ਹੀਰ (ਬਾਪੂ ਤੋਂ ਸੁਣੀਆਂ-2)
ਸਾਡੇ ਇੱਕ ਚੌਧਰੀ ਸੀ ਸਰਦਾਰਾ ਰਾਮ ਵੱਡੀ ਉਮਰ ਚ ਵੀ ਕੰਮ ਦਾ ਸਿਰੜੀ।
ਸਾਂਝਾ ਪਰਿਵਾਰ ਸੀ ।
ਪਰ ਉਸ ਦੇ ਪੁੱਤਰ ਭਤੀਜੇ ਕੰਮ ਤੋ ਟਾਲਾ ਵੱਟ ਜਾਂਦੇ ਸਨ। ਇੱਕ ਵਾਰ ਜੌਂਅ ਵੱਢਣ ਦਾ ਕੰਮ ਸੀ ਚੌਧਰੀ ਸਰਦਾਰਾ ਰਾਮ ਮੁੰਡਿਆਂ ਨੂੰ ਕਹਿੰਦਾ ਖੇਤ ਜੌਂਅ ਵਢਵਾ ਦਿਓ ਤੁਹਾਨੂੰ ਹੀਰ ਸੁਣਾਵਾਂਗਾ।
ਓਦੋਂ ਹੋਰ ਕੋਈ ਮਨ ਪ੍ਰਚਾਵੇ ਦਾ ਸਾਧਨ ਨਹੀਂ ਸੀ ਹੁੰਦਾ।
ਮੁੰਡੇ ਹੀਰ ਸੁਣਨ ਦੇ ਲਾਲਚ ਵਿੱਚ ਤੁਰ ਪਏ
ਖੇਤ ਜੌਂਅ ਵੱਢਣ ਲੱਗ ਪਏ।
ਜਦੋਂ ਕੰਮ ਕਰਦਿਆਂ ਤਕੜੀ ਧੁੱਪ ਚੜ ਪਈ ਤਾਂ ਮੁੰਡਿਆਂ ਹੀਰ ਸੁਣਾਉਣ ਬਾਰੇ ਕਿਹਾ
ਚੌਧਰੀ ਸਰਦਾਰਾ ਰਾਮ ਅਗੋਂ ਲਾਰਾ ਜਿਹਾ ਲਾ ਕੇ ਕਹਿੰਦਾ
” ਕੁੱਝ ਕੰਮ ਤਾਂ ਨਬੇੜ ਲਈਏ ਮੁੜ ਸੁਣਾ ਦੇਸਾਂ ਹੀਰ ਵੀ”
ਜਦੋਂ ਦੁਪੈਹਿਰ ਢਲ ਚੱਲੀ ਮੁੰਡਿਆਂ ਫੇਰ ਹੀਰ ਦੀ ਫਰਮਾਇਸ਼ ਕੀਤੀ।
ਚੌਧਰੀ ਸਰਦਾਰਾ ਰਾਮ ਕਹਿੰਦਾ
“ਯਾਦ ਕਰਦਾ ਪਿਆਂ ਥੋੜੀ ਥੋੜੀ ਭੁੱਲਦੀ ਹਈ”
ਮੁੰਡੇ ਹੀਰ ਸੁਣਨ ਦੀ ਆਸ...
ਨਾਲ ਲੱਗੇ ਰਹੇ ਅਤੇ ਸੂਰਜ ਛਿਪਣ ਤੋਂ ਵਾਹਵਾ ਪਹਿਲਾਂ ਜੌਂਅ ਵੱਢਣ ਦਾ ਕੰਮ ਨਿਬੇੜ ਲਿਆ।
ਚੌਧਰੀ ਨੇ ਫਿਰ ਵੀ ਪੱਲਾ ਨਾ ਫੜਾਉਂਦਿਆਂ ਕਿਹਾ
“ਇਕੱਠੇ ਕਰ ਲਈਏ ਮੁੜ ਰਾਹ ਜਾਂਦਾ ਜਾਂਦਾ ਹੀਰ ਸੁਣਾਂਦਾ ਜਾਸਾਂ”
ਜਦੋਂ ਜੌਂਅ ਇਕੱਠੇ ਕਰ ਦਿੱਤੇ ਮੰਡਲੀ ਲਾ ਕੇ ਘਰ ਨੂੰ ਤੁਰਨ ਲੱਗੇ ਮੁੰਡਿਆਂ ਫੇਰ ਹੀਰ ਸੁਣਨ ਦੀ ਜਿਦ ਕੀਤੀ।
ਚੌਧਰੀ ਸਰਦਾਰਾ ਰਾਮ ਬੋਲਿਆ
” ਲਓ ਸੁਣੋ ਮੁੜ !
“ਹਿੱਕ(ਇੱਕ)ਸੀ ਛੋਰਾ(ਮੁੰਡਾ)
“ਹਿੱਕ (ਇੱਕ) ਸੀ ਛੋਰੀ (ਕੁੜੀ)
ਛੋਰਾ ਛੋਰੀ ਨੂੰ ਭਜਾ ਕੇ ਲੈ ਗਿਆ।
“ਗੱਲ ਤਾਂ ਹੈ ਏਤੀ (ਏਨੀ ਕੁ)
“ਬਣਾ ਲਓ ਭਾਵੇਂ ਕੇਤੀ(ਜਿੰਨੀ ਮਰਜ਼ੀ ਵਧਾ ਲਓ)
ਐਂਵੇਂ ਲੋਕੀ ਹੀਰ ਹੀਰ ਕਰਦੇ ਕਮਲੇ ਹੋਏ ਫਿਰਦੇ ਨੇ।
ਨਰ ਸਿੰਘ ਫਾਜ਼ਿਲਕਾ
22-03-2022