More Punjabi Kahaniya  Posts
ਏਕਤਾ ਵਿੱਚ ਬਲ ਹੈ


——- ਏਕਤਾ ਵਿੱਚ ਬਲ ਹੈ  ( ਕਹਾਣੀ ) ——–
ਮੇਰੇ ਗੁਆਂਢੀ ਸ਼ਹਿਰ ਵਿੱਚ ਉਹਨਾਂ ਦੀ ਲੋਹੇ ਤੇ ਹੋਰ ਨਿਕਸੁੱਕ ਦੀ ਬਹੁਤ ਵੱਡੀ ਦੁਕਾਨ ਸੀ। ਦੁਕਾਨ ਵੀ ਬੜੀ ਚੱਲਦੀ ਸੀ ਤੇ ਸਾਰੇ ਇਲਾਕੇ ਵਿੱਚ ਉਹ ਵੱਢ ਖਾਣਿਆਂ ਦੇ ਨਾਲ ਮਸ਼ਹੂਰ ਸਨ ਕਿਉਂਕਿ ਉਹ ਗਾਹਕਾਂ ਨਾਲ ਇੱਕ ਟੁੱਕ ਹੀ ਗੱਲ ਕਰਦੇ ਸਨ ਤੇ ਸਮਾਨ ਦੀ ਕੀਮਤ ਵੱਧ ਘੱਟ ਵੀ ਨਹੀਂ ਕਰਦੇ ਸਨ। ਜੇ ਕੋਈ ਭੁੱਲ ਭੁਲੇਖੇ ਖਰੀਦੇ ਸਮਾਨ ਦਾ ਘੱਟ ਮੁੱਲ ਦੇਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਭੱਜ ਕੇ ਪੈ ਜਾਂਦੇ ਸਨ , ਸਮਾਨ ਲਵੇ ਜਾਂ ਨਾ ਲਵੇ ਅਗਲਾ। ਇਸੇ ਕਰਕੇ ਸਾਰੇ ਉਹਨਾਂ ਨੂੰ ਵੱਢ ਖਾਣੇ ਕਹਿੰਦੇ ਸਨ। ਜ਼ਿਆਦਾਤਰ ਲੋਕ ਉਹਨਾਂ ਤੋਂ ਹੀ ਸਮਾਨ ਖਰੀਦਦੇ ਸਨ ਕਿਉਂਕਿ ਉਹਨਾਂ ਦਾ ਰੇਟ ਵੀ ਫਿਕਸ ਹੁੰਦਾ ਸੀ। ਸਾਡੇ ਬਜੁਰਗ ਵੀ ਉਹਨਾਂ ਤੋਂ ਹੀ ਮਸ਼ੀਨਰੀ ਆਦਿ ਦਾ ਸਮਾਨ ਅਕਸਰ ਲੈਂਦੇ ਸਨ ਤੇ ਹੁਣ ਮੈਂ ਵੀ ਹੁਣ ਉਹਨਾਂ ਤੋਂ ਸਮਾਨ ਲੈਂਣ ਲੱਗ ਪਿਆ ਸੀ। ਮੈਨੂੰ ਪੱਠਿਆਂ ਵਾਲੇ ਟੋਕੇ ਤੇ ਮੋਟਰ ਲੈਣ ਦੀ ਜ਼ਰੂਰਤ ਪਈ ਤਾਂ ਮੈਂ ਆਮ ਵਾਂਗ ਹੀ ਉਹਨਾਂ ਦੇ ਬਣੇ ਨਾਂ ਕਰਕੇ ਉਹਨਾਂ ਦੀ ਦੁਕਾਨ ਤੇ ਚਲਾ ਗਿਆ। ਉਹਨਾਂ ਦੇ ਬਾਬੂ ਵੱਢ ਖਾਣੇ ਨੇ ਦੋ ਮੋਟਰਾਂ ਦਿਖਾ ਕੇ ਕਿਹਾ ਕਿ ਆਹ 42 ਸੌ ਤੇ ਆਹ 47 ਸੌ ਵਾਲੀਆਂ ਸਾਡੇ ਕੋਲ ਮੋਟਰਾਂ ਹਨ, ਜੇ ਮੇਰੀ ਮੰਨੇ ਤਾਂ ਆਹ ਸੰਤਾਲੀ ਸੌ ਵਾਲੀ ਲੈ ਜਾ। ਮੈਂ ਸੁਭਾਵਿਕ ਪੁੱਛਿਆ ਕਿ ਇਸਦੀ ਗਰੰਟੀ ਕੀ ਹੈ? ਉਹ ਬਾਬੂ ਕਹਿੰਦਾ ਜੇ ਛੇ ਮਹੀਨਿਆਂ ਵਿੱਚ ਉੱਨੀ – ਇੱਕੀ ਹੋਈ ਤਾਂ ਮੋਟਰ ਮੇਰੀ ਦੁਕਾਨ ਤੇ ਰੱਖ ਜਾਈਂ। ਚਲੋ , ਸਬੱਬ ਵੱਸ ਅਚਾਨਕ ਮੋਟਰ ਕੁੱਝ ਮਹੀਨਿਆਂ ਮਗਰੋਂ ਚੱਲੇ ਨਾ , ਕੇਵਲ ਗੂੰ-ਗੂੰ ਦੀ ਅਵਾਜ਼ ਦੇਈ ਜਾਵੇ। ਸ਼ਾਮ ਦਾ ਸਮਾਂ ਸੀ। ਮੈਂ ਬਿਜਲੀ ਮਿਸਤਰੀ ਨੂੰ ਬੁਲਾਇਆ ਤੇ ਉਹਨੇ ਚਿੱਕ ਕਰਕੇ ਕਿਹਾ ਕਿ ਮੋਟਰ ਸੜ ਗਈ ਹੈ। ਮੈਂਨੂੰ ਬੜਾ ਅਚੰਬਾ ਹੋਇਆ। ਮੈਂ ਬੜਾ ਖਹੁੰਝ ਕੇ ਹਨੇਰੇ ਹੋਏ ਹੱਥੀ ਪੱਠੇ ਕੁਤਰੇ। ਮੈਂ ਕਾਹਲੀ ਵਿੱਚ ਬਿਨਾਂ ਰੋਟੀ ਖਾਧੇ ਮੋਟਰ ਬਿੱਲ ਲੱਭਣ ਲੱਗ ਪਿਆ ਤਾਂ ਕੇ ਗਰੰਟੀ ਡੇਟ ਦਾ ਪਤਾ ਲੱਗ ਸਕੇ। ਅਜੇ ਪੰਜ ਮਹੀਨੇ ਹੀ ਹੋਏ ਸੀ ਮੋਟਰ ਨਵੀਂ ਲਈ ਨੂੰ, ਇੱਕ ਮਹੀਨਾ ਗਰੰਟੀ ਦਾ ਰਹਿੰਦਾ ਸੀ। ਮੈਂ ਪੱਕੇ ਬਿੱਲ ਤੋਂ ਮੋਬਾਇਲ ਨੰਬਰ ਲੈ ਕੇ ਰਾਤ ਨੂੰ ਹੀ ਫੋਨ ਲਾਇਆ ਕਿਉਂਕਿ ਕਰੋਨਾ ਕਰਕੇ ਲਾਕਡਾਊਨ ਲੱਗ ਚੁੱਕਿਆ ਸੀ। ਮਨ ਵਿੱਚ ਬੜੀ ਦੁਬਿਧਾ ਸੀ ਕਿ ਦੁਕਾਨਾਂ ਤਾਂ ਕੱਲ੍ਹ ਨੂੰ ਬੰਦ ਹੋਣਗੀਆਂ। ਪਰ ਵੱਢ ਖਾਣੇ ਸੇਠ ਨਾਲ ਗੱਲ ਹੋਈ ਤਾਂ ਉਹ ਕਹਿੰਦਾ ਕਿ ਦੁਕਾਨ ਦਾ ਪਿਛਲਾ ਸ਼ਟਰ ਖੋਲ ਕੇ ਅੰਦਰ ਆ ਜਾਈਂ। ਮੈਂ ਫੋਨ ਤੇ ਹੀ ਉਹਨੂੰ ਦੱਸਿਆ ਕਿ ਤੁਹਾਡੇ ਤੋਂ ਮੋਟਰ ਨਵੀਂ ਲਈ ਸੀ ਪਰ ਹੁਣ ਪੰਜਵੇਂ ਮਹੀਨੇ ਸੜ ਗਈ ਹੈ ਤਾਂ ਉਹ ਅੱਗੋਂ ਆਪਣੇ ਸੁਭਾਅ ਮੁਤਾਬਿਕ ਕਹਿੰਦਾ ਕਿ ਸੜੀ ਮੋਟਰ ਦੀ ਕੋਈ ਗਰੰਟੀ ਨਹੀਂ ਹੁੰਦੀ ਜੇ ਗਰਮ ਹੋ ਜਾਵੇ ਜਾਂ ਮੋਟਰ ਦਬੇ ਤਾਂ ਗਰੰਟੀ ਹੁੰਦੀ ਹੈ। ਮੈਂ ਵੀ ਥੋੜ੍ਹੇ ਗਰਮ ਲਹਿਜੇ ਵਿੱਚ ਕਿਹਾ ਕਿ ਵੇਚਣ ਵੇਲੇ ਤਾਂ ਕਹਿੰਦੇ ਸੀ ਕਿ ਜੇ ਉੱਨੀ- ਇੱਕੀ ਹੋਈ ਤਾਂ ਦੁਕਾਨ ਤੇ ਰੱਖ ਜਾਈਂ। ਹੁਣ ਪੈਰਾਂ ਤੇ ਪਾਣੀ ਨਹੀ ਪੈਣ ਦਿੰਦੇ। ਮੈਂ ਬਥੇਰੇ ਤਰਲੇ ਕੀਤੇ ਪਰ ਉਹ ਨਾ ਮੰਨਿਆ। ਤਹਿਸ ਵਿੱਚ ਆ ਕੇ ਮੈਂ ਕਿਹਾ ਜੇ ਮੋਟਰ ਨਾ ਮੋੜੀ ਤਾਂ ਮੈ ਕੰਜ਼ਿਊਮਰ ਕੋਰਟ ਜਾਊਂ। ਅੱਗੋਂ ਉਹ ਵੀ ਸੇਠ ਆਪਣੇ ਭੈੜੇ ਸੁਭਾਅ ਅਨੁਸਾਰ ਕਹਿੰਦਾ , ਪਹਿਲਾਂ ਤੂੰ ਕੰਜ਼ਿਊਮਰ ਕੋਰਟ ਹੀ ਜਾਵੀਂ , ਫਿਰ ਸਾਡੇ ਨਾਲ ਗੱਲ ਕਰੀਂ। ਸਾਡਾ ਬਥੇਰਾ ਅਦਾਲਤਾਂ ਨਾਲ ਵਾਹ ਪੈਂਦਾ ਹੈ। ਮੈਂ ਅਜਿਹਾ ਵਤੀਰਾ ਵੇਖ ਕੇ ਸੋਚਿਆ...

ਕਿ ਲੋਕਾਂ ਨੇ ਇਹਨਾਂ ਦਾ ਨਾਂ ਸੁਭਾਅ ਅਨੁਸਾਰ ਠੀਕ ਹੀ ਰੱਖਿਆ ਹੈ , ਵਾਕਈ ਹੀ ਵੱਢ ਖਾਣੇ ਹਨ। ਮਨ ਬੇਚੈਨੀ ਵਿੱਚ ਸੋਚ ਰਿਹਾ ਸੀ ਕਿ ਇੱਕ ਤਾਂ ਕੋਰੋਨਾ ਨੇ ਜੀਣਾ ਦੁੱਭਰ ਕੀਤਾ ਹੈ ਤੇ ਉੱਤੋਂ ਕਿਸਾਨਾਂ ਨੂੰ ਸਰਕਾਰਾਂ ਨਵੇਂ ਖੇਤੀਬਾੜੀ ਐਕਟ ਪਾਸ ਕਰਕੇ ਧਰਨੇ ਲਾਉਣ ਲਈ ਮਜਬੂਰ ਕਰ ਰਹੀਆਂ ਹਨ ਤੇ ਰਹਿੰਦੀ – ਖੂੰਹਦੀ ਕਸਰ ਲੋਟੂ ਦੁਕਾਨਦਾਰ ਲੋਕਾਂ ਦੀ ਕਰ ਰਹੇ ਹਨ। ਮੈਂ ਆਪਣੇ ਰਿਸ਼ਤੇਦਾਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਹ ਕਹਿੰਦਾ ਮੈਂ ਗੱਲ ਕਰੂੰ ਦੁਕਾਨ ਵਾਲਿਆਂ ਨਾਲ। ਮੈਂ ਵੀ ਸਮਾਨ ਉਹਨਾਂ ਤੋਂ ਹੀ ਲੈਂਦਾ ਹਾਂ ਤੇ ਉਹਨਾਂ ਦੀ ਦੁਕਾਨ ਤੇ ਲੱਗਿਆ ਬੰਦਾ ਸਾਡੇ ਗੁਆਂਢ ਪਿੰਡ ਦਾ ਹੀ ਹੈ। ਅਗਲੇ ਦਿਨ ਉਹਨੇ ਦੁਕਾਨ ਤੇ ਉਸ ਬੰਦੇ ਤੇ ਬਾਬੂ ਨਾਲ ਗੱਲ ਕੀਤੀ ਤਾਂ ਉਹ ਅੱਗੋਂ ਕਹਿੰਦਾ ਕੰਪਨੀ ਵਾਲੇ ਮੋਟਰ ਸੜੀ ਦੀ ਗਰੰਟੀ ਨਹੀਂ ਦਿੰਦੇ। ਮੈਂ ਆਸੇ ਪਾਸੇ ਇੱਕ ਦੋ ਜਣਿਆਂ ਤੋਂ ਪਤਾ ਕਰ ਲਿਆ ਸੀ ਕਿ ਸੜੀ ਮੋਟਰ ਦੀ ਗਰੰਟੀ ਹੁੰਦੀ ਹੈ। ਫਿਰ ਮੈਂ ਮਨ ਵਿੱਚ ਸੋਚਿਆ ਕਿ ਜੇ ਉਹ ਆਪਣੇ ਆਪ ਨੂੰ ਵੱਢ ਖਾਣੇ ਅਖਵਾਉਂਦੇ ਹਨ ਤਾਂ ਆਪਾਂ ਕਿਹੜਾ ਘੱਟ ਹਾਂ। ਉੱਧਰੋਂ ਰਿਸਤੇਦਾਰ ਦਾ ਫੋਨ ਆ ਗਿਆ ਕਿ ਉਹ ਨਹੀਂ ਮੰਨਦੇ ਬਈ, ਨਾਲੇ ਕਹਿੰਦੇ ਸੀ ਕਿ ਤੂੰ ਉਹਨਾਂ ਨੂੰ ਕੰਜ਼ਿਊਮਰ ਕੋਰਟ ਦੀ ਧਮਕੀ ਦਿੱਤੀ ਸੀ। ਮੈਂ ਆਖਿਆ ਫਿਰ ਇਹਦਾ ਕੀ ਹੱਲ ਕਰੀਏ? ਉਹ ਕਹਿੰਦਾ ਕਿ ਇਹਦਾ ਬੱਸ ਇੱਕ ਹੱਲ ਕਿ ਤੂੰ ਕਿਸਾਨ ਯੂਨੀਅਨ ਵਾਲਿਆਂ ਨੂੰ ਲੈ ਜਾ ਦੁਕਾਨ ਤੇ ਆਪੇ ਹੱਲ ਹੋ ਜਾਊ ਤੇਰਾ। ਮੈਂ ਆਪਣੇ ਪਿੰਡ ਦੇ ਉਗਰਾਹਾਂ ਕਿਸਾਨ ਯੂਨੀਅਨ ਵਾਲਿਆਂ ਨੂੰ ਦੁਕਾਨ ਤੇ ਲੈ ਗਿਆ। ਅਸੀਂ ਗਿਣਤੀ ਵਿੱਚ ਅੱਠ ਕੁ ਜਾਣੇ ਸੀ ਤੇ ਸਾਡੇ ਕੋਲ ਕਿਸਾਨੀ ਝੰਡੇ ਸਨ। ਸਾਡੇ ਪਿੰਡ ਦੀ ਜੱਥੇਬੰਦੀ ਦੇ ਮੁਖੀ ਤੇ ਬਲਾਕ ਪ੍ਰਧਾਨ ਨੇ ਵੱਢ ਖਾਣੇ ਬਾਬੂ ਨੂੰ ਆਪਣੇ ਬਾਰੇ ਤੇ ਜੱਥੇਬੰਦੀ ਬਾਰੇ ਦੱਸ ਕੇ ਗੱਲ ਸ਼ੁਰੂ ਕੀਤੀ ਕਿ ਇਹ ਸਾਡਾ ਭਰਾ ਤੁਹਾਡੇ ਤੋਂ ਪੱਠਿਆਂ ਵਾਲੀ ਮੋਟਰ ਲੈ ਕੇ ਗਿਆ ਸੀ ਤੇ ਇਹ ਮੋਟਰ ਪੰਜ ਮਹੀਨਿਆਂ ਵਿੱਚ ਹੀ ਸੜ ਗਈ ਹੈ ਤੇ ਤੁਸੀਂ ਇਸਦੀ ਹੁਣ ਗਰੰਟੀ ਕਿਉਂ ਨਹੀਂ ਦਿੰਦੇ? ਇਕੱਠੇ ਹੋਏ ਬੰਦਿਆਂ ਤੇ ਝੰਡਿਆਂ ਨੂੰ ਵੇਖ ਦੌਰ ਭੌਰੇ ਹੋਏ ਬਾਬੂ ਨੇ ਕਿਹਾ ਕਿ ਕੱਲ੍ਹ ਇਹਨਾਂ ਬੰਦਾ ਭੇਜਿਆ ਸੀ ਤੇ ਅਸੀਂ ਦੱਸ ਦਿੱਤਾ ਸੀ ਕਿ ਇਸਦੀ ਕੰਪਨੀ ਕੋਈ ਗਰੰਟੀ ਨਹੀਂ ਦਿੰਦੀ। ਜਦੋਂ ਸਾਡੇ ਪ੍ਰਧਾਨ ਥੋੜ੍ਹੀ ਉੱਚੀ ਸੁਰ ਵਿੱਚ ਬੋਲਿਆ ਤਾਂ ਬਾਬੂ ਘਬਰਾਇਆ ਹੋਇਆ ਕਹਿੰਦਾ ਜੀ , ਤੁਸੀਂ ਹੁਕਮ ਕਰੋ ਕਿ ਸਾਡੇ ਲਾਇਕ ਕੀ ਹੁਕਮ ਹੈ? ਸਾਡਾ ਪ੍ਰਧਾਨ ਕਹਿੰਦਾ ਕਿ ਤੁਸੀਂ ਸਾਨੂੰ ਮੋਟਰ ਗਰੰਟੀ ਵਿੱਚ ਨਵੀਂ ਚਕਾਓ। ਬਾਬੂ ਨੇ ਕਾਹਲੀ ਵਿੱਚ ਆਪਣੇ ਕਰਿੰਦੇ ਨੂੰ ਕਿਹਾ ਕਿ ਬਾਈਆਂ ਨੂੰ ਇਸੇ ਨਾਲ ਦੀ ਨਵੀਂ ਮੋਟਰ ਦਿਓ ਜ਼ਲਦੀ। ਬਾਬੂ ਨੂੰ ਡਰ ਸੀ ਕਿ ਦੁਕਾਨ ਤੇ ਹੋਰ ਕਾਫੀ ਗਾਹਕ ਅੱਗੇ ਭੰਡੀ ਨਾ ਹੋ ਜਾਏ ਕਿਤੇ। ਅਸੀਂ ਨਵੀ ਮੋਟਰ ਚੈੱਕ ਕਰਾ ਕੇ ਪਿੰਡ ਵੱਲ ਨੂੰ ਚਾਲੇ ਪਾ ਦਿੱਤੇ। ਰਾਹ ਵਿੱਚ ਮੇਰੇ ਮਨ ਵਿੱਚ ਖਿਆਲ ਆ ਰਿਹਾ ਸੀ ਕਿ ਜੇ ਸਾਰੇ ਕਿਸਾਨ ਜੱਥੇਬੰਦੀਆਂ ਨਾਲ ਮਿਲਕੇ ਚੱਲਣ ਤਾਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਲੈਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਮੈਂਨੂੰ ਹੁਣ ਬਚਪਨ ਵਿੱਚ ਪੜੀ ‘ਏਕਤਾ ਵਿੱਚ ਬਲ ਹੈ’ ਵਾਲੀ ਕਹਾਣੀ ਵਾਰ-ਵਾਰ ਯਾਦ ਆ ਰਹੀ ਸੀ।

ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)