More Punjabi Kahaniya  Posts
ਨਨਕਾਣਾ


ਸ੍ਰੀ ਅੰਮ੍ਰਿਤਸਰ ਨੌਕਰੀ ਦੌਰਾਨ ਕਿੰਨੀ ਵੇਰ ਗੋਰਿਆਂ ਨੂੰ ਲੈ ਕੇ ਬਾਡਰ ਗਿਆ ਹੋਵਾਂਗਾ..!
ਤੀਹ ਕੂ ਕਿਲੋਮੀਟਰ ਦੂਰ ਵਾਹਗਿਓਂ ਤਕਰੀਬਨ 22 ਕਿਲੋਮੀਟਰ ਦੂਰ ਡੇਹਰਾ ਸਾਬ ਵਾਲਾ ਲਾਹੌਰ ਤੇ ਲਾਹੌਰੋਂ ਤਕਰੀਬਨ104 ਕੂ ਕਿਲੋਮੀਟਰ ਦੀ ਦੂਰ ਨਨਕਾਣੇ ਦੀ ਪਵਿੱਤਰ ਧਰਤੀ..!
ਓਥੋਂ ਕੋਲ ਹੀ ਨਾਰੋਵਾਲ,ਸਿਆਲਕੋਟ,ਵਜੀਰਾਬਾਦ ਨਾਰੰਗ,ਮਹਿਤਾ ਸੂਜਾ,ਬੱਡੋ-ਮੱਲੀ,ਕੋਟ ਮੂਲ ਚੰਦ,ਗੁਰਾਇਆ,ਰਈਆ,ਚਵਿੰਡਾ..ਸਾਰੇ ਨਾਮ ਏਧਰ ਵੀ ਨੇ ਅਤੇ ਜਿਹਨਾਂ ਦਾ ਜਾਪੁ ਕਰਦੇ ਸਾਡੇ ਵੱਡੇ ਵਡੇਰੇ ਜਹਾਨੋਂ ਕੂਚ ਕਰ ਗਏ!
ਇਥੋਂ ਲੁਧਿਆਣਾਂ ਦੂਰ ਤੇ ਨਨਕਾਣਾ ਨੇੜੇ..ਲੈ ਦੇ ਕੇ ਸਿਰਫ ਡੇਢ ਕੂ ਸੌ ਕਿਲੋਮੀਟਰ ਦਾ ਹੀ ਹੇਰ-ਫੇਰ ਪਰ ਰਾਜਨੈਤਿਕ ਅਤੇ ਮਿਲਟਰੀ ਤਾਣੇ ਬਾਣੇ ਵਿਚ ਉਲਝਿਆ ਹੋਇਆ ਚੰਨ ਤੋਂ ਵੀ ਪਰੇ ਤੱਕ ਦਾ ਬਣਾ ਦਿੱਤਾ ਗਿਆ ਸਫ਼ਰ!
ਲਹਿੰਦੇ ਪਾਸੇ ਵਾਲੇ ਦੇ ਲੋਕ ਜਦੋਂ ਏਧਰ ਆਉਂਦੇ ਤਾਂ ਨਨਕਾਣੇ ਦੀਆਂ ਅਕਸਰ ਹੀ ਕਹਾਣੀਆਂ ਛੋਹ ਲੈਂਦੇ ਤੇ ਜੇ ਨਾ ਵੀ ਛੋਂਹਦੇ ਤਾਂ ਮੈਂ ਆਪ ਹੀ ਪੁੱਛ ਲੈਂਦਾ!
ਨਾਰੋਵਾਲ ਤੋਂ ਇੱਕ ਖੰਡ ਦਾ ਵਪਾਰੀ ਚੌਧਰੀ ਸਾਬ ਕਰਕੇ..ਗ੍ਰੀਨ ਐਵੀਨਿਊ ਕੱਕੜ ਹਸਪਤਾਲ ਵਿਚ ਕਿਡਨੀਆਂ ਦਾ ਇਲਾਜ ਚੱਲਦਾ ਸੀ..ਦੱਸਦਾ ਕਰਤਾਰਪੁਰ ਦੀ ਆਬੋ ਹਵਾ ਚ ਅਜੇ ਵੀ ਬਾਬੇ ਨਾਨਕ ਦੀ ਖੁਸ਼ਬੂ ਵੱਸੀ ਹੋਈ ਹੈ..ਸਾਉਣ-ਭਾਦਰੋਂ ਦੇ ਚੁਮਾਸਿਆਂ ਵਿਚ ਸੰਘਣੇ ਬੋਹੜਾਂ ਦੀਆਂ ਛਾਂਵਾਂ ਹੇਠ ਬੈਠਿਆਂ ਅਜੇ ਵੀ ਬਾਬੇ ਨਾਨਕ ਤੇ ਮਰਦਾਨੇ ਦੀ ਰਬਾਬ ਸਾਫ ਸਾਫ ਸੁਣਦੀ ਹੈ!
ਕਣ-ਕਣ ਵਿਚ ਬਾਬੇ ਨਾਨਕ ਦੀ ਰੂਹ ਦਾ ਵਾਸਾ ਹੈ!
ਰਾਹ ਪਹੇ ਭਾਵੇਂ ਕੱਚੇ ਨੇ ਪਰ ਧਰਤ ਹੇਠ ਪਾਣੀ ਅਜੇ ਚੜ੍ਹਦੇ ਪਾਸੇ ਵਾਲੇ ਪੰਜਾਬ ਵਾਂਙ ਜਹਿਰ ਨਹੀਂ ਹੋਏ!
ਕਾਲਜੇ ਠੰਡ ਪਾਉਂਦੇ ਪਾਣੀਆਂ ਵਿਚ ਬਾਬੇ ਨਾਨਕ ਦੀ ਬਾਣੀ ਦਾ ਰਸ ਮਿਲਿਆ ਹੋਇਆ ਹੈ..ਸ਼ੱਕਰ ਪਾਉਣ ਦੀ ਲੋੜ ਹੀ ਨਹੀਂ..ਛੱਪੜ ਟੋਭੇ ਕੱਸੀਆਂ ਨਹਿਰਾਂ ਅਜੇ ਵੀ ਓਸੇ ਪੂਰਾਣੇ ਰੂਪ ਵਿਚ!
ਮੈਂ ਖਿਆਲਾਂ ਖਿਆਲਾਂ ਵਿਚ ਹੀ ਨਨਕਾਣੇ ਦੀ ਜੂਹ ਵਿਚ ਪਹੁੰਚ ਜਾਇਆ ਕਰਦਾ!
ਲੋਹਾ ਗਰਮ ਦੇਖ ਸੱਟ ਕੱਢ ਮਾਰਦਾ..ਨਿਕੰਮਿਆਂ ਤੂੰ ਅਜੇ ਤੱਕ ਓਧਰ ਗਿਆ ਹੀ ਨਹੀਂ..ਸਾਡੇ ਤਾਂ ਨਵੇਂ ਜੰਮਿਆਂ ਨੂੰ ਮਾਵਾਂ ਅਕਸਰ ਹੀ ਨਾਨਕ ਪੀਰ ਦੇ ਜਨਮ ਅਸਥਾਨ ਤੇ ਸਿਜਦਾ ਕਰਨ ਲੈ ਆਉਂਦੀਆਂ ਹਨ!
ਪ੍ਰੋ.ਹਰਪਾਲ ਸਿੰਘ ਪੰਨੂੰ ਲਿਖਦੇ ਸੰਨ ਬਾਨਵੇਂ ਵਿਚ ਹਸਨ ਅਬਦਾਲ ਤੋਂ ਵਾਪਿਸ ਆਉਂਦੇ ਹੋਏ ਇਸਲਾਮਾਬਾਦ ਅੱਠ ਲੈਣਾ ਵਾਲੀ ਤੇਜ ਟਰੈਫਿਕ ਸੜਕ ਪਾਰ ਕਰਨ ਕਿੰਨੀ ਦੇਰ ਤੋਂ ਕੰਢੇ ਤੇ ਖਲੋਤੇ ਸਾਂ!
ਸਿਪਾਹੀ ਆਇਆ..ਆਖਣ ਲੱਗਾ ਸਰਦਾਰੋ ਧੰਨ ਭਾਗ..ਤੁਹਾਡੇ ਦਰਸ਼ਨ ਹੋਏ..ਕੋਲ ਕੋਈ ਦੁਕਾਨ ਤੇ ਹੈ ਨਹੀਂ ਠੰਡਾ ਜਰੂਰ ਪਿਆਉਂਦਾ..ਪਰ ਹੁਣ ਮੈਂ ਇਸ਼ਾਰੇ ਨਾਲ ਸਾਰੀ ਟਰੈਫਿਕ ਰੋਕਦਾ ਹਾਂ ਤੇ ਤੁਸੀਂ ਸੜਕ ਪਾਰ ਕਰਨੀ ਏ..ਪਰ ਖਿਆਲ ਰਖਿਓ ਕਾਹਲੀ ਨਾਲ ਦੌੜਨਾ ਨਹੀਂ..ਹੌਲੀ ਹੌਲੀ ਇੰਝ ਤੁਰਨਾ ਜਿੱਦਾਂ ਜੰਗਲ ਦਾ ਸ਼ੇਰ ਤੁਰਦਾ..!
ਅਸ਼ ਅਸ਼ ਕਰ ਉੱਠੇ..ਇਹ ਸੀ ਬਾਬੇ ਨਾਨਕ ਦੀ ਕਮਾਈ..ਜਿਸਦਾ ਵਿਆਜ ਅਜੇ ਵੀ ਖਾਈ ਜਾਂਦੇ ਹਾਂ..!
ਟੀ.ਵੀ ਕਲਾਕਾਰ ਸਮੀਨਾ ਪੀਰਜ਼ਾਦਾ ਤੇ ਉਸਦਾ ਖਾਵੰਦ ਓਸਮਾਨ ਪੀਰਜ਼ਾਦਾ ਜਦੋਂ ਡਾਕਟਰ ਸੰਧੂ ਦੀ...

ਅੱਜੋਕਾ ਸੰਸਥਾ ਦੇ ਫ਼ੰਕਸ਼ਨ ਲਈ ਅਮ੍ਰਿਤਸਰ ਆਉਂਦੇ ਤਾਂ ਨਨਕਾਣੇ ਦੀ ਗੱਲ ਜਰੂਰ ਕਰਦੇ!
ਆਰੀਫਾ ਸਦੀਕੀ ਅਤੇ ਰੇਸ਼ਮਾ ਅਤੇ ਨਾਦਿਰਾ ਤੇ ਜੂਹੀ ਬੱਬਰ ਨਾਲ ਦੋ ਵਾਰ ਮੁਲਾਕਾਤ ਹੋਈ ਤਾਂ ਓਹਨਾ ਵੀ ਨਨਕਾਣੇ ਦੀ ਗੱਲ ਦੱਸ ਜਜਬਾਤੀ ਕਰ ਛਡਿਆ!
ਬੋਲੀਵੁਡ ਵਾਲੇ ਰਜਾ ਮੁਰਾਦ ਹੋਵੇ ਤੇ ਜਾ ਫੇਰ ਗੁਰਦਾਸਪੁਰ ਵਾਲਾ ਦੇਵ ਆਨੰਦ ਤੇ ਜਾਂ ਫੇਰ ਵਿੰਨੀਪੈਗ ਆਇਆ ਆਰਿਫ਼ ਲੋਹਾਰ..ਕਦੀ ਵੀ ਨਨਕਾਣੇ ਦੀ ਗੱਲ ਕਰਨੀ ਨਾ ਭੁਲਦੇ!
ਜਰਖੇਜ ਮੰਨੀ ਜਾਂਦੀ ਧਰਤੀ ਦੁਨੀਆ ਦੀ ਸਭ ਤੋਂ ਵਧੀਆ ਨਸਲ ਦੀ ਕਪਾਹ ਕਣਕ ਤੇ ਕਮਾਦ ਸ਼ਾਇਦ ਇਸੇ ਧਰਤ ਦਾ ਹੀ ਸ਼ਿੰਗਾਰ ਬਣਨੀ ਸੀ!
ਡੇਰਾ ਬਾਬਾ ਨਾਨਕ ਤੋਂ ਦਿਸਦੇ ਸ੍ਰੀ ਕਰਤਾਰਪੁਰ ਦੀ ਧਰਤ ਤੇ ਸਤਾਰਾਂ ਸਾਲ ਸੱਤ ਮਹੀਨੇ ਦੱਬ ਕੇ ਮੁੜਕਾ ਵਹਾਇਆ ਤੇ ਹੱਥੀਂ ਕਿਰਤ ਕਰਨ ਸੁਨਹਿਰੀ ਸੰਦੇਸ਼ ਦਿੱਤਾ!
ਪਰ ਮਾੜੀ ਕਿਸਮਤ ਨੂੰ ਹੱਥੀਂ ਕਿਰਤ ਕਰਨ ਵਾਲੀ ਭਾਵਨਾ ਪਸ਼ੂ ਚਾਰਦੇ ਹੋਏ ਦੀ ਸਿਰ ਤੇ ਛਾਂ ਕਰਦੇ ਫਨੀਅਰ ਸੱਪ ਨੇ ਆਪਣੇ ਫਨ ਹੇਠ ਢੱਕ ਲਈ ਤੇ ਸ਼ੋਭਾ ਸਿੰਘ ਵਾਲਾ ਬਾਬੇ ਨਾਨਕ ਦਾ ਮਨੋਕਲਪਿਤ ਚਿੱਤਰ ਹਰੇਕ ਦੇ ਦਿੱਲਾਂ ਵਿਚ ਵਸਾ ਦਿੱਤਾ ਗਿਆ!
ਜੇ ਬੇਬੇ ਨਾਨਕੀ ਦੇ ਵੀਰ ਦੇ ਦਰਸ਼ਨ ਕਰਨੇ ਨੇ ਤਾਂ ਸਾਉਣ ਭਾਦਰੋਂ ਦੇ ਚੁਮਾਸਿਆਂ ਵਿਚ ਝੋਨੇ ਦੀ ਫਸਲ ਵਿਚ ਨਦੀਨ ਕੱਢਦਾ ਮੁੜਕੇ ਨਾਲ ਗੜੁੱਚ ਕੋਈ ਵੀ ਪਤਲਾ ਜਿਹਾ ਮੇਹਨਤੀ ਕਾਮਾਂ ਦੇਖ ਲਿਆ ਕਰੋ..ਏਦਾਂ ਦਾ ਹੀ ਦਿਸਦਾ ਹੋਵੇਗਾ ਪੈਦਲ ਚਾਰ ਉਦਾਸੀਆਂ ਵਿਚ ਤੀਹ ਹਜਾਰ ਕਿਲੋਮੀਟਰ ਦਾ ਸਫ਼ਰ ਤਹਿ ਕਰਨ ਵਾਲਾ ਬਾਬਾ ਨਾਨਕ!
ਖੈਰ ਛੱਡੋ ਗੱਲ ਕਿਧਰੋਂ ਤੁਰੀ ਤੇ ਕਿੱਧਰ ਨੂੰ ਤੁਰ ਪਈ..ਤੇ ਜਦੋਂ ਪਾਕਿਸਤਾਨੋਂ ਲੋਕ ਆਪਣੇ ਵਤਨ ਨੂੰ ਮੁੜਨ ਲੱਗਦੇ ਤਾਂ ਨਾਨੀ ਦੁਆਰਾ ਅੱਧੀ ਰਾਤ ਨੂੰ ਤਾਰਿਆਂ ਦੀ ਛਾਂ ਹੇਠ ਕੋਠੇ ਤੇ ਲੰਮੇ ਪਿਆ ਬਾਬੇ ਨਾਨਕ ਨੂੰ ਯਾਦ ਕਰ ਲਾਈ ਜਾਂਦੀ ਧਾਰਨਾ ਚੇਤੇ ਆ ਜਾਂਦੀ ਤੇ ਜਜਬਾਤਾਂ ਦਾ ਹੜ ਵਗ ਤੁਰਦਾ..ਸੂਰਤ ਸਾਨੂੰ ਨਿੱਕੇ ਨਿੱਕਿਆਂ ਨੂੰ ਵੀ ਸਿੱਧਾ ਨਨਕਾਣੇ ਨਾਲ ਜੋੜ ਦਿਆ ਕਰਦੀ..ਰਾਤੀ ਸੁਫ਼ਨੇ ਵੀ ਨਨਕਾਣੇ ਦੇ ਆਉਣੇ!”ਨਨਕਾਣੇ ਵੱਲ ਨੂੰ ਜਾਂਦਿਆ ਰਾਹੀਆ ਵੇ…ਮੇਰੇ ਪ੍ਰੀਤਮ ਨੂੰ ਸੰਦੇਸ਼ਾ ਦੇਵੀਂ ਜਾਈਂ”!
ਅਟਾਰੀ ਟੇਸ਼ਨ ਤੇ ਨੌਕਰੀ ਕਰਦੇ ਮੇਰੇ ਬਾਪ ਨੂੰ ਜਦੋਂ ਇੱਕ ਪਾਕਿਸਤਾਨੀ ਇੰਜਣ ਡਰਾਈਵਰ ਨੇ ਪੁੱਛਿਆ ਸਰਦਾਰ ਜੀ ਦੱਸ ਪਾਕਿਸਤਾਨੋਂ ਕੀ ਲੈ ਕੇ ਆਵਾਂ ਤਾਂ ਅੱਗਿਓਂ ਰੋ ਪਿਆ..ਅਖ਼ੇ ਨਨਕਾਣੇ ਦੀ ਮਿੱਟੀ ਦੀ ਇੱਕ ਬੁੱਕ ਲਿਆ ਦੇਵੀਂ..!
ਉਹ ਤਾਂ ਤਰਸਦਾ ਚਲਾ ਗਿਆ ਪਰ ਮੈਂ ਜਰੂਰ ਜਾਊਂ ਮਰਨ ਤੋਂ ਪਹਿਲਾਂ..ਜਿੰਨੀ ਵਾਰ ਵੀ ਜਾ ਸਕਿਆ ਕਿਓੰਕੇ ਸਾਡਾ ਤੇ ਏਹੀ ਮੱਕਾ ਹੈ ਤੇ ਇਥੋਂ ਪਰੇ ਉਜਾੜ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)