![](https://www.punjabidharti.com/wp-content/uploads/2020/05/stanka-kordic-paintings-4.png)
ਉਸਨੂੰ ਆਪਣੀ ਭੈਣ ਉੱਤੇ ਬੜੀ ਖਿਝ ਚੜ੍ਹਦੀ ਸੀ। ਸਾਰਾ ਦਿਨ ਉਹ ਚੀਕਾਂ ਮਾਰਦੀ, ਕਦੀ ਗੀਤ ਗਾਉਂਦੀ, ਕੱਪੜੇ ਪਾੜ ਲੈਂਦੀ। ਕੋਈ ਸੁਰਤੀ ਨਾ ਰਹਿੰਦੀ। ਕੱਚੇ ਕਮਰੇ ਵਿੱਚ ਉਸਦੇ ਸੌਣ ਲਈ ਇੱਕ ਬੋਰੀ ਵਿਛੀ ਹੋਈ ਸੀ, ਨਾਲ ਇੱਕ ਕੌਲੀ ਅਤੇ ਪਲੇਟ ਰੱਖੇ ਹੋਏ ਸਨ ਰੋਟੀ-ਟੁੱਕ ਖਾਣ ਲਈ। ਕਈ ਵਾਰੀ ਅੱਧੀ-ਅੱਧੀ ਰਾਤ ਨੂੰ ਉਸਦੀਆਂ ਚੀਕਾਂ ਸੁਣਦੀਆਂ ਸਨ। ਇੰਝ ਲੱਗਣਾ ਅਸਮਾਨ ਫਟ ਜਾਏਗਾ। ਉਸਨੇ ਰੋਣਾ, ਕੁਰਲਾਉਣਾ, ਤੜਪਣਾ….. ਪਤਾ ਨਹੀਂ ਕੀ ਮਹਿਸੂਸ ਕਰਦੀ ਸੀ ਉਹ? ਕੀ ਦਿਸਦਾ ਹੁੰਦਾ ਸੀ ਉਸਨੂੰ? ਕਿਹੜੀ ਬੀਮਾਰੀ ਜਾਂ ਸ਼ੈਅ ਉਸਦਾ ਪਿੱਛਾ ਨਹੀਂ ਸੀ ਛੱਡ ਰਹੀ।
ਇੱਕ ਦਿਨ ਉਹ ਬਿਨ੍ਹਾਂ ਕਿਸੇ ਨੂੰ ਦੱਸੇ-ਪੁੱਛੇ ਗਲੀਓਂ ਬਾਹਰ ਨਿਕਲ ਗਈ। ਨੱਚਦੀ-ਗਾਉਂਦੀ ਦੁਕਾਨਾਂ ਕੋਲ ਜਾ ਪਹੁੰਚੀ। ਮੁੰਡਿਆਂ ਨੇ ਦੋ-ਚਾਰ ਰੁਪਏ ਦੇ ਦਿੱਤੇ, ਗੀਤ ਸੁਣਾਉਣ ਨੂੰ ਕਿਹਾ। ਉਹ ਸਿੱਧਰੀ-ਪੱਧਰੀ ਵਿਚਾਰੀ ਗਾਉਂਦੀ ਰਹੀ, ਮੁੰਡੇ ਤਾੜੀਆਂ ਮਾਰ-ਮਾਰ ਹੱਸਦੇ ਰਹੇ।
ਉਹ ਵੀ ਕੀ ਕਰਦਾ?
ਕਿੰਨਾ ਕੁ ਜਰਦਾ?
ਜਵਾਨ ਕੁੜੀ ਅਜਿਹੀ ਹਾਲਤ ਵਿੱਚ ਸਾਂਭਣੀ ਸੌਖੀ ਨਹੀਂ ਸੀ।
ਕਈ ਵਾਰੀ ਰੋਂਦਾ, ਮੌਤ ਮੰਗਦਾ ਉਸਦੀ।
ਰੱਬਾ ਪਾ ਦੇ ਪਰਦਾ ਅਜਿਹੀ ਜ਼ਿੰਦਗੀ ਨਾਲੋਂ ਤਾਂ।
ਇੱਕ ਦਿਨ ਕੌੜਾ ਘੁੱਟ ਕਰ ਕੇ ਮੂੰਹ ਹਨ੍ਹੇਰੇ ਛੱਡ ਆਇਆ ਉਸਨੂੰ ਕਿੱਧਰੇ ਦੂਰ। ਪਿੰਡ ਵਾਲਿਆਂ ਨੂੰ ਸੂਹ ਨਾ ਲੱਗਣ ਦਿੱਤੀ ਕਿ ਕੀ ਕੀਤਾ? ਕੀ ਹੋਇਆ?
ਘਰ ਸੁੰਨਾ ਹੋ ਗਿਆ ਸੀ। ਬਿਲਕੁਲ ਖ਼ਾਮੋਸ਼।
ਘਰ ਵਿੱਚ ਬੱਸ ਦੋ ਹੀ ਤਾਂ ਜੀਅ ਸਨ, ਇੱਕ ਆਪ ਅਤੇ ਇੱਕ ਉਸਦੀ ਘਰਵਾਲੀ।
ਕਦੀ ਕਦੀ ਮਾੜੀ ਮੋਟੀ ਆਵਾਜ਼ ਸੁਣਦੀ ਉਸਦੇ...
ਕੱਲੇ ਬਹਿ ਕੇ ਰੋਣ ਦੀ। ਅਸੀਂ ਛੱਤ ਉੱਪਰ ਜਦੋਂ ਕਦੀ ਧੁੱਪ ਸੇਕਣ ਜਾਣਾ, ਕਦੀ-ਕਦੀ ਉਸਦੀ ਪਤਨੀ ਵੀ ਰੋਂਦੀ ਦਿਸਦੀ ਵਿਹੜੇ ਵਿੱਚ ਬੈਠੀ ਉਸਨੂੰ ਯਾਦ ਕਰਦੀ ਹੋਈ।
ਕਈ ਸਾਲਾਂ ਬਾਅਦ ਉਸਦੇ ਘਰ ਕੁੜੀ ਨੇ ਜਨਮ ਲਿਆ। ਉਹ ਕੁੜੀ ਵਿਚਾਰੀ ਉਸਦੀ ਭੈਣ ਵਾਂਗੂੰ ਹੀ ਸਿੱਧੀ-ਪੱਧਰੀ।
ਮਿਰਗੀ ਦੇ ਦੌਰੇ ਪੈਂਦੇ ਉਸਨੂੰ। ਤੜਪਦੀ, ਲਿਟਦੀ, ਮੂੰਹ ਵਿੱਚੋਂ ਝੱਗ ਨਿਕਲਦੀ। ਅੱਖਾਂ ਪੁੱਠੀਆਂ ਹੋ ਜਾਣੀਆਂ ਜਦ ਮਿਰਗੀ ਦਾ ਦੌਰਾ ਪੈਣਾ। ਉਸਨੇ ਵੀ ਮੰਜੇ ਦੇ ਪਾਵੇ ਨੂੰ ਫੜ੍ਹ-ਫੜ੍ਹ ਕੇ ਤੜਪਣਾ।
ਕੀ ਜੀਵਨ ਹੈ ਇਹ?
ਬੰਦਾ ਜਿਸ ਤੋਂ ਭੱਜਦਾ ਹੈ ਉਹੀ ਅੱਗੇ ਆਉਂਦਾ ਹੈ।
ਕਈ ਵਾਰੀ ਕਰਮਾਂ ਦਾ ਫਲ ਹੀ ਗਲ਼ ਦੀ ਹੱਡੀ ਬਣ ਜਾਂਦਾ ਹੈ। ਜੋ ਜ਼ਿੰਮੇਵਾਰੀ ਰੱਬ ਨੇ ਦਿੱਤੀ ਹੁੰਦੀ ਹੈ ਉਹ ਅੱਧ ਵਿਚਾਲੇ ਛੱਡ ਕੇ ਜਾਨ ਸੁਖਾਲ਼ੀ ਨਹੀਂ ਕੀਤੀ ਜਾ ਸਕਦੀ, ਪੂਰੀ ਕਰਨੀ ਹੀ ਪੈਣੀ ਹੈ। ਚਾਹੇ ਇੰਝ ਤੇ ਚਾਹੇ ਉਂਝ।
ਬੀਮਾਰ ਭੈਣ ਦੀ ਜ਼ਿੰਮੇਵਾਰੀ ਤੋਂ ਭੱਜਦਾ-ਭੱਜਦਾ ਉਹ ਸਾਰੀ ਉਮਰ ਆਪਣੀ ਹੀ ਕੁੜੀ ਦੇ ਇਸ ਰੋਗ ਨਾਲ ਜੂਝਦਾ ਰਿਹਾ।
ਕਹਿੰਦੇ ਨੇ ਅੱਜ ਵੀ ਕਈ ਵਾਰੀ ਉਸ ਘਰ ਵਿੱਚੋਂ ਚੀਕਾਂ ਸੁਣਦੀਆਂ ਨੇ। ਅੱਧੀ ਰਾਤ ਨੂੰ ਤਾਕੀ ਵਿੱਚੋਂ ਅੱਜ ਵੀ ਕਿਸੇ ਦੇ ਗਾਉਣ ਦੀ ਆਵਾਜ਼ ਸੁਣਦੀ ਹੈ।
ਸ਼ਹਿਬਾਜ਼ ਖ਼ਾਨ