![](https://www.punjabidharti.com/wp-content/uploads/2020/06/bhori.jpg)
ਵੇ ਪੁੱਤ, ਤੇਰਾ ਬੜਾ ਭਲਾ ਹੋਵੇ ਜੇ ਤੂੰ ਮੈਨੂੰ ਗੁਰੂ ਘਰ ਦੇ ਦਰਸ਼ਨ ਕਰਵਾ ਲਿਆਵੇ। ਗੱਡੀ ਭਲਾਂ ਸਾਡੀ ਲੈ ਜਾਵੀਂ ਕਿਉਂਕਿ ਨਿੰਮੇ ਦੇ ਡੈਡੀ ਨੂੰ ਖੇਤ ਚੋਂ ਕੰਮ ਹੈ ਤੇ ਅੱਗੇ ਤੋਂ ਨਿੰਮਾ ਆਪੇ ਗੱਡੀ ਤੇ ਸਾਨੂੰ ਲੈ ਜਾਇਆ ਕਰੂਗਾ। ਇਹ ਵਿਚਾਰਾ ਨਿੰਮਾ ਪੈਰ ਵਿੱਚ ਭੌਰੀ ਹੋਣ ਕਰਕੇ ਗੱਡੀ ਚੰਗੀ ਤਰ੍ਹਾਂ ਚਲਾ ਨਹੀਂ ਸਕਦਾ। ਇਹਦੀ ਪੈਰ ਵਾਲੀ ਭੌਰੀ ਦੀ ਸੁੱਖ ਸੁੱਖਣ ਜਾਣਾ ਹੈ ਤੇ ਨਾਲੇ ਤੇਰੀ ਗੁਆਂਢਣ ਮਿੰਦੋ ਭਾਬੀ ਦੀ ਪੈਰ ਦੀ ਹੱਡੀ ਵੱਧਦੀ ਹੈ, ਉਹਨੇ ਵੀ ਇਸਦੀ ਸੁੱਖ ਸੁੱਖਣੀ ਹੈ। ਮਿੰਨਤ ਹੈ ਪੁੱਤਰਾ, ਐਂਤਕੀ ਸਾਨੂੰ ਲੈ ਜਾ, ਅੱਗੇ ਤੋਂ ਆਪੇ ਨਿੰਮਾ ਸਾਨੂੰ ਲੈ ਜਾਇਆ ਕਰੂਗਾ ਫਿਰ ਨਹੀਂ ਅਸੀਂ ਤੈਨੂੰ ਆਖਦੇ। ਚਲੋ, ਮੈਂ ਆਖਿਆ ਘਰੇ ਵਿਹਲੇ ਹੀ ਹਾਂ ਐਤਵਾਰ ਕਰਕੇ, ਨਾਲੇ ਗੁਰੂ ਘਰ ਦੇ ਦਰਸ਼ਨ ਕਰ ਆਵਾਂਗੇ। ਕਰ ਕਰਾ ਕੇ ਅਸੀਂ ਦਸ ਕੁ ਵਜੇ ਚਾਰ ਜਾਣੇ ਗੁਰੂ ਘਰ ਨੂੰ ਗੱਡੀ ਤੇ ਚਲ ਪਏ ਜੋ ਸਾਡੇ ਪਿੰਡ ਤੋਂ ਪੰਦਰਾਂ ਕਿਲੋਮੀਟਰ ਦੂਰ ਹੋਵੇਗਾ। ਗੱਡੀ ਪਿੰਡੋਂ ਲੰਘਣ ਦੀ ਦੇਰ ਸੀ, ਉਸ ਮਾਤਾ ਤੇ ਗੁਆਂਢੀ ਭਰਜਾਈ ਨੇ ਛੇੜ ਲਈਆਂ ਆਂਢ-ਗੁਆਂਢ ਦੀਆਂ ਗੱਲਾਂ। ਕਦੇ ਕਿਸੇ ਨੂੰ ਫੜੵ ਕੇ ਭੰਡਣ ਲੱਗ ਪੈਣ ਤੇ ਕਿਤੇ ਕਿਸੇ ਨੂੰ। ਮੈਨੂੰ ਬੜੀ ਤਲਖੀ ਆਵੇ ਕਿ ਇਹ ਗੁਰੂ ਘਰ ਚੱਲੀਆਂ ਨੇ ਜਾਂ ਕਿਸੇ ਨੇਤਾ ਦੀ ਰੈਲੀ ਤੇ। ਗੱਲ ਕੀ ਪੰਦਰਾਂ ਕਿਲੋਮੀਟਰ ਵਿੱਚ ਉਹਨੇ ਨੇ ਸਾਰੇ ਪਿੰਡ ਦੀ ਧੀ-ਭੈਣ ਇੱਕ ਕਰ ਦਿੱਤੀ। ਉੱਤੋਂ ਨਾਲੇ ਇਹ ਆਖ ਦਿਆ ਕਰਨ ਕਿ ਆਪਾਂ ਕਿਹੜਾ ਕੋਈ ਚੁਗਲੀ ਕਰਦੀਆਂ ਹਾਂ, ਸੱਚੀ ਗੱਲ ਹੀ ਕਰਦੀਆਂ ਹਾਂ। ਸੱਚੀ ਗੱਲ ਕਹਿਣ ਦਾ ਕਿਹੜਾ ਕੋਈ ਪੜਦਾ ਹੁੰਦਾ ਹੈ? ਨਾਲ ਬੈਠਾ ਨਿੰਮਾ ਆਪਣੀ ਮਾਤਾ ਨੂੰ ਕਹਿਣ ਲੱਗਾ ਕਿ ਹੁਣ ਬੱਸ ਵੀ ਕਰ ਜਾਓ ਤੁਸੀਂ, ਗੁਰੂ ਘਰ ਆਉਣ ਵਾਲਾ ਹੈ, ਆਪਣੀ ਅੰਮ੍ਰਿਤ ਬਾਣੀ ਬੰਦ ਕਰ ਦਿਓ। ਜਾ ਵੇ ਬੈਠ ਜਾ ਚੁੱਪ ਕਰਕੇ ਖਸਮਾਂ ਨੂੰ ਖਾਣਿਆਂ, ਸਾਨੂੰ ਨਾ ਮੱਤਾਂ ਦੇ ਕੱਲ੍ਹ ਦੇ ਜਵਾਕਾ। ਇੱਕ ਹੋਰ ਮਿਹਣਾ ਮਾਰਦਿਆਂ ਭਰਜਾਈ ਨਿੰਮੇ ਨੂੰ ਕਹਿਣ ਲੱਗੀ ਕਿ ਆਹ ਭੋਰਾ ਫਿਨਸੀ ਤਾਂ ਪੈਰ ਵਿੱਚ ਜਰੀ ਨਹੀਂ ਜਾਂਦੀ ਤੈਥੋਂ ਤੇ ਗੱਲਾਂ ਕਰਦਾ ਸਾਡੇ ਨਾਲ। ਅਸੀਂ ਤਾਂ ਆਥਣ ਨੂੰ ਭੋਰਾ ਸੱਟ ਵੱਜਣ ਤੇ ਵੀ ਸਾਰਾ ਪਿੰਡ ਗਾਹ ਮਾਰੀਏ। ਮੈਂ ਵੀ ਸੋਚਣ ਲਈ ਮਜਬੂਰ ਹੋ ਗਿਆ ਕਿ ਭਲਾਂ, ਹੋਰ ਤੁਸੀਂ ਕਿਹੜਾ ਵੇਦਾਂਤ ਪੜਿਆ ਹੈ, ਸਾਰੀ ਉਮਰ ਆਂਢ-ਗੁਆਂਢ ਦੇ ਕੌਲੇ ਹੀ ਕੱਛੇ ਨੇ। ਨਿੰਮਾ ਉਸਦੇ ਕੁਸੈਲੇ ਬੋਲ ਸੁਣ ਕੇ ਚੁੱਪ ਕਰ ਗਿਆ ਤੇ ਨੀਵੀਂ ਪਾ ਲਈ ਉਸਨੇ। ਉਸਨੇ ਭੂੰਡਾਂ ਦੀ ਖੱਖਰ ਨੂੰ ਨਾ ਛੇਡਣ ਵਿੱਚ ਹੀ ਆਪਣੀ ਭਲਾਈ ਸਮਝੀ। ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤੇ ਪ੍ਰਸ਼ਾਦ ਲੈ ਕੇ ਬੈਠ ਗਏ। ਉਹ ਮਾਤਾ ਤੇ ਭਰਜਾਈ ਨੇ ਪਾਠੀ ਤੋਂ ਦੋ ਲਿਫ਼ਾਫ਼ੇ ਲੈ ਕੇ ਉਸ ਵਿੱਚ ਜਲ ਪਾ ਲਿਆ। ਅਸੀਂ ਲੰਗਰ ਚੋਂ ਚਾਹ ਪੀਤੀ ਤੇ ਪਿੰਡ ਨੂੰ ਚਾਲੇ ਪਾ ਦਿੱਤੇ। ਭਰਜਾਈ ਨੇ ਆਪਣੀ ਗੁਆਂਢਣ ਮਾਤਾ ਤੋਂ ਪੁੱਛਿਆ ਕਿ ਇਹ ਜਲ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਪਾਣੀ ਵਿੱਚ ਪਾ ਕੇ ਨਹਾਉਣਾ ਹੈ ਜਾਂ ਥੋੜ੍ਹਾ ਪੀਣਾ ਹੈ। ਬੁੱਢੀ ਮਾਤਾ ਨੇ ਆਪਣੇ ਤਜਰਬੇ ਦੇ ਅਧਾਰ ਤੇ...
ਦੱਸਿਆ ਕਿ ਪੁੱਤ, ਇਹ ਪਾਣੀ ਵਿੱਚ ਪਾ ਕੇ ਨਹਾਉਣ ਦੀ ਗਲਤੀ ਨਾ ਕਰੀਂ ਕਿਉਂਕਿ ਇਹ ਪਵਿੱਤਰ ਪਾਣੀ ਵਹਿ ਕੇ ਫਿਰ ਗੰਦੀ ਨਾਲੀ ਵਿੱਚ ਚਲਾ ਜਾਊਗਾ। ਇਸ ਨਾਲ ਤਾਂ ਤੇਰੇ ਤੇ ਹੋਰ ਵੀ ਪਾਪ ਚੜੵ ਜਾਣਗੇ। ਤੂੰ ਇਸਦੀ ਇੱਕ-ਇੱਕ ਚੂਲੀ ਸਾਰੇ ਪਰਿਵਾਰ ਨੂੰ ਪਿਆ ਦੇਵੀਂ ਤੇ ਅੱਗੇ ਤੋਂ ਪੰਜ ਨਹਾਉਣ ਇੱਥੇ ਆ ਕੇ ਕਰ ਲਵੀਂ ਤੇ ਨਾਗਾ ਕੋਈ ਨਾ ਪਾਵੀਂ। ਹੁਣ ਤਾਂ ਭਲਾਂ ਸਾਡੇ ਨਿੰਮੇ ਨੂੰ ਹਰ ਐਤਵਾਰ ਲੈ ਜਾਇਆ ਕਰੀਂ, ਉਹ ਵੀ ਆਪਣੇ ਪੰਜ ਨਹਾਉਣ ਪੂਰੇ ਕਰ ਲਊਗਾ ਤੇ ਨਾਲ ਹੀ ਮੈਂ ਆ ਜਾਇਆ ਕਰੂ ਤੁਹਾਡੇ ਨਾਲ। ਉਹਨਾਂ ਦੀ ਗੱਲ ਸੁਣ ਕੇ ਮੈਂ ਆਖਿਆ ਕਿ ਮਾਤਾ, ਮੇਰੇ ਵੀ ਪੈਰ ਵਿੱਚ ਭੌਰੀਆਂ ਸਨ ਤੇ ਮੈਂ ਤਾਂ ਹੋਮਿਓਪੈਥਿਕ ਦਵਾਈ ਲੈ ਕੇ ਇਸਦਾ ਇਲਾਜ ਕਰ ਲਿਆ ਸੀ। ਲੈ ਪੁੱਤ, ਕੋਈ ਗੱਲ ਨਹੀਂ, ਅਸੀਂ ਵੀ ਉੱਥੋਂ ਦਵਾਈ ਲੈ ਲੈਨੇ ਹਾਂ, ਜਿੱਥੋਂ ਤੂੰ ਲਈ ਸੀ ਤੇ ਨਾਲੇ ਗੁਰੂ ਘਰ ਪੰਜ ਨਹਾਉਣ ਪੂਰੇ ਕਰ ਲਵਾਂਗੇ। ਮੇਰੇ ਮਨ ਵਿੱਚ ਖਿਆਲ ਆ ਰਿਹਾ ਕਿ ਲੋਕਾਂ ਵਿੱਚ ਸਬਰ ਕਿੰਨਾ ਘੱਟ ਗਿਆ ਹੈ, ਜਦੋਂ ਵੀ ਕਿਸੇ ਤੇ ਮਾੜੀ ਮੋਟੀ ਤਕਲੀਫ ਆਉਂਦੀ ਹੈ ਤਾਂ ਉਹ ਇਸਨੂੰ ਸਹਿਣ ਕਰਨ ਦੀ ਬਜਾਏ ਇਸਦੀ ਨਵਿਰਤੀ ਲਈ ਅਰਦਾਸਾਂ ਕਰਵਾਉਣ ਲੱਗ ਜਾਂਦੇ ਹਨ ਜਾਂ ਭੇਖੀ ਬਾਬਿਆਂ ਵੱਲ ਨੂੰ ਚਾਲੇ ਪਾ ਕੇ ਧਾਗੇ,ਤਵੀਤ ਤੇ ਟੂਣੇ-ਟੱਪੇ ਕਰਵਾਉਣ ਲੱਗ ਜਾਂਦੇ ਹਨ ਕਿ ਕਿਸੇ ਨੇ ਸਾਡੇ ਤੇ ਕੁੱਝ ਕਰ ਦਿੱਤਾ ਹੈ, ਤਾਹੀਓਂ ਸਾਡੇ ਤੇ ਐਡੀ ਭੀੜ ਬਣੀ ਹੈ। ਪੁੱਛਣ ਵਾਲਾ ਹੋਵੇ ਇੰਨਾਂ ਲਾਈਲੱਗਾਂ ਨੂੰ ਬਈ, ਸਰੀਰ ਤਾਂ ਇੱਕ ਮਸ਼ੀਨਰੀ ਦੀ ਤਰ੍ਹਾਂ ਹੈ ਇਸ ਵਿੱਚ ਰੁਕਾਵਟ ਕਿਸੇ ਵੇਲੇ ਵੀ ਆ ਸਕਦੀ ਹੈ। ਸੁੱਖ-ਦੁੱਖ ਤਾਂ ਇਸ ਸਰੀਰ ਦੇ ਧਰਮ ਹੀ ਹਨ, ਇੱਕ ਤੋਂ ਮਗਰੋਂ ਦੂਜੇ ਨੇ ਤਾਂ ਆਉਣਾ ਹੀ ਹੈ। ਗੁਰੂ ਘਰ ਜਾ ਕੇ ਨਿੱਕੇ-ਮੋਟੇ ਇਲਾਜ ਤਾਂ ਹਰ ਕੋਈ ਕਰਨਾ ਚਾਹੁੰਦਾ ਹੈ ਪਰ ਨਾਮ ਰੂਪੀ ਜਲ ਕੋਈ ਵੀ ਪੀਣਾ ਨਹੀਂ ਚਾਹੁੰਦਾ। ਰਸਤਾ ਭੀੜਾ ਹੋਣ ਕਰਕੇ ਗੱਡੀ ਮਸਾਂ ਹੀ ਲੰਘ ਰਹੀ ਸੀ, ਜਦੋਂ ਅੱਗਿਓਂ ਕੋਈ ਸਾਧਨ ਆ ਜਾਂਦਾ। ਲੋਕਾਂ ਦੇ ਸੜਕ ਦੇ ਨਾਲੋਂ ਰਾਹ ਵੱਢਣ ਨੂੰ ਲੈ ਕੇ ਗੱਲ ਤੁਰ ਪਈ ਕਿ ਕਿਵੇਂ ਲੋਕ ਸਰਕਾਰੀ ਰਸਤੇ ਵੱਢ ਕੇ ਆਪਣੀ ਪੈਲੀ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਭਰਜਾਈ ਭੀੜੇ ਰਸਤੇ ਤੋਂ ਅੱਕੀ ਬੋਲੀ ਕਿ ਭਲਾਂ, ਇੱਕ-ਇੱਕ ਔਰਾ ਵੱਢ ਕੇ ਕਿਹੜਾ ਤੁਸੀਂ ਮਹਿਲ ਛੱਤ ਲਓਂਗੇ। ਮਾਤਾ ਉਸਦਾ ਹੁੰਗਾਰਾ ਭਰਦੀ ਬੋਲੀ ਕਿ ਬੰਦੇ ਦੀ ਨੀਤ ਨਹੀਂ ਰੱਜਦੀ ਸਾਰੀ ਉਮਰ। ਸੜਕਾਂ ਤੇ ਰਾਹਾਂ ਵਿੱਚ ਗੰਦ ਪਾ ਕੇ ਪਤਾ ਨਹੀਂ ਇਹਨੂੰ ਕੀ ਮਿਲਦਾ ਹੈ? ਆਪਣਾ ਹੀ ਅੱਗਾ ਮਾਰੀ ਜਾਂਦੇ ਨੇ ਇਹ ਚੰਦਰੇ ਲੋਕ। ਆਹ ਗੱਲ ਮੈਨੂੰ ਉਹਨਾਂ ਦੋਵਾਂ ਦੀ ਸੌ ਆਨੇ ਸੱਚੀ ਲੱਗੀ ਸੀ, ਨਹੀ ਤਾਂ ਉਹ ਵੀ ਦੋਵੇਂ ਲੋਕਾਂ ਦੀ ਨਿੰਦਿਆਂ-ਚੁਗਲੀ ਕਰਕੇ ਆਪਣਾ ਅੱਗਾ ਹੀ ਮਾਰ ਰਹੀਆਂ ਸਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761