ਸੰਤਾਪ
ਤੜਾਕ ਤੜਾਕ ਤੜਾਕ …… ਇਸ ਆਵਾਜ਼ ਨਾਲ਼ ਗੁਰਜੀਤ ਇਕਦਮ ਹੜਬੜਾ ਕੇ ਉੱਠ ਖੜ੍ਹੀ ਹੋਈ।ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਸੀ ਬਲਕਿ ਹੁਣ ਤਾਂ ਰੋਜ਼ ਦੀ ਕੁੱਟਮਾਰ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ …..ਗੁਰਜੀਤ ਬਹੁਤ ਸੋਹਣੀ ਸੀ ਐਨੀ ਸੋਹਣੀ ਕਿ ਹੱਥ ਲਾਇਆਂ ਮੈਲੀ ਹੁੰਦੀ ਸੀ , ਪੜ੍ਹਨ ਲਿਖਣ ਤੇ ਹਰ ਕੰਮ ਵਿੱਚ ਮੋਹਰੀ ਹੁੰਦੀ ਸੀ। ਉਸ ਦਾ ਜਮਾਤੀ ਕੁਲਦੀਪ ਉਸ ਨੂੰ ਪਸੰਦ ਕਰਦਾ ਸੀ ,ਕੁਲਦੀਪ ਦੇ ਮਾਤਾ ਪਿਤਾ ਉਨ੍ਹਾਂ ਦੇ ਘਰ ਰਿਸ਼ਤਾ ਲੈ ਕੇ ਆਏ ਪਰ ਗੁਰਜੀਤ ਦੇ ਮਾਪਿਆਂ ਨੇ ਦੂਸਰੀ ਬਰਾਦਰੀ ਹੋਣ ਕਾਰਨ ਨਾਂਹ ਕਰ ਦਿੱਤੀ । ਗੁਰਜੀਤ ਦਾ ਰਿਸ਼ਤਾ ਉਨ੍ਹਾਂ ਦੀ ਬਰਾਦਰੀ ਵਿੱਚ ਬਲਜਿੰਦਰ ਨਾਲ਼ ਕਰ ਦਿੱਤਾ ਗਿਆ , ਘਰ ਚੰਗਾ ਤੇ ਜ਼ਮੀਨ ਵੀ ਖੁੱਲ੍ਹੀ ਸੀ , ਪਰ ਬਲਜਿੰਦਰ ਸਿਰੇ ਦਾ ਨਸ਼ੇੜੀ ਸੀ । ਇਹ ਗੱਲ...
ਗੁਰਜੀਤ ਨੂੰ ਵਿਆਹ ਤੋਂ ਬਾਅਦ ਜਲਦੀ ਪਤਾ ਲੱਗ ਗਈ ਸੀ । ਉਹ ਹਰ ਰੋਜ਼ ਨਸ਼ਿਆਂ ਨਾਲ਼ ਪੂਰੀ ਤਰ੍ਹਾਂ ਟੁੰਨ ਹੋ ਕੇ ਰਾਤ ਨੂੰ ਲੇਟ ਘਰ ਆਉਂਦਾ ….ਗੁਰਜੀਤ ਵਿਚਾਰੀ ਰੋਟੀ ਟੁੱਕ ਬਣਾ ਕੇ ਭੁੱਖਣ ਭਾਣੀ ਉਸ ਦਾ ਇੰਤਜ਼ਾਰ ਕਰਦੀ ਰਹਿੰਦੀ ਪਰ ਬਲਜਿੰਦਰ ਆਉਂਦਿਆਂ ਹੀ ਗੁਰਜੀਤ ਦੀ ਕੁੱਟਮਾਰ ਕਰਦਾ ਤੇ ਨਸ਼ੇ ਦੀ ਲੋਰ ਵਿੱਚ ਸੌਂ ਜਾਂਦਾ……ਹੰਝੂਆਂ ਭਰੀਆਂ ਅੱਖਾਂ ਨਾਲ ਅੱਜ ਗੁਰਜੀਤ ਸੋਚ ਰਹੀ ਸੀ ਜੇਕਰ ਮੇਰੇ ਮਾਤਾ ਪਿਤਾ ਨੇ ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਸੋਚਿਆ ਹੁੰਦਾ ਤਾਂ ਸ਼ਾਇਦ ਮੈਨੂੰ ਇਹ ਸੰਤਾਪ ਹਰ ਰੋਜ਼ ਨਾ ਹੰਢਾਉਣਾ ਪੈਂਦਾ ।
ਨਿਰਮ ਜੋਸਨ