More Punjabi Kahaniya  Posts
ਵੇਸਵਾ


ਜਸਮੀਤ ਦਾ ਵਿਆਹ ਕਨੇਡਾ ਰਹਿੰਦੇ ਮੁੰਡੇ ਨਾਲ ਹੋਇਆ।ਉਹਦੇ ਤੋਂ ਚਾਅ ਚੁੱਕਿਆ ਨਹੀਂ ਸੀ ਜਾਂਦਾ।ਪਰ ਉਹਦੀ ਖੁਸ਼ੀ ਥੋੜੇ ਚਿਰ ਦੀ ਸੀ ਕਿਉਂਕਿ ਦੋ ਮਹੀਨਿਆਂ ਬਾਅਦ ਉਹਦਾ ਪਤੀ ਪਰਦੀਪ ਵਾਪਿਸ ਚਲਾ ਗਿਆ।ਹੁਣ ਕਦੇ ਕਦਾਈਂ ਫ਼ੋਨ ਤੇ ਗੱਲ ਹੁੰਦੀ ਉਹਦੇ ਕੋਲ ਆਪਣਾ ਫ਼ੋਨ ਨਹੀਂ ਸੀ ।ਇਸ ਕਰਕੇ ਜਦੋਂ ਉਹਦੇ ਸੱਸ ,ਸਹੁਰੇ ਜਾਂ ਦਿਉਰ ਦੇ ਫ਼ੋਨ ਤੋਂ ਉਹ ਗੱਲ ਕਰਦੀ ਤਾਂ ਸਾਰੇ ਕੋਲ ਹੀ ਬੈਠੇ ਰਹਿੰਦੇ ਤਾਂ ਉਹ ਖੁੱਲ੍ਹ ਕੇ ਗੱਲ ਨਾ ਕਰ ਪਾਉਂਦੀ ।ਇੱਕ ਵਾਰ ਉਹਨੇ ਦੱਬਵੀ ਆਵਾਜ ਵਿੱਚ ਆਪਣੇ ਪਤੀ ਨੂੰ ਫ਼ੋਨ ਲਈ ਕਿਹਾ ਪਰ ਸੱਸ ਨੇ ਕਲੇਸ਼ ਪਾ ਲਿਆ
“ਘਰ ਤਿੰਨ ਤਿੰਨ ਫ਼ੋਨ ਨੇ…ਹੋਰ ਫ਼ੋਨ ਕੀ ਕਰਨਾ…ਆਹ ਫਲਾਣਿਆ ਦੀ ਨੂੰਹ ਕੋਲ ਸੀ ਵੱਡਾ ਸਾਰਾ ਫ਼ੋਨ, ਸਾਰਾ ਦਿਨ ਉਂਗਲਾਂ ਮਾਰੀ ਜਾਂਦੀ ਸੀ…ਆਹ ਨਿੱਕਲਗੀ ਇੱਕ ਦਿਨ ਪਤਾ ਵੀ ਨਹੀਂ ਲੱਗਿਆ”
ਉਹ ਖਾਮੋਸ਼ ਹੋ ਗਈ ।ਕਿੰਨਾ ਕੁੱਝ ਦਿਲ ‘ਚ ਰਹਿ ਗਿਆ।ਸਿਰਫ ਦੋ ਮਹੀਨੇ ਹਾਰ ਸ਼ਿੰਗਾਰ ਲਾ ਕੇ ਦੇਖਿਆ ਫਿਰ ਤਾਂ ਜਦੋਂ ਕਦੇ ਤਿਆਰ ਹੁੰਦੀ ਤਾਂ ਸੱਸ ਕੌੜਾ ਕੌੜਾ ਝਾਕਦੀ
“ਨਾ ਬੰਦਾ ਤੇਰਾ ਘਰੇ ਨੀ…ਤੂੰ ਕੀਹਨੂੰ ਸਜ ਕੇ ਦਿਖਾਉਣਾ ਘਰੇ ਦਿਉਰ ਗੱਭਰੂ ਹੋਇਆ ਲੋਕ ਕੀ ਕੀ ਗੱਲਾਂ ਕਰਨਗੇ”
ਸੱਸ ਦੇ ਅਜਿਹੇ ਬੋਲਾ ਨੇ ਉਸਨੂੰ ਅੰਦਰੋਂ ਖਤਮ ਕਰ ਦਿੱਤਾ।ਉਹਦੇ ਵਰੀ ਦੇ ਸੂਟ ਅਲਮਾਰੀ ‘ਚ ਪਏ ਰਹਿ ਗਏ।ਗਹਿਣੇ ਤਾਂ ਸੱਸ ਨੇ ਪਹਿਲਾ ਹੀ ਇਹ ਕਹਿ ਕੇ ਸਾਂਭ ਲਏ ਸੀ ਕਿ ਪਿੰਡ ‘ਚ ਚੋਰੀਆਂ ਬਹੁਤ ਹੁੰਦੀਆਂ।
ਉਹਦੀ ਜ਼ਿੰਦਗੀ ‘ਚ ਥੋੜੀ ਖੁਸ਼ੀ ਆਈ ਜਦੋਂ ਉਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ ।ਸਾਰਿਆ ਦਾ ਮਿਜ਼ਾਜ ਥੋੜਾ ਥੋੜਾ ਬਦਲਿਆ ਪਰ ਪਰਦੀਪ ਉਸਨੂੰ ਜ਼ਿਆਦਾ ਖੁਸ਼ ਨਹੀਂ ਲੱਗਿਆ ।ਜਦੋਂ ਉਹ ਆਪਣੇ ਬਾਰੇ ਪੁੱਛਦੀ ਤਾਂ ਹਮੇਸ਼ਾ ਇਹੋ ਜੁਆਬ” ਹਾਲੇ ਟਾਇਮ ਲੱਗੂ….ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਦੱਸ …ਮੈਂ ਪੈਸੇ ਭੇਜ ਦਿੰਦਾ…”
ਪਰ ਉਹ ਕਿਵੇਂ ਦੱਸੇ ਕਿ ਸਾਰੀਆਂ ਚੀਜ਼ਾਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ।
ਦੋ ਸਾਲਾਂ ਬਾਅਦ ਅਚਾਨਕ ਹੀ ਪਰਦੀਪ ਆ ਜਾਂਦਾ ਉਹਦੀ ਜ਼ਿੰਦਗੀ ਮੰਨੋ ਫਿਰ ਸਵਰਗ ਬਣ ਜਾਂਦੀ ।ਫਿਰ ਤੋਂ ਹਾਰ ਸ਼ਿੰਗਾਰ ,ਕਢਾਈ ਵਾਲੇ ਸੂਟ ਭਾਂਤ ਭਾਂਤ ਦੇ ਇਤਰ ।ਉਹ ਸਭ ਉਲਾਂਭੇ ਭੁੱਲ ਜਾਂਦੀ ਜੋ ਉਹਨੇ ਪਰਦੀਪ ਨੂੰ ਦੇਣ ਲਈ ਸੋਚੇ ਸੀ।ਇਸ ਵਾਰ ਉਹ ਛੇ ਮਹੀਨੇ ਰੁੱਕਿਆ।ਜਾਣ ਤੋਂ ਹਫ਼ਤਾ ਪਹਿਲਾ ਉਹਨੇ ਜਸਮੀਤ ਨੂੰ ਕੋਲ ਬਿਠਾ ਕੇ ਦੱਸਿਆ ਕਿ ਉਹਦਾ ਵਿਆਹ ਕਨੇਡਾ ਵਿੱਚ ਪਹਿਲਾ ਤੋਂ ਹੋਇਆ ਸੀ ਪਰ ਘਰਦਿਆਂ ਨੂੰ ਨਹੀਂ ਪਤਾ।” ਜਸਮੀਤ ਮੈਨੂੰ ਪਤਾ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਪਰ ਪੱਕੇ ਹੋਣ ਲਈ ਮੈਨੂੰ ਇੰਝ ਕਰਨਾ ਪਿਆ।ਜਦੋਂ ਹੀ ਮੈਨੂੰ ਉਸ ਵਿਆਹ ਤੋਂ ਛੁਟਕਾਰਾ ਮਿਲਿਆ ਮੈਂ ਤੈਨੂੰ ਸੱਦ ਲੈਣਾ” ਪਰਦੀਪ ਖ਼ੁਦ ਉਸਨੂੰ ਦੱਸ ਕੇ ਹੌਲਾ ਹੋ ਗਿਆ ਪਰ ਜਸਮੀਤ ਮੰਨੋ ਪੱਥਰ ਹੋ ਗਈ।ਉਹ ਚਲਿਆ ਗਿਆ ਤੇ ਜਸਮੀਤ ਦੀ ਗੋਦੀ ਇੱਕ ਹੋਰ ਮੁੰਡਾ ਆ ਗਿਆ ਪਰ ਉਹਦਾ ਮਨ ਜ਼ਿੰਦਗੀ ਤੋਂ ਉਚਾਟ ਹੋ ਗਿਆ ।ਉਹਨੇ ਇਹ ਗੱਲ ਕਿਸੇ ਕੋਲ ਨਾ ਕੀਤੀ ਮਾਪਿਆ ਕੋਲ ਵੀ ਨਹੀਂ ,ਸੋਚਦੀ ਸੀ ਉਹ ਕੀ ਕਰਨਗੇ ਉਹਨਾ ਪਹਿਲਾ ਹੀ ਵਿਆਹ ਤੇ ਵਾਧੂ ਖ਼ਰਚਾ ਕੀਤਾ ਸੀ ਫਿਰ ਉਹਦੀ ਮਾਂ...

ਵੀ ਦਿਲ ਦੀ ਮਰੀਜ਼ ਸੀ।ਉਹਨੇ ਅੰਦਰ ਹੀ ਗੰਢ ਮਾਰ ਲਈ।ਦਿਉਰ ਦਾ ਵਿਆਹ ਹੋ ਗਿਆ।ਦਿਉਰ ਦਰਾਣੀ ਹੱਸਦੇ ਖੇਡਦੇ ਤੇ ਉਹ ਸੜਦੀ ਰਹਿੰਦੀ। ਉਹ ਸਿਰਫ ਨੌਕਰਾਣੀ ਬਣ ਕੇ ਰਹਿ ਗਈ ਬੱਸ ਆਪਣੇ ਦੋਵਾਂ ਪੁੱਤਰਾਂ ‘ਚੋ ਹਰ ਖੁਸ਼ੀ ਲੱਭਦੀ।ਪਰਦੀਪ ਪੈਸੇ ਭੇਜਦਾ ਸਮਾਨ ਭੇਜਦਾ ਪਰ ਕੋਈ ਚੀਜ਼ ਉਹਨੂੰ ਖੁਸ਼ੀ ਨਾ ਦਿੰਦੀ ।ਉਹ ਫ਼ੋਨ ਤੇ ਵੀ ਹੂੰ ਹਾਂ ਕਰ ਛੱਡਦੀ।ਉਹਦਾ ਵੱਡਾ ਮੁੰਡਾ ਪੰਦਰਾਂ ਸਾਲਾਂ ਦਾ ਹੋ ਗਿਆ ਤੇ ਛੋਟਾ ਤੇਰਾਂ ਦਾ।
ਅਚਾਨਕ ਹੀ ਇੱਕ ਦਿਨ ਪਰਦੀਪ ਆ ਗਿਆ ।ਸਾਰੇ ਬੜੇ ਖੁਸ਼ ਹੋਏ ਇੰਨੇ ਚਿਰ ਬਾਅਦ ਜੋ ਆਇਆ ਸੀ ਸਾਰਿਆ ਲਈ ਅਟੈਚੀ ਭਰ ਕੇ ਸਮਾਨ ਲਿਆਇਆ ਸੀ।ਪਰ ਜਸਮੀਤ ਨੂੰ ਕੋਈ ਖੁਸ਼ੀ ਨਹੀਂ ਸੀ।ਉਹਦੀਆਂ ਰੀਝਾਂ ਉਹਦੇ ਚਾਅ ਅੰਦਰੋਂ ਮਰ ਚੁੱਕੇ ਸੀ।
ਉਸ ਰਾਤ ਪਰਦੀਪ ਨੇ ਦੱਸਿਆ ਕਿ ਉਹਦਾ ਤਲਾਕ ਹੋ ਗਿਆ ਕਿਉਂਕਿ ਉਹਦੀ ਪਤਨੀ ਨੂੰ ਉਹਦੇ ਭਾਰਤ ਵਿੱਚ ਕੀਤੇ ਵਿਆਹ ਦਾ ਪਤਾ ਲੱਗ ਗਿਆ ਉਹਨੇ ਉਹਦੇ ਤੇ ਘਰੇਲੂ ਹਿੰਸਾ ਦਾ ਦੋਸ਼ ਮੜ ਕੇ ਉਸਨੂੰ ਕਨੇਡਾ ਤੋਂ ਕੱਢਵਾ ਦਿੱਤਾ।
“ ਜਸਮੀਤ ਮੈਂ ਹੁਣ ਹਮੇਸ਼ਾ ਲਈ ਤੇਰੇ ਕੋਲ ਆ ਗਿਆ,ਤੇਰੇ ਸਾਰੇ ਚਾਅ ਤੇਰੀਆ ਸਾਰੀਆਂ ਰੀਝਾਂ ਪੂਰੀਆਂ ਕਰਾਂਗਾ”
ਸੁਣ ਕੇ ਉਹਨੂੰ ਕੋਈ ਖੁਸ਼ੀ ਨਹੀਂ ਹੋਈ ।ਕਿਉਂਕਿ ਉਹਦੇ ਚਾਅ ਤਾਂ ਕਦੋਂ ਦੇ ਰਾਖ ਹੋ ਗਏ ।ਉਹਦੀ ਨੇੜਤਾ ਉਹਨੂੰ ਕੋਈ ਸਕੂਨ ਨਹੀਂ ਦੇ ਰਹੀ ਸੀ ।
ਫਿਰ ਵੀ ਉਹ ਆਪਣਾ ਫਰਜ ਨਿਭਾ ਰਹੀ ਸੀ।
ਉਹ ਉਵੇ ਤੁਰੀ ਫਿਰਦੀ ਰਹਿੰਦੀ ।ਪਰਦੀਪ ਉਸਨੂੰ ਕਹਿੰਦਾ ਕਿ “ਤਿਆਰ ਹੋ ਕੇ ਰਿਹਾ ਕਰ ,ਇੰਨਾ ਸਮਾਨ ਲਿਆਂਦਾ ਉਹ ਕਿਸ ਕੰਮ?” ਪਰ ਉਹ ਚੁੱਪ ਹੀ ਰਹਿੰਦੀ।
ਇੱਕ ਦਿਨ ਸੱਸ ਨੇ ਕਿਹਾ” ਤੂੰ ਤਾਂ ਮੇਰੇ ਪੁੱਤ ਨੂੰ ਮਰਿਆ ਭਾਲਦੀ ਏ ਕਿਵੇਂ ਨੱਕੋ ਕੰਨੋਂ ਲਾਹੀ ਰੱਖਦੀ ਏ।”
ਉਹ ਮਜਬੂਰੀ ਵੱਸ ਕਮਰੇ ਵਿੱਚ ਜਾ ਕੇ ਤਿਆਰ ਹੋਣ ਲੱਗ ਪਈ।ਤੇਰਾਂ ਚੌਂਦਾ ਸਾਲਾਂ ਬਾਅਦ ਲਾਲ ਰੰਗ ਦਾ ਸੂਟ ਪਾਇਆ ਨਾ ਚਾਹੁੰਦਿਆਂ ਵੀ ਮੇਕਅੱਪ ਕੀਤਾ ਪਰ ਅੰਦਰੋਂ ਖੁਸ਼ ਨਹੀਂ ਸੀ।ਪਤਾ ਨਹੀਂ ਕਦੋਂ ਉਹਦਾ ਛੋਟਾ ਮੁੰਡਾ ਉਹਦੇ ਕੋਲ ਆ ਕੇ ਬੈਠ ਗਿਆ।ਉਹਨੇ ਕਦੇ ਆਪਣੀ ਮਾਂ ਦਾ ਇਹ ਰੂਪ ਨਹੀਂ ਸੀ ਦੇਖਿਆ।ਉਹ ਕਦੇ ਉਹਦੇ ਵੱਲ ਦੇਖੇ ਕਦੇ ਕੋਲ ਪਏ ਅਖਬਾਰ ਵੱਲ।ਅੰਤ ਉਹਨੇ ਕਹਿ ਹੀ ਦਿੱਤੀ” ਹਾਏ ਮੰਮਾ ਤੁਸੀਂ ਕਿੰਨੇ ਸੋਹਣੇ ਲੱਗਦੇ ਹੋ ਜਮਾ ਇਸ ਅੰਟੀ ਵਰਗੇ ਤੁਸੀਂ ਇਵੇਂ ਹਮੇਸ਼ਾ ਕਿਉਂ ਨਹੀਂ ਰਹਿੰਦੇ?” ਉਹ ਆਪਣੀ ਦਾਦੀ ਦੀ ਆਵਾਜ ਸੁਣ ਕੇ ਬਾਹਰ ਦੌੜ ਗਿਆ ਤੇ ਜਦੋਂ ਜਸਮੀਤ ਦੀ ਨਜ਼ਰ ਅਖਬਾਰ ਤੇ ਪਈ ਤਾਂ ਨੇਲਪਾਲਿਸ਼ ਦੀ ਸ਼ੀਸ਼ੀ ਉਹਦੇ ਹੱਥੋਂ ਡਿੱਗ ਪਈ।ਅਖਬਾਰ ਤੇ ਇੱਕ ਕਹਾਣੀ ਛਪੀ ਸੀ ਜਿਸ ਤੇ ਇੱਕ ਖ਼ੂਬਸੂਰਤ ਲਿਬਾਸ ਵਾਲੀ ਔਰਤ ਪੂਰੇ ਮੇਕਅੱਪ ਵਿੱਚ ਬੈਠੀ ਸੀ ਤੇ ਕਹਾਣੀ ਦਾ ਨਾਮ ਸੀ……ਵੇਸਵਾ…।
ਦੀਪ ਕਮਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)