ਆਪ ਨਾ ਆਵੀ,ਵੀਰ ਨੂੰ ਘੱਲੀ
ਜਦੋਂ ਉਸਨੂੰ ਤਮਾਮ ਉਮਰ, ਬੇਗਾਨੇ ਮੁਲਕ ਵਿੱਚ, ਸਿਹਤ ਅਤੇ ਅਧਿਆਪਨ ਕਿੱਤੇ ਨੂੰ ਦਿੱਤੀਆਂ ਸੇਵਾਵਾਂ ਬਦਲੇ ਸਰਕਾਰ ਵੱਲੋਂ ਇਨਾਮ ਮਿਲਿਆ ਤਾਂ ਪੰਡਾਲ ਵਿੱਚ ਬੈਠੇ ਹਰ ਭਾਰਤੀ ਦੀਆਂ ਅੱਖਾਂ ਵਿੱਚ ਚਮਕ ਸੀ। ਉਹ ਸੱਠਾਂ ਨੂੰ ਟੱਪੀ ਨੇ ਧੰਨਵਾਦ ਕਹਿ ਇੱਕ ਹੀ ਸਤਰ ਬੋਲੀ ਕਿ, “ਗੁੜ ਖਾਵੀ ਪੂਣੀ ਕੱਤੀ, ਆਪ ਨਾ ਆਵੀ ਵੀਰ ਨੂੰ ਘੱਲੀ” ਬੱਸ ਇਹੀ ਸਤਰਾਂ ਉਸਨੂੰ ਕੁੱਝ ਅਜਿਹਾ ਕਰਨ ਲਈ ਪ੍ਰੇਰਦੀਆਂ ਰਹੀਆਂ ਕਿ ਲੋਕ ਇਹ ਸਤਰ ਭੁੱਲ ਜਾਣ। ਉਸਦੀਆਂ ਗੱਲਾਂ ਅੰਗਰੇਜ਼ੀ ਪੱਤਰਕਾਰਾਂ ਲਈ ਤਾਂ ਬੁਝਾਰਤ ਬਣ ਗਈਆਂ, ਚਾਹੇ ਉਸਨੇ ਅੰਗਰੇਜ਼ੀ ਅੁਨਵਾਦ ਵੀ ਕੀਤਾ ਸੀ ਪਰ ਪੰਡਾਲ ਵਿੱਚ ਬੈਠੇ ਕੁੱਝ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਅਤੇ ਸਭ ਤੋਂ ਵੱਧ ਪਹਿਲੀ ਕਤਾਰ ਵਿੱਚ ਨਸਵਾਰੀ ਰੰਗ ਦਾ ਸੂਟ ਪਾਈ ਬੈਠੀ ਬਜ਼ੁਰਗ ਔਰਤ ਦੇ। ਉਸ ਔਰਤ ਨੂੰ ਰੋਂਦੀ ਤੱਕ ਉਸਨੇ ਆ ਕੇ ਉਸਨੇ ਜੱਫੀ ਪਾ ਲਈ ਅਤੇ ਪੱਤਰਕਾਰ ਵੀ ਪਿੱਛੇ ਹੀ ਆ ਗਏ।
ਕੁੱਝ ਪਲ ਸਹਿਜ ਹੋ ਕੇ ਉਹ ਅੱਖਾਂ ਸਾਫ ਕਰਦੀ ਬੋਲੀ ਪੱਤਰਕਾਰਾਂ ਨੂੰ ਬੋਲੀ ਕਿ ਇਹ ਸਤਰ ਦੀ ਵਿਆਖਿਆ ਤਾਂ ਮੇਰੀ ਮਾਂ ਹੀ ਕਰ ਸਕਦੀ ਹੈ। ਅਤੇ ਬੋਲਣ ਦੀ ਵਾਰੀ ਉਸ ਨਸਵਾਰੀ ਸੂਟ ਵਾਲੀ ਔਰਤ ਦੀ ਸੀ।
“ਮੈਂ ਆਪਣੇ ਪਰਿਵਾਰ ਵਿੱਚ ਤਿੰਨ ਪੀੜ੍ਹੀਆਂ ਪਿੱਛੋਂ ਕੁੜੀ ਜੰਮੀ ਸਾਂ ਜਾਂ ਸ਼ਾਇਦ ਜੰਮੀਆਂ ਤਾਂ ਸੀ ਪਰ ਬਚੀਆਂ ਨਹੀ ਸਨ। ਉਹਨਾਂ ਵੇਲਿਆਂ ਵਿੱਚ ਆਮ ਹੀ ਜੰਮਦੀਆਂ ਕੁੜੀਆਂ ਦਾ ਗਲ ਘੁੱਟ ਦਿੰਦੇ ਜਾਂ ਫੇਰ ਫੀਮ ਖਵਾ ਕੇ ਮਾਰ ਦਿੰਦੇ ਤੇ ਫੇਰ ਭੜੌਲੇ ਵਿੱਚ ਪਾ ਜ਼ਮੀਨ ਵਿੱਚ ਦੱਬ ਦਿੰਦੇ ਪਰ ਦੱਬਣ ਵੇਲੇ ਇਹ ਅਰਦਾਸ ਕਰਨਾ ਨਾ ਭੁੱਲਦੇ ਕਿ ਹੁਣ ਵੀਰ ਨੂੰ ਘੱਲੀ। ਮੇਰੇ ਜੰਮਣ ਤੇ ਵੀ ਘਰ ਵਿੱਚ ਸੋਗ ਪੈ ਗਿਆ। ਮੇਰੀ ਮਾਂ ਤਾਂ ਪਹਿਲੀ ਔਲਾਦ ਹੀ ਕੁੜੀ ਹੌਣ ਤੇ ਆਪ ਡਰ ਗਈ ਸੀ। ਦਾਦੀ ਦਾ ਫੁਰਮਾਨ ਸੀ ਕਿ ਇਸਨੂੰ ਪਾਰ ਲਗਾ ਦਿਉ ਪਰ ਭਲਾ ਹੋਵੇ ਮੇਰੀ ਤਾਈ ਦਾ ਜਿਸ ਨੇ ਕਲੇਸ਼ ਕਰ ਕੇ ਮੈਨੂੰ ਬਚਾ ਲਿਆ। ਤਾਈ ਤਿੰਨ ਪੁੱਤਾਂ ਦੀ ਮਾਂ ਤੇ ਪਿੱਛੋਂ ਤਕੜੇ ਪੇਕਿਆਂ ਦੀ ਹੋਣ ਕਰਕੇ ਉਸਦਾ ਦਬਦਬਾ ਦਾਦੀ ਉੱਤੇ ਵੀ ਚੱਲ ਜਾਂਦਾ ਸੀ। ਤਾਈ ਨੇ ਮੈਨੂੰ ਆਪ ਝੋਲੀ ਪਵਾ ਲਿਆ ਸੀ। ਫੇਰ ਦੋ...
ਵੀਰ ਹੋਣ ਮਗਰੋਂ ਮੇਰੇ ਬੇਬੇ ਬਾਪੂ ਤਾਂ ਮੈਨੂੰ ਚੱਜ ਨਾਲ ਬੁਲਾਉਣ ਲੱਗ ਪਏ ਸੀ ਪਰ ਦਾਦੀ ਫੇਰ ਵੀ ਖਾਰ ਖਾਂਦੀ ਸੀ। ਦੋ ਪਰਿਵਾਰਾਂ ਦੀ ਸਾਂਝੀ ਧੀ ਹੌਣ ਕਰਕੇ ਮੇਰਾ ਰਿਸ਼ਤਾ ਵੀ ਤਕੜੇ ਸਰਦਾਰ ਘਰੇ ਹੋ ਗਿਆ। ਮੇਰੇ ਸਰਦਾਰ ਹੋਰੀ ਪੰਜ ਭਰਾ ਸੀ ਅਤੇ ਅਸੀ ਚੌਥੇ ਨੰਬਰ ਵਾਲੇ ਸੀ। ਅਗਾਂਹ ਮੇਰੀ ਕਿਸਮਤ ਦੇਖੋ, ਘਰੇ ਪੈਸੇ-ਧੇਲੇ ਖਾਣ-ਪੀਣ ਦੀ ਕੋਈ ਤੋਟ ਨਹੀ ਸੀ ਪਰ ਰੱਬ ਨੇ ਫੇਰ ਮੇਰੀ ਪਹਿਲੀ ਔਲਾਦ ਕੁੜੀ ਦੇ ਦਿੱਤੀ। ਘਰਦਿਆਂ ਦੇ ਮੂੰਹ ਤਾਂ ਮਸੋਸੇ ਗਏ ਪਰ ਫੇਰ ਵੀ ਚੁੱਪ ਕਰ ਗਏ। ਫੇਰ ਦੂਜੀ ਹੋਈ ਤੋਂ ਮੇਰੇ ਨਾਲ ਘਰ ਵਿੱਚ ਵਿਤਕਰਾ ਹੋਣਾ ਸ਼ੁਰੂ ਹੋ ਗਿਆ। ਨਾ ਚੱਜ ਦੀ ਰੋਟੀ ਦਿੰਦੇ ਤੇ ਨਾ ਪੀਣ ਨੂਂ ਦੁੱਧ ਪਰ ਕੰਮ ਸਭ ਤੋਂ ਵੱਧ ਮੈਨੂੰ ਹੀ ਕਰਨਾ ਪੈਂਦਾ। ਹੁਣ ਛੋਟੇ ਦਾ ਵੀ ਵਿਆਹ ਹੋ ਗਿਆ ਉਸਦਾ ਪਹਿਲਾ ਮੁੰਡਾ ਤੇ ਆਹ ਮੇਰੀ ਤੀਜੀ ਕੁੜੀ ਅੱਗੜ-ਪਿੱਛੜ ਕੁੱਝ ਦਿਨਾਂ ਦੇ ਫਰਕ ਨਾਲ ਹੋਏ। ਇਸਵਾਰ ਤਾਂ ਇਸਨੂੰ ਪਾਰ ਬੁਲਾਉਣ ਦੀ ਪੂਰੀ ਤਿਆਰੀ ਹੋ ਗਈ ਸੀ। ਦਾਈ ਕੁੱਝ ਦੇ ਵੀ ਗਈ ਸੀ ਇਸਨੂੰ, ਮੈਨੂੰ ਤਾਂ ਨਾ ਉਦੋਂ ਕੋਈ ਸੁਰਤ ਸੀ ਤੇ ਨਾਂ ਮੇਰੀ ਕਿਸੇ ਨੂੰ ਕੁੱਝ ਕਹਿਣ ਦੀ ਹਿੰਮਤ। ਪਰ ਭਲਾ ਹੋਵੇ ਮੇਰੇ ਸਰਦਾਰ ਦਾ ਜਿਸਨੇ ਐਨ ਮੌਕੇ ਤੇ ਇਸਨੂੰ ਹਕੀਮ ਕੋਲ ਲੈ ਕੇ ਜਾਨ ਬਚਾ ਲਈ ਸੀ। ਪਰ ਇਸ ਗੱਲ ਨੇ ਘਰ ਦੋਫਾੜ ਕਰ ਦਿੱਤਾ ਅਤੇ ਸਭ ਨੇ ਮਿਲ ਕੇ ਸਾਨੂੰ ਅੱਡ ਕਰ ਦਿੱਤਾ। ਤਿੰਨ ਨਿੱਕੇ ਨਿੱਕੇ ਜਵਾਕ ਤੇ ਉਤੋੰ ਮਿਲੀ ਮਾੜੀ ਜ਼ਮੀਨ ਨੇ ਸਾਡਾ ਲੱਕ ਤੌੜ ਕੇ ਰੱਖ ਦਿੱਤਾ ਪਰ ਹੌਸਲਾ ਨਹੀ। ਜ਼ਿੰਦਗੀ ਚੱਲ ਸੋ ਚੱਲ, ਇੱਥੋਂ ਤੱਕ ਪਹੁੰਚ ਗਈ। ਜਿੰਨਾਂ ਨੇ ਦੇਖਣਾ ਸੀ ਉਹਨਾਂ ਨੇ ਤਾਂ ਨਹੀ ਦੇਖਿਆ ਪਰ ਚਲੋ ਸ਼ਾਇਦ ਕੋਈ ਹੋਰ ਨਾ ਕਹੇ ਕਿ
“ਆਪ ਨਾ ਆਵੀ, ਵੀਰ ਨੂੰ ਘੱਲੀ”
ਤੇ ਉਹ ਮਾਵਾਂ ਧੀਆਂ ਹੱਥ ਵਿੱਚ ਹੱਥ ਪਾ ਸਭ ਦੀਆਂ ਅੱਖਾਂ ਤੋਂ ਓਲਝ ਹੋ ਗਈਆਂ।
✍🏻✍🏻ਹਰਪ੍ਰੀਤ ਬਰਾੜ ਸਿੱਧੂ