ਅੱਧੀ ਛੁੱਟੀ ਵੇਲੇ ਉਹ ਘੜੀ ਲਾਹ ਕੇ ਬਸਤੇ ਵਿਚ ਪਾ ਜਾਇਆ ਕਰਦਾ..!
ਮੌਕਾ ਪਾ ਕੇ ਇੱਕ ਦਿਨ ਚੋਰੀ ਕਰ ਲਈ..
ਹੁਣ ਸ਼ਸ਼ੋਪੰਝ ਵਿਚ ਸਾਂ..ਲੁਕਾਵਾਂ ਕਿਥੇ?..ਕਾਹਲੀ ਵਿਚ ਜੁਰਾਬ ਅੰਦਰ ਪਾ ਲਈ!
ਅਗਲਾ ਪੀਰੀਅਡ ਮਾਸਟਰ ਸਵਰਨ ਸਿੰਘ ਦਾ ਸੀ..!
ਹਰ ਪਾਸੇ ਦੋਹਾਈ ਮੱਚੀ ਹੋਈ ਸੀ..
ਉਸਨੇ ਆਉਂਦਿਆਂ ਹੀ ਸਾਰੇ ਇੱਕ ਲਾਈਨ ਵਿਚ ਖੜੇ ਕਰਾ ਲਏ!
ਪਹਿਲਾਂ ਪਿਆਰ ਨਾਲ ਪੁੱਛਿਆ..ਸਾਰੇ ਨਾਂਹ ਕਰ ਗਏ..ਫੇਰ ਸਾਰਿਆਂ ਦੀਆਂ ਅੱਖਾਂ ਬੰਦ ਕਰਾ ਕੰਧ ਵੱਲ ਨੂੰ ਮੂੰਹ ਕਰ ਖੜੇ ਕਰਾ ਲਏ..!
ਆਖਿਆ ਕੰਨਾਂ ਵਿਚ ਵੀ ਉਂਗਲਾਂ ਦੇ ਲਵੋ..ਜਿਸਨੇ ਵੀ ਅੱਖਾਂ ਖੋਲੀਆਂ..ਜੁੱਤੀ ਫਿਰੂ ਤੇ ਨਾਲ-ਨਾਲ ਸਕੂਲੋਂ ਵੀ ਕੱਢਿਆ ਜਾਊ..!
ਫੇਰ ਖੁਦ ਕੱਲੇ ਕੱਲੇ ਦੀ ਤਲਾਸ਼ੀ ਲਈ..ਮੇਰੀ ਵਾਰੀ ਆਈ..ਮੁੜਕੋ-ਮੁੜਕੀ ਹੋਏ ਦੇ ਹੱਥ ਕੰਬੀ ਜਾਣ..ਉਸਨੇ ਹੌਲੀ ਜਿਹੀ ਜੁਰਾਬ ਅੰਦਰੋਂ ਕੱਢ ਲਈ..ਪਰ ਬਾਕੀ ਰਹਿ ਗਿਆ ਦੀ ਤਲਾਸ਼ੀ ਲੈਣੀ ਬੰਦ ਨਹੀਂ ਕੀਤੀ..!
ਜਿਸਦੀ ਗਵਾਚੀ ਸੀ ਉਹ ਬੜਾ ਖੁਸ਼..
ਪਰ ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਹੋਈ ਕੇ ਚੋਰ ਕੌਣ ਸੀ!
ਛੁੱਟੀ ਮਗਰੋਂ ਕੋਲ ਸੱਦ ਲਿਆ..ਆਖਣ ਲੱਗੇ..ਪੁੱਤਰਾ ਮੁੜਕੇ ਇੰਝ ਨਾ ਕਰੀਂ..ਤੇਰੇ ਪਿਓ ਨੂੰ ਪਤਾ ਲੱਗਾ ਤਾਂ ਸ਼ਰਮ ਨਾਲ ਉਂਝ ਹੀ ਮਰ ਜੂ..!
ਮਗਰੋਂ ਮੈਂ ਫ਼ੂਡ ਸਪਲਾਈ ਦੇ ਮਹਿਕਮੇਂ ਵਿੱਚ ਅਫਸਰ ਲੱਗ ਗਿਆ..
ਹਰ ਪਾਸੇ ਕੁਰੱਪਸ਼ਨ ਦਾ ਹੀ ਬੋਲਬਾਲਾ..ਪਰ ਜਦੋਂ ਵੀ ਕੋਈ ਐਸੀ ਵੈਸੀ ਕਮਾਈ ਲਾਗੇ ਆਉਣ ਲੱਗਦੀ ਮਾਸਟਰ ਸਵਰਨ ਸਿੰਘ ਦਿਸ ਪਿਆ ਕਰਦਾ..!
ਅੱਜ ਉਸਦੇ ਸੰਸਕਾਰ ਤੇ ਗਿਆ..ਮੈਂ ਰੋਈ ਜਾ ਰਿਹਾ ਸਾਂ ਤੇ ਉਹ ਮੜੀ ਤੇ ਪਿਆ ਵੀ ਉਂਝ ਹੀ ਖੁਸ਼ ਸੀ ਜਿੱਦਾਂ ਕਿੰਨੇ ਵਰੇ...
ਪਹਿਲਾਂ ਉਸ ਬਾਣੀਆਂ ਦੇ ਮੁੰਡੇ ਦੀ ਘੜੀ ਮੋੜ ਕੇ..
ਰੱਜੀਆਂ ਰੂਹਾਂ..ਵੱਡੀ ਸੋਚ..ਦੂਜਿਆਂ ਦੇ ਪਰਦੇ ਕੱਜਣ ਵਾਲੇ ਹਮੇਸ਼ਾ ਖੁਸ਼ ਹੀ ਰਹਿੰਦੇ ਨੇ..ਭਾਵੇਂ ਮੜੀ ਤੇ ਵੀ ਕਿਓਂ ਨਾ ਪਏ ਹੋਣ..!
ਮਾਮੇ ਦੀ ਨਿੱਕੀ ਨੂੰਹ..
ਕਿੰਨੇ ਵਰੇ ਪਹਿਲਾਂ ਵੱਡੇ ਪੁੱਤ ਦੇ ਵਿਆਹ ਤੇ ਆਈ..
ਨਵਾਂ ਸਵਾਇਆ ਸੂਟ ਤੇ ਝੋਲਾ ਬੱਸ ਵਿੱਚ ਹੀ ਕਿਧਰੇ ਭੁੱਲ ਆਈ..ਹਮੇਸ਼ਾਂ ਹੱਸਦੀ ਰਹਿੰਦੀ ਉਸ ਦਿਨ ਅੰਦਰੋਂ ਅੰਦਰ ਰੋਈ ਜਾਵੇ..ਅਖ਼ੇ ਹੁਣ ਬਰਾਤੇ ਕੀ ਪਾ ਕੇ ਜਾਵਾਂਗੀ..!
ਅੰਦਰ ਪਿਆ ਵਧੀਆ ਜਿਹਾ ਸੂਟ ਕੱਢਿਆ ਤੇ ਪਵਾ ਦਿਤਾ..ਉਸਦਾ ਰੰਗ ਵੀ ਕਿੰਨਾ ਸਾਫ..ਗਲ਼ ਪਾਇਆ ਫਿਰੋਜੀ ਰੰਗ ਦਾ ਸੂਟ ਏਦਾਂ ਫੱਬੇ ਜਿੱਦਾਂ ਸਵਾਇਆ ਹੀ ਉਸ ਵਾਸਤੇ ਹੋਵੇ..!
ਲੋਕ ਤਾਰੀਫਾਂ ਦੇ ਪੁਲ ਬੰਨੀ ਜਾਵਣ..ਉੱਤੋਂ ਜਿਉਣ ਜੋਗੀ ਗਿੱਧਾ ਬੜਾ ਸੋਹਣਾ ਪਾਇਆ ਕਰਦੀ..ਬੱਸ ਧਨ ਧੰਨ ਹੀ ਕਰਵਾ ਦਿੱਤੀ..!
ਹੁਣ ਏਨੇ ਵਰ੍ਹਿਆਂ ਬਾਅਦ ਜਦੋਂ ਵੀ ਮਿਲਦੀ ਉਸ ਫਿਰੋਜੀ ਸੂਟ ਦਾ ਜਿਕਰ ਜਰੂਰ ਕਰਿਆ ਕਰਦੀ..
ਆਖਦੀ ਬੀਬੀ ਤੂੰ ਮੇਰਾ ਵੇਲਾ ਲੰਘਾਇਆ ਸੀ..ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇਵੇ..!
ਕਈਆਂ ਰੂਹਾਂ ਦੇ ਮੂਹੋਂ ਸਾਰੀ ਉਮਰ ਦੂਜਿਆਂ ਲਈ ਸਿਰਫ ਦੁਆਵਾਂ ਹੀ ਨਿੱਕਲਦੀਆਂ ਨੇ..
ਏਦਾਂ ਦਿਆਂ ਨੂੰ ਫੇਰ ਗੱਲ ਨਾਲ ਲਾਉਣ ਨੂੰ ਵੀ ਬੜਾ ਜੀ ਕਰਦਾ..ਇਹਨਾਂ ਦੇ ਮੁੜਕੇ ਦੀ ਖੁਸ਼ਬੋ ਵਿਚੋਂ ਵੀ ਹਮੇਸ਼ਾਂ ਪੂਰੀ ਕਾਇਨਾਤ ਦੀ ਝਲਕ ਪੈਂਦੀ ਰਹਿੰਦੀ ਏ..!
ਹਰਪ੍ਰੀਤ ਸਿੰਘ ਜਵੰਦਾ