ਉਹ ਭਰਿਆ-ਭੀਤਾ ਅੰਦਰ ਆਣ ਵੜਿਆ..ਮੋਢੇ ਪਾਇਆ ਬਸਤਾ ਪਰਾਂ ਵਗਾਹ ਮਾਰਦਾ ਆਖਣ ਲੱਗਾ ਮੈਂ ਹੁਣ ਵੱਡਾ ਹੋ ਗਿਆ ਹਾਂ..ਕੂਹਣੀਆਂ ਤੋਂ ਪਾਟੀ ਬੁਸ਼ਰ੍ਟ ਨਹੀਂ ਪਾਇਆ ਕਰਨੀ..ਨਾਲਦੇ ਠਿੱਠ ਕਰਦੇ..ਨਵੀਂ ਚਾਹੀਦੀ ਏ!
ਮੈਂ ਅੱਗਿਓਂ ਚੁੱਪ ਕਰ ਗਈ..ਫੇਰ ਆਥਣੇ ਵੱਡੀ ਕੋਠੀ ਵਾਲਿਆਂ ਦੇ ਵਿਆਹ ਤੇ ਭਾਂਡੇ ਮਾਂਜਣ ਗਈ ਨੇ ਕਿੰਨੀ ਵੇਰ ਐਡਵਾੰਸ ਦੀ ਗੱਲ ਕਰਨੀ ਚਾਹੀ ਪਰ ਮੌਕਾ ਨਾ ਮਿਲਿਆ..ਉਂਝ ਹੀ ਮੁੜ ਆਈ!
ਅਗਲੇ ਦਿਨ ਨਿੱਕੀ ਦੀ ਫੀਸ ਜੋਗੇ ਬਚਾ ਕੇ ਰੱਖੇ ਪੈਸੇ ਕੱਢੇ ਤੇ ਇਸਨੂੰ ਹੱਟੀ ਵੱਲ ਤੋਰ ਲਿਆ..ਉਸਨੇ ਅੱਗਿਓਂ ਰੈਡੀਮੇਡ ਕਮੀਜ਼ਾਂ ਦੇ ਢੇਰ ਲਾ ਦਿੱਤੇ ਪਰ ਸਾਰਿਆਂ ਦੇ ਭਾਅ ਪਹੁੰਚ ਤੋਂ ਖਾਸੇ ਬਾਹਰ..!
ਘੜੀ ਕੂ ਮਗਰੋਂ ਆਖਿਆ ਚੱਲ ਹੁਣ ਘਰ ਨੂੰ ਚੱਲੀਏ..ਮੁੜਦੇ ਹੋਏ ਨੇ ਮੇਰੀਆਂ ਅੱਖੀਆਂ ਵਿਚੋਂ ਡਿੱਗਦੇ ਹੰਝੂ ਵੇਖ ਲਏ..ਪੁੱਛਣ ਲੱਗਾ ਕਾਸਤੋਂ ਰੋਂਦੀ ਏ?
ਮੈਥੋਂ...
ਜਵਾਬ ਨਾ ਦਿੱਤਾ ਗਿਆ..ਫੇਰ ਘਰ ਤੱਕ ਆਉਂਦਾ ਉਹ ਵੀ ਕੁਝ ਨਾ ਬੋਲਿਆ..!
ਫੇਰ ਅੰਦਰੋਂ ਉਨਾਬੀ ਰੰਗ ਦੀ ਕੋਟੀ ਕੱਢ ਲਿਆਇਆ..ਆਖਣ ਲੱਗਾ ਮੈਨੂੰ ਹੁਣ ਨਵੀਂ ਬੁਸ਼ਰ੍ਟ ਨਹੀਂ ਚਾਹੀਦੀ..ਓਸੇ ਦੇ ਉੱਤੋਂ ਦੀ ਇਹ ਕੋਟੀ ਪਾ ਲਿਆ ਕਰਨੀ..ਵੈਸੇ ਵੀ ਹੁਣ ਸਿਆਲ ਆ ਹੀ ਗਿਆ!
ਹੈਰਾਨ ਪ੍ਰੇਸ਼ਾਨ ਹੋਈ ਨੇ ਉਸਨੂੰ ਕਲਾਵੇ ਵਿਚ ਲੈ ਲਿਆ..ਇੱਕ ਵੇਰ ਫੇਰ ਰੱਜ ਕੇ ਰੋਈ..ਢੇਰ ਸਾਰਾ ਅੰਦਰ ਡੱਕਿਆ ਗੁਬਾਰ ਕੱਢਿਆ ਤੇ ਫੇਰ ਉਸ ਨੂੰ ਕਿੰਨਾ ਚਿਰ ਲਾਡ ਪਿਆਰ ਕਰਦੀ ਰਹੀ..ਨਿੱਕਾ ਜਿਹਾ ਅੱਜ ਅਚਾਨਕ ਵੱਡਾ ਜੂ ਹੋ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ