More Punjabi Kahaniya  Posts
ਤੇਰੀ ਦੁਨੀਆਂ ( ਭਾਗ : ਪਹਿਲਾ )


ਤੇਰੀ ਦੁਨੀਆ

ਨੂਰ‌ ਤੋਂ ਨੂਰ ਤੱਕ ਦਾ ਸਫ਼ਰ

ਜਿੱਥੋਂ ਸ਼ੁਰੂ ਹੋਣ ਉਥੇ ਹੀ ਮੁੱਕ ਜਾਣ‌ ਇਹ ਕਹਾਣੀਆਂ ਜ਼ਿੰਦਗੀਆਂ ਨਹੀਂ ਹੁੰਦੀਆਂ,ਪਰ ਹਾਂ ਕੁਝ ‌ਇਹ ਵੀ ਸੱਚ ਆ ਕਿ ਸਾਰੀਆਂ ਕਹਾਣੀਆਂ,ਕਹਾਣੀਆਂ ਨਹੀਂ, ਜ਼ਿੰਦਗੀ ਵੀ ਹੁੰਦੀਆਂ ਨੇ, ਜਿਦਾਂ ਜੋ ਸੱਚ ਅੱਜ ਪਰਦੇ ਉਹਲੇ ਛੁਪਿਆ, ਅੱਖਾਂ ਅੱਗੇ ਹੋਵੇਗਾ,ਇਹ ਕਹਾਣੀ ਅਸਲ ਵਿਚ ਕਹਾਣੀ ਘੱਟ ਤੇ ਜ਼ਿੰਦਗੀ ਜ਼ਿਆਦਾ ਹੈ, ਮਿੱਟੀ ਰੰਗੇ,ਡੁੱਬਦੇ ਸੂਰਜ, ਮੁਹੱਬਤ ਦਾ ਬੂਟਾ ਆਦਿ ਜੋ ਵੀ ਕਹਾਣੀ ਅੱਜ ਤੀਕ ਅਧੂਰੀ ਸੀ, ਉਹਨਾਂ ਸਾਰਿਆਂ ਦਾ ਆਖ਼ਰੀ ਅੰਤ ਇਹ ਕਹਾਣੀ ਹੈ‌।

ਬਸ ਦੀ ਖਿੜਕੀ ਵਿਚ ਖੜ੍ਹਾ ਸੁਖ ਇੱਕੋ ਗੱਲ ਸੋਚ ਰਿਹਾ ਸੀ ਕਿ ਜੋ ਇਹ ਜ਼ਿੰਦਗੀ ਰਾਹ ਚੁਣ ਰਹੀ ਹੈ,ਕੀ ਉਹ ਸਹੀ ਹੈ ਜਾਂ ਨਹੀਂ, ਏਦਾਂ ਜਾਪ ਰਿਹਾ ਸੀ, ਜਿਦਾਂ ਸਾਰੀ ਦੁਨੀਆਂ ਖਲੋ ਗਈ ਹੋਵੇ ਤੇ ਬਸ ਉਹ ਬੱਸ ਹੀ ਚੱਲ ਰਹੀ ਹੋਵੇ, ਜਿਸ ਵਿੱਚ ਮੈਂ ਖਲੋਇਆ ਸੀ। ਬੱਸ ਕੰਡਕਟਰ ਨੇ ਬੱਸ ਰੋਕੀ ਤੇ ਮੈਂ ਬੱਸ ਵਿੱਚੋਂ ਉੱਤਰ ਗਿਆ,ਬਸ ਕੁਝ ਅਜੀਬ ਅਜੀਬ ਜਿਹਾ ਲੱਗ ਰਿਹਾ ਸੀ, ਜਿਦਾਂ ਕਿਸੇ ਨਵੀਂ ਦੁਨੀਆਂ ਵਿੱਚ ਪਹੁੰਚ ਗਿਆ ਹੋਵਾਂ, ਕੁਝ ਫਰਲਾਂਗ ਸ਼ਹਿਰ ਦੇ ਬਾਜ਼ਾਰ ਵੱਲ ਤੁਰਿਆ ਤਾਂ ਭੈਣ ਦਾ ਫ਼ੋਨ ਆ ਗਿਆ

ਭੈਣ : ਹੈਲੋ ਵੀਰੇ
ਮੈਂ : ਹਾਂਜੀ ਭੈਣ
ਭੈਣ‌ : ਪਹੁੰਚ ਗਿਆ ਵੀਰੇ
ਮੈਂ : ਹਾਂਜੀ ਭੈਣ
ਭੈਣ : ਦੋ ਵਜੇ ਚੱਲਣੀ ਆ ਬੱਸ, ਸਾਹਮਣੇ ਹੀ ਤਿੰਨ ਨੰਬਰ ਕਾਊਂਟਰ ਤੇ ਖਲੋਵੇਗੀ
ਮੈਂ : ਠੀਕ ਹੈ ਭੈਣ, ਕੁਝ ਲੈ ਕੇ ਤੇ ਨਹੀਂ ਆਵਣਾ ਹੋਰ
ਭੈਣ : ਨਹੀਂ,ਜੇ ਆਪਣੇ ਲਈ ਲੈਣਾ…. ਲੈ ਆਵੀਂ
ਮੈਂ : ਠੀਕ ਹੈ
ਭੈਣ : ਫ਼ੋਨ ਕਰ ਦੇਵੀਂ, ਬਸ ਪਹੁੰਚਦੇ
ਮੈਂ : ਹਾਂ ਭੈਣ

ਮੈਂ ਫੋਨ ਕੱਟ ਕਰਦੇ ਸਾਰ ਜੇਬ ਵਿੱਚ ਪਾਉਣ ਹੀ ਲੱਗਾ ਸੀ ਕਿ ਇੱਕ ਹਲਕੀ ਜਿਹੀ ਕੁੜੀ ਨੇ ਆਪਣੀ ਸਕੂਟਰੀ ਦਾ‌ ਸ਼ੀਸ਼ਾ ਮੇਰੀ ਕੁਹਣੀ ਨਾਲ ਆ ਮਾਰਿਆ, ਕਾਫ਼ੀ ਜ਼ੋਰ ਦੀ ਆ‌ ਲੱਗਾ,ਉਹ‌ ਇੱਕ ਵਾਰ ਤਾਂ ਅਗਾਂਹ ਲੰਘ ਗਈ,ਪਰ ਫ਼ੇਰ ਕੁਝ ਕਦਮ‌ ਅੱਗੇ ਜਾ ਰੋਕ‌ ਲਈ ਸਕੂਟਰੀ , ਮੇਰੇ ਵੱਲ ਆਈ ਤੇ ਬੋਲੀ… ਸੌਰੀ ਜੀ…ਉਹ ਫ਼ੋਨ ਵਿਚ ਉਲਝ ਗਈ ਮੈਂ… ਜ਼ਿਆਦਾ ਤੇ ਨਹੀਂ ਲੱਗੀ, ਮੈਂ ਹਲਕੀ ਜਿਹੀ ਆਵਾਜ਼ ਵਿਚ ਕਿਹਾ …. ਨਹੀਂ ਕੋਈ ਗੱਲ ਨਹੀਂ, ਕੁੜੀ ਸੀ ਕਹਿ ਵੀ ਕੀ ਸਕਦਾ ਸੀ…ਸਾਡੀ ਪਿੰਡਾਂ ਵਾਲਿਆਂ ਦੀ ਪਹਿਲਾਂ ਪਹਿਲਾਂ ਤਾਂ ਨਵੇਂ ਸ਼ਹਿਰ ਵਿਚ ਆਵਾਜ਼ ਹੀ ਨਹੀਂ ਨਿਕਲਦੀ ਹੁੰਦੀ, ਨਾਲ਼ੇ ਫ਼ੇਰ… ਆਪਾਂ ਤਾਂ ‌ਪੂਰੇ ਪੱਕੇ ਪਿੰਡਾਂ ਵਾਲੇ ਸੀ,ਉਹ ਵੀ ਮਾਲਵੇ ਦੇ

ਮੈਂ ਉੱਥੇ ਲਗਪਗ ਤਿੰਨ ਮਹੀਨੇ ਰਿਹਾ ਹੋਵੇਂਗਾ, ਜਿੱਥੋਂ ਤੀਕ ਯਾਦ ਹੈ ਮੈਨੂੰ, ਮੈਂ ਅਗਲੇ ਦਿਨ ਤੇ ਸ਼ਹਿਰ ਕੰਮ ਤੇ ਨਾ ਆਇਆ,ਪਰ ਉਸ ਤੋਂ ਅਗਲੇ ਦਿਨ ਆ ਗਿਆ, ਮੇਰੇ ਨਾਲ ਇੱਕ ਮੁੰਡਾ ਹੋਰ ਸੀ, ਅਸੀਂ ਸਵੇਰੇ ਹੀ ਅੱਠ ਵਜੇ ਸ਼ਹਿਰ ਪਹੁੰਚ ਗਏ,ਮੱਠੀ ਮੱਠੀ ਹਵਾ ਚੱਲ ਰਹੀ ਸੀ, ਅਸੀਂ ਆਪਣੀ ਦੁਕਾਨ ਖੋਲ੍ਹੀ ਤੇ ਸਾਫ਼ ਸਫ਼ਾਈ ਕਰ,ਬਾਹਰ ਝਾਤੀਆਂ ਮਾਰ ਰਹੇ ਸੂਰਜ ਨੂੰ ਵੇਖਣ‌ ਗਏ ਤਾਂ ਪੰਜ ਫੁੱਟ ਚਾਰ‌ ਇੰਚ ਕੱਦ ,ਚੌੜਾ‌ ਮੱਥਾ,ਗੋਰਾ ਰੰਗ,ਚਿੱਟਾ ਤੇ ਕਾਲਾ ਅੱਧਰੰਗਾ ਜਿਹਾ ਸੂਟ ਤੇ ਗੁਲਾਨਾਰੀ ਰੰਗ ਦੀ ਚੁੰਨੀ ਵਾਲ਼ੀ ਮੁਟਿਆਰ ਆਪਣੀ ਦੁਕਾਨ ਦੇ ਬਾਹਿਰ ਚੁੰਨੀਆਂ ਟੰਗ ਰਹੀ ਸੀ, ਜਦੋਂ ਹੀ ਉਹ ਚੁੰਨੀਆਂ ਟੰਗ ਕੇ ਅੰਦਰ ਜਾਣ ਲੱਗੀ, ਉਸਦਾ ਧਿਆਨ ਮੇਰੇ ਵੱਲ ਆਇਆ ਤੇ ਉਹ ਬੋਲੀ ਕਿਉਂ ਜੀ ਠੀਕ ਹੋ ਤੁਸੀਂ… ਮੈਂ ਹਾਂਜੀ ਹਾਂਜੀ…ਉਹ ਐਨੇ ਵਿਚ ਹੀ ਅੰਦਰ ਚਲੀ ਗਈ, ਮੇਰੇ ਨਾਲ ਵਾਲਾ… ਉਏ ਤੂੰ ਕਿਵੇਂ ਜਾਣਦਾ ਇਸਨੂੰ… ਫ਼ੇਰ ਮੈਂ ਉਸਨੂੰ ਉਸ ਦਿਨ ਵਾਲ਼ੀ ਗੱਲ ਦੱਸੀ ਕਿ ਇਹ ਉਹੀ ਕੁੜੀ ਆ ਜਿਸ ਤੋਂ ਸਕੂਟਰੀ ਲੱਗ ਗਈ ਸੀ, ਮੇਰੀ ਕੁਹਣੀ ਵਿਚ…ਉਹ ਅੱਛਾ ਅੱਛਾ
ਮੈਂ : ਉਏ… ਵੈਸੇ ਨਾਮ ਕੀ ਆ ਇਸਦਾ… ਉਸਤਾਦ ਜੀ ਮੈਨੂੰ ਇਹ ਤੇ ਨਹੀਂ ਪਤਾ…ਪਰ ਉਹ ਦੁਕਾਨ ਵਾਲ਼ੀ ਅੰਟੀ ਦਾ ਨਾਮ ਕਿਰਨ ਆ,ਪੂਰੇ ਘੈਂਟ ਸੁਭਾਅ ਦੀ ਆ,ਕੋਈ ਪੰਗਾ ਨਾ ਲੈ ਲਵੀਂ… ਤੁਸੀਂ ਮਾਨਸੇ ਵਾਲੇ ਤੱਤੇ ਬਹੁਤ ਹੁੰਨੇ ਓ…ਉਏ ਸਾਰਿਆਂ ਨੂੰ ਆਪਣੇ ਵਰਗਾ ਨਹੀਂ ਸਮਝਦੀ ਦਾ ਹੁੰਦਾ… ਜਾਣਦਾ ਮੈਂ ਤੈਨੂੰ ਚੰਗੀ ਤਰ੍ਹਾਂ… ਆਇਆ ਵੱਡਾ ਸ੍ਰਵਣ ਪੁੱਤ… ਚੱਲ ਪੀ ਸੀ ਸਟਾਰਟ ਕਰ…ਕੰਮ ਸ਼ੁਰੂ ਕਰਦੇ ਆਂ, ਅਸੀਂ ਦੋਵੇਂ ਕੰਮ ਵਿਚ ਲੱਗ ਗਏ, ਫ਼ੇਰ ਪਤਾ ਹੀ ਨਾ ਲੱਗਾ ਕਦੋਂ ਸ਼ਾਮ ਹੋ ਗਈ, ਜਦੋਂ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਵੇਖਿਆ ਉਹ ਦੁਕਾਨ ਬੰਦ ਪਈ ਸੀ‌ ਤੇ ਜੋ ਚੁੰਨੀਆਂ ਬਾਹਿਰ ਟੰਗੀਆਂ ਹੋਈਆਂ ਸੀ,ਉਹ ਵੀ ਨਹੀਂ ਸਨ,ਜਿਸ ਤੋਂ ਸਾਫ਼ ਸਮਝ‌ ਆਉਂਦਾ ਸੀ ਕਿ ਉਹ ਚਲੀ ਗਈ ਹੈ,ਬਸ‌ ਫ਼ੇਰ ਐਦਾਂ ਹੀ ਕਈ‌ ਦਿਨ ਲੰਘੇ,ਪਰ ਉਸਨੂੰ ਕਦੇ ਭੁਲੇਖੇ ਨਾਲ ਵੀ ਨਾ ਵੇਖਿਆ, ਕੋਸ਼ਿਸ਼ ਤੇ ਬਹੁਤ ਕਰੀਂ,ਪਰ ਸ਼ਾਇਦ ਕਿਸਮਤ ਵਿੱਚ ਨਹੀਂ ਸੀ,ਪਰ ਹਾਂ ਸਾਹਮਣੇ ਦੁਕਾਨ ਦੇ ਬਾਹਿਰ ਪੌੜੀਆਂ ਦੇ ਇੱਕ ਪਾਸੇ ਪਈ‌ ਜੁੱਤੀ ਇਹ ਜ਼ਰੂਰ ਦੱਸ‌ ਦੇਂਦੀ ਸੀ ਕਿ ਉਹ ਹੈ ਆਪਣੀ ਦੁਕਾਨ ਵਿਚ ਹੀ ਹੈ, ਪੰਦਰਾਂ ਦਿਨ ਬੀਤ ਗਏ, ਦੁਪਹਿਰ ਦੋ ਕੁ ਵਜੇ ਦਾ ਸਮਾਂ ਹੋਣਾਂ, ਮੈਂ ਤੇ ਤੇਜੀ ( ਨਾਲਦਾ ਮੁੰਡਾ ) ਕੋਲ਼ ਹੀ ਇੱਕ ਮੌਲ ਵਿਚ ਕੁਝ ਸਮਾਨ ਵੇਖਣ ਚੱਲੇ ਗਏ,ਮੌਲ ਅਜੇ ਨਵਾਂ ਹੀ ਖੁੱਲ੍ਹਿਆ ਸੀ, ਅਸੀਂ ਮੌਲ ਵਿੱਚੋਂ ਬਾਹਿਰ ਨਿਕਲ਼ ਹੀ ਰਹੇ ਸੀ ,ਸਾਹਮਣੇ ਉਹ ਅੰਟੀ ਨਾਲ ਮੌਲ ਵੱਲ ਆ ਰਹੀ ਸੀ। ਮੈਂ ਤੇ ਤੇਜੀ ਨੇ ਅੰਟੀ ਨੂੰ ਸਤਿ ਸ੍ਰੀ ਆਕਾਲ ਬੁਲਾਈ ਤੇ ਡਰਦੇ ਡਰਦੇ ਕੋਲ਼ੋਂ ਲੰਘ, ਆਪਣੀਂ ਦੁਕਾਨ ਵਿਚ ਜਾ ਬੈਠੇ , ਮੈਂ ਤੇਜੀ ਨੂੰ ਬੋਲ ਰਿਹਾ ਸੀ ਕਿ ਯਰ ਮੈਂ ਉਹਦਾ ਨਾਮ ਜਾਣਨਾ…ਪਰ ਤੇਜੀ ਮੇਰੀ ਗੱਲ ਹੀ ਨਹੀਂ ਸੀ ਸੁਣ‌ ਰਿਹਾ…ਮਸਾਂ ਤੇ ਉਹ ਦੁਕਾਨ ਵਿੱਚੋਂ ਬਾਹਿਰ ਨਿਕਲੀ ਸੀ।ਪਰ ਉਹ ਡਰਦਾ ਸੀ ਪਤਾ ਨਹੀਂ ਗੱਲ ਕੋਈ ਹੋਰ ਸੀ। ਐਦਾਂ ਹੀ‌ ਉਹ ਮੌਕਾ ਵੀ ਲੰਘ ਗਿਆ, ਠੰਡ ਦਾ‌ ਮੌਸਮ ਸੀ,ਸੂਰਜ ਮਿੰਨਤਾਂ ਨਾਲ ਵੀ ਨਹੀਂ ਸੀ ਵਿੱਖਦਾ, ਉੱਪਰੋਂ ਸਾਡਾ ਚੰਨ ਦੁਕਾਨ ਚੋਂ😜😜😜

ਮੀਂਹ ਪੈ ਕੇ ਹੱਟਿਆ ਸੀ,ਹਵਾ‌ ਚੱਲ ਰਹੀ ਸੀ,ਪਰ ਧੁੱਪ ਵੀ ਕੜਾਕੇਦਾਰ ਸੀ। ਮੈਂ ਤੇ ਤੇਜੀ ਬਾਹਿਰ ਪੌੜੀਆਂ ਤੇ ਬੈਠੇ ਸਾਂ,ਤੇਜੀ ਫੋਨ ਤੇ ਗੇਮ ਖੇਡ ਰਿਹਾ ਸੀ ਤੇ ਮੈਂ ਇੱਕ ਨਵੀਂ ਆਈ‌ ਕਿਤਾਬ ਪੜ੍ਹ ਰਿਹਾ ਸੀ।ਨਾਮ ਤੇ ਨਹੀਂ ਯਾਦ ਪਰ ਐਨਾ ਪਤਾ ਸੂਹੇ ਅੱਖਰ ਦੀ ਹੀ ਸੀ‌‌ ਕੋਈ ਕਿਤਾਬ… ਕੁਝ ‌ਸਮੇਂ ਬਾਅਦ ਹੀ ਹਾਕ‌ ਵੱਜੀ।

ਅੰਟੀ : ਪੁੱਤ ਉਰੇ ਆ
ਮੈਂ : ਮੈਨੂੰ ਕਿਹਾ ਅੰਟੀ ਜੀ।
ਅੰਟੀ : ਹਾਂ ਪੁੱਤ

ਨਾਲ ਹੀ ਉਹ ਵੀ ਬੈਠੀ ਸੀ। ਮੈਂ ਮਨੋਂ ਮਨੀਂ ਖੁਸ਼ ਹੋਇਆ, ਮੈਂ ਕਿਤਾਬ ਹੱਥ ਵਿਚ ਫੜ੍ਹ ਹੀ ਅੰਟੀ ਕੋਲ਼ ਜਾ ਖਲੋਇਆ
ਮੈਂ : ਹਾਂਜੀ ਆਂਟੀ ਜੀ
ਅੰਟੀ : ਪੁੱਤ ਮੈਨੂੰ ਵੀ‌ ਬਹੁਤ ਸ਼ੋਂਕ ਆ ਕਿਤਾਬਾਂ ਪੜ੍ਹਨ ਦਾ
ਮੈਂ : ਜੀ ਆਂਟੀ ਜੀ, ਵੈਸੇ ਹੀ ਮੈਨੂੰ ਵਧੀਆ ਲੱਗੀ ਇਹ ਕਿਤਾਬ, ਵੈਸੇ ਮੈਂ ਜ਼ਿਆਦਾ ਨੌਬਲ ਹੀ ਪੜਦਾਂ
ਅੰਟੀ : ਮੈਨੂੰ ਵਿਖਾਈ ਜ਼ਰਾ
ਉਹ : ਸੂਹੇ ਅੱਖਰ
ਮੈਂ : ਜਾਣਦੇ ਹੋ ਤੁਸੀਂ
ਉਹ : ਹਾਂਜੀ ਥੋੜਾ ਬਹੁਤ,ਪਰ ਜ਼ਿਆਦਾ ਨਹੀਂ
ਅੰਟੀ : ਪੁੱਤ ਮੈਂ ਤੈਨੂੰ ਪੜ ਕੇ ਦੇ ਦਵਾਂਗੀ, ਤੂੰ ਮੇਰੇ ਕੋਲ ਹੁਨਰ ਦੀ ਜਿੱਤ ਕਿਤਾਬ ਪਈ ਹੈ,ਉਹ ਪੜਲਾ, ਬਹੁਤ ਸੋਹਣਾ ਨੌਬਲ ਹੈ
ਮੈਂ : ਹਾਂਜੀ ਅੰਟੀ ਜੀ ਕੋਈ ਨਹੀਂ
ਅੰਟੀ : ਕੀ ਨਾਮ ਹੈ ਪੁੱਤ ਤੇਰਾ, ਲੱਗਦਾ ਬਾਹਰੋਂ ਹੈ ਕੀਤੋਂ
ਮੈਂ : ਹਾਂਜੀ ਆਂਟੀ ਸੁਖਵੀਰ , ਮਾਨਸੇ ਤੋਂ ਆ
ਅੰਟੀ : ਮੇਰੀ ਵੱਡੀ ਕੁੜੀ ਉਥੇ ਹੀ ਵਿਆਹੀ ਆ ਪੁੱਤ, ਜਵਾਹਰਕੇ ਮਾਨਸਾ ਦੇ ਨਾਲ਼ ਹੀ
ਮੈਂ : ਹਾਂਜੀ ਹਾਂਜੀ… ਨਾਲ ਹੀ ਹੈ
ਅੰਟੀ : ਪੜਦਾ ਨਹੀਂ ਆ… ਪੁੱਤ
ਮੈਂ : ਨਹੀਂ ਸੀ ਪੜ ਰਿਹਾ… ਬਾਰਵੀਂ ਦੇ ਪੇਪਰ ਦੇ ਕੇ ਵਿਹਲਾ ਸੀ, ਸੋਚਿਆ ਕੁਝ ਸਿੱਖ ਲਵਾਂ
ਅੰਟੀ : ਵਧੀਆ ਪੁੱਤ,ਆ ਨੂਰ ਨੇ ਵੀ ਹੁਣ ਹੀ ਦਿੱਤੇ ਨੇ
ਮੈਂ : ਜੀ ਅੰਟੀ ਜੀ
ਅੰਟੀ : ਠੀਕ ਆ ਪੁੱਤ ਮੈਂ ਪੜ੍ਹ ਕੇ ‌ਵਾਪਿਸ ਕਰ ਦੇਵਾਂਗੀ
ਮੈਂ : ਨਹੀਂ ਅੰਟੀ ਜੀ, ਕੋਈ ਗੱਲ ਨਹੀਂ

ਤੇਜੀ : ਸੁਖ ਉਏ ਲਾਇਟ ਆ ਗਈ,ਆਜਾ‌ ਹੁਣ ਪਤੰਦਰਾ ਜੀ ਲਾ ਲਿਆ
ਅੰਟੀ : ਖੜਜਾ‌ ਖੜ੍ਹ ਮੈਂ ਆਵਾਂ…ਦੋ ਮਿੰਟ ਖੜ੍ਹ ਗਿਆ ‌ਮੁੰਡਾ… ਗੋਲ਼ੀ ਵੱਜਦੀ ਆ…ਔਤਰਿਆਂ ਦਾ ਨਾ ਹੋਵੇ ਤਾਂ
ਮੈਂ : ਕਾਹਨੂੰ ਅੰਟੀ ਜੀ… ਗਾਲਾਂ ਦੇਂਦੇ ਹੋ…ਇਹਦਾ‌ ਸੁਭਾਅ ਹੀ ਏਵੇਂ ਆਂ
ਅੰਟੀ : ਚੱਲ ਠੀਕ ਆ ਪੁੱਤ ਚੱਲਜਾ

ਮੇਰਾ ਜੀ ਕਰ ਰਿਹਾ ਸੀ ਕਿ ਮੈਂ ਛਾਲਾਗਾਂ ਲਾਵਾਂ, ਕਿਉਂਕਿ ਮੈਨੂੰ ਇਹ ਤੇ ਪਤਾ ਲੱਗਾ ਘੱਟੋ-ਘੱਟ ਕਿ ਉਹਦਾ ਨਾਂ ਨੂਰ ਹੈ।

ਮੈਂ : ਤੇਜੀ ਉਏ…,ਨਾਮ ਪਤਾ ਲੱਗ ਗਿਆ
ਤੇਜੀ : ਐਨਾ ਟਾਇਮ ਕੀ ਗੱਲਾਂ ਕਰੀ ਗਿਆ… ਕਿਤੇ ਰਿਸ਼ਤੇਦਾਰੀ ਤੇ ਨਹੀਂ ਕੱਢ ਲਈ ਕੋਈ… ਬੁੜੀਆਂ ਵਾਂਗੂੰ
ਮੈਂ : ਜਬਲੀਆਂ ਨਾ ਮਾਰ… ਉਹ ਤੇ ਕਿਤਾਬਾਂ‌ ਬਾਰੇ ਪੁੱਛ ਰਹੀ ਸੀ ਅੰਟੀ… ਨਾਲ਼ੇ ਉਹਦਾ ਨਾਂ ਨੂਰ ਆ
ਤੇਜੀ : ਬਸ ਲੱਗ ਗਿਆ ਪਤਾ…ਪੈ ਗਈ ਠੰਡ ਕਾਲਜੇ
ਮੈਂ : ਲੈ ਤੂੰ ਕਿਉਂ ਜੱਲਦਾ ਏ
ਤੇਜੀ : ਉਸਤਾਦ ਜੀ ਜਲ ਨਹੀਂ ਰਿਹਾ…ਅੱਗ ਲੱਗੀ ਜਾਂਦੀ ਆ …ਲਾਇਟ ਫ਼ੇਰ ਚਲੀ ਗਈ
ਮੈਂ : ਚੱਲ ਵਧੀਆ ਹੋਇਆ
ਤੇਜੀ : ਸਦਕੇ ਜਾਵਾਂ ਉਸਤਾਦ ਦੇ
ਮੈਂ : ਟੈਨਸ਼ਨ‌ ਨਹੀਂ ਲਈ ਦੀ ਹੁੰਦੀ ਜਨਾਬ
ਤੇਜੀ : ਚੰਗਾ… ਚੱਲ ਬਾਹਿਰ‌ ਬੈਠਦੇ ਆਂ

ਅਸੀਂ ਦੋਵੇਂ ਜਾ‌ ਫ਼ੇਰ ਬਾਹਿਰ ਬੈਠ ਗਏ,ਅੰਟੀ ਵੀ ਬਾਹਿਰ ਹੀ ਬੈਠੀ ਸੀ ਤੇ ਕੋਲ਼ ਹੀ ਕੁਰਸੀ ਤੇ ਨੂਰ ਬੈਠੀ ਸੂਟ ਤੇ ਤਰਪਾਈ ਕਰ ਰਹੀ ਸੀ। ਮੈਂ ‌ਬੜੀ ਗ਼ੌਰ ਨਾਲ ਉਹਦੇ ਵੱਲ ਵੇਖ ਰਿਹਾ ਸੀ। ਸੱਚੀ ਉਹਦੀਆਂ ਅੱਖਾਂ ਬੜੀਆਂ ਰਹੱਸਮਈ ਜਿਹੀਆਂ ਜਾਪਦੀਆਂ ਸੀ ਮੈਨੂੰ ਜਿਵੇਂ ਕੁਝ ਕਹਿਣਾਂ ਚਾਹੁੰਦੀਆਂ ਹੋਣ

ਲਫ਼ਜ਼ਾਂ ਵਿਚ ਗੱਲ ਟਕੋਰ ਦਵਾਂ
ਐਡਾ ਦਿਲ ਵੀ‌ ਮੇਰੇ ਕੋਲ਼ ਨਹੀਂ

ਪਤਾ ਸਮਝ ਜਾਣਾਂ ‌ਨਾਲ‌ ਇਸ਼ਾਰੇ
ਉਂਜ ਜ਼ਰੂਰੀ ਵੀ ਇਹ‌ ਬੋਲ ਨਹੀਂ

ਪਰ ਕੀ ਕਰੀਏ ਡਰ ਲੱਗਦਾ ਏ
ਮੁਹੱਬਤ ਹੈ ਗੂੜ੍ਹੀ ਇਹ ਮਖ਼ੌਲ ਨਹੀਂ

ਦਹਾਕੇ ਬੀਤ ਗਏ ਕੋਈ ਆਪਣਾ ਮਿਲਿਆ
ਹਰ ਥੌਂਹ ਵੰਡਾਂ ਇਹ ਕੋਈ ਚੌਲ਼ ਨਹੀਂ

ਜੀਅ ਕਰਦਾ ਕੋਲ਼ ਆ ਬੈਠ ਜਾਵਾਂ
ਪਰ ਪੈਣੋਂ ਹੱਟਦਾ ਚੰਦਰਾ ਹੌਲ ਨਹੀਂ

ਇੱਕ ਵਾਰ‌ ਮਿਲ਼ ਗਿਆ ਸਾਂਭ ਰੱਖਲੂ
ਪੱਕਾ ਇਕਰਾਰ ਕੱਚਾ ਕੋਈ ਕੌਲ‌ ਨਹੀ

ਦਿਲ ਤੇ ਕਹਿੰਦਾ ਸੀ ਕਿ ਸਭ ਕਹਿ ਦੇਵਾਂ ਜੋ ਵੀ ਦਿਲ ਵਿਚ ਹੈ,ਪਰ ਡਰ ਜਿਹਾ ਵੀ ਲੱਗਦਾ ਸੀ, ਨਾਲ਼ੇ ਐਨੀ ਹਿੰਮਤ ਕਿੱਥੋਂ ਲੈ ਕੇ ਆਉਂਦਾ , ਨਾਲ਼ੇ ਮੇਰੇ ਨਾਲ਼ ਦਾ ਤਾਂ ਜਿੰਨੀਂ ਕੁ ਸੀ, ਉਹ ਵੀ ਫ਼ੂਕ ਮਾਰ ਮੱਠੀ ਪਾ ਦੇਂਦਾ ਸੀ। ਹਫ਼ਤਾ ਹੋਰ ਬੀਤ ਗਿਆ, ਮੈਂ ਬਾਜ਼ਾਰ ਵਿਚ ਜਾਣਾਂ ਸੀ,ਕੋਈ ਨਿੱਕਾ ਜਿਹਾ ਹੀ ਕੰਮ ਸੀ, ਸੋਚਿਆ …. ਚੱਲ ਆਉਂਦਾ ਹੋਇਆ ਅੰਟੀ ਤੋਂ ਕਿਤਾਬ ਵੀ ਫ਼ੜ ਲਵਾਂਗਾ,ਏਧਰ ਦੀ ਹੀ ਲੰਘ ਚੱਲਦਾ,ਪਰ ਮੈਂ ਦੁਕਾਨ ਕੋਲੋਂ ਦੀ ਲੰਘਣ ਲੱਗਾ ਤਾਂ ਅੰਟੀ ਨੇ ਹਾਕ ਲਾਈ

ਅੰਟੀ : ਸੁਖ ਰੁਕੀਂ ਪੁੱਤ
ਮੈਂ : ਹਾਂਜੀ ਅੰਟੀ ਜੀ ( ਉੱਚੀ ਆਵਾਜ਼ ਚ )
ਅੰਟੀ : ਪੁੱਤ ਬਾਜ਼ਾਰ ਚੱਲਿਆ
ਮੈਂ : ਹਾਂਜੀ
ਅੰਟੀ : ਪੁੱਤ ਆ ਥੋੜ੍ਹਾ ਕੁ ਸਮਾਨ ਸੀ, ਮੈਨੂੰ ਵੀ ਲੈ ਚੱਲ
ਮੈਂ : ਹਾਂਜੀ ਅੰਟੀ ਆ ਜਾਓ।

ਅੰਟੀ ਆਉਣ ਹੀ ਲੱਗੀ ਸੀ ਕਿ ਅੰਟੀ ਦੀਆਂ ਪਿੰਡ ਵਾਲੀਆਂ ਗੁਆਂਢਣਾਂ ਸਮਾਨ ਲੈਣ‌ ਆ ਗਈਆਂ

ਅੰਟੀ : ਜਾ ਨੂਰ ਤੂੰ ਚੱਲੀ ਜਾ
ਮੈਂ : ਅੰਟੀ ਜਲਦੀ
ਅੰਟੀ : ਹਾਂ ਪੁੱਤ ਨੂਰ ਆਉਂਦੀ ਆ ਬਸ

ਨੂਰ ਦਾ ਨਾਮ ਸੁਣਦਿਆਂ ਹੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ, ਮੇਰੇ ਮਨ ਵਿਚ ਅਜ਼ੀਬ ਜਿਹੇ ਖ਼ਿਆਲ ਆਵਣ ਲੱਗੇ,ਉਹ ਆ ਕੇ ਬਾਇਕ ਪਿੱਛੇ ਬੈਠ ਗਈ,

ਮੈਂ : ਚੱਲਾਂ ਜੀ
ਨੂਰ : ਹਾਂਜੀ
ਮੈਂ : ਇੱਕ ਗੱਲ ਪੁੱਛਾਂ ਜੀ।
ਨੂਰ : ਜੇ ਸਰਦਾ ਤਾਂ ਰਹਿਣਦੋ
ਮੈਂ : ਤੁਹਾਡਾ ਪੂਰਾ ਨਾਮ ਵੀ‌ ਨੂਰ ਹੀ ਹੈ
ਨੂਰ : ਤੁਸੀਂ ਕੀ ਕਰਨਾ
ਮੈਂ : ਵੈਸੇ ਹੀ ਪੁੱਛ ਰਿਹਾ ਸੀ, ਨਾਲ਼ੇ...

ਐਡੀ ਗੱਲ ਨਹੀਂ ਸੀ, ਜਿੰਨੀਂ ਤੁਸੀਂ ਸਮਝ ਗਏ
ਨੂਰ : ਮੈਂ ਕੁਝ ਨਹੀਂ ਸੋਚਿਆ ਐਦਾਂ ਦਾ
ਮੈਂ : ਫ਼ੇਰ ਸੋਚ ਲਵੋ
ਨੂਰ : ਮੈਨੂੰ ਮਾਲਵੇ ਵਾਲੇ ਉਂਜ ਹੀ ਵਧੀਆ ਨਹੀਂ ਲੱਗਦੇ
ਮੈਂ : ਅੱਛਾ ਜੀ
ਨੂਰ : ਹਾਂਜੀ,ਉਹ ਸਾਹਮਣੇ ਦੁਕਾਨ ਤੇ ਰੋਕ ਲਵੋ
ਮੈਂ ਬਾਇਕ ਰੋਕ ਲਈ, ਅਸੀਂ ਦੋਵੇਂ ਹੀ ਦੁਕਾਨ ਵਿਚ ਚੱਲੇ ਗਏ, ਉਸਨੇ ਸਲਿੱਪ ਦੁਕਾਨਦਾਰ ਨੂੰ ਫੜਾਈ ਤੇ ਉਸਨੇ ਸਮਾਨ ਕੱਢ ਦਿੱਤਾ, ਜ਼ਿਆਦਾ ਨਹੀਂ ਸੀ ਨਿੱਕੇ ਨਿੱਕੇ ਦੋ ਡੱਬੇ ਸੀ।
ਨੂਰ : ਬਸ ਜੀ,ਇਹੀ ਆ ਮੈਂ ਰੁੱਕ ਜਾਣੀਂ ਵਾਂ ਇਥੇ, ਜੇ ਤੁਸੀਂ ਅੱਗੇ ਜਾਣਾਂ ਤਾਂ ਜਾ ਆਵੋ
ਮੈਂ : ਨਹੀਂ ਤੁਸੀਂ ਨਾਲ ਹੀ‌ ਚੱਲ‌ ਪਵੋ
ਨੂਰ : ਜਿਵੇਂ ਸਹੀ ਲੱਗੇ
ਮੈਂ : ਮਾਨਸਾ ਵਾਲੇ ਵੈਸੇ ਵਧੀਆ ਕਿਉਂ ਨਹੀਂ ਲੱਗਦੇ ਤੁਹਾਨੂੰ
ਨੂਰ : ਬਾਈਕ ਚਲਾਵੋ ਪਹਿਲਾਂ ( ਬਾਈਕ ਤੇ ਬੈਠਦਿਆਂ ) ਅੱਖਾਂ ਨਾਲ ਘੂਰਦੇ ਰਹਿੰਦੇ ਨੇ ਸਾਰਾ ਦਿਨ
ਮੈਂ : ( ਹਲ਼ਕਾ ਜਿਹਾ ਹੱਸ‌ ਕੇ ) ਕਦੇ ਗ਼ੌਰ ਨਾਲ ਦੇਖੀਓ,ਉਹ ਘੂਰ ਨਹੀਂ ਮੋਹ ਹੁੰਦਾ ਆ।
ਨੂਰ : ਅੱਛਾ ਸ਼ਾਇਰ ਸਾਹਿਬ
ਮੈਂ : ਤੁਹਾਨੂੰ ਕਿਵੇਂ ਪਤਾ
ਨੂਰ : ਜਿਦਾਂ ਤੁਹਾਨੂੰ ਪਤਾ ਕਿ‌ ਮੇਰਾ ਨਾਮ ਕੀ ਆ
ਮੈਂ : ਮੈਨੂੰ ਤੇ ਪਤਾ ਹੀ ਨਹੀਂ
ਨੂਰ : ਫ਼ੇਰ ਜੋ ਪੇਜ‌ ਕਿਤਾਬ ਵਿਚ ਸੀ,ਉਸਤੇ ਕਿਸਨੇ ਲਿਖਿਆ
ਮੈਂ : ਉਹ ਤੇ ਉਂਝ ਹੀ ਲਿਖ ਦਿੱਤਾ,ਇਹ ਨਾਮ‌ ਮੈਨੂੰ ਵਧੀਆ ਲੱਗਦਾ ਸੀ
ਨੂਰ : ਰਹਿਣਦੋ ਤੁਸੀਂ
ਮੈਂ : ਸੱਚੀਂ ਯਰ
ਨੂਰ : ਠੀਕ ਆ ਜੀ
ਮੈਂ : ਮੈਂ ਆਇਆ
ਨੂਰ : ਜੀ ਜਲਦੀ ਆਉਣਾਂ

ਕੁਝ ਸਮੇਂ ਬਾਅਦ

ਨੂਰ : ਜਲਦੀ ਆ ਗਏ
ਮੈਂ : ਉਹੋ…ਪੰਜ ਤਾਂ ਮਿੰਟ ਹੋਏ ਨੇ
ਨੂਰ : ਥੋੜੇ ਹੁੰਦੇ ਨੇ
ਮੈਂ : ਪਹਿਲੀ ਵਾਰ ਮਿਲੇ ਹੋ , ਪਹਿਲੀ ਵਾਰ ਹੀ ਲੜਾਈਆਂ
ਨੂਰ : ਤੁਸੀਂ ਗੱਲਾਂ ਹੀ ਐਵੇਂ ਦੀਆਂ ਕਰਦੇ ਹੋ
ਮੈਂ : ਠੀਕ ਆ,ਹੋਰ ਦੱਸੋ‌ ਖਾਣਾਂ ਕੁਝ
ਨੂਰ : ਨਹੀਂ… ਮੈਸਜ਼ ਕਰ ਦੇਵੋ, ਸ਼ਾਮ ਨੂੰ
ਮੈਂ : ਮੇਰੇ ਕੋਲ ਨੰਬਰ ਤੇ ਹੈ ਨਹੀਂ
ਨੂਰ : ਚਾਬੀ ਦੇ ਛੱਲੇ ਵਿੱਚ ਆ
ਮੈਂ : ਉਹੋ… ਕਮਾਲ ਆ‌
ਨੂਰ : ਫ਼ੇਰ ਵੀ ਮਾਝੇ ਦੀ‌ ਮੁਟਿਆਰ ਆ
ਮੈਂ : ਇਹ ਤਾਂ ਹੈ
ਨੂਰ : ਪਿੰਡ ਕਦੋਂ ਜਾਣਾਂ
ਮੈਂ : ਅਜੇ ਤਾਂ ਕੁਝ ਨਹੀਂ ਪਤਾ
ਨੂਰ : ਮੈਂ ਜਾ‌‌ ਰਹੀ ਆ,ਜੁਲਾਈ ਵਿਚ
ਮੈਂ : ਹਲੇ ਤੇ ਦੋ ਮਹੀਨੇ ਹੈਗੇ
ਨੂਰ : ਹਾਂ ਜੀ,ਅੱਗੇ ਕੀ ਕਰੋਗੇ
ਮੈਂ : ਫ਼ਿਲਹਾਲ ਤੇ ਸੋਚ ਰਿਹਾ ਸੀ,ਬੀ.ਏ ਕਰ‌‌ ਲਵਾਂ ਨਾਲ਼ ਨਾਲ਼ ਲਿਖ਼ਣ ਵਾਲ਼ਾ ਸ਼ੋਂਕ ਵੀ ਚੱਲਦਾ ਰਹੇਗਾ
ਨੂਰ : ਹਾਂਜੀ, ਮੈਂ ਵੀ ਏਵੇਂ ਹੀ‌ ਸੋਚ ਰਹੀ ਸੀ, ਬਾਕੀ ਜਿੱਥੇ ‌ਕਿਸਮਤ‌ ਨੇ ਚਾਹਿਆ ਉਦਾਂ ਸਹੀ
ਮੈਂ : ਹਾਂਜੀ…ਅੰਟੀ ਕੋਲੋਂ ਕਿਤਾਬ ਲੈਂਣੀ ਸੀ ਮੈਂ
ਨੂਰ : ਮੈਂ ਤੇ ਪੜੀ ਨਹੀਂ ਉਹ
ਮੈਂ : ਤੁਸੀਂ ਵੀ ਪੜ ਲੈਂਣੇ ਹੋ
ਨੂਰ : ਹਾਂ ਜੀ…ਪਰ ਖੁੱਲ੍ਹੀ ਕਵਿਤਾ
ਮੈਂ : ਮੈਂ ਵੀ ਜ਼ਿਆਦਾ ਉਹ ਹੀ ਪੜ੍ਹਦਾ, ਸਕੂਨ ਜਿਹਾ‌ ਮਿਲ਼ਦਾ
ਨੂਰ : ਹਾਂਜੀ, ਮੈਂ ਵੀ‌ ਲਿਖਿਆ ਸੀ,ਪਹਿਲਾਂ ਨਹੀਂ ਕਦੇ ਲਿਖਿਆ ਪਹਿਲੀ ਵਾਰ ਹੀ ਲਿਖਿਆ, ਉਹ ਵੀ ਉਸ ਦਿਨ ਜਿਸ‌ ਦਿਨ ,‌ਤੁਸੀ ਅੰਟੀ‌ ਤੋਂ ‌ਡਰਦੇ‌ ਡਰਦੇ‌ ਵੇਖ ਰਹੇ ਸੀ ਮੇਰੇ ਵੱਲ
ਮੈਂ : ਸ਼ਾਬਾਸ਼… ਸਾਨੂੰ ਪਤਾ ਹੀ ਨਹੀਂ ਲੱਗਣ‌ ਦਿੱਤਾ
ਨੂਰ : ਚੱਲੋ‌ ਚੁੱਪ ਹੁਣ
ਮੈਂ : ਅੰਟੀ ਸਾਹਮਣੇ ਹੀ ਖਲੋਈ ਆ
ਅੰਟੀ : ਆ ਗਏ ਪੁੱਤ
ਮੈਂ : ਹਾਂਜੀ
ਅੰਟੀ : ਪੁੱਤ ਕਿਤਾਬ ਲੈ ਜਾਵੀਂ, ਮੈਂ ਪੜ੍ਹ ਲਈ ਸੀ, ਬਹੁਤ ਸੋਹਣੀ ਸੀ,
ਮੈਂ : ਕੋਈ ਨਾ ਅੰਟੀ ਜੀ, ਮੇਰੇ ਕੋਲ ਦੂਸਰੀ ਹੈ, ਮੈਂ ਉਹ‌ ਪੜ ਰਿਹਾ ਹਾਂ, ਉਸਤੋਂ ‌ਬਾਅਦ ਲੈ ਜਾਵਾਂਗਾ
ਅੰਟੀ : ਠੀਕ ਆ ਪੁੱਤ
ਮੈਂ : ਠੀਕ ਆ ਜੀ
ਤੇਜੀ : ਐਨਾ ਟਾਇਮ ਲਾਤਾ
ਮੈਂ : ਕੀ ਦੱਸਾਂ
ਤੇਜੀ : ਕਿਉਂ ‌ਕੀ ਹੋ ਗਿਆ
ਮੈਂ : ਹੋਇਆ ਤਾਂ ਕੁਝ ਨਹੀਂ…ਪਰ ਹੋ ਬਹੁਤ ਕੁਝ ਗਿਆ
ਤੇਜੀ : ਕੀ‌ ਬੁਝਾਰਤਾਂ ਜਿਹੀਆਂ ਪਾਈ ਜਾਣਾ, ਜੇ ਦੱਸਣਾਂ ਦੱਸ , ਨਹੀਂ ਦੱਸਣਾ ਚੁੱਪ ਕਰਜਾ
ਮੈਂ : ਠੀਕ ਆ ਗੁਰੂ
ਤੇਜੀ : ਦੱਸਦੇ ਯਰ
ਮੈਂ : ਕੁਝ ਨਹੀਂ
ਤੇਜੀ : ਮਰਜ਼ੀ ਆ
ਮੈਂ : ਸੱਚੀ ਕੁਝ ਨੀਂ

ਮੈਨੂੰ ਏਵੇਂ ਸੀ, ਤੇਜੀ ਦੇ ਢਿੱਡ ਵਿੱਚ ਗੱਲ ਪੱਚਣੀ‌ ਨਹੀਂ ਉਸਨੇ ਅਗਾਂਹ ਕਰ ਦੇਣੀ ਆ, ਬਾਕੀ ਸਹੀ‌ ਵਕ਼ਤ ਤੇ‌ ਦੱਸ ਦੇਵਾਂਗਾ, ਅਜੇ ਤੇ ਚੰਗੀ ਤਰ੍ਹਾਂ ਗੱਲ ਵੀ ਨਹੀਂ ਹੋਈ।

ਬਸ‌ ਹਰਰੋਜ ਸ਼ਾਮ ਨੂੰ ਮੇਰੀ ਤੇ ਨੂਰ ਦੀ ਮੈਸਜ਼ ਤੇ ਥੋੜ੍ਹੀ ਬਹੁਤ ਗੱਲ ਹੁੰਦੀ ਜਾਂ ‌ਮਹੀਨੇ ਵਿਚ ਇੱਕ ਅੱਧੀ ਵਾਰ, ਅਸੀਂ ‌ਸਮਾਨ ਲੈਣ ਦੇ ਬਹਾਨੇ ਬਜ਼ਾਰ‌ ਵਿਚ ਇੱੱਕਠੇ ਜਾਂਦੇ, ਚੱਕਰ ਚੱਲਦਾ‌ ਗਿਆ , ਸਮਾਂ ਬੀਤਦਾ‌ ਗਿਆ, ਮੈਂ ਹੁਣ ਕਿਤਾਬਾਂ ਤੋਂ ਜ਼ਿਆਦਾ ਨੂਰ ਦੀਆਂ ਲਿਖਤਾਂ ਪੜਦਾ,ਉਹ ਲਿਖਦੀ ਵੀ‌ ਬਹੁਤ ਸੋਹਣਾ‌ ਸੀ।

ਹਵਾਵਾਂ ਜਿਹੀ ਗੱਲ ਕੋਈ
ਤੁਸਾਂ ਨਾਲ ਜੁੜਦੀ ਹੈ
ਹਰ ਲਕੀਰ ਹੱਥ ਦੀ
ਵੱਲ‌ ਥੋਡੇ ਮੁੜਦੀ ਹੈ

~

ਮੈਂ ਕੋਈ ਕਵਿਤਰੀ ਥੌੜੀ ਆਂ
ਪਰ ਹਾਂ ਇੱਕ ਮਹਿਬੂਬ ਦੀ
ਮਹਿਬੂਬਾ ਜ਼ਰੂਰ ਹਾਂ

ਜੋ ਗੱਲਾਂ ਉਹਨੂੰ
ਬੋਲ ਕੇ ਨਹੀਂ ਕਹਿ ਦੱਸਦੀ
ਉਹ ਲਿਖ ਕੇ ਉਹਦੇ ਤੀਕ
ਪਹੁੰਚਦੀਆਂ‌ ਕਰ ਦੇਨੀਂ ਆ

~

ਬਾਕੀ ਕੱਲ੍ਹ ਕੀਹਨੇ ਵੇਖਿਆ
ਸਾਡਾ ਅੱਜ ਅਸੀਂ ਤੈਨੂੰ ਦਿੱਤਾ ,

~

ਮੈਂ ਤੇਰੇ ਲਈ
ਕੁਦਰਤ ਜਿਹੀ ਬਣਨਾ ਚਾਹੁੰਦੀ ਹਾਂ

~
ਤੈਨੂੰ ਮੇਰੇ ਵਰਗੀ ਕਿਤੇ ਨਾ ਮਿਲ਼ੇ
ਤੇ ਮੈਨੂੰ ਤੇਰੇ ਵਰਗਾ

~
ਮੈਂ ਤੈਨੂੰ ਨਹੀਂ
ਤੇਰੀ ਰੂਹ ਨੂੰ ਛੋਹਣਾਂ
ਚਾਹੁੰਦੀ ਹਾਂ

~
ਮੈਂ ਉਹਦੇ ਲਈ ਕੁਝ ਨਹੀਂ ਚਾਹੁੰਦੀ
ਬਸ ਜੋ ਚਾਹੁੰਦੀ ਆਂ
ਉਹਦੇ ਲਈ ਚਾਹੁੰਦੀ ਆਂ

~
ਤਨਹਾਈ ਪਸੰਦ ਹੈ ਮੈਨੂੰ
ਕਿਉਂਕਿ ਇਹ ਮੇਰੀ ਸੁਣਦੀ ਆ

~
ਮੈਨੂੰ ਤੇਰੇ ਖਿਆਲਾਂ ਵਿਚ ਉਲਝਣਾਂ
ਚੰਗਾ ਲੱਗਦਾ ਹੈ।
ਲੋਕਾਂ ਦਾ ਕੀ ਆ ਇਹ ਤਾਂ
ਕਿਵੇਂ ਵੀ ਨਹੀਂ ਜੀਣ ਦੇਂਦੇ

ਮਾਨਸੀ ਬੇਦੀ
~

ਨੂਰ ਨਾਲ਼ ਗੱਲ ਕਰਨ ਦੀ ਮੈਨੂੰ ਆਦਤ‌ ਜਿਹੀ ਪੈ‌ ਗਈ ਸੀ ਤੇ ਉਹਨੂੰ ਵੀ , ਪਰ ਫੇਰ ਅਚਾਨਕ ਕੁਝ ਅਜਿਹਾ ਹੋਇਆ,ਜਿਸ ਬਾਰੇ ਅਸੀਂ ਕਦੇ ਸੋਚਿਆ ਵੀ‌ ਨਹੀਂ ਸੀ, ਪਤਾ ਨਹੀਂ ਕਿੱਥੋਂ ਸਾਡੇ ਦੋਵਾਂ ਬਾਰੇ ਅੰਟੀ ਦੇ‌ ਲੜਕੇ ਨੂੰ ‌ਪਤਾ ਲੱਗ ਗਿਆ,ਅੰਟੀ ਨੂਰ ਦੀ ਮਾਸੀ ਸੀ, ਅੰਟੀ ਨੇ ਨੂਰ ਨੂੰ ਕਾਫ਼ੀ ‌ਝਿੜਕਿਆ ਉਸਤੋਂ ਬਾਅਦ ਸਾਡੀ ਗੱਲ ਨਾ ਹੋਈ, ਮੇਰੀਆਂ ਕਲਾਸਾਂ ਸ਼ੁਰੂ ਹੋਣ‌ ਵਾਲੀਆਂ ਸੀ, ਮੈਂ ਵਾਪਿਸ ਪਿੰਡ ਆਉਣਾ ਸੀ, ਉੱਪਰੋਂ ਕਈ‌ ਦਿਨ ਤੋਂ ਐਨਾ ਜ਼ਿਆਦਾ ਸਭ ਕੁਝ ਖ਼ਰਾਬ ਖ਼ਰਾਬ ਹੋ ਰਿਹਾ ਸੀ,ਕਿ ਬਸ ਕੁਝ ਵੀ ਨਹੀਂ ਸੀ ਸਮਝ ਆ ਰਹੀ ਸੀ, ਨੂਰ ਨਾ ਦੁਕਾਨ ਤੇ ਆਉਂਦੀ ਸੀ ਤੇ‌ ਨਾ ਹੀਂ ਮੈਸਜ਼ ਦਾ ਜਵਾਬ ਦੇ‌ ਰਹੀ ਸੀ, ਅਖ਼ੀਰ ਉਹ ਦਿਨ ਆ ਗਿਆ,ਜਿਸ ਦਿਨ ਮੈਂ ਪਿੰਡ ਆਉਣਾ ਸੀ, ਮੈਂ ‌ਬੱਸ‌ ਸਟੈਂਡ ਤੇ ਬੜਾ‌ ਦਿਲ ਭਰਕੇ ਖੜ੍ਹਾ ਹੋਇਆ ਸੀ, ਮੈਂ ‌ਨੂਰ ਨੂੰ ਮੈਸਜ਼ ਕਰਕੇ ਦੱਸ‌ ਵੀ ਦਿੱਤਾ ਸੀ,ਪਰ ਉਸਨੇ ਫ਼ੇਰ ਵੀ ਕੋਈ ਜਵਾਬ ਨਹੀਂ ਸੀ ਦਿੱਤਾ, ਬੱਸ ਆ ਗਈ, ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ,ਬੱਸ‌ ਵਿਚ ਬਹੁਤੀਆਂ ਸਵਾਰੀਆਂ ਨਹੀਂ ਸਨ, ਮੈਂ ‌ਬਿਲਕੁਲ ਪਿੱਛੇ ਤੋਂ ਅਗਲੀ ਵਾਲੀ ਸੀਟ ਤੇ ਬੈਠ ਗਿਆ, ਜਿਵੇਂ ਹੀ‌ ਬੱਸ‌ ਚਲੀ, ਮੇਰੀ ਅੱਖਾਂ ਵਿੱਚੋਂ ਹੰਝੂ ਵੀ ਓਦਾਂ ਹੀ ਤੁਰ ਪਏ,ਪਰ ਅਚਾਨਕ ਕੀ ਹੋਇਆ,ਬਸ‌ ਥੋੜ੍ਹੀ ਜਿਹੀ ਅਗਾਂਹ ਜਾ ਰੁੱਕ‌ ਗਈ, ਇੱਕ ਭਾਰਾ ਜਿਹਾ‌ ਬੈਗ ਵਿਚ ਰੱਖ ਮਗਰ ਹੀ ਇੱਕ ਇੱਕਲੀ ਕੁੜੀ ਬੱਸ‌ ਵਿਚ ਚੜ੍ਹ ਗਈ, ਮੈਂ ‌ਅੱਖ ਪੂੰਝਦਿਆਂ ਵੇਖਿਆ ਤਾਂ ਉਹ ਨੂਰ ਹੀ ਸੀ,ਉਹ ਮੇਰੇ ਨਾਲ ਹੀ ਆ ਬੈਠ ਗਈ,ਉਸਦਾ‌ ਮੇਰੇ ਤੋਂ ਵੀ‌ ਬੁਰਾ ਹਾਲ ਸੀ,ਪਰ ਮੈਂ ‌ਫੇਰ ਵੀ ਕੋਸ਼ਿਸ਼ ਕੀਤੀ ਥੋੜ੍ਹਾ ਬਹੁਤ ਸਮਝਾਇਆ ਤੇ ਖੁਦ ਸਮਝਿਆ, ਅਸੀਂ ਸੁਨਾਮ ਦੀ ਟਿਕਟ ਕਟਾ ਲਈ

ਨੂਰ : ਫੋਨ ਅੰਟੀ ਕੋਲ਼ ਸੀ
ਮੈਂ : ਚੱਲ ਕੋਈ ਨਾ…ਪਰ‌ ਰੋਂਦੇ ਨਹੀਂ ਹੁੰਦੇ
ਨੂਰ : ਆਪੇ ਆ ਰਿਹਾ
ਮੈਂ : ਕੋਈ ਨਾ … ਕੁਝ ਨਹੀਂ ਹੁੰਦਾ ਸਭ‌ ਠੀਕ ਹੋਜੂ
ਨੂਰ : ਮੈਨੂੰ ਪਤਾ ਅੱਗੇ ਕੀ ਹੋਣਾਂ
ਮੈਂ : ਨੂਰ…ਆ ਕੋਈ ਗੱਲ ਆ
ਨੂਰ : ਕੀ ਫ਼ਾਇਦਾ ਝੂਠੀ ਤਸੱਲੀ ਦਾ
ਉਹਨੇ ਇੱਕ ਡਾਇਰੀ ਬੈਗ ਵਿੱਚੋਂ ਕੱਢ ਕੇ ਮੈਨੂੰ ਫੜਾ ਦਿੱਤੀ ਤੇ ਕਿਹਾ… ਇਸਨੂੰ ‌ਅੱਗੇ ਤੁਸੀਂ ਪੂਰੀ ਕਰਨਾ
ਮੈਂ : ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ, ਮੈਨੂੰ ਲਿਖਣਾ ਤੇ ਨਹੀਂ ਆਉਂਦਾ
ਨੂਰ : ਜੇ ਆਪਾਂ ਦੁਬਾਰਾ ਮਿਲ਼ੇ ਤਾਂ ਮੈਂ ‌ਜਰੂਰ‌ ਵੇਖਾਂਗੀ

ਉਹ ਰਾਹ ਪਤਾ ਹੀ ਨਾ ਲੱਗਾ ਕਦੋਂ ਬੀਤ ਗਿਆ,ਸੁਨਾਮ ਆ ਗਿਆ, ਅਸੀਂ ਬੱਸ ਵਿੱਚੋਂ ਉੱਤਰੇ, ਇੱਕ ਪਾਸੇ ਤੋਂ ‌ਬੈਗ ਉਸਨੇ ਚੁੱਕ‌ ਲਿਆ ਦੂਸਰੇ ਪਾਸਿਓਂ ਮੈਂ, ਰੇਲਵੇ ਸਟੇਸ਼ਨ ਤੇ ਚਲੇ ਗਏ, ਮੈਂ ਉਹਨੂੰ ਟਿਕਟ ਲੈ ਕੇ ਦੇ ਦਿੱਤੀ ਤੇ ਕਿਹਾ ਨੂਰ ਪਤਾ ਨਹੀਂ ਦੁਬਾਰਾ ਮਿਲਣਾਂ ਹੈ ਕਿ ਨਹੀਂ ‌ਬਸ ਖ਼ਿਆਲ ਰੱਖੀਂ ਆਪਣਾਂ,ਉਹ ਅੱਗੋਂ ਕਹਿਣ ਹੀ ਲੱਗੀ ਸੀ ਕਿ ਤੁਸੀਂ ਵੀ,ਪਰ ਉਸ ਦੀ ਅੱਖ ਫ਼ੇਰ ਭਰ‌ ਆਈ ਤੇ ਉਸਨੇ ਬਿਨਾਂ ਕੁਝ ਬੋਲੇ ਘੁੱਟ ਕੇ ਗੱਲਵਕੜੀ ਪਾ ਲਈ,ਆਸੇ ਪਾਸੇ ਖੜੇ ਲੋਕ ਵੇਖ ਰਹੇ ਸਨ,ਪਰ ਉਦੋਂ ਸਭ ਕੁਝ ਜਾਇਜ਼ ਲੱਗ ਰਿਹਾ ਸੀ,ਰੇਲ ਆ ਗਈ,ਪੰਜ ਮਿੰਟ ਬਾਅਦ ਹੀ ਰੇਲ‌ ਚੱਲ ਪਈ, ਮੈਂ ਹੱਥ ਦੇ ਇਸ਼ਾਰੇ ਨਾਲ ਉਸਨੂੰ ਖੁਸ਼ ਹੋਣ‌ ਦਾ ਕਹਿ ਰਿਹਾ ਸੀ,ਪਰ ਉਹਦੇ ਅੱਖਾਂ ਦੇ ਹੰਝੂ ਨਹਿਰ ਦੇ ਪਾਣੀ ਵਾਂਗ ਵਹਿ‌ ਰਹੇ ਸੀ।

ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਸਾਡੀ ਸੱਚੀ ਆਖ਼ਰੀ ਮੁਲਾਕਾਤ ਹੈ, ਉਸਤੋਂ ਬਾਅਦ ਮੈਂ ਆਪਣੇ ਪਿੰਡ ਆ ਗਿਆ, ਪੰਦਰ੍ਹਾਂ ਵੀਹ ਦਿਨ ਤਾਂ ਮੈਂ ਨੂਰ ਬਾਰੇ ਸੋਚ ਸੋਚ ਬੁਰਾ ਹਾਲ ਕਰ ਲ਼ਿਆ ਪਰ ਫੇਰ, ਹੌਲ਼ੀ ਹੌਲ਼ੀ ਸਭ‌ ਫ਼ਰਕ ਪੈ ਗਿਆ, ਮੈਂ ਨੂਰ ਦੁਬਾਰਾ ਲਿਖੀਂ ਵੀਹ ਕੁ ਪੰਨਿਆਂ ਦੀ ਡਾਇਰੀ ਨੂੰ ਘੱਟੋ-ਘੱਟ ਵੀਹ ਪੱਚੀ ਵਾਰ ਪੜ੍ਹ ਦਿੱਤਾ, ਮੈਨੂੰ ਬੜਾ ਸਕੂਨ ਮਿਲ਼ਦਾ, ਉਸਦੀ ਇਹ ਲਿਖਤ ਮੇਰਾ ਅੱਜ ਵੀ ਦਿਲ ਕੀਲਦੀ ਹੈ।

ਕਿਤਾਬਾਂ ਦੀ ਦੁਨੀਆਂ ਵਾਂਗੂੰ
ਮੇਰਾ ਤੇਰੇ ਨਾਲ ਮੇਲ਼ ਹੋਇਆ

ਨਾ ਤੂੰ ਚਾਹਿਆ ਨਾ ਮੈਂ ਚਾਹਿਆ
ਇਹ ਤਾਂ ਸਬੱਬੀਂ ਖੇਲ ਹੋਇਆ

ਰੂਹ ਦੇ ਸਾਥੀ ਮਿਲਦੇ ਕਿੱਥੇ
ਪਰ ਸਾਨੂੰ ਮਿਲ਼ਿਆ ਯਾਰ‌ ਮੀਆਂ

ਕਹਿ ਲਵੋ ਖ਼ੁਦ, ਅੱਲਾਹ,ਰੱਬ
ਸਦਕੇ ਉਹਦਾ ਪਿਆਰ ਮੀਆਂ

ਹਵਾਵਾਂ ਰਾਹੀਂ ਘੱਲੇ ਸੁਨੇਹੇ
ਨੈਣਾਂ ਰਾਹੀਂ ਪੜ੍ਹਦਾ ਏ

ਮੋਹ ਵੀ ਕਰਦਾ ਰੱਜਕੇ ਮੇਰਾ
ਉਂਜ ਸਭ‌ ਤੋਂ ਵੱਧਕੇ ਲੜਦਾ ਏ

ਸਭ ਕੁਝ ਸੋਹਣਾ ਜਿਹਾ ਬਣ ਗਿਆ
ਇੱਕ ਉਹਦੇ ਜ਼ਿੰਦਗੀ ਵਿਚ ਆਉਣ ਨਾਲ

ਨੀਂਦਰ ਵੀ ਗੂੜ੍ਹੀ ਜਿਹੀ ਆਉਂਦੀ ਆ
ਸੁਪਨੇ ਵਿਚ ਖ਼ਾਬ ਸਜਾਉਣ ਨਾਲ਼

ਇਹ ਰੀਝਾਂ ਦੀ ਤੰਦ ਕਿਤੇ ਟੁੱਟ ਨਾ ਜਾਵੇ
ਮੈਂ ਤਾਹੀਂ ਜੱਗ ਤੋਂ ਰੱਖਾਂ ਪਰਦੇ ਨੀਂ

ਇਹ ਮੁਹੱਬਤ ਸੱਚੀ ਬਾਤ ਨੀਂ ਸਹੀਓ
ਦੁਨੀਆਂ ਵੈਰੀ ਸਾਰੀ ਭਲ਼ੇ ਲੋਕ ਵੀ ਜਰਦੇ ਨੀਂ

ਲਿਖ ਲਿਖ ਕੇ ਭਰ ਦੇਵਾਂ ਕਾਪੀਆਂ ਮੈਂ
ਪਰ ਜੇ ਉਹ ਜਵਾਬੀ ‌ਖ਼ਤ ਲਿਖ ਕੇ ਘੱਲੇ

ਮੈਂ ਤਾਂ ਮਹਿਬੂਬ ਆਪਣਾਂ ਰਾਜ਼ੀ ਕਰਦੀ
ਇਹ ਸ਼ਾਇਰੀ, ਕਵਿਤਾ, ਕਿੱਥੇ ਮੇਰੇ ਪੱਲੇ

~

ਇਥੋਂ ਤੀਕ ਇਹ ਕਹਾਣੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ, ਇਸਤੋਂ ਬਾਅਦ ਵਿਚ ਸੁਖ ਤੇ ਨੂਰ ਦੁਬਾਰਾ ਮਿਲਣਗੇ ਜਾਂ ਨਹੀਂ, ਜਾਂ ਅੱਗੇ ਹੋਰ ਕੀ ਹੋਵੇਗਾ ਇਸ ਕਹਾਣੀ ਦੇ ਅਗਲੇ ਭਾਗ ਵਿਚ ਤੁਹਾਡੇ ਰੂਬਰੂ ਕਰਾਂਗੇ।

***

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : @im_sukhdep

***

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)