ਬਚਪਨ ਦੀਆਂ ਸ਼ਰਾਰਤਾਂ *
ਬਚਪਨ ਚ ਜਦੋਂ ਵੀ ਮੰਮੀ ਨੇ ਕਿਤੇ ਰਿਸ਼ਤੇਦਾਰ ਦੇ ਜਾਣਾ ਤਾਂ ਸਾਡੇ ਭੈਣ ਭਰਾਵਾਂ ਦੇ ਅੰਦਰਲਾ ਰਸੋਈਆ ਜਾਗ ਜਾਣਾ। ਏਦਾਂ ਈ ਇੱਕ ਵਾਰੀ ਮੰਮੀ ਕਿਸੇ ਰਿਸ਼ਤੇਦਾਰ ਦੇ ਗਏ ਸੀ ਤੇ ਮਗਰੋਂ ਅਸੀਂ ਸੋਚਿਆ ਕਿ ਅੱਜ ਕੜਾਹ ਬਣਾਇਆ ਜਾਵੇ ਉਹ ਵੀ ਆਟੇ ਦਾ। ਜਿੱਦਾਂ ਗੁਰੂਘਰ ਦੇਗ ਹੁੰਦੀ ਹੈ ਬਿਲਕੁਲ ਓਦਾਂ ਦਾ।
ਓਦੋਂ ਸਾਡੇ ਗੈਸ ਸਿਲੰਡਰ ਨਹੀਂ ਸੀ ਹੁੰਦਾ ਸਟੋਵ ਹੁੰਦਾ ਸੀ। ਚਲੋ ਜੀ ਮੈਂ ਤੇ ਵੱਡੇ ਭਾਜੀ ਲੱਗ ਗਏ ਬਣਾਉਣ। ਸਟੋਵ ਬਾਲ਼ਿਆ ਉੱਪਰ ਰੱਖਿਆ ਪਤੀਲਾ ਘਿਓ ਪਾ ਕੇ ਆਟਾ ਭੁੰਨਣਾ ਸ਼ੁਰੂ ਕੀਤਾ। ਆਟਾ ਤੇ ਭੁੱਜ ਗਿਆ ਅਖੀਰ ਤੇ ਪਾਈ ਖੰਡ। ਹੁਣ ਵਾਰੀ ਆਈ ਪਾਣੀ ਦੀ…. ਭਾਜੀ ਕਹਿੰਦੇ ਪਾਣੀ ਕਿੰਨਾ ਪਾਈਏ ਮੈਂ ਕਿਹਾ ਮੈਨੂੰ ਤੇ ਨਹੀਂ ਪਤਾ ਭਾਜੀ। ਪਰ ਮੰਮੀ ਚਾਰ ਗੁਣਾ ਪਾਣੀ ਪਾਉਂਦੇ ਹੁੰਦੇ ਆ ਸੂਜੀ ਦੇ ਕੜਾਹ ਚ। ਚਲੋ ਜੀ ਚਾਰ ਗੁਣਾ ਪਾਣੀ ਪਾ ਦਿੱਤਾ ਅਸੀਂ ਵੀ।
ਕੜਾਹ ਤੇ ਏਦਾਂ ਹੋ ਗਿਆ ਜਿਵੇਂ ਤਰੀ ਵਾਲ਼ਾ ਹੋਵੇ। ਵਾਰੀ ਵਾਰੀ ਅਸੀਂ ਕੜਛੀ ਚਲਾਈ ਜਾਈਏ ਪਰ...
ਪਾਣੀ ਐਨਾ ਕਿ ਸੁੱਕਣ ਦਾ ਨਾ ਈ ਨਾ ਲਵੇ। ਜਦੋਂ ਕੜਾਹ ਦੇ ਬੁਲਬੁਲੇ ਜਿਹੇ ਨਿਕਲਣ ਲੱਗ ਗਏ ਭਾਜੀ ਦੀਆਂ ਬਾਹਵਾਂ ਤੇ ਛਿੱਟੇ ਪੈਣ ਲੱਗ ਪਏ। ਭਾਜੀ ਕਹਿੰਦੇ ਮੈਂ ਇਕੱਲਾ ਕੀ ਕਰਾਂ ਚੱਲ ਹੁਣ ਤੂੰ ਫੇਰ ਕੜਛੀ। ਕੁੱਟ ਦੇ ਡਰ ਤੋਂ ਭਾਜੀ ਦਾ ਹੁਕਮ ਤੇ ਮੰਨਣਾ ਈ ਪੈਣਾ ਸੀ। ਛਿੱਟੇ ਪੈ ਪੈ ਕੇ ਬਾਹਵਾਂ ਦਾ ਬੁਰਾ ਹਾਲ। ਰੱਬ ਅੱਗੇ ਇਹੀ ਅਰਦਾਸ ਕਿ ਰੱਬਾ ਛੇਤੀ ਮੰਮੀ ਨੂੰ ਭੇਜ ਦਿਓ ਤੇ ਕੜਾਹ ਤੋਂ ਜਾਨ ਛੁੱਟੇ।
ਸਾਡੇ ਕੜਾਹ ਬਣਾਉਂਦਿਆਂ ਹੀ ਮੰਮੀ ਆ ਗਏ। ਜਦ ਓਹਨਾਂ ਨੇ ਦੇਖਿਆ ਸਾਡਾ ਹਾਲ ਤੇ ਖੂਬ ਹੱਸੇ। ਫੇਰ ਓਹਨਾਂ ਨੇ ਸਾਨੂੰ ਕੜਾਹ ਬਣਾਉਣਾ ਸਿਖਾਇਆ।
ਅੱਜ ਵੀ ਜਦੋਂ ਸਟੋਵ ਵਾਲ਼ੇ ਕੜਾਹ ਦੀ ਗੱਲ ਛਿੜਦੀ ਹੈ ਘਰ ਚ ਤੇ ਸਾਰੇ ਬਹੁਤ ਹੱਸਦੇ ਨੇ।
ਰੀਨਾ ਔਜਲਾ