾ ਹੋਇਆ ਉਸਦੇ ਘਰ ਪਰਿਵਾਰ ਬਾਰੇ ਪੁੱਛਦਾ ਰਿਹਾ ਪਰ ਉਹ ਬਹੁਤ ਮੁਸ਼ਕਿਲ ਨਾਲ ਬੋਲ ਰਹੀ ਸੀ ਤੇ ਘਰਦਿਆਂ ਬਾਰੇ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਚਾਨਕ ਫੋਨ ਕੱਟਿਆ ਗਿਆ। ਮੈਂ ਕਾਰ ਵਾਸ਼ ਸੈਂਟਰ ਵਿਚ ਖੜਾ ਹੋਇਆ ਧੜੰਮ ਦੇਣੇ ਸੋਫ਼ੇ ‘ਤੇ ਡਿਗਿਆ, ਮੈਨੂੰ ਜਾਪਿਆ ਕਿ “ਬੱਸ… ਉਹੀ ਹੋ ਗਿਆ ਜੋ ਨਹੀਂ ਸੀ ਹੋਣਾ ਚਾਹੀਦਾ! ਮੈਂ ਪ੍ਰਮਾਤਮਾ ਦੀ ਬਖ਼ਸ਼ੀ ਹੋਈ ਇੱਕ ਕੀਮਤੀ ਜਿੰਦੜੀ ਨਹੀਂ ਬਚਾ ਸਕਿਆ!”
ਆਪਣੀ ਮਾਨਸਿਕਤਾ ‘ਤੇ ਕਾਬੂ ਰੱਖਣ ਦਾ ਯਤਨ ਕਰਦਿਆਂ ਮੈਂ ਲਗਾਤਾਰ ਉਸਦਾ ਨੰਬਰ ਡਾਇਲ ਕਰਦਾ ਰਿਹਾ। ਕਰੀਬ ਪੰਜਾਂ ਕੁ ਮਿੰਟਾਂ ਬਾਅਦ ਕਿਸੇ ਨੇ ਫੋਨ ਚੁੱਕਿਆ, ਇਹ ਇੱਕ ਨਵੀਂ ਆਵਾਜ਼ ਸੀ। ਉਹ ਐਂਬੂਲੈਂਸ ਵਾਲੀ ਨਰਸ (ਪੈਰਾਮੈਡਿਕ) ਬੋਲ ਰਹੀ ਸੀ। ਉਸਨੇ ਮੇਰੇ ਬਾਰੇ ਪੁੱਛਿਆ। ਸਾਰੀ ਗੱਲ ਜਾਣ ਕੇ ਉਸਨੇ ਐਂਬੂਲੈਂਸ ਬੁਲਾਉਣ ਲਈ ਮੇਰਾ ਧੰਨਵਾਦ ਕੀਤਾ। ਉਸਨੇ ਭਰੋਸਾ ਦਿਵਾਇਆ ਕਿ ਹੁਣ ਉਹ ਕੁੜੀ ਸੁਰੱਖਿਅਤ ਹੱਥਾਂ ਵਿਚ ਸੀ, ਉਹ ਬਚੇਗੀ ਜਾਂ ਨਹੀਂ, ਇਸ ਸਭ ਬਾਰੇ ਉਸ ਕੋਲ ਵੀ ਕੋਈ ਜੁਆਬ ਨਹੀਂ ਸੀ।
ਹੋਰ ਕੀ ਕਹਾਂ, ਉਸ ਵੇਲੇ ਮੇਰੇ ਕੋਲ ਦਾਤਾਰ ਦਾ ਸ਼ੁਕਰਾਨਾ ਕਰਨ ਲਈ ਸ਼ਬਦ ਹੀ ਨਹੀਂ ਸਨ, ਜਦੋਂ ਕੁਝ ਘੰਟਿਆਂ ਬਾਅਦ ਮੈਨੂੰ ਪਤਾ ਲੱਗਿਆ ਕਿ ਹੁਣ ਉਹ ਖ਼ਤਰੇ ‘ਚੋਂ ਬਾਹਰ ਸੀ।
ਹੁਣ ਤੱਕ ਮੌਤ ਸ਼ਬਦ ਨਾਲ ਹੱਲ ਕੀਤੇ ਕੇਸਾਂ ਦੀ ਗਿਣਤੀ ਚੌਵੀ ਹੋ ਚੁੱਕੀ ਹੈ ਅਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਕੇਸ ਸੀ। ਅਜਿਹਾ ਕੇਸ ਜਿਸਨੇ ਮੈਨੂੰ ਬੁਰੀ ਤਰਾਂ ਡਰਾ ਦਿੱਤਾ ਸੀ। ਬਾਅਦ ਵਿਚ ਫੋਨ ‘ਤੇ ਹੀ ਉਸਦੀ ਕੌਂਸਲਿੰਗ ਕੀਤੀ ਅਤੇ ਇਹ ਕੇਸ ਵੀ ਹੱਲ ਹੋ ਗਿਆ।
– ਰਿਸ਼ੀ