ਚਾਹ
ਓਏ ਗਰੀਬੋ , ਤੁਸੀਂ ਚਾਹ ਬਹੁਤ ਪੀਂਦੇ ਹੋ !! ਆਹ , ਦਰਸ਼ਨ ਕੇ ਤਾਂ ਇੱਕ ਕਿੱਲਾ ਝੋਨੇ ਦਾ ਲਾ ਕੇ ਸਾਨੂੰ ਜਵਾਬ ਦੇ ਗਏ , ਕਹਿੰਦੇ ਤੁਸੀਂ ਦੋ ਵਾਰ ਚਾਹ ਨੀ ਦਿੰਦੇ । ਰੱਜੇ – ਪੁੱਜੇ ਜ਼ਿਮੀਂਦਾਰ ਸ਼ਮਿੰਦਰ ਬਰਾੜ ਨੇ ਮੁੱਛਾਂ ਨੂੰ ਵੱਟ ਜਿਹਾ ਦੇ ਕੇ ਬੀ. ਏ ਦੀ ਪੜ੍ਹਾਈ ਕਰ ਰਹੇ ਨੌਜਵਾਨ ਮੁੰਡੇ ਛਿੰਦੇ ਨੂੰ ਕਿਹਾ , ਜੋ ਉਸਦੇ ਖੇਤ ਆਪਣੇ ਛੋਟੇ ਭਰਾਵਾਂ ਨਾਲ ਝੋਨਾ ਲਾਉਣ ਆਇਆ ਸੀ ।
ਕੀ ਦੱਸੀਏ , ਬਰਾੜ ਸਾਹਿਬ , ਚਾਹ ਸਾਡੇ ਸਰੀਰ ‘ ਚ ਹੀ ਨਹੀਂ , ਜ਼ਿਹਨ ‘ ਚ ਵਸੀ ਪਈ ਐ , ਇਹੀ ਸਾਡੇ ਦੁੱਖ – ਸੁੱਖ ਦੀ ਸਾਥਣ ਹੈ । ਬੱਚਿਆਂ ਦਾ ਮਨ ਪਰਚਾਉਣ ਲਈ ਮਾਂ- ਬਾਪ ਕੁਲਫੀਆਂ, ਖਿਡੌਣੇ, ਆਈਸਕ੍ਰੀਮਾਂ ਜਾਂ ਹੋਰ ਚੀਜ਼ਾਂ ਲੈ ਕੇ ਦਿੰਦਾ ਹੈ ।
ਸਾਡੇ ਖਿਡੌਣੇ ਤਾਂ ਬਣਦੇ ਨੇ ਤੁਹਾਡੇ ਖੇਤਾਂ ਦੀਆਂ ਮੁੱਢੀਆਂ ਤੇ ਇੱਟਾਂ – ਰੋੜੇ ਤੇ ਜਾਂ ਕਦੇ- ਕਦੇ ਖੇਤਾਂ ਵਿੱਚੋਂ ਲੱਭਿਆ ਕੋਈ ਕਿੱਲ ਤੇ ਲੋਹਾ ਪੱਤਰੀ , ਸਾਡੇ ਤਾਂ ਇਹੀ ਟੈਂਡੀ ਬੀਅਰ ਨੇ ।
ਇੱਕ ਮਿੰਟ – ਇੱਕ ਮਿੰਟ ਬਰਾੜ ਸਾਹਿਬ ਨੇ ਰੋਕਦੇ ਹੋਏ ਨੇ ਕਿਹਾ , ਪਾਣੀ ਟੁੱਟ ਗਿਆ, ਉਏ ਸੀਰੇ ।
ਆਪਣੇ ਸੀਰੀ ਨੂੰ ਅਵਾਜ਼ ਦੇਣ ਤੋਂ ਬਾਅਦ ਉਸਨੇ ਕਿਹਾ ਹਾਂ ਹੁਣ ਦੱਸ , ਗੱਲਾਂ ਤੇਰੀਆਂ ਠੀਕ ਨੇ ਯਾਰ , ਉਸਨੇ ਵੱਟ ਤੇ ਠੀਕ ਹੋ ਕੇ ਬੈਠਦਿਆਂ ਕਿਹਾ ।
ਹਾਂ, ਜੀ , ਛਿੰਦੇ ਨੇ ਪਨੀਰੀ ਦੀਆਂ ਗੁੱਟੀਆਂ ਵੱਟ ਤੇ ਰੱਖਦੇ ਹੋਏ ਨੇ ਕਿਹਾ , ਬਰਾੜ ਸਾਹਿਬ , ਗਰੀਬਾਂ ਦੇ ਜੁਆਕ ਬੜੇ ਚਾਅ ਨਾਲ ਪਸ਼ੂ ਪਾਲਦੇ ਨੇ ਤਾਂ ਕਿ ਦੁੱਧ ਪੀਣ , ਦਹੀਂ ਖਾਣ , ਘਿਓ ਖਾਣ ।
ਸਾਰਾ ਸਾਲ ਸਾਡਾ ਮਾਂ – ਪਿਓ ਲਾਲਚ ਦਿੰਦਾ ਕਿ ਆਪਣੀ ਮੱਝ ਸੂਣ ਵਾਲੀ ਹੈ , ਇਹਦਾ ਸਾਰਾ ਦੁੱਧ ਤੁਸੀਂ ਹੀ ਪੀਣਾ ਤੇ ਜਦੋਂ ( ਛਿੰਦਾ ਥੋੜ੍ਹਾ ਚੁੱਪ ਹੋ ਜਾਂਦਾ ਹੈ )
ਬਰਾੜ ਹੈਰਾਨੀ ਜਿਹੀ ਨਾਲ ਦੇਖਦਾ ਹੈ , ਮੱਥੇ ਤੇ ਆਏ ਹੋਏ ਪਸੀਨੇ ਨੂੰ ਪੂੰਝ ਕੇ ਛਿੰਦਾ ਅੱਗੋਂ ਬੋਲਦਾ ਹੈ , ਮੱਝ ਸੂ ਪੈਂਦੀ ਹੈ ।
ਅਸੀਂ ਦੋ ਦਿਨ ਬੜੇ ਚਾਅ ਨਾਲ ਬਹੁਲੀ ਪੀਂਦੇ ਹਾਂ ,ਰੱਜ- ਰੱਜ ਕੇ ਪਰ ਤੀਜੇ ਦਿਨ ਮੱਝ ਦਾ ਗਾਹਕ ਆ ਜਾਂਦਾ ਹੈ । ਅਸੀਂ ਉਦਾਸ ਹੋ ਜਾਂਦੇ ਹਾਂ ਤੇ ਮਾਪੇ ਕਈ ਮਜਬੂਰੀਆਂ ਦੱਸ ਕੇ ਸਾਨੂੰ ਸਮਝਾ ਲੈਂਦੇ ਹਨ ਤੇ ਫੇਰ ਕਹਿੰਦੇ ਨੇ ਆਹ ਕੱਟੀ ਨੀ ਵੇਚਦੇ ਆਪਾਂ ਤੇ ਬਹੁਲੀ ਨਾਲ ਭਰੇ ਸਾਡੇ ਕੌਲੇ ਚਾਹ ਨਾਲ ਭਰ ਜਾਂਦੇ ਨੇ , ਦੁੱਧ ਤੇ ਬਹੁਲੀ ਦਾ ਵਿਛੋੜਾ ਇਹ ਚਾਹ ਭੁਲਾ ਦਿੰਦੀ ਐ , ਬੱਸ...
ਬਚਪਨ ਤੋਂ ਹੀ ਇਹ ਸਾਡਾ ਆਸਰਾ ਬਣ ਜਾਂਦੀ ਏ , ਬਰਾੜ ਸਾਹਿਬ ।।
ਤੇ ਸ਼ੁਕਰ ਹੈ ਜੀ , ਗਰੀਬ ਚਾਹ ਹੀ ਪੀਂਦੇ ਨੇ ਖ਼ੂਨ ਤਾਂ ਨਹੀਂ ,ਵੇਖ ਲਵੋ ਕਿੰਨੇ ਮਲਿਕ ਭਾਗੋ ਫਿਰਦੇ ਨੇ । ਤੁਸੀਂ ਇੰਨਾਂ ਨੂੰ ਚਾਹ – ਪਾਣੀ ਦੀ ਕਸਰ ਨਹੀਂ ਰਹਿਣ ਦੇਵੋਂਗੇ ਤਾਂ ਇਹ ਹੋਰ ਹੌਸਲੇ ਨਾਲ ਤੁਹਾਡੇ ਖੇਤਾਂ ਵਿੱਚ ਕੰਮ ਕਰਨਗੇ ਤੇ ਹੋ ਸਕਦਾ ਜਦੋਂ ਤੁਸੀਂ ਸਾਂਝ ਵਧਾਉਗੇ ਤਾਂ ਇਹ ਆਪ ਹੀ ਕਹਿ ਦੇਣਗੇ ਚੱਲ ਯਾਰ ਦੋ ਸੌ ਕਿੱਲੇ ਮਗਰ ਘੱਟ ਦੇ ਦਿਓ ਰੇਟ , ਤੂੰ ਸਾਡੇ ਨਾਲ ਚਾਹ ਪਾਣੀ ਦਾ ਫ਼ਰਕ ਨੀ ਕੀਤਾ ।
ਬਰਾੜ ਸਾਹਿਬ ਨੇ ਘੜੀ ਵੱਲ ਦੇਖ ਕੇ ਆਪਣੇ ਸੀਰੀ ਨੂੰ ਅਵਾਜ਼ ਮਾਰੀ ਤੇ ਕਿਹਾ ਇਨ੍ਹਾਂ ਮੁੰਡਿਆਂ ਨੂੰ ਜਦੋਂ ਇਹ ਕਹਿਣ ਤੇ ਜਿੰਨੇ ਵਾਰੀ ਕਹਿਣ ਚਾਹ ਲਿਆ ਦਿਆ ਕਰੀਂ ।
ਚੰਗਾ ਜਵਾਨਾਂ ਮੈਂ ਮੁਕਤਸਰ ਜਾਣਾ ਐ , ਤੇਰੀਆਂ ਗੱਲਾਂ ਬਹੁਤ ਵਧੀਆ ਲੱਗੀਆਂ , ਜਿਉਂਦਾ ਰਹਿ । ਆਥਣੇ ਮਿਲਦੇ ਹਾਂ , ਪੈਸਿਆਂ ਦੀ ਲੋੜ ਹੋਈ ਤਾਂ ਘਰੋਂ ਲੈ ਜਾਓ ਜੇ ।
ਠੀਕ ਹੈ , ਜੀ , ਕਹਿ ਕੇ ਛਿੰਦਾ ਮੋਟਰ ਤੋਂ ਪਾਣੀ ਪੀਣ ਜਾਂਦਾ ਹੈ ਤੇ ਚਿੱਬੜਾਂਵਾਲੀ ਦੇ ਰਾਹ ਵੱਲ ਦੇਖਦਾ ਹੈ ਕਿਉਂਕਿ ਅੱਜ ਬਿਮਾਰੀ ਨਾਲ ਜੂਝ ਰਹੀ ਮਾਂ ਸੁਖਜੀਤ ਕੌਰ ਨੇ ਰੋਟੀ ਲੈ ਕੇ ਆਉਣੀ ਹੈ ।
ਭਾਵੇਂ ਡਾਕਟਰਾਂ ਨੇ ਕਿਹਾ ਕੋਈ ਖੇਚਲ ਦਾ ਕੰਮ ਨਹੀਂ ਕਰਨਾ ਪਰ ਮਾਂ ਨੇ ਕਿਹਾ ਕੋਈ ਨੀ ਪੁੱਤ ਐ ਨੀ ਮਰਦੀ ਮੈਂ , ਔਖੀ- ਸੌਖੀ ਰੋਟੀ ਲੈ ਆਇਆ ਕਰੂੰਗੀ ।
ਮਾਂ ਕਿਤੇ ਵੀ ਦਿਸ ਨਹੀਂ ਰਹੀ ਸੀ ਤੇ ਭੁੱਖ ਵੀ ਕਾਫ਼ੀ ਲੱਗ ਗਈ ਸੀ ਸੋ ਇੱਥੇ ਚਾਹ ਨੇ ਹੀ ਸਾਥ ਦੇਣਾ ਸੀ । ਸੋ ਛਿੰਦਾ ਆਪ ਹੀ ਬਰਾੜ ਦੀ ਢਾਣੀ ਤੋਂ ਚਾਹ ਲੈਣ ਤੁਰ ਪੈਂਦਾ ਹੈ ਪਰ ਅੱਗੇ ਬੇਬੇ ਵੀਰਾਂ ਪਹਿਲੀਆਂ ‘ ਚ ਹੀ ਚਾਹ ਦੀ ਗੜਵੀ ਖੇਤ ਵੱਲ ਲਿਆ ਰਹੀ ਸੀ ।
ਚਾਹ ਦੀ ਗੜਵੀ ਫੜ੍ਹ ਕੇ ਛਿੰਦਾ ਸੋਚਦਾ ਹੈ ਕਿ ਕਿਸਾਨ ਤੇ ਮਜ਼ਦੂਰ ਇੱਕ ਹੀ ਹਨ ਐਵੇਂ ਕਿਤੇ- ਕਿਤੇ ਗੁਰੂ ਘਰਾਂ ਚੋਂ ਹੋਕੇ ਦਿਵਾ ਦਿੰਦੇ ਨੇ ਤੇ ਮਤਾ ਪਾ ਦਿੰਦੇ ਨੇ ਇੱਕ ਦੂਜੇ ਵਿਰੁੱਧ ।
ਬਾਟੀ ਵਿੱਚ ਪਾਈ ਹੋਈ ਚਾਹ ਉਸਨੂੰ ਬੱਲ੍ਹੀ ਮੱਝ ਦੀ ਬਹੁਲੀ ਵਾਂਗ ਲੱਗ ਰਹੀ ਸੀ ਜਿਹੜੀ ਮੱਝ ਉਨ੍ਹਾਂ ਨੂੰ ਮਾਂ ਦੇ ਇਲਾਜ ਲਈ ਨਾ ਚਾਹੁੰਦੇ ਹੋਏ ਵੀ ਵੇਚਣੀ ਪਈ ਸੀ ।
( ਸੁਖਜਿੰਦਰ ਸਿੰਘ ਭੰਗਚੜੀ )