ਗੁਨਾਹਾਂ ਦੀ ਚੁੱਪ
ਮੈ ਸਿਰ ਤੋਂ ਰੁਮਾਲ ਲਾਹਿਆ ਤੇ ਗੱਡੀ ਚੱਕ ਕੰਮ ਤੇ ਚਲਾ ਗਿਆ. ਚੁੱਪ ਸੀ ਮੈਂ ਪਰ ਓਦਾਂ ਚੁੱਪ ਨੀ ਸੀ. ਇਹ ਵਾਲੀ ਚੁੱਪ ਹੁਣ ਥੋੜੀ ਸੁਲਝੀ ਹੋਈ ਸੀ. ਪਰ ਦੇਖਣ ਵਾਲੇ ਨੂੰ ਸਮਝ ਨੀ ਆਉਂਦੀ ਸੀ. ਤਾਹੀ ਤਾਂ ਕੰਮ ਤੇ ਤਾਰਾ ਬੋਲਿਆ ਬਾਹਲਾ ਹੀ ਚੁੱਪ ਚੁੱਪ ਆ …. ਕੀ ਗੱਲ ਕਿਥੋਂ ਆਇਆ ? ਜਾਂ ਹਲੇ ਵੀ ਓਹਦੇ ਵਾਰੇ ਸੋਚੀ ਜਾਨਾਂ ? ਮੈਂ ਹਲਕੇ ਜਿਹੇ ਬੋਲਾ ਨਾਲ ਕਿਹਾ … ਨਹੀਂ ਉਂਝ ਹੀ ਚੁੱਪ ਆ ਤੇ ਓਹਦੇ ਵਾਰੇ ਨੀ ਸੋਚਦਾ. ਤਾਰਾ ਫੇਰ ਆਖਣ ਲੱਗਾ ਕਿਥੋਂ ਆਇਆ ਫੇਰ ਜੋ ਅੱਜ ਇਹਨਾਂ ਚੁੱਪ ਹੋ ਗਿਆ ?
ਮੈਂ ਸਮਾਂ ਜਿਹਾ ਲੈ ਕੇ ਬੋਲਿਆ … ਕੁੱਝ ਨੀ ਗੁਰੂ ਘਰ ਗਿਆ ਸੀ. ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆਇਆ. ਤਾਰੇ ਨੇ ਕਿਹਾ …. ਅੱਛਾ ਮੈਨੂੰ ਵੀ ਦੱਸ ਫੇਰ ਕੀ ਗੱਲ ਕਰੀ ? ਵੈਸੇ ਤਾਂ ਮੈਨੂੰ ਪਤਾ ਜੀਤ ਦਾ ਤਾਂ ਵਿਆਹ ਹੋ ਗਿਆ ਫੇਰ ਤੂੰ ਹੁਣ ਰੱਬ ਨਾਲ ਕੀ ਗੱਲ ਕਰਨ ਗਿਆ ਸੀ ?
ਮੈਂ ਲੰਬਾ ਜਿਹਾ ਸਾਹ ਲਿਆ ਤੇ ਤਾਰੇ ਨੂੰ ਦੱਸਿਆ , ਤੈਨੂੰ ਯਾਦ ਆ ਜਦ ਮੈਂ ਇੱਕ ਦਿਨ ਤੈਨੂੰ ਸਾਹੋ ਸਾਹ ਹੋਏ ਨੇ ਆ ਕੇ ਕਿਹਾ ਸੀ ਵੀ ਅੱਜ ਮੇਰੇ ਮਾਮਾ ਜੀ ਨਾਲ ਜੀਤ ਦੇ ਪਾਪਾ ਦੀ ਗੱਲ ਹੋਈ ਤੇ ਉਹ ਕਹਿੰਦੇ ਅਸੀ ਹੁਣ ਦੋ ਮਹੀਨੇ ਹੋਰ ਦੇਖਣਾ ਜੇ ਮੁੰਡਾ ਆਸਟ੍ਰੇਲੀਆ ਪੱਕਾ ਹੋ ਗਿਆ ਤਾਂ ਅਸੀ ਵਿਆਹ ਕਰ ਦਵਾਂਗੇ ਨਹੀਂ ਤਾਂ ਅਸੀ ਕੁੜੀ ਦਾ ਵਿਆਹ ਕਿਤੇ ਹੋਰ ਕਰ ਦੇਣਾ. ਤਾਰੇ ਨੇ ਕਿਹਾ ਹਾਂ ਬਈ ਇਹ ਤਾਂ ਤੂੰ ਦੱਸਿਆ ਸੀ ਤੇ ਮੈਂ ਕਿਹਾ ਸੀ ਵੀ ਤੂੰ ਜੀਤ ਨਾਲ ਗੱਲ ਕਰਲਾ ਤੇ ਤੂੰ ਕਿਹਾ ਸੀ ਓਹਦੇ ਘਰਦੇ ਨੀ ਮੰਨਦੇ ਕਿਉ ਕੇ ਤੂੰ ਹਲੇ ਪੱਕਾ ਨੀ ਹੋਇਆ ਤੇ ਫੇਰ ਤੂੰ ਵੀ ਤਾਂ ਕੋਈ ਜ਼ੋਰ ਨੀ ਸੀ ਲਾਇਆ ਹੋ ਸਕਦਾ ਹੋਰ ਰੁਕ ਜਾਂਦੇ ਅਕਸਰ ਨੂੰ ਦੋ ਸਾਲ ਹੋਣ ਵਾਲੇ ਸੀ ਹੁਣ ਤਾਂ ਤੋਹਾਨੂ ਮਿਲਿਆ ਨੂੰ.
ਮੈਂ ਤਾਰੇ ਤੋਂ ਦੂਜੇ ਪਾਸੇ ਮੂੰਹ ਕਰ ਕਿਹਾ…..ਪਤਾ ਤਾਰੇ ਉਸ ਸਮੇ ਮੈਂ ਜੀਤ ਨੂੰ ਦੱਸਿਆ ਸੀ ਸਬ …..ਕੇ ਪਾਪਾ ਇਸ ਤਰ੍ਹਾਂ ਕਹਿੰਦੇ. ਓਹਨੇ ਮੈਨੂੰ ਮੁੜ ਸਿਰਫ ਇੱਕ ਜਵਾਬ ਦਿੱਤਾ ਸੀ. ਜਿਵੇਂ ਰੱਬ ਦੀ ਮਰਜ਼ੀ, ਰੱਬ ਸਬ ਜਾਣਦਾ. ਤਾਰੇ ਉਸ ਸਮੇ ਮੈਂ ਸੱਚੀ ਚੁੱਪ ਹੋ ਗਿਆ ਸੀ. ਮੈਂ ਹੋਰ ਸਬ ਕੁੱਝ ਕਰ ਸਕਦਾ ਸੀ ਜੇ ਉਹ ਕਹਿ ਦਿੰਦੀ ਪਰ ਰੱਬ ਨੂੰ ਜਾ ਕੇ ਕੀ ਕਹਿੰਦਾ ? ਉਹਦਾ ਵੀ ਓਹੀ ਰੱਬ ਸੀ ਜੋ ਮੇਰਾ ! ਹਾ ਪਰ ਉਹ ਗੱਲ ਵੱਖਰੀ ਕੇ ਸੁਣੀ ਸਿਰਫ ਓਹਦੀ ਗਈ ਰੱਬ ਦੇ ਦਰ ਤੇ…. ਨਹੀਂ ਦੁਆਵਾਂ ਤਾਂ ਮੈਂ ਵੀ ਬਹੁਤ ਮੰਗੀਆਂ ਸੀ ਰੱਬ ਕੋਲੋਂ ਕੇ ਰੱਬਾ ਮੇਹਰ ਕਰੀ.
ਤਾਰੇ ਨੇ ਹੈਰਾਨ ਹੋ ਕੇ ਮੇਰੇ ਵੱਲ ਮੱਥੇ ਤੇ ਤਿਉੜੀ ਪਾ ਕੇ ਕਿਹਾ …. ਔਰਤ ਹੁੰਦੀ ਹੀ ਬੇਬਫਾਈ ਦੀ ਪੰਡ ਏ. ਮੈਂ ਸੋਚਦਾ ਸੀ ਮਰਦ ਬੇਬਫਾ ਹੁੰਦੇ ਆ ਪਰ ਨਹੀਂ ਜਦ ਔਰਤ ਬੇਬਫਾ ਹੁੰਦੀ ਆ ਤਾਂ ਉਹ ਪੂਰੀ ਤਰਾਹ ਬੇਬਫਾ ਹੁੰਦੀ ਆ. ਉਹ ਤੇਰੇ ਨਾਲ ਖੜ ਸਕਦੀ ਸੀ, ਕਹਿ ਸਕਦੀ ਸੀ ਆਪਣੇ ਘਰ ਕਿ ਉਹਨੇ ਕਿਸੇ ਹੋਰ ਨਾਲ ਵਿਆਹ ਨੀ ਕਰਵਾਉਣਾ. ਬਸ ਚੁੱਪ ਹੋ ਗਈ ਤੇ ਆਖੇ ਰੱਬ ਦੀ ਮਰਜ਼ੀ. ਉਹਦੀ ਤਾਂ ਚੁੱਪ ਵੀ ਗੁਨਾਹਾਂ ਨਾਲ ਭਰੀ ਹੋਈ ਸੀ. ਤੂੰ ਦੱਸ ਇਹ ਭਲਾਂ ਕੀ ਗੱਲ ਹੋਈ ? ………ਮੈਂ ਮੂੰਹ ਘੁੰਮਾ ਕੇ ਸੜਕ ਤੇ ਆਉਂਦੀਆਂ ਜਾਂਦੀਆਂ ਕਾਰਾ ਵੱਲ ਦੇਖਣ ਲੱਗ ਪਿਆ. ਸਵਾਲ ਤਾਂ ਮੇਰੇ ਮਨ ਵਿੱਚ ਵੀ ਬਹੁਤ ਆਏ ਪਰ ਕੀ ਜਵਾਬ ਦਵਾ ਤਾਰੇ ਨੂੰ ? ਸਬ ਸਵਾਲ ਦੇ ਜਵਾਬ ਤਾਂ ਜੀਤ ਕੋਲ ਸੀ. ਇਹਨੇ ਨੂੰ ਤਾਰੇ ਨੇ ਫੇਰ ਕਿਹਾ ਬੋਲ ਕੁੱਝ ਹੁਣ ….. ਬੋਲਦਾ ਕਿਉ ਨੀ ? ਇੱਕ ਤਾਂ ਤੂੰ ਸੋਚਦਾ ਬਹੁਤ ਏ! ਹੁਣ ਕਿਹੜੀਆਂ ਸੋਚਾਂ ਵਿੱਚ ਡੁੱਬ ਗਿਆ ? ਮੈਂ ਸਬਰ ਜਿਹਾ ਕਰਕੇ ਤਾਰੇ ਨੂੰ ਜਵਾਬ ਦਿੱਤਾ ….. ਔਰਤ ਪੂੰਜੀ ਸੁਰੱਖਿਆ ਨੂੰ ਨਜ਼ਰ ਵਿੱਚ ਰੱਖ ਕੇ ਬੇਬਫਾਈ ਕਰ ਸਕਦੀ ਪਰ ਆਪਣੇ ਜ਼ਜ਼ਬਾਤਾਂ ਵਿੱਚ ਵਹਿ ਕੇ ਗੁਨਾਹਾਂ ਦੀ ਪੰਡ ਨੂੰ ਆਪਣੇ ਸਿਰ ਨੀ ਰੱਖ ਸਕਦੀ. ਜੀਤ ਮੇਰੀ ਖਾਤਿਰ ਆਪਣੇ ਬਾਪ ਦੇ ਖਿਲਾਫ ਕਿਵੇਂ ਖੜ ਜਾਂਦੀ ? ਕਿਵੇਂ ਭੁੱਲ ਜਾਂਦੀ...
ਉਹ ਆਪਣੇ ਪਿਓ ਦੇ ਜ਼ਜ਼ਬਾਤਾਂ ਨੂੰ ? ਕਿਵੇਂ ਉਹ ਦੋ ਸਾਲਾਂ ਦੇ ਸਮੇ ਨੂੰ ਆਪਣੇ ਪਿਓ ਦੀਆਂ ਕਦਰਾਂ ਕੀਮਤਾਂ ਨਾਲ ਤੋਲ ਦਿੰਦੀ ? ਓਹਦੇ ਮਨ ਵਿੱਚ ਕੋਈ ਬੇਬਫਾਈਆ ਨੀ ਸੀ , ਕੋਈ ਗੁਨਾਹਾਂ ਨਾਲ ਭਰੀ ਹੋਈ ਚੁੱਪ ਨੀ ਸੀ . ਬਸ ਪਿਓ ਦੇ ਬੋਲਾਂ ਖਾਤਿਰ ਚੁੱਪ ਸੀ, ਖਾਮੋਸ਼ ਸੀ ਪਿਓ ਦੀ ਇਜ਼ਤ ਖ਼ਾਤਿਰ. ਸਾਡੇ ਬਸ ਦਿਨ ਖ਼ਰਾਬ ਸੀ. ਰੁੱਸੇ ਹੋਏ ਦਿਨਾਂ ਦੀ ਚਾਲ ਬੜੀ ਸਿੱਧੀ ਹੁੰਦੀ ਆ ਕਦੇ ਪਲਟ ਕੇ ਪਿੱਛੇ ਨੀ ਦੇਖਦੇ …… ਮੁਹੱਬਤ ਦੀ ਡੋਰ ਤੇ ਬਫਾਵਾਂ ਦੇ ਧਾਗੇ ਤਾਂ ਤਾਰੇ ਹੁਣ ਰੱਬ ਦੇ ਹੱਥ ਸੀ. ਜੇਕਰ ਇੱਕ ਵਾਰ ਟੁੱਟ ਜਾਂਦੇ ਫੇਰ ਕਿੱਥੇ ਮੁੜ ਜੁੜਨੇ ਸੀ.
ਤਾਰੇ ਨੇ ਮੈਨੂੰ ਤਰਸ ਭਰੀ ਆਵਾਜ਼ ਵਿੱਚ ਪੁੱਛਿਆ …. ਫੇਰ ਹੁਣ ਦੁੱਖ ਆ ਦਿਲ ਟੁੱਟੇ ਦਾ ? ਮੈਂ ਉਹਦੇ ਵੱਲ ਦੇਖ ਕੇ ਕਿਹਾ…. ਨਹੀਂ ਦਿਲ ਤਾਂ ਕਿਸੇ ਦਾ ਨੀ ਟੁਟਿਆ ! ਜਦ ਵਾਸਤੇ ਤੇ ਸੰਬੰਧ ਰੱਬ ਨਾਲ ਜੁੜ ਜਾਣ ਫੇਰ ਦਿਲ ਨੀ ਟੁਟਿਆ ਕਰਦੇ. ਜਿਵੇ ਕਿ ਅਸੀ ਦੋਵਾਂ ਨੇ ਗੱਲ ਰੱਬ ਤੇ ਛੱਡ ਦਿਤੀ ਸੀ. ਫ਼ੇਰ ਰੱਬ ਨੇ ਜੋ ਵੀ ਫੈਸਲੇ ਲਏ ਅਸੀ ਚੁੱਪ ਕਰਕੇ ਸਵੀਕਾਰ ਕਰ ਲਏ.
ਤਾਰੇ ਨੇ ਪੁੱਛਿਆ ਫੇਰ ਅੱਜ ਗੁਰੂਘਰ ਕੀ ਕਰਨ ਗਿਆ ਸੀ ? ਹਲੇ ਵੀ ਕੋਈ ਸ਼ਿਕਾਇਤ ਸੀ ? ਮੈਂ ਉਸੇ ਵੇਲੇ ਮਿੱਠੇ ਜਿਹੇ ਹਾਸੇ ਨਾਲ ਜਵਾਬ ਦਿੱਤਾ …ਨਹੀਂ ਅੱਜ ਤਾਂ ਮੈਂ ਸ਼ੁਕਰਾਨਾਂ ਕਰਨ ਗਿਆ ਸੀ. ਤਾਰੇ ਤੈਨੂੰ ਪਤਾ ! ਟੁੱਟ ਤਾਂ ਮੈਂ ਉਸ ਦਿਨ ਹੀ ਗਿਆ ਸੀ ਜਿਸ ਦਿਨ ਓਹਨੇ ਕਿਹਾ ਸੀ … ਜਿਵੇਂ ਰੱਬ ਦੀ ਮਰਜ਼ੀ ! ਪਤਾ ਮੈਨੂੰ ਉਸ ਦਿਨ ਹੀ ਅਹਿਸਾਸ ਹੋ ਗਿਆ ਸੀ ਵੀ ਜੀਤ ਨੇ ਦੂਰ ਹੋ ਜਾਣਾ. ਉਸਨੂੰ ਮੈਂ ਉਲਟਾ ਕੇ ਜਵਾਬ ਵੀ ਦਿੱਤਾ ਸੀ ਕੇ ਰੱਬ ਆਪਾਂ ਨੂੰ ਮਿਲਾ ਸਕਦਾ ਪਰ ਰਿਸ਼ਤੇ ਤਾਂ ਇਨਸਾਨ ਨੂੰ ਖੁਦ ਹੀ ਨਿਭਾਉਣੇ ਪੈਂਦੇ ਨੇ. ਪਰ ਉਹ ਉਸ ਦਿਨ ਇਹ ਸੁਣ ਚੁੱਪ ਸੀ . ਫੇਰ ਮੈਂ ਵੀ ਸਬ ਰੱਬ ਤੇ ਛੱਡ ਦਿੱਤਾ ਸੀ. ਹਾਂ ਮੈਂ ਗਿਆ ਸੀ ਅੱਜ ਗੁਰੂਘਰ ਰੱਬ ਦਾ ਸ਼ੁਕਰੀਆ ਕਰਨ ਕੇ ਮੇਰੇ ਕੋਲ ਹਲੇ ਵੀ ਰੱਬ ਹੈ. ਕਿਊ ਕੇ ਜਿਸ ਦਿਨ ਮੈਨੂੰ ਉਹ ਮਿਲੀ ਸੀ ਮੈਂ ਬਾਕੀ ਸਬ ਭੁੱਲ ਗਿਆ ਸੀ. ਮੈਨੂੰ ਉਹ ਮਿਲੀ ਸੀ ਤਾਂ ਮੈਨੂੰ ਇਹ ਲੱਗਾ ਸੀ ਮੈਨੂੰ ਸਬ ਮਿਲ ਗਿਆ ਤੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੀ ਨਹੀਂ ਹੈ, ਮੈਂ ਉਹਦੇ ਇਲਾਵਾ ਕੁੱਝ ਵੀ ਯਾਦ ਨੀ ਸੀ ਰੱਖਦਾ….. ਸੋਚਦਾ ਸੀ ਜੋ ਮੈਂ ਭੁੱਲ ਗਿਆ ਉਹ ਸਬ ਉਹ ਯਾਦ ਰੱਖ ਲਿਆ ਕਰੁਗੀ. ਪਰ ਓਹਨੇ ਰਿਸ਼ਤਾ ਬਿਲਕੁਲ ਛੱਡ ਦਿੱਤਾ ਸੀ ਨਹੀਂ ਤਾਂ ਨਿਭਾਉਣ ਵਾਲੇ ਹਰ ਕੋਸ਼ਿਸ਼ ਕਰਦੇ ਨੇ ਕੇ ਨਿਬ੍ਹ ਜਾਵੇ.
ਤਾਰੇ ਮੈਂ ਉਦਾਸ ਨੀ ਹੋ ਸਕਦਾ , ਮੈਂ ਕਿਸੇ ਗਹਿਰਾਈਆਂ ਵਿੱਚ ਬਹਿ ਨੀ ਸਕਦਾ, ਮੈਂ ਕਿਸੇ ਜੁਦਾਈ ਦੇ ਗਮ ਵਿੱਚ ਸੋਗ ਦੀਆਂ ਲਹਿਰਾਂ ਨੀ ਬਹਾ ਸਕਦਾ, ਮੈਂ ਖ਼ੂੰਜੇ ਲੱਗ ਲੱਗ ਕਿਤੇ ਰੋ ਨੀ ਸਕਦਾ, ਹਾਂ ਕਿਸੇ ਦਿਨ ਇੱਕ ਅੱਧਾ ਸਾਈਡ ਸੋਂਗ ਲਾ ਕੇ ਸੁਣ ਸਕਦਾ ਪਰ ਉਦਾਸੀ ਭਰੀ ਜ਼ਿੰਦਗੀ ਨੀ ਗੁਜ਼ਾਰ ਸਕਦਾ, ਮੈਂ ਡਿੱਗਦੇ ਪੱਤੇ ਦੇਖ ਦਿਲ ਨੂੰ ਖਾਮੋਸ਼ ਨੀ ਕਰ ਸਕਦਾ……ਤਾਰੇ …. ਬਈ ਮੈਂ ਇਹ ਸਬ ਨਹੀਂ ਕਰ ਸਕਦਾ . ਮੇਰੀ ਮਾਂ ਦੇਖਦੀ ਹੋਣੀ ਮੈਨੂੰ ਇਹ ਸਬ ਕਰਦੇ ਨੂੰ. ਜਾਣ ਵਾਲੀ ਦੇ ਦੋ ਸਾਲਾਂ ਦੇ ਸਾਥ ਦੇ ਚੱਕਰ ਵਿੱਚ ਮੈਂ ਆਪਣੀ ਮਾਂ ਦੇ ਮੇਰੇ ਨਾਲ ਸਾਰੀ ਉਮਰ ਦੇ ਪਿਆਰ ਨੂੰ ਨਹੀਂ ਭੁਲਾ ਸਕਦਾ. ਮੇਰੇ ਕੋਲ ਮੇਰੀ ਮਾਂ ਏ … ਮੇਰਾ ਰੱਬ ਏ ਮੈਂ ਓਹਨਾ ਦੀਆਂ ਖੁਸ਼ੀਆਂ ਨੀ ਭੁਲਾ ਸਕਦਾ.
ਤਾਰਾ ਮੇਰੀ ਗੱਲ ਸੁਣ ਰੋ ਪਿਆ ਸੀ. ਗੁਰੂਘਰ ਤੋਂ ਲਿਆਂਦੀਆਂ ਮੱਠੀਆਂ ਤੇ ਲੱਡੂ ਓਹਨੂੰ ਫੜਾਉਂਦਾ ਹੋਇਆ ਮੈਂ ਕਹਿਣ ਲੱਗਾ ….. ਕੋਈ ਨਾ ਰੋ ਨਾਂ ਚੱਲ ਚਾਹ ਪੀਨੇ ਆ ਬਈ ਮੇਰੇ ਕੋਲ ਤਾਂ ਤੁਸੀਂ ਸਬ ਹੋ. ਅਸੀ ਗੱਲਾਂ ਨੂੰ ਚਾਹ ਦੀਆਂ ਨਿੱਘੀਆਂ ਚੁਸਕੀਆਂ ਨਾਲ ਅੱਗੇ ਲੰਗਾ ਕੇ ਸਦਾ ਲਈ ਦਫਨਾ ਦਿਤੀਆਂ.
ਨਰਿੰਦਰ ਗਰੇਵਾਲ
08/03/2014