More Punjabi Kahaniya  Posts
ਜੱਗ ਜੰਕਸ਼ਨ ਰੇਲਾਂ ਦਾ


ਦੱਸਦੇ ਇੱਕ ਵਾਰ ਰਾਸ਼ਟਰਪਤੀ ਲਿੰਕਨ ਅਮਰੀਕੀ ਸੰਸਦ ਵਿਚ ਭਾਸ਼ਣ ਦੇ ਰਿਹਾ ਸੀ..

ਪਿੱਛੇ ਬੈਠੇ ਸੰਸਦ ਮੈਂਬਰ ਸਾਰਾ ਕੁਝ ਸਾਫ ਸਾਫ ਸੁਣ ਸਕਣ ਇਸ ਲਈ ਵਾਜ ਆਮ ਨਾਲੋਂ ਥੋੜੀ ਉਚੀ ਸੀ..!
ਅਗਲੀ ਕਤਾਰ ਵਿਚ ਬੈਠਾ ਗੋਰਾ ਸਾਂਸਦ ਅਚਾਨਕ ਉੱਠ ਖਲੋਤਾ ਤੇ ਉਸ ਵੱਲ ਉਂਗਲ ਕਰ ਆਖਣ ਲੱਗਾ ਕੇ ਮਿਸਟਰ ਆਪਣੀ ਅਵਾਜ ਥੋੜੀ ਨੀਵੀਂ ਰੱਖ..
ਤੈਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕੇ ਤੇਰਾ ਬਾਪ ਜੁੱਤੀਆਂ ਗੰਢਦਾ ਹੁੰਦਾ ਸੀ..!
ਸਾਰੇ ਪਾਸੇ ਸੰਨਾਟਾ ਪਸਰ ਗਿਆ ਪਰ ਲਿੰਕਨ ਨੇ ਹੋਸ਼ੋ-ਹਵਾਸ ਕਾਇਮ ਰੱਖਦੇ ਹੋਏ ਪੁੱਛਿਆ ਕੇ ਸ਼੍ਰੀਮਾਨ ਇਕ ਗੱਲ ਤਾਂ ਦੱਸਿਓਂ ਕੇ ਕਦੀ ਜੁੱਤੀਆਂ ਗੰਢਦਿਆਂ ਮੇਰੇ ਬਾਪ ਕੋਲੋਂ ਕੋਈ ਗਲਤੀ ਤੇ ਨਹੀਂ ਹੋਈ?
ਇਸ ਵੇਲੇ ਤੱਕ ਗੋਰੇ ਨੂੰ ਸ਼ਾਇਦ ਆਪਣੀ ਗਲਤੀ ਦਾ ਇਹਸਾਸ ਹੋ ਚੁਕਾ ਸੀ..ਆਖਣ ਲੱਗਾ ਮੈਨੂੰ ਮੁਆਫ ਕਰੀ ਦੋਸਤ..ਤੇਰਾ ਬਾਪ ਵਾਕਿਆ ਹੀ ਇੱਕ ਬੜਾ ਵਧੀਆ ਮੋਚੀ ਸੀ ਉਹ ਭਲਾ ਗਲਤੀ ਕਿਦਾਂ ਕਰ ਸਕਦਾ ਏ”
“ਮੇਰਾ ਬਾਪ ਵਾਕਿਆ ਹੀ ਇੱਕ ਵਧੀਆ ਮੋਚੀ ਸੀ ਸ਼ਾਇਦ ਇਸੇ ਕਰਕੇ ਹੀ ਮੈਂ ਹੁਣ ਏਨੀ ਉਚੀ ਅਵਾਜ ਵਿਚ ਬੋਲ ਸਕਣ ਦੇ ਕਾਬਿਲ ਹਾਂ ਸ਼੍ਰੀਮਾਨ..”

ਏਨੀ ਗੱਲ ਆਖ ਲਿੰਕਨ ਨੇ ਆਪਣਾ ਭਾਸ਼ਣ ਜਾਰੀ ਰਖਿਆ!

ਡੀ.ਏ.ਵੀ ਸਕੂਲ ਬਟਾਲੇ ਪੜਦਿਆਂ ਇੱਕ ਮੁੰਡਾ ਸੀ..ਉਸਦਾ ਬਾਪ ਸਕੂਲ ਦੇ ਬਾਹਰ ਗੋਲ-ਗੱਪਿਆਂ ਦੀ ਰੇਹੜੀ ਲਾਇਆ ਕਰਦਾ..ਚਾਰ ਭੈਣਾਂ ਦਾ ਕੱਲਾ ਕੱਲਾ ਭਾਈ ਅੱਧੀ ਛੁੱਟੀ ਵੇਲੇ ਜਦੋਂ ਬਾਕੀ ਸਾਰੇ ਖੇਡਣ ਮੱਲਣ ਵਿਚ ਰੁਝ ਜਾਂਦੇ ਤਾਂ ਆਪ ਬਾਹਰ ਬਾਪ ਕੋਲ ਜਾ ਰੇਹੜੀ ਤੇ ਹੱਥ ਵਟਾਇਆ ਕਰਦਾ ਸੀ..!

ਪੜਾਈ ਅਤੇ ਕ੍ਰਿਕਟ ਵਿਚ ਨੰਬਰ ਵੰਨ ਹੋਣ ਕਰਕੇ ਬਾਕੀ ਦੇ ਉਸ ਨਾਲ ਖ਼ਾਰ ਖਾਂਦੇ ਤੇ ਅਕਸਰ ਮੇਹਣੇ ਮਾਰਿਆ ਕਰਦੇ ਕੇ ਜਾਹ ਜਾ ਕੇ ਗੋਲਗੱਪੇ ਦੀ ਰੇਹੜੀ ਤੇ ਗੋਲਗੱਪੇ ਵੇਚ..
ਮੁੜਕੇ ਕਿੰਨਿਆਂ ਸਾਲਾਂ ਮਗਰੋਂ ਜਦੋਂ ਅੰਮ੍ਰਿਤਸਰ ਗੁਰੂਨਾਨਕ ਹਸਪਤਾਲ ਵਿਚ ਬਤੌਰ ਡਾਕਟਰ ਕੰਮ ਕਰਦਾ ਮਿਲਿਆ ਤਾਂ ਗੋਲਗਪਿਆਂ ਵਾਲੀ ਗੱਲ ਛੇੜ ਕੇ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਕੀਤੀ..!

ਪੰਝੀ ਕੂ ਸਾਲ ਪਹਿਲਾਂ ਦੀ ਗੱਲ ਏ..ਕੇਵਲ ਕੁਮਾਰ ਨਾਮ ਦਾ ਪੁਲਸ ਅਫਸਰ ਹੁੰਦਾ ਸੀ..

ਦੱਸਦੇ ਖਾੜਕੂਵਾਦ ਵੇਲੇ ਬਹੁਤ ਸਾਰੇ ਝੂਠੇ-ਸੱਚੇ ਮੁਕਾਬਲੇ ਵੀ ਬਣਾਏ ਸਨ ਉਸਨੇ..ਬੋਲੀ ਏਨੀ ਕੁਰਖਤ ਕੇ ਹਮੇਸ਼ਾਂ ਦਬਕੇ ਤੇ ਗਾਹਲਾਂ..
ਅਮ੍ਰਿਤਸਰ ਹੋਟਲ ਵਿਚ ਕੰਮ ਕਰਦਿਆਂ ਇੱਕ ਦੋ ਵਾਰ ਖੁਦ ਦਾ ਵੀ ਪੰਗਾ ਪੈ ਗਿਆ..
ਫੇਰ ਉਸਦੀ ਰਿਟਾਇਰਮੈਂਟ ਹੋ ਗਈ ਪਰ “ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੀ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਨੀ..”

ਇੱਕ ਵਾਰ ਪਰਿਵਾਰ ਨਾਲ ਖਾਣਾ ਖਾਣ ਆਇਆ ਤਾਂ ਫੇਰ ਤੋਂ ਓਹੀ ਰੋਹਬ ਅਤੇ ਪਹਿਲਾਂ ਵਾਲੀ ਮਾੜੀ ਬੋਲੀ..

ਅਸਾਂ ਵੀ ਠੋਕ ਕੇ ਪੂਰਾ ਬਿੱਲ ਲਿਆ..ਉਹ ਵੀ ਬਗੈਰ ਡਿਸਕਾਊਂਟ ਦੇ..ਕਹਿੰਦਾ ਕੱਲੇ ਕੱਲੇ ਨੂੰ ਦੇਖ ਲਉ..ਦਿਲ ਵਿਚ ਆਖਿਆ ਕੇ...

ਭਾਈ ਮਾੜੇ ਤੇ ਹੰਕਾਰੀ ਨੂੰ ਤੇ ਆਪਣਾ ਮਹਿਕਮਾਂ ਵੀ ਨਹੀਂ ਝੱਲਦਾ..ਤੂੰ ਸਾਨੂੰ ਕੀ ਵੇਖੇਗਾ!

ਕਮਿਸ਼ਨਰ ਕਾਰਪੋਰੇਸ਼ਨ ਅੰਮ੍ਰਿਤਸਰ ਕਿਰਪਾਲ ਸਿੰਘ ਇੱਕ ਵਾਰ ਇਸੇ ਕਰਕੇ ਨਰਾਜ ਹੋ ਗਿਆ ਕੇ ਮੈਨੂੰ ਬਣਦਾ ਸਤਿਕਾਰ ਨਹੀਂ ਦਿੱਤਾ..ਸਟਾਫ ਨੇ ਗੁਡ-ਮਾਰਨਿੰਗ ਨਹੀਂ ਆਖਿਆ..
ਸੌਰੀ ਆਖ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਆਕੜ ਗਿਆ ਆਹਂਦਾ ਸਾਰਾ ਸਟਾਫ ਪਹਿਲੋਂ ਲਿਖਤੀ ਮੁਆਫੀ ਮੰਗੇ..
ਫੇਰ ਰਿਟਾਇਰਮੈਂਟ ਤੋਂ ਕੁਝ ਦਿਨ ਪਹਿਲਾਂ ਹੀ ਕਿਡਨੀਆਂ ਫੇਲ ਹੋ ਗਈਆਂ ਤੇ ਕਹਾਣੀ ਸਦਾ ਲਈ ਮੁੱਕ ਗਈ..!

ਛੇ ਜੂਨ ਚੁਰਾਸੀ ਨੂੰ ਫੌਜ ਅਤੇ ਸਰਕਾਰੀ ਦਹਿਸ਼ਤ ਦੀਂ ਪ੍ਰਵਾਹ ਕੀਤੇ ਬਗੈਰ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਗ੍ਰਿਫਤਾਰ ਕੀਤੀ ਭੁੱਖੀ-ਤਿਰਹਾਈ ਸੰਗਤ ਨੂੰ ਆਪਣੇ ਹੱਥੀਂ ਬਾਲਟੀਆਂ ਨਾਲ ਠੰਡਾ ਪਾਣੀ ਪਿਆਉਣ ਵਾਲਾ ਫਰਿਸ਼ਤਾ ਪੰਜਾਬ ਪੁਲਸ ਦਾ ਡੀ ਐੱਸ ਪੀ ਸਰਦਾਰ ਅਪਾਰ ਸਿੰਘ ਬਾਜਵਾ..ਚੜਾਈ ਕਰਨ ਤੋਂ ਪਹਿਲਾਂ ਕਿੰਨੀ ਵਾਰ ਮੁਲਾਕਾਤ ਹੋਈ..ਏਨੀ ਨਿਮਰਤਾ ਅਤੇ ਹਲੀਮੀ ਸ਼ਾਇਦ ਹੀ ਕਿਸੇ ਇਨਸਾਨ ਵਿਚ ਦੇਖੀ ਹੋਵੇ…ਬਹੁਤ ਘੱਟ ਹੁੰਦੇ ਜਿਹਨਾਂ ਨੂੰ ਪਰਮਾਤਮਾ ਅਹੁਦੇ ਦੇ ਨਾਲ ਨਾਲ ਹਲੀਮੀ ਦਲੇਰੀ ਅਤੇ ਹਾਸੇ ਖੁਸ਼ੀਆਂ ਨਿਵਾਜ਼ਦਾ ਏ..!

ਸੋ ਦੋਸਤੋ ਅਜੋਕੇ ਇਨਸਾਨ ਦੀਂ ਤ੍ਰਾਸਦੀ ਇਹ ਹੈ ਕੇ ਇਸਨੂੰ ਨਾ ਤੇ ਜਹਾਨੋਂ ਇੱਕ ਦਿਨ ਹੋਣ ਵਾਲੀ ਰੁਖਸਤੀ ਹੀ ਚੇਤੇ ਏ ਤੇ ਨਾ ਹੀ ਇਸਨੂੰ ਇੱਕ ਵਾਰ ਮਿਲ ਗਈ ਕੁਰਸੀ ਤੋਂ ਪੈਰ ਹੇਠਾਂ ਪਾਉਣਾ ਹੀ ਕਿਸੇ ਤਰਾਂ ਨਾਲ ਮਨਜੂਰ ਹੈ..!

ਤੇ ਜਦੋਂ ਵਕਤੀ ਅਹੁਦਿਆਂ ਦੇ ਨਸ਼ੇ ਵਿਚ ਗੜੁੱਚ ਕਾਨੇ ਵਾਂਙ ਆਂਕੜੇ ਹੋਏ ਨੂੰ ਅਖੀਰ ਕੁਦਰਤ ਆਪਣੇ ਹੀ ਢੰਗ ਤਰੀਕਿਆਂ ਨਾਲ ਇੱਕ ਦਿਨ ਜਮੀਨ ਤੇ ਲਿਆ ਪਟਕਾ ਮਾਰਦੀ ਏ ਤਾਂ ਫੇਰ ਦੋਵੇਂ ਜਹਾਨਾਂ ਵਿਚ ਲਾਹਨਤਾਂ ਹੀ ਪੱਲੇ ਪੈਂਦੀਆਂ ਨੇ..!

ਸਹੀ ਆਖਿਆ ਕਿਸੇ ਨੇ ਕੇ “ਸਦਾ ਨਾ ਬਾਗੀਂ ਬੁਲ ਬੁਲ ਬੋਲੇ ਸਦਾ ਨਾ ਮੌਜ ਬਹਾਰਾਂ”..”ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇੱਕ ਆਵੇ ਇੱਕ ਜਾਵੇ”

ਸਾਰੀ ਜਿੰਦਗੀ ਬਾਕੀ ਦੁਨੀਆਂ ਨੂੰ ਦੌਲਤ ਅਤੇ ਤਾਕਤ ਦੇ ਬਲ ਤੇ ਹਮੇਸ਼ਾਂ ਤਲੀ ਤੇ ਟਿਕਾ ਕਠਪੁਤਲੀ ਵਾਂਙ ਨਚਾਉਂਦੇ ਹੋਏ ਕਿੰਨੇ ਸਾਰੇ ਮਹਾਬਲੀਆਂ ਨੂੰ ਜਦੋਂ ਖੁਦ ਦੀ ਜਿੰਦਗੀ ਦੇ ਆਖਰੀ ਸਫ਼ਰ ਲਈ ਚਾਰ ਮੋਢਿਆਂ ਦਾ ਸਹਾਰਾ ਲੈਣਾ ਪੈਂਦਾ ਏ ਤਾਂ ਅਕਸਰ ਇਸ ਕਥਨ ਦੀ ਪੁਸ਼ਟੀ ਹੋ ਜਾਂਦੀ ਏ ਕੇ ਵੱਡੇ ਤੋਂ ਵੱਡੇ ਊਂਠ ਨੂੰ ਵੀ ਅਕਸਰ ਕਦੀ ਨਾ ਕਦੀ ਉੱਚੇ ਪਹਾੜ ਦੀ ਟੀਸੀ ਹੇਠ ਆਉਣਾ ਹੀ ਪੈਂਦਾ ਏ ਅਤੇ ਸਿਵਾਏ ਉਸ ਦੇ ਨਾਮ ਤੋਂ ਦੁਨੀਆ ਦੀ ਹਰ ਚੀਜ ਨਾਸ਼ਵਾਨ ਏ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਜੱਗ ਜੰਕਸ਼ਨ ਰੇਲਾਂ ਦਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)