More Punjabi Kahaniya  Posts
ਮਾਂ ਪਿਓ ਮੁੱਕ ਜਾਂਦੇ ਨੇ ਪਰ ਕੰਮ ਨਹੀਂ ਮੁੱਕਦੇ


ਮੇਰੀ ਮਾਂ
ਬਹੁਤ ਸਾਧਾਰਨ ਜਿਹੀ ਔਰਤ ਸੀ। ਸ਼ਕਲ ਤੋਂ ਵੀ ਬਸ ਠੀਕ ਠਾਕ ਹੀ ਸੀ । ਦੰਦ ਉੱਚੇ , ਢਿੱਡ ਵੱਡਾ ਪਰ ਰੰਗ ਗੋਰਾ ਸੀ । ਮੰਜੇ ਤੇ ਵੀ ਛੋਟੀ ਉਮਰ ਵਿੱਚ ਹੀ ਪੈ ਗਈ ਸੀ। ਮੇਰੀ ਤਾਂ ਹਜੇ ਪੜ੍ਹਾਈ ਵੀ ਪੂਰੀ ਨਹੀਂ ਹੋਈ ਸੀ । ਕੋਈ ਖਾਸ ਪਕਵਾਨ ਬਣਾਉਣੇ ਵੀ ਨਹੀਂ ਆਉਂਦੇ ਸੀ ।ਪੜੀ ਲਿਖੀ ਵੀ ਨਹੀਂ ਸੀ ਬਹੁਤਾ । ਸ਼ਾਇਦ ਅੱਠ ਕੁ ਪਾਸ ਹੀ ਸੀ । ਪਰ ਫੇਰ ਵੀ ਮੇਰੇ ਲਈ ਵਿਲੱਖਣ ਹੀ ਸੀ ਉਹ । ਬੇਹੱਦ ਇਮਾਨਦਾਰ ਸੀ । ਮਿਹਨਤੀ ਵੀ ਬਹੁਤ ਸੀ । ਸ਼ਰੀਫ ਤਾਂ ਅੰਤਾਂ ਦੀ ਹੀ ਸੀ । ਢੇਰਾਂ ਦੇ ਢੇਰ ਕੱਪੜਿਆਂ ਦੇ ਧੋ ਦਿੰਦੀ ਸੀ , ਘਰ ਧੋ ਦਿੰਦੀ ਸੀ ਮਿੰਟਾਂ ਵਿੱਚ ਹੀ, ਭਾਂਡੇ ਮਾਂਜਦੀ , ਰੋਟੀਆਂ ਪੱਕਾਉਂਦੀ ਕਦੇ ਥੱਕਦੀ ਜਾਂ ਅੱਕਦੀ ਨਹੀਂ ਸੀ । ਸਾਰੇ ਹੀ ਰਿਸ਼ਤਿਆਂ ਨੂੰ ਸੱਚੇ ਦਿਲੋਂ ਨਿਭਾਉਂਦੀ ਸੀ । ਪੇਕੇ ਜਾਂਦੀ, ਭਰਜਾਈਆਂ ਨੇ ਕਿ ਦਿੱਤਾ ਕਿ ਨਹੀਂ ਦੇਖਦੀ ਤੱਕ ਨਹੀਂ ਸੀ । ਭਾਵੇਂ ਆਪ ਬਾਹਲਾ ਨਹੀਂ ਪੜ੍ਹੀ ਹੋਈ ਸੀ ਪਰ ਮੈਨੂੰ ਟਿਉਸ਼ਨ ਤੇ ਸਮੇਂ ਸਿਰ ਭੇਜਣ ਲਈ ਤੜਕੇ ਹੀ ਉੱਠ ਜਾਂਦੀ ਸੀ । ਮੈਨੂੰ ਰਾਤੀ ਦੇਰ ਤੱਕ ਜਾਗ ਕੇ ਪੜਨ ਦੀ ਆਦਤ ਸੀ । ਮੈਂ ਭਾਵੇਂ ਅਲੱਗ ਕਮਰੇ ਵਿੱਚ ਹੀ ਪੜ੍ਹਦੀ ਸੀ , ਪਰ ਉਸਦਾ ਧਿਆਨ ਮੇਰੇ ਕਮਰੇ ਦੀ ਲਾਈਟ ਤੇ ਹੀ ਰਹਿੰਦਾ ਸੀ । ਬਹੁਤ ਰਾਤ ਹੋ ਗਈ ਹੈ ਸੌਂ ਜਾ ਹੁਣ – ਅਵਾਜ਼ਾਂ ਮਾਰਦੀ ਰਹਿੰਦੀ । ਫ਼ਿਕਰ ਕਰਦੀ ਸੀ ਮੇਰਾ । ਹਰ ਬੁੱਧਵਾਰ ਕੀਰਤਨ ਹੁੰਦਾ ਸੀ ਸਾਡੀ ਗਲੀ ਵਿੱਚ । ਗੁਆਂਢਣਾਂ ਮਿਲ ਕੇ ਕਰਦੀਆਂ ਸੀ ।ਵਿਆਹ ਜਾਣ ਜਿੰਨਾ ਚਾਅ ਰਹਿੰਦਾ ਸੀ ਏਥੇ ਜਾਣ ਦਾ ਮੇਰੀ ਮਾਂ ਨੂੰ । ਸਵੇਰੇ ਉੱਠ ਕੇ ਹੀ ਕੰਮ ਪੂਰੀ ਰਫ਼ਤਾਰ ਨਾਲ਼ ਕਰ ਦਿੰਦੀ ਸੀ ਕਿ ਕੋਈ ਵੀ ਰੁਕਾਵਟ ਨਾ ਆਵੇ ਤੇ ਕੀਰਤਨ ਨਾ ਛੁੱਟ ਜਾਵੇ । ਸਾਡਾ ਧਿਆਨ ਤਾਂ ਬਸ ਪ੍ਰਸਾਦ ਤੇ ਹੀ ਰਹਿੰਦਾ ਸੀ ਕਿ ਅੱਜ ਕਿ ਖਾਣ ਨੂੰ ਮਿਲੂਗਾ । ਸਾਡੀ ਗਲੀ ਵਿੱਚ ਇਹ ਕੀਰਤਨ ਲੱਗਭਗ 20ਸਾਲ ਹੁੰਦਾ ਰਿਹਾ । ਅਸੀਂ ਘਰ ਬੇਚ ਕੇ ਕਿਤੇ ਹੋਰ ਵੀ ਚਲੇ ਗਏ ਸੀ । ਪਰ ਮਾਂ ਦਾ ਕੀਰਤਨ ਦਾ ਜਨੂੰਨ ਕਦੇ ਟਹਿ -ਢੇਰੀ ਨਾ ਹੋਇਆ ਦੇ ਹਰ ਵਸੀਲੇ ਪਹੁੰਚਦੀ ਹੀ ਰਹੀ । ਕਮਾਲ ਦੀ ਸ਼ਿੱਦਤ ਸੀ ।
ਕਹਿੰਦੇ ਨੇ ਧੀਆਂ ਆਪਣੀਆਂ ਮਾਵਾਂ ਦਾ ਬਹੁਤ ਖਿਆਲ ਰੱਖਦੀਆਂ ਨੇ । ਪਰ ਮੈਂ ਇਹੋ ਜਿਹੀ ਧੀ ਸਾਬਿਤ ਨਾ ਹੋ ਸਕੀ । ਵਿਆਹ ਤੋਂ ਬਾਅਦ ਆਪਣੀ ਹੀ ਕਬੀਲਦਾਰੀ ਵਿੱਚ ਉੱਲਝ ਕੇ ਰਹਿ ਗਈ । ਆਪਣੇ ਫਰਜ਼ਾਂ ਨੂੰ ਭੁੱਲ ਗਈ । ਵਿਆਹ ਤੋਂ 4 ਕੁ ਮਹੀਨਿਆਂ ਬਾਅਦ ਹੀ B.ed ਵਿੱਚ selection ਹੋ ਗਈ । ਸੌਖੀ ਨਹੀਂ ਸੀ ਹੁੰਦੀ b.ed ਕਰਨੀ ਓਸ ਵੇਲੇ । ਹੋਸਟਲ ਜਾਣਾ ਪੈਣਾ ਸੀ ।12-13ਦਿਨਾਂ ਬਾਅਦ ਸਹੁਰੇ ਗੇੜਾ ਲੱਗਦਾ ਸੀ । ਡਰਦੀ ਮਾਰੀ ਪੇਕੇ ਨਹੀਂ ਜਾਂਦੀ ਸੀ ਕਿ ਕਿਤੇ ਸਹੁਰਿਆਂ ਨੂੰ ਬੁਰਾ ਨਾ ਲੱਗ ਜਾਵੇ। ਜੇਠਾਣੀ ਨੂੰ ਵੀ ਪ੍ਰੈਗਨੈਂਸੀ ਸੀ ਤੇ bed rest ਦੱਸਿਆ ਹੋਇਆ ਸੀ । ਭਾਵੇਂ ਮੇਰੇ ਹਸਬੈਂਡ ਨੇ ਘਰ ਦੇ ਸਾਰੇ ਕੰਮਾਂ ਦੀ ਪੂਰੀ ਜ਼ਿੰਮੇਦਾਰੀ ਚੁੱਕੀ ਹੋਈ ਸੀ । ਪਰ ਪੇਕੇ ਜਾਣਾ ਹੈ ਇਹ ਕਹਿਣ ਦੀ ਹਿੰਮਤ ਹੀ ਨਹੀਂ ਹੁੰਦੀ ਸੀ । ਨਵਾਂ ਨਵਾਂ ਵਿਆਹ ਸੀ । ਡਰਦੀ ਸੀ । ਬਹੁਤ ਦੇਰ ਬਾਅਦ ਪੇਕੇ ਜਾ ਸਕੀ...

। ਪਰ ਦੁਬਾਰਾ ਸਹੁਰੇ ਆ ਕੇ ਜਿੰਮੇਵਾਰੀਆਂ ਵਿੱਚ ਉੱਲਝ ਜਾਂਦੀ ਸੀ । ਮਾਂ ਬੁਲਾਉਂਦੀ ਰਹਿੰਦੀ । ਪਰ ਹਰ ਵਾਰੀ ਕੋਈ ਨਾ ਕੋਈ ਬਹਾਨਾ ਹੁੰਦਾ । ਜਾਂਦੀ ਤਾਂ ਸੀ ਪੇਕੇ ਪਰ ਓਨਾ ਨਹੀਂ ਜਿਨ੍ਹਾਂ ਹੱਕ ਬਣਦਾ ਸੀ ਜਾਣ ਦਾ । ਵਿਆਹ ਤੋਂ ਬਾਅਦ ਹੱਕ ਵੀ ਕਿੰਨਾ ਕੁ ਰਹਿ ਜਾਂਦਾ ਹੈ ਪੇਕੇ ਘਰ । ਪਰ ਬਹੁਤਾ ਸੋਚਣਾ ਵੀ ਠੀਕ ਨਹੀਂ ਹੁੰਦਾ । ਹੱਕ ਰੱਖਣਾ ਚਾਹੀਦਾ ਹੈ ।ਬਹੁਤ ਸਾਲ ਐਵੇਂ ਹੀ ਬੀਤ ਗਏ । ਬਹੁਤ ਸਾਲਾਂ ਬਾਅਦ ਸੁਰਤ ਆਈ ਤਾਂ ਇੰਝ ਲਗਿਆ ਜਿਵੇਂ ਮੈਂ ਕੋਈ ਵੱਡਾ ਗੁਨਾਹ ਕਰੀ ਜਾ ਰਹੀ ਹਾਂ । ਬੀਮਾਰ ਮਾਂ ਬੁਲਾਉਂਦੀ ਹੈ ਤੇ ਮੈਂ ਮਨਾ ਕਰੀ ਜਾਣੀ ਹਾਂ । ਗਲਤੀ ਸੁਧਾਰਨ ਲਈ ਆਪਣੀ ਮਾਂ ਕੋਲ ਭੱਜੀ। ਸਕੂਲ ਵਿੱਚੋਂ ਵੀ ਛੁੱਟੀਆਂ ਲੈ ਲਈਆਂ । ਇੰਝ ਲੱਗਿਆ ਮਾਂ ਨੂੰ ਛੱਡ ਕੇ ਕਦੇ ਨਹੀਂ ਜਾਵਾਂਗੀ ਇਸਨੂੰ ਮੇਰੀ ਬਹੁਤ ਲੋੜ ਹੈ । ਪਰ ਇਹ ਕਿੱਥੇ ਸੰਭਵ ਸੀ । 10ਕੁ ਦਿਨ ਲਗਾ ਕੇ ਆਪਣੇ ਘਰ ਵਾਪਿਸ ਪਰਤ ਆਈ । ਪਰ ਸਾਰੇ ਰਾਸਤੇ ਇਹੀ ਸੋਚਦੀ ਰਹੀ ਕਿ ਆਪਣੀ ਮਾਂ ਦੀ ਇੱਕ ਆਵਾਜ਼ ਤੇ ਹੀ ਹਾਜ਼ਰ ਹੋ ਜਾਇਆ ਕਰੂੰਗੀ । ਪਰ ਰੱਬ ਦਾ ਭਾਣਾ ਕੁੱਝ ਹੋਰ ਹੀ ਸੀ । ਆਉਂਦੇ ਅਗਲੇ ਮਹੀਨੇ ਹੀ ਮੈਂ ਦੁਬਾਰਾ ਪ੍ਰੈਗਨੈਂਟ ਹੋ ਗਈ । ਨੌਕਰੀ ਪੇਸ਼ਾ , 8ਸਾਲਾਂ ਦਾ ਮੁੰਡਾ , ਦੂਜੇ ਬੱਚੇ ਦੀ ਤਿਆਰੀ ਤੇ ਉੱਤੋਂ ਘਰ ਦੇ ਸੌ ਕੰਮ … ਬੱਸ ਫਿਰ ਕੀ ਸੀ ਦੁਬਾਰਾ ਉੱਲਝ ਗਈ । ਨਿਕਲ ਹੀ ਨਹੀਂ ਸਕੀ । ਬਸ ਮਾੜਾ ਮੋਟਾ ਹੀ ਮਿਲ ਸਕੀ ਮਾਂ ਆਪਣੀ ਨੂੰ।ਸੰਨ 2013ਵਿੱਚ ਮੈਂ ਬੇਟੀ ਨੂੰ ਜਨਮ ਦਿੱਤਾ । ਵੱਡੇ ਓਪਰੇਸ਼ਨ ਨਾਲ ਹੋਈ ਸੀ । ਤਿੰਨ ਮਹੀਨੇ ਆਰਾਮ ਕਰਨਾ ਜ਼ਰੂਰੀ ਸੀ । ਪਰ ਪੇਕੇ ਮਾਂ ਦੀ ਤਬੀਅਤ ਦਿਨੋ ਦਿਨ ਖਰਾਬ ਹੋ ਰਹੀ ਸੀ । ਹੁਣ ਮੈਥੋਂ ਵੀ ਰਿਹਾ ਨਹੀਂ ਜਾ ਰਿਹਾ ਸੀ । ਸਵਾ ਕੁ ਮਹੀਨੇ ਦੀ ਕੁੜੀ ਦੇ ਨਾਲ ਮਾਂ ਕੋਲ ਫਿਰ ਭੱਜੀ । ਉਸਦਾ ਕੁੱਝ ਵੀ ਸੰਵਾਰ ਨਹੀਂ ਸਕਦੀ ਸੀ ਮੈਂ ਹੁਣ। ਕੁੜੀ ਬਹੁਤ ਤੰਗ ਕਰਦੀ ਸੀ ਮੇਰੀ । ਬਸ ਐਨਾ ਕੁ ਹੌਂਸਲਾ ਸੀ ਕਿ ਮੈਂ ਆਪਣੀ ਮਾਂ ਦੇ ਕੋਲ ਬੈਠੀ ਸੀ । ਮੇਰੀ ਭੈਣ, ਭਰਾ ,ਭਰਜਾਈਆਂ ਸਾਰੇ ਕੋਲ ਸੀ । ਛੋਟਾ ਬੱਚਾ ਗੋਦੀ ਹੋਣ ਕਰਕੇ ਕੋਈ ਮੈਨੂੰ ਮੇਰੀ ਮਾਂ ਕੋਲ ਸੌਣ ਨਹੀਂ ਸੀ ਦਿੰਦਾ । ਮੈਂ ਤੜਫਦੀ ਰਹਿੰਦੀ । ਬਸ ਥੋੜ੍ਹੇ ਜਿਹੇ ਦਿਨਾਂ ਵਿੱਚ ਹੀ ਮਾਂ ਨੂੰ ਹਮੇਸ਼ਾਂ ਲਈ ਤੋਰ ਕੇ ਘਰ ਪਰਤ ਆਈ । ਸੋਚਦੀ ਰਹੀ ਕਿ ਮੈਨੂੰ ਪਹਿਲਾਂ ਅਕਲ ਕਿਉਂ ਨਾ ਆਈ ?ਮਾਂ ਪਿਓ ਮੁੱਕ ਜਾਂਦੇ ਨੇ ਪਰ ਕੰਮ ਨਹੀਂ ਮੁੱਕਦੇ । ਪੜ੍ਹੀ ਲਿਖੀ ਹੋਣ ਦੇ ਬਾਵਜੂਦ ਇੰਨੀ ਕੁ ਗੱਲ ਸਮਝਣ ਵਿੱਚ ਬਹੁਤ ਦੇਰੀ ਕਰ ਦਿੱਤੀ । ਹੁਣ ਸਕੂਲ ਸਟਾਫ ਵਿੱਚ ਜਦੋਂ ਵੀ ਕਦੇ ਮਾਪਿਆਂ ਦੀ ਗੱਲ ਚੱਲਦੀ ਹੈ ਮੈਂ ਹਮੇਸ਼ਾਂ ਆਪਣੀ ਉਦਾਹਰਣ ਦੇ ਕੇ ਕਹਿੰਦੀ ਹਾਂ ਕੀ ਮੈਥੋਂ ਗਲਤੀ ਹੋਈ ਹੈ ਤੁਸੀਂ ਨਾ ਕਰਿਓ । ਜਦੋਂ ਵੀ ਮਾਂ ਤੁਹਾਨੂੰ ਬੁਲਾਵੇ , ਭੱਜ ਕੇ ਚਲੇ ਜਾਇਆ ਕਰੋ ਕਿਉਂਕਿ ਪਤਾ ਨਹੀਂ ਇਹ ਆਵਾਜ਼ ਆਉਣੀ ਕਦੋਂ ਬੰਦ ਹੋ ਜਾਵੇ ।🙏🙏🙏🙏
Meenu Bala
3-6-21

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)