ਉਹ ਅਕਸਰ ਰੋਜ਼ ਹੀ ਰਾਹ ‘ਚ ਮਿਲਦੇ, ਬੜੇ ਠਰੰਮੇ ਜਿਹੇ ਨਾਲ ਸਾਈਕਲ ਦਾ ਪੈਂਡਲ ਮਾਰ ਰਹੇ ਹੁੰਦੇ ਜਿਦਾ ਇਸ ਕਾਹਲ ਭਰੇ ਮਾਹੌਲ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀ ਸੀ, ਮੇਨ ਰੋਡ ਤੇ ਬਹੁਤੀ ਵਾਰ ਅਸੀ ਇਕੱਠੇ ਸੜਕ ਲੰਘ ਰਹੇ ਹੁੰਦੇ, ਉਹਨਾਂ ਦਾ ਹੱਥ ਅਕਸਰ ਹੀ ਡੋਲ ਜਾਦਾ ਪਰ ਉਹ ਸੰਭਾਲ ਲੈਦੇ ਖੁਦ ਨੂੰ ਤੇ ਫਿਰ ਅਸੀ ਗੁਰੂਘਰ ਮਿਲਦੇ ਤੇ ਉਹ ਹੋਲੀ-ਹੋਲੀ ਕਦਮਾਂ ਨਾਲ ਬੱਚਿਆ ਵਾਂਗ ਮੱਥਾ ਟੇਕਦੇ ਤੇ ਚਿਹਰੇ ਤੇ ਮੁਸਕਰਾਹਟ ਹੁੰਦੀ। ਮੇਰੇ ਨਾਲ ਉਹਨਾਂ ਦਾ ਕੋਈ ਰਿਸ਼ਤਾ ਨਹੀ ਸੀ ਪਰ ਫਿਰ ਵੀ ਅਜੀਬ ਜਿਹੀ ਖੁਸ਼ੀ ਮਿਲਦੀ ਉਹਨਾਂ ਨੂੰ ਦੇਖ ਕੇ ….ਕਿਉ ?? ਇਸਦਾ ਕਾਰਣ ਅੱਜ ਤੱਕ ਨਹੀ ਮਿਲਿਆ ਮੈਨੂੰ।
ਉਹ ਕਈ ਦਿਨ ਗੁਰੂਘਰ ਨਾ ਆਏ ਤੇ ਨਾ ਹੀ ਰਾਹ ਵਿੱਚ ਮਿਲੇ, ਦਿਲ ‘ਚ ਅਜੀਬ ਜਿਹਾ ਫ਼ਿਕਰ ਰਹਿਣ ਲੱਗਿਆ ਕਿ ਉਹ ਠੀਕ ਹੋਣਗੇ ਵੀ ਜਾ ਨਹੀ,...
ਫਿਰ ਇੱਕ ਦਿਨ ਉਹ ਗੁਰੂਘਰ ਮਿਲੇ ,ਮੈਂ ਕੋਲ ਜਾ ਫਤਿਹ ਬੁਲਾਈ ਤੇ ਉਹਨਾ ਨੇ ਵੀ ਮੇਰਾ ਸਿਰ ਪਲੋਸਿਆ….ਪੁੱਛਣ ਤੇਂ ਉਹਨਾ ਦੱਸਿਆ ਕਿ,”ਇੱਕ ਪੁੱਤਰ ਏ, ਬਾਹਰਲੇ ਦੇਸ਼ ਪੜਨ ਗਿਆ ਤੇ ਪੱਕਾ ਹੋਣ ਈ ਵਾਲਾ ਏ ਤੇ ਮੇਰੀ ਹਮਸਫ਼ਰ ਚਲ ਵਸੀ ਇੰਨੀ ਦਿਨੀ, ਉਹਦੀ ਸਿਵਾ ਦੀ ਅਖੀਰਲੀ ਲਾਟ ਉਸਦੇ ਸੁਖਾਂ-ਸੁੱਖ ਲਏ ਪੁੱਤ ਦੀ ਉਡੀਕ ਕਰਦੀ ਰਹੀ ਪਰ ਮਜਬੂਰੀਆ ਨੇ ਉਹਨੂੰ ਵਾਪਸ ਆਉਣ ਨਾ ਦਿੱਤਾ।”
ਉਹਨਾਂ ਦੀਆ ਅੱਖਾ ‘ਚ ਹੰਝੂ ਸਨ ਤੇ ਮੈਂ ਦਿਲਾਸਾ ਦੇਣ ਤੋਂ ਸਿਵਾ ਕੁਝ ਨਾ ਕਰ ਸਕੀ, ਪਤਾ ਨਹੀ ਕਿੳ ਬਹੁਤਿਆਂ ਦੀ ਕਿਸਮਤ ‘ਚ ਰੱਬ ਇੰਨੇ ਦਰਦ ਕਿਉ ਲਿਖਦਾ ????
ਕਮਲ ਕੌਰ