More Punjabi Kahaniya  Posts
ਬੇਹੀ ਰੋਟੀ


ਬੇਹੀ ਰੋਟੀ
ਬਲਵਿੰਦਰ ਸਿੰਘ ਭੁੱਲਰ
ਮੈਂ ਦਰਵਾਜੇ ਮੂਹਰੇ ਖੜਾ ਦੁੱਧ ਵਾਲੇ ਦੀ ਉਡੀਕ ਕਰ ਰਿਹਾ ਸੀ, ਕਿ ਦੁੱਧ ਵਾਲਾ ਆਵੇ ਤਾਂ ਚਾਹ ਬਣਾਵਾਂ, ਕਿਉਂਕਿ ਰਾਤ ਦਾ ਲਿਆ ਹੋਇਆ ਦੁੱਧ ਖਰਾਬ ਹੋ ਗਿਆ ਸੀ। ਦੁੱਧ ਵਾਲਾ ਅਜੇ ਨਹੀਂ ਆਇਆ ਸੀ, ਪਰੰਤੂ ਮੈਨੂੰ ਇੱਕ ਪਤਲੂ ਜਿਹਾ ਲੜਕਾ ਦਿਖਾਈ ਦਿੱਤਾ, ਜੋ ਉਮਰ ’ਚ ਚੌਦਾਂ ਕੁ ਸਾਲ ਦਾ ਜਾਪਦਾ ਸੀ। ਉਸਦਾ ਰੰਗ ਕਾਲਾ, ਸਿਰ ਮੁਨਿਆ ਹੋਇਆ, ਪੈਰਾਂ ਤੋਂ ਨੰਗਾ ਭਾਵ ਉਸਦੀ ਗਰੀਬੀ ਦਾ ਲਾਇਸੰਸ ਦੂਰੋਂ ਹੀ ਦਿਸ ਰਿਹਾ ਸੀ। ਉਹ ਕਾਹਲੀ ਕਾਹਲੀ ਤੁਰਿਆ ਆਇਆ ਤੇ ਇੱਕ ਕੂੜੇ ਦੇ ਢੇਰ ਕੋਲ ਬੈਠ ਕੇ ਕੂੜਾ ਫਰੋਲਣ ਲੱਗ ਪਿਆ। ਜਿਸ ਵਿੱਚੋ ਉਸਨੇ ਇੱਕ ਕਾਗ਼ਜ ਹੀ ਚੁੱਕਿਆ ਤੇ ਖੜਾ ਹੋ ਗਿਆ, ਉਸਨੂੰ ਕੂੜੇ ਵਿੱਚੋਂ ਹੋਰ ਕੋਈ ਚੀਜ਼ ਨਹੀਂ ਲੱਭੀ ਜੋ ਉਸਦੇ ਕੰਮ ਦੀ ਹੋਵੇ। ਲੜਕੇ ਨੇ ਉਹ ਕਾਗ਼ਜ ਫਰੋਲਿਆ ਤਾਂ ਉਸ ਵਿੱਚ ਦੋ ਬਰੈੱਡ ਦੇ ਪੀਸ ਸਨ, ਉਸਨੇ ਉਹ ਕੱਢ ਲਏ ਤੇ ਖਾਣ ਲੱਗ ਪਿਆ। ਬਰੈੱਡ ਖਾਂਦਾ ਖਾਂਦਾ ਉਹ ਮੇਰੇ ਕੋਲ ਦੀ ਲੰਘਣ ਲੱਗਾ ਤਾਂ ਮੈਨੂੰ ਉਸਦੇ ਬਰੈੱਡ ਖਾਣ ਦੀ ਕਰੜ ਕਰੜ ਸੁਣਾਈ ਦਿੱਤੀ, ਜਿਸਤੋਂ ਸਪਸ਼ਟ ਹੋ ਗਿਆ ਕਿ ਇਹ ਪੀਸ ਕਈ ਦਿਨਾਂ ਦੇ ਹੋਣਗੇ ਜੋ ਸੁੱਕ ਚੁੱਕੇ ਸਨ। ਉਸਨੂੰ ਸਾਇਦ ਇਹ ਪਤਾ ਵੀ ਨਹੀਂ ਸੀ ਕਿ ਮੈਂ ਉਸਨੂੰ ਗਹੁ ਨਾਲ ਤੱਕ ਰਿਹਾ ਹਾਂ, ਕਿਉਂਕਿ ਉਸਦੀ ਨਿਗਾਹ ਤਾਂ ਬੱਸ ਗਲੀ ਜਾਂ ਉਸਦੇ ਆਸ ਪਾਸ ਖਿੰਡੇ ਹੋਏ ਕੂੜੇ ਵੱਲ ਹੀ ਸੀ, ਜਿਸ ਚੋਂ ਉਸਨੂੰ ਕੁਝ ਹੋਰ ਮਿਲਣ ਦੀ ਆਸ ਸੀ। ਉਸ ਲੜਕੇ ਨੂੰ ਦੇਖਦਿਆਂ ਦੇਖਦਿਆਂ ਮੈਂ ਆਪਣੇ ਦੇਸ਼ ਦੇ ਹਾਲਾਤਾਂ ਬਾਰੇ ਸੋਚਣ ਲੱਗ ਪਿਆ, ਕਿ ਇੱਕ ਪਾਸੇ ਉਹ ਲੋਕ ਹਨ, ਜੋ ਇੱਕ ਇੱਕ ਡੰਗ ਦੇ ਖਾਣੇ ਤੇ ਹਜਾਰਾਂ ਰੁਪਏ ਖ਼ਰਚ ਕਰ ਦਿੰਦੇ ਹਨ ਅਤੇ ਇੱਕ ਪਾਸੇ ਅਜਿਹੇ ਬਦਕਿਸਮਤ ਬੱਚੇ ਵੀ ਹਨ, ਜੋ ਕੂੜੇ ਦੇ ਢੇਰ ਚੋਂ ਸੁੱਕੇ ਹੋਏ ਬਰੈੱਡ ਦੇ ਪੀਸ ਲੱਭ ਕੇ ਖਾਂਦੇ ਹੋਏ ਰੱਬ ਦਾ ਸ਼ੁਕਰ ਕਰਦੇ ਹਨ। ਇਹ ਸੋਚ ਕੇ ਮੇਰੇ ਦਿਮਾਗ ਨੂੰ ਇੱਕ ਝਟਕਾ ਜਿਹਾ ਲੱਗਾ।
‘ਓ ਕਾਕਾ, ਉਰੇ ਆ’ ਮੈਂ ਉਸ ਲੜਕੇ ਨੂੰ ਅਵਾਜ ਮਾਰੀ ਅਤੇ ਉਹ ਝੱਟ ਮੇਰੇ ਕੋਲ ਆ ਗਿਆ, ਉਸਨੂੰ ਸ਼ਾਇਦ ਇਹੋ ਲੱਗਾ ਹੋਵੇਗਾ ਕਿ ਮੈਂ ਉਸਨੂੰ ਕੁਝ ਖਾਣ ਪੀਣ ਲਈ ਦੇਵਾਂਗਾ।
‘ਤੂੰ ਇਹੋ ਜਿਹੇ ਪੀਸ ਖਾ ਕੇ ਬੀਮਾਰ ਨਹੀਂ ਹੋਵੇਂਗਾ?’ ਮੈਂ ਉਸਨੂੰ ਸੁਆਲ ਕੀਤਾ।
‘ਹੋਰ ਕੀ ਕਰੀਏ ਅੰਕਲ, ਭੁੱਖ ਲੱਗੀ ਸੀ ਢਿੱਡ ਤਾਂ ਭਰਨਾ ਈ ਐ।’ ਤਰਸਯੋਗ ਲਹਿਜੇ ਵਿੱਚ ਉਸਨੇ ਆਪਣੀ ਮਜਬੂਰੀ ਕਹਿ ਸੁਣਾਈ।
‘ਆਹ ਤੇਰੀ ਬੋਰੀ ਵਿੱਚ ਕੀ ਐ?’ ਉਸਦੇ ਮੋਢੇ ਰੱਖੀ ਬੋਰੀ ਵੱਲ ਇਸ਼ਾਰਾ ਕਰਦਿਆਂ ਮੈ ਅਗਲਾ ਸੁਆਲ ਕੀਤਾ।
‘ਇਹਦੇ ’ਚ ਜੀ ਟੁੱਟੀਆਂ ਫੁੱਟੀਆਂ ਸੀਸ਼ੀਆਂ, ਟੁੱਟੀਆਂ ਚੱਪਲਾਂ, ਕਾਗਜ ਅਤੇ ਹੋਰ ਇਹੋ ਜਿਹਾ ਸਾਮਾਨ ਹੈ, ਜੋ ਮੈਂ ਕੁੜੇ ਚੋਂ ਲੱਭਿਆ ਹੈ, ਮੈਂ ਇਸਨੂੰ ਕੁਆੜੀਆਂ ਕੋਲ ਵੇਚ ਕੇ ਪੈਸੇ ਕਮਾ ਲਵਾਂਗਾ।’ ਉਸਨੇ ਹੌਂਸਲੇ ਵਿੱਚ ਇਉਂ ਉੱਤਰ ਦਿੱਤਾ ਜਿਵੇਂ ਉਸਦਾ ਅੱਜ ਦਾ ਦਿਨ ਸਫ਼ਲ ਹੋ ਗਿਆ ਹੋਵੇ।
‘ਇਹੋ ਜਿਹਾ ਸਾਮਾਨ ਵੇਚ ਕੇ ਸਾਰੇ ਦਿਨ ਵਿੱਚ ਕਿਨ੍ਹੇ ਕੁ ਪੈਸੇ ਕਮਾ ਲਵੇਂਗਾ।’ ਮੈਂ ਪੁੱਛਿਆ।
‘ਪੰਜਾਹ ਸੱਠ ਰੁਪਏ ਤਾਂ ਆਥਣ ਤੱਕ ਬਣ ਹੀ ਜਾਣਗੇ ਅੰਕਲ’ ਉਸਨੇ ਜਵਾਬ ਦਿੱਤਾ।
‘ਇਸ ਨਾਲੋਂ ਜੇ ਮਜਦੂਰੀ ਕਰ ਲਵੇਂ ਤਾਂ ਦਿਹਾੜੀ ਡੇਢ ਸੌ ਰੁਪਏ ਮਿਲ ਜਾਊਗੀ।’ ਦੋ ਟਾਈਮ ਰੋਟੀ ਤਾਂ ਰੱਜ ਕੇ ਖਾ ਲਵੇਂ।
ਮੇਰੀ ਇਹ ਗੱਲ ਸੁਣ ਕੇ ਉਸਨੇ ਹਾਉਂਕਾ ਜਿਹਾ ਲਿਆ ਤੇ ਕਹਿਣ ਲੱਗਾ ਅੰਕਲ, ਦੋ ਤਿੰਨ ਦਿਨ ਪੁਲ ਤੇ ਗਿਆ ਸੀ, ਜਿੱਥੇ ਸਵੇਰੇ ਸਵੇਰੇ ਮਜਦੂਰ ਇਕੱਠੇ ਹੁੰਦੇ ਨੇ। ਉੱਥੇ ਠੇਕੇਦਾਰ ਮਿਸਤਰੀ ਤੇ ਹੋਰ ਜਿਹਨਾਂ ਲੋਕਾਂ ਨੂੰ ਮਜਦੂਰ ਦੀ ਲੋੜ ਹੁੰਦੀ ਹੈ ਆਉਂਦੇ ਨੇ ਅਤੇ ਮਜਦੂਰਾਂ ਨੂੰ ਲੈ ਜਾਂਦੇ ਨੇ। ਮੈਂ ਵੀ ਦੋ ਤਿੰਨ ਦਿਨ ਓਥੇ ਜਾ ਕੇ ਖੜ ਗਿਆ, ਉੱਥੇ ਜਿਹੜਾ ਵੀ ਆਉਂਦਾ ਤਕੜੇ ਤਕੜੇ ਬੰਦਿਆਂ ਨੂੰ ਛਾਂਟ ਕੇ ਲੈ ਜਾਂਦਾ ਸੀ ਮੈਂ ਅਤੇ ਮੇਰੇ ਵਰਗੇ ਹੋਰ ਕਮਜੋਰ ਜੇ ਜੁਆਕ ਹੀ ਰਹਿ ਜਾਂਦੇ ਸਾਂ। ਜੇ ਇੱਕ ਆਦਮੀ ਸਾਨੂੰ ਮਜਦੂਰੀ ਤੇ ਲਿਜਾਣ ਦੀ ਗੱਲ ਕਰਦਾ ਤਾਂ ਉਸਦੇ ਨਾਲ ਦਾ ਹੀ ਕਹਿ ਦਿੰਦਾ, ‘ਇਹਨਾਂ ਜੁਆਕਾਂ ਤੋਂ ਕੰਮ ਨੀ ਹੋਣਾ, ਛੱਡ ਪਰੇ ਹੋਰ ਦੇਖਦੇ ਆਂ।’ ਇਹ ਬੋਲ ਸਾਡੇ ਡਾਂਗ ਵਾਗੂੰ ਵਜਦੇ ਪਰ ਅਸੀ ਕਹਿ ਕੁਛ ਨੀ ਸੀ ਸਕਦੇ, ਸਬਰ ਕਰਕੇ ਚੁੱਪ ਕਰ ਜਾਂਦੇ ਸੀ। ਅਸੀਂ ਅੰਕਲ ਕੰਮ ਤਾਂ ਬਹੁਤ ਕਰ ਸਕਦੇ ਆਂ ਪਰ ਸਾਨੂੰ ਕੋਈ ਲੈ ਕੇ ਈ ਨੀ ਜਾਂਦਾ, ਤੁਸੀਂ ਦੱਸ ਦਿਓ ਜੇ ਥੋਡੇ ਕੋਲ ਕੋਈ ਕੰਮ ਹੈ। ਇਸ ਤਰ੍ਹਾਂ ਆਪਣੀ ਮਜਬੂਰੀ ਬਿਆਨਦਿਆਂ ਉਸਨੇ ਇਉਂ ਨੀਵੀਂ ਪਾ ਲਈ ਜਿਵੇਂ ਉਸਨੂੰ ਬਹੁਤ ਸ਼ਰਮ ਆ ਰਹੀ ਹੋਵੇ। ਮੈਨੂੰ ਇਉਂ ਲੱਗਾ ਜਿਵੇਂ ਥੱਲੇ ਵੱਲ ਝਾਕਦਿਆਂ ਉਹ ਆਪਣੇ ਪੈਰਾਂ ਨੂੰ ਵੇਖ ਕੇ ਝੂਰ ਰਿਹਾ ਹੋਵੇ, ਜਿਸਤੋਂ ਉਹ ਆਪਣੇ ਮਾੜਚੂ ਸਰੀਰ ਦਾ ਅੰਦਾਜਾ ਲਾ ਸਕਦਾ ਹੈ।
ਮੈਨੂੰ ਉਸ ਲੜਕੇ ਦੀਆਂ ਗੱਲਾਂ ਸੁਣ ਕੇ ਆਪਣੇ ਦੇਸ਼ ਦੀਆਂ ਨੀਤੀਆਂ ਪਾਲਿਸੀਆਂ ਤੇ ਗੁੱਸਾ ਆਇਆ, ਕਿ ਜਿਹੜੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ, ਉਸਦੀ ਹਾਲਤ ਇਹ ਹੈ ਕਿ ਉਹ ਪਸੂਆਂ ਵਾਂਗ ਕੂੜੇ ਚੋਂ ਖਾਣ ਵਾਸਤੇ ਕੁਝ ਲੱਭ ਰਿਹੈ। ਕੰਮ ਕਾਰ ਤੇ ਉਸਨੂੰ ਕੋਈ ਲੈ ਕੇ ਨਹੀਂ ਜਾਂਦਾ, ਪੜ੍ਹਾਈ ਜਾਂ ਲੀੜੇ ਕੱਪੜੇ ਦਾ ਖਰਚਾ ਉਸਦੇ ਵੱਸ ਵਿੱਚ ਨਹੀਂ ਹੈ। ਦੂਜੇ ਦੇਸ਼ਾਂ ਤੋਂ ਹੋ ਕੇ ਆਏ ਲੋਕ ਦਸਦੇ ਹਨ ਕਿ ਉੱਥੇ ਬੱਚੇ ਦੇ ਜਨਮ, ਪਾਲਣ ਪੋਸਣ, ਪੜ੍ਹਾਉਣ ਅਤੇ ਦਵਾਈ ਬੂਟੀ ਦਾ ਸਾਰਾ ਖ਼ਰਚਾ ਸਰਕਾਰ ਕਰਦੀ ਹੈ। ਮੈਨੂੰ ਸਾਡੇ ਅਧਿਆਪਕ ਵੇਦ ਪ੍ਰਕਾਸ਼ ਨੇ ਇੱਕ ਵਾਰ ਦੱਸਿਆ ਸੀ, ਕਿ ਉਹਨਾਂ ਦੀ ਭਤੀਜੀ ਵਿਆਹ ਕਰਵਾ ਕੇ ਨਿਉਜ਼ੀਲੈਂਡ ਗਈ ਸੀ ਅਤੇ ਜਦ ਦੋ ਸਾਲ ਬਾਅਦ ਉਹ ਦੋ ਮਹੀਨੇ ਲਈ ਆਈ ਤਾਂ ਉਸਦੀ ਗੋਦ ’ਚ ਤਿੰਨ ਕੁ ਮਹੀਨੇ ਦਾ ਬੱਚਾ ਸੀ। ਇੱਥੇ ਆ ਕੇ ਉਹਨਾਂ ਆਪਣਾ ਵੀਜਾ ਦੋ ਕੁ ਮਹੀਨੇ ਹੋਰ...

ਵਧਾਉਣਾ ਚਾਹਿਆ ਤਾਂ ਉਸਨੇ ਨਿਊਜ਼ੀਲੈਂਡ ਦੀ ਅੰਬੈਸੀ ਨਾਲ ਸੰਪਰਕ ਕੀਤਾ, ਜਿੱਥੋ ਉਸਨੂੰ ਕਿਹਾ ਗਿਆ ਕਿ ਤੁਹਾਡਾ ਤਾਂ ਵੀਜਾ ਵਧਾਇਆ ਜਾ ਸਕਦੈ ਪਰ ਬੱਚੇ ਦਾ ਨਹੀਂ ਵਧਾਇਆ ਜਾ ਸਕਦਾ। ਉਹ ਨਿਊਜ਼ੀਲੈਂਡ ਦਾ ਵਸਨੀਕ ਹੈ, ਉਸਦੀ ਸਿਹਤ ਦੀ ਜੁਮੇਵਾਰੀ ਉਹਨਾਂ ਦੇ ਦੇਸ਼ ਨਿਊਜ਼ੀਲੈਂਡ ਦੀ ਹੈ। ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਉਹਨਾਂ ਦੇਸ਼ਾਂ ਦੀਆਂ ਪਾਲਿਸੀਆਂ ਹਨ, ਬੱਚੇ ਦਾ ਕਿਨ੍ਹਾ ਖਿਆਲ ਰੱਖਿਆ ਜਾਂਦਾ ਹੈ, ਇੱਕ ਪਾਸੇ ਸਾਡੇ ਦੇਸ਼ ਦੇ ਬੱਚੇ ਗੰਦ ਚੋਂ ਲੱਭ ਕੇ ਕੁਝ ਖਾਣ ਲਈ ਮਜਬੂਰ ਨੇ। ਮੈਨੂੰ ਉਸ ਲੜਕੇ ਤੇ ਤਰਸ ਆਇਆ ਤੇ ਮੈਂ ਉਸਨੂੰ ਕਿਹਾ ਕਿ ਤੂੰ ਰੋਟੀ ਵੇਲੇ ਆ ਜਾਵੀਂ ਤੇ ਮੇਰੇ ਕੋਲ ਰੋਟੀ ਖਾ ਲਵੀਂ।
‘ਰੋਟੀ ਵੇਲਾ ਕਿਹੜਾ ਹੁੰਦੈ ਅੰਕਲ?’ ਉਸਨੇ ਮੇਰੇ ਤੇ ਸਵਾਲ ਕੀਤਾ।
‘ਤੈਨੂੰ ਰੋਟੀ ਵੇਲੇ ਦਾ ਵੀ ਪਤਾ ਨੀ?’ ਮੈਂ ਉਸਤੇ ਮੋੜਵਾਂ ਸਵਾਲ ਕਰ ਦਿੱਤਾ।
‘ ਨਹੀਂ ਜੀ, ਮੈਨੂੰ ਨੀ ਪਤਾ, ਸਾਨੂੰ ਤਾਂ ਗਰੀਬਾਂ ਨੂੰ ਜਦੋਂ ਮਿਲ ਜੇ ਉਹੀ ਰੋਟੀ ਵੇਲਾ ਹੁੰਦੈ ਤੇ ਉਦੋਂ ਈ ਖਾ ਲਈਦੀ ਐ’ ਉਸਦੇ ਇਸ ਜਵਾਬ ਨੇ ਮੈਨੂੰ ਇੱਕ ਤਰ੍ਹਾਂ ਹਲੂਣ ਕੇ ਰੱਖ ਦਿੱਤਾ।
‘ਚੰਗਾ ਦੋ ਕੁ ਘੰਟਿਆਂ ਤੱਕ ਆ ਜਾਵੀਂ’ ਮੈਂ ਉਸਨੁੰ ਕਿਹਾ।
‘ਠੀਕ ਐ ਅੰਕਲ, ਪਰ ਜੇ ਮੈਂ ਦੂਰ ਚਲਿਆ ਗਿਆ ਫੇਰ ਤਾਂ ਨੀ ਆਇਆ ਜਾਣਾ।’ ਉਸਨੇ ਆਪਣੀ ਮਜਬੂਰੀ ਵੀ ਜਵਾਬ ਦੇ ਨਾਲ ਹੀ ਬਿਆਨ ਕਰ ਦਿੱਤੀ।
‘ਚੰਗਾ ਐਹਥੇ ਖੜ ਮੈਂ ਤੈਨੂੰ ਹੁਣੇ ਰੋਟੀ ਲਿਆ ਕੇ ਦਿੰਦਾ ਹਾਂ, ਭਾਵੇਂ ਹੈ ਤਾਂ ਰਾਤ ਦੀ ਪਕਾਈ ਹੋਈ ਬੇਹੀ ਰੋਟੀ, ਪਰ ਜਿਹੜੇ ਬਰੈੱਡ ਤੂੰ ਖਾਧੇ ਐ, ਉਹਨਾਂ ਨਾਲੋਂ ਤਾਂ ਚੰਗੀ ਹੀ ਹੈ।’ ਮੈਂ ਉਸਦੀ ਮਜਬੂਰੀ ਦੇਖਦਿਆਂ ਉਸਦੀ ਭੁੱਖ ਮਿਟਾਉਣ ਦਾ ਉੱਦਮ ਜਿਹਾ ਕੀਤਾ।
ਮੈਂ ਅੰਦਰ ਗਿਆ ਰਾਤ ਦੀਆਂ ਬਚੀਆਂ ਹੋਈ ਤਿੰਨ ਰੋਟੀਆਂ ਅੰਬ ਦੇ ਆਚਾਰ ਨਾਲ ਲਿਆ ਕੇ ਉਸਨੂੰ ਫੜਾ ਦਿੱਤੀਆਂ। ਉਹ ਰੋਟੀਆਂ ਫੜ ਕੇ ਉੱਥੇ ਹੀ ਬੈਠ ਗਿਆ ਅਤੇ ਉਹ ਰੋਟੀਆਂ ਅਚਾਰ ਨਾਲ ਇਉਂ ਖਾ ਰਿਹਾ ਸੀ, ਜਿਵੇਂ ਛੱਤੀ ਪ੍ਰਕਾਰ ਦਾ ਭੋਜਨ ਹੋਵੇ। ਉਸਨੇ ਰੋਟੀਆਂ ਖਾ ਕੇ ਡਕਾਰ ਲਿਆ ਤੇ ਉੱਠਣ ਲੱਗਾ। ਮੈਂ ਉਸਨੂੰ ਪਾਣੀ ਪੁੱਛਿਆ ਤਾਂ ਉਸਨੇ ਹਾਂ ਵਿੱਚ ਸਿਰ ਹਿਲਾਇਆ, ਮੈਂ ਉਸਨੂੰ ਪਾਣੀ ਪਿਲਾ ਦਿੱਤਾ। ਮੈਨੂੰ ਇਉਂ ਜਾਪਿਆ ਜਿਵੇਂ ਉਹ ਰੋਟੀ ਖਾ ਕੇ ਪੂਰਾ ਸੰਤੁਸ਼ਟ ਹੋ ਗਿਆ ਹੋਵੇ ਅਤੇ ਮੈਨੂੰ ਵੀ ਐਨੀ ਸੰਤੁਸ਼ਟੀ ਮਿਲੀ, ਜਿਨੀ ਕਦੇ ਮੈਨੂੰ ਧਾਰਮਿਕ ਥਾਵਾਂ ਤੇ ਮੱਥਾ ਰਗੜ ਕੇ ਵੀ ਨਹੀਂ ਸੀ ਮਿਲੀ। ਮੈਂ ਉਸਨੂੰ ਕਿਹਾ ਕਿ ਕਾਕਾ ਮੈਂ ਤਾਂ ਭਾਈ ਆਪ ਬੇਰੁਜਗਾਰ ਹਾਂ, ਜੇਕਰ ਮੇਰੀ ਕੋਈ ਫੈਕਟਰੀ ਵਗੈਰਾ ਹੁੰਦੀ ਤਾਂ ਤੈਨੂੰ ਕੰਮ ਤੇ ਵੀ ਲਾ ਲੈਂਦਾ। ‘ਅੰਕਲ ਰੱਬ ਥੋਨੂੰ ਫੈਕਟਰੀ ਵਾਲਾ ਬਣਾ ਦੇਵੇ, ਪਰ ਉਹ ਥੋਡੇ ਵਰਗਿਆਂ ਨੂੰ ਪਤਾ ਨੀ ਕਿਉਂ ਨੀ ਫੈਕਟਰੀਆਂ ਵਾਲੇ ਬਣਾਉਂਦਾ, ਉਹ ਤਾਂ ਉਹਨਾਂ ਨੂੰ ਬਣਾਉਂਦੈ ਜੋ ਸਾਡੇ ਵਰਗੇ ਗਰੀਬਾਂ ਨੂੰ ਬੇਹੀ ਰੋਟੀ ਤਾਂ ਕੀ ਦਰਵਾਜੇ ਮੂਹਰੇ ਖੜ੍ਹਣ ਵੀ ਨੀ ਦਿੰਦੇ।’ ਇਸ ਤਰ੍ਹਾਂ ਅਸੀਸਾਂ ਦਿੰਦਾ ਉਹ ਅੱਗੇ ਤੁਰ ਗਿਆ, ਮੈਂ ਉਸਨੂੰ ਦੇਖਦਾ ਰਿਹਾ ਤੇ ਉਹ ਗਲੀ ਦੇ ਮੋੜ ਤੇ ਪਏ ਇੱਕ ਕੂੜੇ ਦੇ ਢੇਰ ਕੋਲ ਬੈਠ ਕੇ ਕੂੜਾ ਫਰੋਲਣ ਲੱਗ ਗਿਆ।
ਦੁੱਧ ਵਾਲਾ ਵੀ ਆ ਗਿਆ, ਮੈਂ ਦੁੱਧ ਪੁਆ ਕੇ ਅੰਦਰ ਗਿਆ। ਚਾਹ ਬਣਾ ਕੇ ਪੀਤੀ ਅਤੇ ਤਿਆਰ ਹੋ ਕੇ ਇੰਟਰਵਿਊ ਦੇਣ ਲਈ ਚੱਲ ਪਿਆ। ਖਿਆਲ ਆਇਆ ਕਿ ਜਾਂਦਾ ਜਾਂਦਾ ਗੁਰੂ ਘਰ ਵੀ ਹਾਜਰੀ ਲੁਆ ਹੀ ਜਾਵਾਂ। ਮੈਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਇੱਕ ਪਾਸੇ ਕੁਝ ਮਿੰਟ ਹਾਜਰੀ ਭਰਨ ਲਈ ਬੈਠ ਗਿਆ। ਗ੍ਰੰਥੀ ਸਿੰਘ ਕਥਾ ਕਰ ਰਿਹਾ ਸੀ, ‘ਇਸ ਸੰਸਾਰ ਤੇ ਭਾਈ ਚੁਰਾਸੀ ਲੱਖ ਜੂਨਾਂ ਹਨ, ਜਿਹਨਾਂ ਚੋਂ ਬਿਆਲੀ ਲੱਖ ਧਰਤੀ ਤੇ ਹਨ ਅਤੇ ਬਿਆਲੀ ਲੱਖ ਹੀ ਪਾਣੀ ਵਿੱਚ ਹਨ। ਭਾਵੇਂ ਹਰ ਜੀਵ ਪੰਛੀ ਪਸੂ ਨੂੰ ਆਪਣੀ ਆਪਣੀ ਜੂਨ ਹੀ ਚੰਗੀ ਲਗਦੀ ਹੈ, ਪਰ ਪ੍ਰਮਾਤਮਾ ਨੇ ਸਭ ਤੋਂ ਚੰਗੀ ਜੂਨ ਇਨਸਾਨ ਦੀ ਬਣਾਈ ਹੈ, ਜਿਸਨੂੰ ਚੰਗੀ ਅਕਲ ਦਿੱਤੀ ਹੈ, ਲੀੜਾ ਕੱਪੜਾ ਪਾਉਣ ਦਾ ਢੰਗ ਤਰੀਕਾ ਸਮਝਾਇਆ ਹੈ, ਖਾਣ ਪੀਣ ਅਤੇ ਰਹਿਣ ਸਹਿਣ ਦਾ ਤੌਰ ਤਰੀਕਾ ਦੱਸਿਆ ਹੈ।’ ਫੇਰ ਉਸਨੇ ਦੋ ਤੁਕਾਂ ਹੋਰ ਪੜ੍ਹੀਆਂ ਅਤੇ ਉਹਨਾਂ ਦੇ ਅਰਥ ਸਮਝਾਉਦਿਆਂ ਉਹ ਕਹਿਣ ਲੱਗਾ, ‘ਭਾਈ ਪ੍ਰਮਾਤਮਾ ਨੇ ਸਾਰੇ ਇਨਸਾਨਾਂ ਨੂੰ ਇਕੋ ਜਿਹਾ ਬਣਾਇਆ ਹੈ, ਸਾਰੇ ਹੀ ਉਸਦੇ ਆਪਣੇ ਹਨ ਅਤੇ ਸਭ ਨੂੰ ਹੀ ਉਹ ਰਿਜਕ ਦਿੰਦਾ ਹੈ।’
ਇਹ ਸੁਣ ਕੇ ਮੈਂ ਸੋਚਣ ਲੱਗਾ ਕਿ ਸਭ ਇਨਸਾਨ ਇਕੋ ਜਿਹੇ ਬਣਾਏ ਹਨ, ਸਭ ਨੂੰ ਅਕਲ ਤੇ ਰਹਿਣ ਸਹਿਣ ਖਾਣ ਪੀਣ ਦਾ ਤੌਰ ਤਰੀਕਾ ਦੱਸਿਆ ਹੈ ਤਾਂ ਫੇਰ ਉਹ ਇਨਸਾਨ ਕੂੜੇ ਦੇ ਢੇਰ ਚੋਂ ਕਿਉਂ ਲੱਭ ਲੱਭ ਕੇ ਖਾ ਰਿਹੈ ਅਤੇ ਇੱਕ ਪਾਸੇ ਅਜਿਹੇ ਇਨਸਾਨ ਹਨ, ਜਿਹਨਾਂ ਵੱਲੋਂ ਪੰਜ ਤਾਰਾ ਹੋਟਲਾਂ ’ਚ ਇੱਕ ਡੰਗ ਦੇ ਖਾਣੇ ਤੇ ਹਜਾਰਾਂ ਰੁਪਏ ਖਰਚੇ ਜਾ ਰਹੇ ਹਨ। ਕੀ ਪ੍ਰਮਾਤਮਾ ਦੇ ਇਹ ਇੱਕੋ ਜਿਹੇ ਬਣਾਏ ਇਨਸਾਨ ਹਨ? ਨਹੀਂ! ਰੱਬ ਵੀ ਵਿਤਕਰਾ ਕਰ ਰਿਹੈ ਅਤੇ ਅਮੀਰ ਲੋਕ ਗਰੀਬਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਕਹਿਕੇ ਗੁੰਮਰਾਹ ਕਰ ਰਹੇ ਹਨ। ਹੁਣ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਭਾਈ ਜੀ ਕੀ ਬੋਲ ਰਹੇ ਹਨ, ਮੈਂ ਖੜਾ ਹੋਇਆ ਤੇ ਜੁੱਤੇ ਪਾ ਕੇ ਚੱਕਵੇਂ ਪੈਰੀਂ ਬੱਸ ਅੱਡੇ ਵੱਲ ਤੁਰ ਪਿਆ।
098882 75913

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)