ਛਤਰੀ ਵਾਲਾ

4

ਸੰਨ ਉੱਨੀ ਸੌ ਪਚਾਸੀ..
ਲੈਕਚਰਾਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਆ ਗਿਆ ਹੋਵੇ..
ਰਸੋਈ..ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਲੰਘ ਆਏ ਨੂੰ ਅੰਦਰੋਂ ਵੇਖ ਲਿਆ ਕਰਦੀ..
ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਮਗਰੋਂ ਦਾਦੀ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ..
ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” ਕਰੂ..ਪਰ ਪਾਪਾ ਹੱਸ ਕੇ ਹਰ ਗੱਲ ਆਈ ਗਈ ਕਰ ਦਿਆ ਕਰਦੇ..
ਮਗਰੋਂ ਫੋਟੋ ਫਰੇਮ ਵਿਚ ਹਰ ਵੇਲੇ ਹੱਸਦੀ ਹੋਈ ਮੇਰੀ “ਮਾਂ” ਵੀ ਅਕਸਰ ਹੀ ਮੇਰੀ ਹਿਮਾਇਤ ਤੇ ਉੱਤਰ ਆਇਆ ਕਰਦੀ..

ਮੇਰੇ ਆਸ ਪਾਸ ਇੱਕ ਤੋਂ ਵੱਧ ਖਰੂਦੀ ਸਹੇਲੀਆਂ ਦਾ ਘੇਰਾ ਹੋਇਆ ਕਰਦਾ ਸੀ..
ਹਰ ਵੇਲੇ ਬੱਸ ਮੁੰਡਿਆਂ ਦੀ ਨੁਕਤਾ ਚੀਨੀ..ਅਖ਼ੇ ਪੋਚਵੀਂ ਪੱਗ ਵਾਲਾ ਆਕੜ-ਖ਼ਾਨ ਹੁੰਦਾ..ਬਾਹਰੋਂ ਆਏ ਨੇ ਅਕਸਰ ਹੀ ਬਾਹਰ ਵਿਆਹ ਕਰਵਾਇਆ ਹੁੰਦਾ..
ਫ਼ੀਏਟ ਕਾਰ ਤੇ ਆਇਆ ਦਿਖਾਵੇਬਾਜ ਅਤੇ ਲਾਲਚੀ ਹੁੰਦਾ..
ਬਹੁਤੇ ਲੰਮੇ ਮੁੰਡੇ ਹਮੇਸ਼ਾਂ ਰੋਹਬ ਥੱਲੇ ਰੱਖਦੇ..
ਗੱਲ ਕੀ ਬੀ ਦਿਮਾਗ ਵਿਚ ਬੈਠ ਗਿਆ ਕੇ ਦੁਨੀਆ ਦਾ ਹਰ ਮੁੰਡਾ ਬੱਸ ਐਬਾਂ ਦੀ ਹੀ ਪੰਡ ਹੈ..ਵਿਚਾਰੇ..
ਕਈ ਵਾਰ ਅਗਲੇ ਤੇ ਤਰਸ ਅਤੇ ਆਪਣੇ ਤੇ ਗੁੱਸਾ ਵੀ ਆ ਜਾਂਦਾ ਪਰ ਅਗਲੇ ਹੀ ਪਲ ਇਹ ਸੋਚ ਫੇਰ ਭਾਰੂ ਹੋ ਜਾਇਆ ਕਰਦੀ..ਕੇ ਜੋ ਕਰ ਰਹੀਆਂ ਹਾਂ..ਇਹ ਸਾਡਾ ਜਮਾਂਦਰੂ ਹੱਕ ਏ..!

ਸਾਨੂੰ ਕਾਲਜ ਦੀ ਬੱਸ ਘਰ ਛੱਡ ਕੇ ਆਇਆ ਕਰਦੀ ਸੀ..
ਚਿੱਟੀ ਦਾਹੜੀ ਵਾਲੇ ਡਰਾਈਵਰ ਅੰਕਲ..ਰਿਟਾਇਰਡ ਫੌਜੀ..ਸਖਤ ਸੁਭਾਅ..ਇੱਕ ਮਿੰਟ ਵੀ ਲੇਟ ਹੋ ਗਏ ਸਮਝੋ ਬੱਸ ਨਿੱਕਲ ਗਈ..ਇਸੇ ਲਈ ਦਸ ਮਿੰਟ ਪਹਿਲਾਂ ਹੀ ਆ ਜਾਇਆ ਕਰਦੀ..!

ਗਰਮੀਆਂ ਦੀਆਂ ਛੁਟੀਆਂ ਵਿਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ..
ਇੱਕ ਦਿਨ ਬੱਸ ਉਡੀਕਦੀ ਨੂੰ ਅਜੇ ਪੰਜ ਮਿੰਟ ਹੀ ਹੋਏ ਹੋਣੇ ਕੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ..ਕੁਝ ਨਾ ਸੁੱਝੇ ਕੇ ਹੁਣ ਕੀ ਕਰਾਂ..
ਏਨੇ ਨੂੰ ਪੋਚਵੀਂ ਪੱਗ ਵਾਲਾ ਉਚਾ-ਲੰਮਾ ਸਰਦਾਰ ਮੁੰਡਾ ਪਤਾ ਨੀ ਕਿਧਰੋਂ ਨਿੱਕਲ ਆਇਆ ਤੇ ਕੋਲ ਆ ਸਕੂਟਰ ਦੀ ਬ੍ਰੇਕ ਮਾਰ ਦਿੱਤੀ..
ਮੇਰੇ ਵੱਲ ਇੱਕ ਛਤਰੀ ਵਧਾਉਂਦਾ ਹੋਇਆ ਆਖਣ...

ਲੱਗਾ “ਜੀ ਰੱਖ ਲਵੋ ਜੇ ਮੋੜਨੀ ਹੋਵੇ ਤਾਂ ਕੱਲ ਸਾਇੰਸ ਬਲਾਕ ਦੇ ਦਫਤਰ ਵਿਚ ਦੇ ਜਾਇਓ..”
ਸਾਰਾ ਕੁਝ ਏਨੀ ਛੇਤੀ ਹੋਇਆ ਕੇ ਮੈਂ ਹੀ ਕੁਝ ਪੁੱਛ ਹੀ ਨਾ ਸਕੀ..
ਅਗਲੇ ਦਿਨ ਪਤਾ ਕਰਾਇਆ..ਅਸਿਸਟੈਂਟ ਲੈਕਚਰਰ ਦੀ ਸਿਲੈਕਸ਼ਨ ਹੋਈ ਸੀ..
ਮਗਰੋਂ ਅਕਸਰ ਹੀ ਜਦੋਂ ਕਦੀ ਅਗਿਓਂ ਤੁਰੇ ਆਉਂਦੇ ਨਾਲ ਟਾਕਰੇ ਹੋ ਜਾਂਦੇ ਤਾਂ ਹੌਲੀ ਜਿਹੀ ਸਸਰੀ ਕਾਲ ਬੁਲਾ ਨੀਵੀਂ ਪਾਈ ਕੋਲੋਂ ਦੀ ਲੰਘ ਜਾਂਦਾ..
ਗੁੱਸਾ ਆਉਂਦਾ ਕੇ ਬੜਾ ਅਜੀਬ ਏ..ਸਿਵਾਏ ਸਾਸਰੀ ਕਾਲ ਤੋਂ ਹੋਰ ਕੋਈ ਵਾਧੂ ਗੱਲ ਹੀ ਨਹੀਂ..ਪਰ ਉਸਦਾ ਇਹ ਵਰਤਾਰਾ ਮੈਨੂੰ ਹੀਣ-ਭਾਵਨਾ ਵਾਲੇ ਸਮੁੰਦਰ ਵਿਚ ਧੱਕ ਦਿਆ ਕਰਦਾ..
ਮੇਰੇ ਵਿਦਿਆਰਥੀ ਵੀ ਜਦੋਂ ਕਦੀ ਉਸਦੀਆਂ ਸਿਫਤਾਂ ਕਰਦੇ ਹੋਏ ਦਿਸ ਪੈਂਦੇ ਤਾਂ ਮੇਰੇ ਕੰਨ ਖੜੇ ਹੋ ਜਾਇਆ ਕਰਦੇੇ..ਕਈ ਵਾਰ ਕੱਲੀ ਬੈਠੀ ਦੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਕੋਈ ਇਹੋ ਜਿਹਾ “ਮੁੰਡਾ” ਹੀ..”

ਫੇਰ ਇੱਕ ਦਿਨ ਪਾਪਾ ਜੀ ਆਖਣ ਲੱਗੇ ਕੇ ਆਉਂਦੇ ਐਤਵਾਰ ਫੇਰ ਕੁਝ ਪ੍ਰਾਹੁਣੇ ਆ ਰਹੇ ਨੇ..
ਇੱਕ ਵਾਰ ਫੇਰ ਮਿੱਥੇ ਟਾਈਮ ਰਸੋਈ ਵਿਚ ਪਾਸੇ ਜਿਹੇ ਹੋ ਖਲੋ ਗਈ..
ਜਦੋਂ ਸਾਰੇ ਜਣੇ ਅੰਦਰ ਅੰਦਰ ਲੰਘਣ ਲੱਗੇ ਤਾਂ ਹੋਸ਼-ਹਵਾਸ ਉੱਡ ਗਏ..
ਇਹ ਤਾਂ ਓਹੀ ਹੀ ਸੀ ਛਤਰੀ ਵਾਲਾ..ਦਿਲ ਕੀਤਾ ਕੇ ਖੰਬ ਲਾ ਕੇ ਕਿਤੇ ਦੂਰ ਅੰਬਰਾਂ ਵਿਚ ਉਡਾਰੀ ਲਾ ਆਵਾਂ..ਖੈਰ ਖਰੂਦੀ ਮਨ ਨੂੰ ਇੱਕ ਅਜੀਬ ਸ਼ਰਾਰਤ ਜਿਹੀ ਸੁਝੀ..
ਜਾਣ ਬੁਝਕੇ ਉਸਦੇ ਕੱਪ ਵਿਚ ਤਿੰਨ ਚਮਚੇ ਖੰਡ ਦੇ ਵਾਧੂ ਦੇ ਪਾ ਦਿੱਤੇ..ਉਸ ਵਿਚਾਰੇ ਨੇ ਨਿੱਮਾ-ਨਿੱਮਾ ਹੱਸਦੇ ਹੋਏ ਨੇ ਚੁੱਪ ਚਾਪ ਪੀ ਲਈ..

ਫੇਰ ਸੰਖੇਪ ਜਿਹੀ ਰਸਮੀਂ ਗੱਲਬਾਤ ਮਗਰੋਂ ਮੈਂ ਫੇਰ ਰਸੋਈ ਵਿਚ ਪਰਤ ਆਈ..!

ਆਦਤਨ ਪਾਪਾ ਜੀ ਇਸ ਵਾਰ ਫੇਰ ਮੇਰੇ ਹਾਵ-ਭਾਵ ਜਾਨਣ ਬਹਾਨੇ ਜਿਹੇ ਨਾਲ ਰਸੋਈ ਅੰਦਰ ਲੰਘ ਆਏ..
ਅੱਗੇ ਤਾਂ ਉਹ ਇੱਕ ਗੱਲ ਪਤਾ ਨੀ ਕਿੰਨੀ ਵਾਰ ਪੁੱਛਿਆ ਕਰਦੇ ਤਾਂ ਜਾ ਕੇ ਕਿਤੇ ਮੇਰਾ ਮੂੰਹ ਖੁਲਿਆ ਕਰਦਾ ਪਰ ਇਸ ਵਾਰ ਮੈਨੂੰ ਪਤਾ ਨੀ ਕੀ ਗਿਆ ਸੀ..
ਅਜੇ ਓਹਨਾ ਕੁਝ ਪੁੱਛਿਆ ਵੀ ਨਹੀਂ ਸੀ ਕੇ ਮੇਰੇ ਮੂੰਹੋਂ ਆਪਮੁਹਾਰੇ ਹੀ “ਹਾਂ” ਨਿੱਕਲ ਗਈ!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

5 Responses

 1. Mehak

  ਰੂਹ ਦੇ ਸਕੂਨ ਜਿਹੀ ਆ ਕਹਾਣੀ♥️

 2. Mukhtiar Singh

  ਬਹੁਤ ਹੀ ਵਧੀਆ ਜੀ !!

 3. babal yar

  bahut sohni c kahani 🤗🤗♥️♥️

 4. Simran

  Very nyc story👌👌👌👌

 5. Kuldeep kaur

  very nice 👍👌

Like us!