More Punjabi Kahaniya  Posts
ਸਾਡੇ ਬਜ਼ੁਰਗ ਕਿੰਨੇ ਕੁ ਸੁਖਾਲੇ ?


“ਸਾਡਾ ਸਰਮਾਇਆ , ਸਾਡੇ ਬਜ਼ੁਰਗ ਕਿੰਨੇ ਕੁ ਸੁਖਾਲੇ “..??
ਭਾਬੀ ਜੀ ਦਾ ਕੱਲ੍ਹ ਫੋਨ ਆਇਆ ਤੇ ਕਹਿਣ ਲੱਗੇ , “ਭੈਣ ਜੀ ,ਪਾਪਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਹਨ “, ਜਰੂਰ ਜਲਦੀ ਹੀ ਮਿਲ ਕੇ ਜਾਓ , ਟਾਈਮ ਕੱਢ ਕੇ”
ਤੇ “ਆਹ ਪਾਪਾ ਜੀ ਨਾਲ ਗੱਲ ਕਰ ਲਵੋ “
.. ਜਿਉ ਹੀ ਫੋਨਤੇ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤਾਂ ਉਹ ਗੱਚ ਭਰ ਆਏ .. ਕੰਬਦੀ ਜਿਹੀ ਆਵਾਜ਼ ਨਾਲ ਕਹਿਣ ਲੱਗੇ , “ਬੇਟਾ ਤੂੰ ਆਵਦੀ ਆਂਟੀ ਦਾ ਪਤਾ ਲੈਣ ਤਾਂ ਛੇਤੀ ਹੀ ਆ ਜਾਂਦੀ ਸੀ .. ਹੁਣ ਤੈਨੂੰ ਅੰਕਲ ਦੀ ਯਾਦ ਹੀ ਨਹੀਂ ਆਈ ਕਦੇ ..?
ਜਿਉਂ ਤੇਰੀ ਆਂਟੀ ਮਰਗੀ , ਤੂੰ ਤਾਂ ਪਤਾ ਈ ਨੀ ਲਿਆ ਮੇਰਾ “
“ਦੱਸ ਹੁਣ , ਮੈਨੂੰ ਮਿਲਣ ਕਿੱਦਣ ਆਏਂਗੀ ??
“ਇਸੇ ਹਫਤੇ ਪੱਕਾ ਜਰੂਰ ਆਉਂਗੀ ਅੰਕਲ “ਮੈਂ ਕਿਹਾ ..!
ਸੁਣਨਸਾਰ
“ਭੁੱਲ ਨਾਂ ਜਾਵੀਂ ,ਮੈਂ ਉਡੀਕੂਗਾ ਪੁੱਤ “ਕਹਿ ਫੋਨ ਭਾਬੀ ਜੀ ਨੂੰ ਫੜ੍ਹਾ ਦਿੱਤਾ …।
ਮੈਂ ਭਾਬੀ ਜੀ ਨੂੰ ਦੱਸਿਆ ਕੇ ਇਸੇ ਹਫਤੇ ਮੈਨੂੰ ਪੀਏਯੂ ਵਿੱਚ ਜਰੂਰੀ ਕੰਮ ਹੈ ਉਸ ਦਿਨ ਠੀਕ ਇੱਕ ਵਜੇ ਤੁਹਾਡੇ ਕੋਲ ਪਹੁੰਚ ਜਾਂਵਾਂਗੀ ।
“ਜਰੂਰ ਆਉਣਾ “, ਕਹਿ ਭਾਬੀ ਜੀ ਨੇ ਫੋਨ ਕੱਟ ਦਿੱਤਾ ।
ਇਹ ਆਂਟੀ ਮੇਰੇ ਬਚਪਨ ਦੇ ਅਧਿਆਪਕ ਸਨ ਤੇ ਮੈਨੂੰ ਬਹੁਤ ਪਿਆਰ ਕਰਦੇ ਸਨ .. ਅੰਕਲ ਦੀ ਡੈਡੀ ਨਾਲ ਗੂੜੀ ਦੋਸਤੀ ਪੈ ਗਈ ਸੀ ਕਿਉਕੇ ਅੰਕਲ ਡੈਡੀ ਨਾਲ ਮਿਲਟਰੀ ਕੰਟੀਨ ਤੇ ਅਕਸਰ ਹੀ ਜਾਇਆ ਕਰਦੇ ਸਨ (ਜੋ ਸਰਕਾਰੀ ਅਧਿਆਪਕ ਸਨ )
ਅੰਕਲ ਦੇ ਦੋ ਬੇਟੇ ਇੱਕ ਵਿਦੇਸ਼ ਵਿੱਚ ਸੈਟ ਹੋ ਗਿਆ ਸੀ ਤੇ ਦੂਜਾ ਬੇਟਾ ਅੰਕਲ-ਆਂਟੀ ਦੀ ਰਿਟਾਇਰਮੈਂਟ ਤੋਂ ਬਾਅਦ ਫਰੀਦਕੋਟ ਤੋਂ ਲੁਧਿਆਣੇ ਚਲਾ ਗਿਆ ਸੀ …ਕਿਉਕੇ ਭਾਬੀ ਜੀ ਸਰਕਾਰੀ ਟੀਚਰ ਹਨ ਤੇ ਵੀਰ ਜੀ ਨੇ ਕੱਪੜੇ ਦਾ ਸ਼ੋਅ ਰੂਮ ਬਣਾ ਲਿਆ ਹੈ । ਉਹਨਾਂ ਦੇ ਦੋ ਬੱਚੇ ਜਿਹਨਾਂ ਵਿੱਚੋਂ ਬੇਟੀ ਪਿਛਲੇ ਸਾਲ ਕਨੇਡਾ ਚਲੀ ਗਈ ਤੇ ਬੇਟਾ ਲੁਧਿਆਣੇ ਹੀ ਡਿਗਰੀ ਤੋਂ ਬਾਅਦ ਆਈਲੈਟਸ ਕਰ ਕਨੇਡਾ ਦਾ ਵੀਜ਼ਾ ਉਡੀਕ ਰਿਹਾ ਹੈ ।ਵਧੀਆ ਸਰਦਾ ਪੁੱਜਦਾ ਪਰਿਵਾਰ ਹੈ ।
ਕਦੇ ਆਂਟੀ ਨੇ ਮੈਨੂੰ ਫੋਨ ਕਰ ਲੈਣਾ ਤੇ ਕਦੇ ਮੈਂ ਲੰਘਦੀ ਟੱਪਦੀ ਆਂਟੀ ਨੂੰ ਮਿਲ ਆਉਣਾ । ਆਂਟੀ ਨੇ ਆਪਣੇ ਸਾਰੇ ਦੁੱਖ ਸੁੱਖ ਧੀ ਸਮਝ ਕੇ ਸਾਂਝੇ ਕਰਨੇ ਤੇ ਕਹਿਣਾ , “ਬੇਟਾ ਜੇ ਸਾਨੂੰ ਦੋਨਾਂ ਨੂੰ ਪੈਨਸ਼ਨ ਨਾ ਆਉਦੀ ਹੁੰਦੀ ਤਾਂ ਸਾਨੂੰ ਰੋਟੀ ਵੀ ਨਹੀਂ ਮਿਲਣੀ ਸੀ ਅਤੇ ਅੱਜ ਘਰੋਂ ਬਾਹਰ ਕੱਢਿਆ ਹੋਣਾ ਸੀ “
“ ਉਲਟੀ ਵਾਅ ਵਗੀ ਪਈ ਐ “
“ਬੇਟਾ ਅੱਜਕੱਲ ਪੁੱਤ ਕੁਪੁੱਤ ਹੋਏ ਪਏ ਆ “
ਕਹਿ ਕੇ ਰੋਣ ਲੱਗ ਜਾਣਾ ਤੇ ਕਹਿਣਾ ,”ਬੇਟਾ ਤੈਨੂੰ ਪਤਾ ਈ ਐ !
“ਤੇਰੇ ਅੰਕਲ ਨੇ ਸਾਰੀ ਉਮਰ ਸਾਇਕਲ ਤੇ ਕੱਟੀ ਹੈ ਤੇ ,
ਮੈਨੂੰ ਵੀ ਸਕੂਲ ਸਾਇਕਲ ਤੇ ਛੱਡ ਕੇ ਆਉਦੇ ਸੀ ।”
“ਜਿਹੜੀ ਔਲਾਦ ਲਈ ਐਨੇ ਫਾਕੇ ਕੱਟੇ ਹਨ, ਉਹੀ ਔਲਾਦ ਅੱਜ ਸਿਆਣ ਨੀ ਕੱਢਦੀ ?
“ਬਹੁਤ ਖਤਰਨਾਕ ਜ਼ਮਾਨਾ ਆ ਗਿਆ ਹੈ ।”
ਆਂਟੀ ਨੇ ਤੁਰਨ ਲੱਗੀ ਨੂੰ ਕਹਿਣਾ ,”ਛੇਤੀ ਆਇਆ ਕਰ “
“ਪੱਲ੍ਹੇ ਬੰਨ੍ਹ ਲੈ ਬੇਟਾ ਇੱਕ ਗੱਲ “,
“ਆਪਾ ਗੁਆ ਕੇ ਕਦੇ ਵੀ ਬੱਚਿਆਂ ਦੀ ਪਰਵਰਿਸ਼ ਨਾ ਕਰਨੀ ਚਾਹੀਦੀ “ ..
“ਮਗਰੋਂ ਕੋਈ ਨੀ ਪੁੱਛਦਾ ..”
ਮੈਂ ਆਂਟੀ ਦੀਆਂ ਗੱਲਾਂ ਸੁਣ ਸੋਚਾਂ ਵਿੱਚ ਪੈ ਜਾਣਾ ਕੇ ਐਨਾ ਸੁਲਝਿਆ ਪੜਿ੍ਹਆ ਲਿਖਿਆ ਪਰਿਵਾਰ ਵੀ ਮਾਨਸਿਕ ਪੀੜਾਂ ਵਿੱਚੋਂ ਗੁਜ਼ਰ ਰਿਹਾ ਹੈ ??
ਪਿਛਲੇ ਸਾਲ ਆਂਟੀ ਦੀ ਡੈੱਥ ਹੋਣ ਦੀ ਖਬਰ ਮਹੀਨੇ ਬਾਅਦ ਭਾਬੀ ਜੀ ਨੇ ਫੋਨ ਤੇ ਮੈਨੂੰ ਦਿੱਤੀ ਤੇ ਸੁਣ ਮੈਨੂੰ ਬੜਾ ਪਛਤਾਵਾ ਹੋਇਆ ਕੇ “ਮੈਂ ਐਨੇ ਪਿਆਰੇ ਮਾਂ ਰੂਪੀ ਅਧਿਆਪਕ ਜੀ ਦੀਆਂ ਅੰਤਲੀਆਂ ਰਸਮਾਂ ਵਿੱਚ ਸ਼ਾਮਿਲ ਨਹੀਂ ਹੋ ਸਕੀ ਸੀ ਜਿਹੜੀ ਧੀ ਅਖਵਾਉਦੀ ਸੀ ਤੇ ਆਂਟੀ ਦੇ ਦੁੱਖਾਂ ਸੁੱਖਾਂ ਦੀ ਹਮੇਸਾਂ ਸ਼ਰੀਕ ਵੀ ਰਹਿੰਦੀ ਸੀ ….”ਟਾਈਮ ਸਿਰ ਕਿਸੇ ਨੇਦੱਸਿਆ ਹੀ ਨਈਂ “”
ਮੈਂ ਠੀਕ ਕੀਤੇ ਵਾਅਦੇ ਅਨੁਸਾਰ ਇੱਕ ਵਜੇ ਅੰਕਲ ਕੇ ਘਰ ਪਹੁੰਚ ਗਈ ।
ਜਿਉਂ ਹੀ ਅੰਕਲ ਦੀ ਹਾਲਤ ਵੇਖੀ , ਤ੍ਰਬਕ ਗਈ ਤੇ ਨਿਰਾਸ਼ਤਾ ਹੇਠ ਇੱਕਦਮ ,” ਹਾਏ ਅੰਕਲ !
“ਤੁਹਾਨੂੰ ਕੀ ਹੋ ਗਿਆ ? “
“ਇਹ ਤੁਸੀਂ ਹੋ ? “
ਐਨਾ ਬੁਰਾ ਹਾਲ ਹੋਇਆ ਪਿਆ ਹੈ ਤੁਹਾਡਾ ?
ਅੰਕਲ ਪਏ ਪਏ ਰੋਣ ਲੱਗੇ ਤੇ ਬੈੱਡ ਤੇ ਪਿਆ ਨੇ ਹੀ ਮੇਰਾ ਸਿਰ ਪਲੋਸ ਦਿੱਤਾ ..!
ਮੈਂ ਅੰਕਲ ਕੋਲ ਹੀ ਬੈਠ ਅੰਕਲ ਦਾ ਹੱਥ ਫੜ ਸੋਚਾਂ ਵਿੱਚ ਡੁੱਬੀ , ਕਮਰੇ ਦੀ ਹਾਲਤ ਨੂੰ ਭਾਂਪਣ ਲੱਗੀ … ਮਾੜਚੂ ਸਰੀਰ …ਚਿਹਰੇ ਦਾ ਪੀਲਾ ਰੰਗ … ਝਲਕਦੀ ਕਮਜ਼ੋਰੀ ਤੇ ਉਦਾਸੀ ।
ਕਮਰੇ ਵਿੱਚੋ ਡੁੱਲ੍ਹੇ ਪਿਸ਼ਾਬ ਦੀ ਬਦਬੂ …!
ਮੂੰਹੋ ਕੁਝ ਬੋਲ ਨਾ ਸਕੀ ਤੇ .. ਨੇੜੇ ਪਏ ਰੁਮਾਲ ਨਾਲ ਅੰਕਲ ਦੇ ਆਪ ਮੁਹਾਰੇ ਵਹਿੰਦੇ ਹੰਝੂ ਪੂੰਝਦੀ ਰਹੀ ..!
ਭਾਬੀ ਜੀ ਕੋਲ ਆ ਕੇ ਮੁਸਕਰਾਉਦੇ ਕਹਿਣ ਲੱਗੇ ,”ਪਾਪਾ ਜੀ ਦਾ ਮੰਮੀ ਬਿਨਾਂ ਜੀਅ ਨੀ ਲੱਗਦਾ “ ਭੈਣ ਜੀ
“ਰੋਂਦੇ ਰਹਿੰਦੇ ਹਨ ਦਿਨ ਰਾਤ”
“ਬੱਚਿਆਂ ਦਾ ਤਾਂ ਤੁਹਾਨੂੰ ਪਤਾ ਹੈ , ਮਨਮਰਜ਼ੀ ਦਾ ਬੁਲ਼ਾਉਂਦੇ ਹਨ , ਪਾਪਾ ਜੀ ਨੂੰ…!”
ਚਲੋ ਕੁਝ ਮਿੰਟ ਗੱਲਾਂ ਚੱਲਦੀਆਂ ਰਹੀਆਂ ਤੇ ਨੌਕਰਾਣੀ ਨੇ ਡਰਾਇੰਗ ਰੂਮ ਵਿੱਚ ਚਾਹ ਰੱਖ ਦਿੱਤੀ ..ਭਾਬੀ ਜੀ ਕਹਿਣ ਲੱਗੇ “ਭੈਣ ਜੀ !
“ਚਾਹ ਪੀ ਲਵੋ .. “
ਮੈਂ ਚਾਹ ਅੰਕਲ ਕੋਲ ਹੀ ਮੰਗਵਾ ਲਈ ਤੇ ਅੱਧੇ ਘੰਟੇ ਬਾਅਦ ਮੁੜ ਜਾਣ ਦੀ ਮਜਬੂਰੀ ਦੱਸੀ ।
ਪੰਜਕੁ ਮਿੰਟਾਂ ਬਾਅਦ ਭਾਬੀ ਜੀ ਕਹਿਣ ਲੱਗੇ ,
“ਤੁਸੀਂ ਭੈਣ ਜੀ ਪਿਉ ਧੀ ਗੱਲਾਂ ਕਰੋ ,ਅਸੀਂ ਅੱਧੇ ਘੰਟੇ ਵਿੱਚ ਵਾਪਿਸ ਆਏ “।
ਆਹ !
ਆਪਣਾ ਟੌਮੀ (ਕੁੱਤਾ )ਥੋੜ੍ਹਾ ਬਿਮਾਰ ਹੈ ਇਸਨੂੰ ਹਸਪਤਾਲ ਚੈੱਕ ਕਰਵਾ ਲਿਆਈਏ …।
ਨੌਕਰਾਣੀ ਵੀ ਚਾਹ ਫੜ੍ਹਾ ਕੇ ਆਪਣੇ ਘਰ ਚਲੀ ਗਈ ।
ਭਾਬੀ ਜੀ ਤੇ ਉਹਨਾਂ ਦਾ ਲਾਡਲਾ ਪੁੱਤਰ ਟੌਮੀ (ਕੁੱਤੇ) ਨੂੰ ਲੈ ਕੇ ਹਸਪਤਾਲ ਚਲੇ ਗਏ .. ।

/> ਅੰਕਲ ਨੇ ਉਹਨਾਂ ਦੇ ਜਾਣ ਤੋਂ ਬਾਅਦ ਆਪਣਾ ਸਾਰਾ ਦੁੱਖ ਸੁੱਖ ਕਰ ਕਰ ਕੇ ਮੇਰੇ ਰੌਂਗਟੇ ਖੜੇ ਕਰ ਦਿੱਤੇ .. ਉਹਨਾਂ ਦੀ ਰੋਂਦੀ ਕੰਬਦੀ ਆਵਾਜ ਤੇ ਵਹਿੰਦੇ ਬੇਤਹਾਸ਼ਾ ਹੰਝੂ ,ਮੈਨੂੰ ਵੀ ਰੋਣ ਲਈ ਮਜਬੂਰ ਕਰ ਰਹੇ ਸਨ ..।
ਉਹ ਕਹਿਣ ਲੱਗੇ , “ਬੇਟਾ ਮੇਰੀ ਘਰ ਵਿੱਚ ਹਾਲਾਤ ਇਸ ਕੁੱਤੇ ਤੋਂ ਵੀ ਮਾੜੀ ਹੈ “ , “ਤੂੰ ਵੇਖ ਈ ਲਿਆ “
.. “ਤੇਰੀ ਆਂਟੀ ਦੇ ਤੁਰ ਜਾਣ ਮਗਰੋਂ ਇਹਨਾਂ ਨੇ ਮੇਰੀ ਬਹੁਤ ਦੁਰਦਸ਼ਾ ਕੀਤੀ ਐ “ ,”
“ਰੱਬ ਕਿਤ੍ਹੇ ਨੀਂ ਮਾਫ਼ ਕਰੂੰਗਾ , ਇਹਨਾਂ ਨੂੰ “
“ਇਹ ਸਾਰੇ ਮੈਨੂੰ ਟੁੱਟ ਪੈਂਦੇ ਰਹਿੰਦੇ ਆ “
“ਮੇਰਾ ਪੁੱਤ ਵੀ ਹੁਣ ਕੁਪੁੱਤ ਹੋ ਗਿਆ ਹੈ..”
ਨਾ ਮੈਨੂੰ ਦਵਾਈਆਂ .. ਨਾ ਟਾਈਮ ਸਿਰ ਰੋਟੀ ਪਾਣੀ ਤੇ ਨਾ ਕੁਝ ਹੋਰ ..ਤਿੰਨ ਤਿੰਨ ਦਿਨ ਨਹਾਉਦੇ ਨਹੀਂ .. ਤੇ ਕਈ ਕਈ ਦਿਨ ਮੇਰੇ ਗਲ ਉਹੀ ਕੱਪੜੇ ਰਹਿੰਦੇ ਹਨ , ਮੈਂ ਇੱਕ ਵਾਰ ਕੈਤ੍ਹਾ ..ਬਈ ਮੈਨੂੰ ਕੰਮ ਵਾਲਾ ਅਲੱਗ ਨੌਕਰ ਲਾ ਦਿਓ ,
“ਪੈਸੇ ਮੇਰੀ ਪੈਨਸ਼ਨ ਚੋਂ ਦੇ ਦਿਓ “ਤਾਂ ਮੈਨੂੰ ਕੁਪੁੱਤ ਕਹਿੰਦਾ , ਬੁੱਢੜ ਪਿੱਛੇ ਉਜੜਜੀਏ … ਜ਼ੁਆਕ ਨੀ ਪੜਾਉਣੈ .. ਐਨੇ ਖਰਚੇ ਐ ਬੱਚਿਆਂ ਦੀ ਪੜ੍ਹਾਈ ਦੇ “ , “ਪਾਪਾ , ਦੁਬਾਰਾ ਇਹ ਗੱਲ ਨਾ ਕਰਿਓ ਘਰ ਚ’ ਹੁਣ “
ਪੁੱਤ ! ਆਹ ਹੱਥਾਂ ਤੇ ਪਏ ਸੱਟਾਂ ਦੇ ਅੱਟਣ ਗਰਮ ਪਈ ਚਾਹ ਦੇ ਹਨ , ਵਿਖਾਉਂਦੇ ਅੰਕਲ ਬੋਲੇ “
ਆਹ ਛਿੱਲੇ ਰਗੜੇ ਗੋਡੇ ਬਾਥਰੂਮ ਵਿੱਚ ਡਿੱਗ ਡਿੱਗ ਕੇ ਹੋਏ ਆ,” ਮੇਰਾ ਕੁਪੁੱਤ ਜਿਹੜਾ ਮੇਰੀ ਸਾਰੀ ਜਾਇਦਾਦ , ਮੇਰੀ ਪੈਨਸ਼ਨ ਦਾ ਮਾਲਿਕ ਹੈ .. ਸਵੇਰੇ ਮੇਰੇ ਡਾਇਪਰ ਲਾ ਜਾਂਦਾ ਹੈ ਤੇ ਰਾਤ ਨੂੰ ਦਸ ਵਜੇ ਆ ਕੇ ਲਾਹੁੰਦਾ ਹੈ “
“ਮੈਂ ਅੱਗੇ ਚੰਗਾ ਭਲਾ ਆਵਦੀ ਕਾਇਆ ਸੋਧ ਲੈਂਦਾ ਸੀ , ਜਿੱਦਣ ਦਾ ਹੁਣ ਡਿੱਗਿਆਂ ਹਾਂ , ਚੂਕਣਾ ਟੁੱਟਿਆ ਹੈ ਪੁੱਤ ..
ਕੋਈ ਹਸਪਤਾਲ ਨੀ ਲੈ ਕੇ ਜਾਂਦਾ .. ਪੇਨਕਿੱਲਰ ਦੇ ਛੱਡਦੇ ਐ .. ਰਾਤ ਨੂੰ ਮੇਰੇ ਮੁੰਡੇ ਨੇ ਹੀ ਘਰ ਆ ਕੇ ਰੋਟੀ ਖੁਆਉਣੀ ਹੈ ….ਆਹ ਮਾਂ ਪੁੱਤ ਤਾਂ ਸਾਰਾ ਦਿਨ ਮੂੰਹ ਈ ਨੀਂ ਵਿਖਾਉਂਦੇ … ਸਾਰੀ ਰਾਤ ਉਵੇਂ ਪਿਆ ਰਹਿਨਾ ਹਾਂ .. ਮੇਰੀ ਨੂੰਹ ਕਹਿੰਦੀ ਹੈ ਪਾਪਾ , “ਤੁਸੀਂ ਹੁਣ ਬਥੇਰੀ ਉਮਰ ਭੋਗਲੀ ਐ “, “ਅਗਾਂਹ ਦੀ ਤਿਆਰੀ ਕਰੋ .. ਬੁਢਾਪੇ ਚ ਨੀ ਹੱਢ ਜੁੜਦੇ ਹੁੰਦੇ ..”
ਸਾਰੇ ਦੁੱਖ ਸੁੱਖ ਕਰਨ ਤੋ ਬਾਅਦ ਅੰਕਲ ਕਹਿਣ ਲੱਗੇ ,”ਪੁੱਤ ਮੈਂ ਤੈਨੂੰ ਇਸੇ ਕਰਕੇ ਮਿਲਣ ਨੂੰ ਬੁਲਾਇਆ ਹੈ , ਤੂੰ ਸਾਡੇ ਦੁੱਖ ਸੁੱਖ ਸਮਝਦੀ ਐ .. “
ਹੁਣ ਜਾਕੇ ਲੋਕਾਂ ਨੂੰ ਜਰੂਰ ਦੱਸੀ , ਬਈ ਕਈ ਘਰਾਂ ਵਿੱਚ ਮਾਪਿਆਂ ਨਾਲੋਂ ਕੁੱਤਿਆਂ ਦੀ ਕਦਰ ਜਿਆਦਾ ਹੈ ।
ਮਾਪੇ ਬੁਰੀ ਤਰ੍ਹਾਂ ਰੁੱਲਦੇ ਹਨ ਤੇ ਬੁਢਾਪੇ ਵਿੱਚ ਬੱਚੇ ਮਾਪਿਆਂ ਦਾ ਸਹਾਰਾ ਨਹੀਂ ਬਣਦੇ । ਸਾਰੀ ਜਾਇਦਾਦ ਤੇ ਕਬਜਾ ਕਰਨ ਨੂੰ ਹੀ ਉੁਡੀਕਦੇ ਹੁੰਦੇ ਹਨ।
ਜਦੋਂ ਬੰਦਾ ਬੇਵੱਸ ਹੋ ਜਾਂਦਾ , ਫਿਰ ਘਰੋਂ ਧੱਕੇ ਮਾਰ ਮਾਰ ਕੱਢਦੇ ਐ !
ਅਫਸੋਸ ਬੇਟਾ ਇਸ ਗੱਲ ਦਾ ਹੈ , ਇੱਕ ਅਧਿਆਪਕ .. ਇੱਕ ਅਧਿਆਪਕ ਨੂੰ ਨਹੀਂ ਸਮਝ ਸਕਦਾ,
, ਜਦੋਂ ਕੇ ਮੇਰੇ ਪੜਾਏ ਬੱਚੇ ਵਿਦਵਾਨ, ਡੀਸੀ ,ਵਕੀਲ ,ਅਧਿਆਪਕ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਹੇ ਐ ਤੇ ਉਹਨਾਂ ਰੁੱਤਬਿਆਂ ਹੇਠ ਸਾਡੇ ਵੱਡਮੁੱਲੇ ਸੰਸਕਾਰਾਂ ਦੀ ਅਵਾਜ ਦੱਬ ਕੇ ਰਹਿ ਗਈ ਹੈ ।
ਇਸ ਤੋਂ ਵੱਡੀ ਤਰਾਸਦੀ ਸਾਡੇ ਸਮਾਜ ਦੀ ਕੀ ਹੋ ਸਕਦੀ ਹੈ ਭਲਾ ??
“ਬੇਟਾ ਜੇ ਅੱਜ ਮੇਰੇ ਇੱਕ ਧੀ ਹੁੰਦੀ” , ਅੱਜ ਤੇਰੇ ਵਾਂਗ ਮੇਰਾ ਦੁੱਖ ਸੁੱਖ ਸੁਣਦੀ .. ਮੇਰੀ ਧਿਰ ਬਣਕੇਂ ਖੜਦੀ .. ਬੁਢਾਪੇ ਚ ‘.. ??
ਮੈਂ ਵਕਤ ਦੀ ਮਜਬੂਰੀ ਹੇਠ ਦੁਬਾਰਾ ਫਿਰ ਮਿਲਣ ਦਾ ਵਾਅਦਾ ਕਰ ਚਿਹਰੇ ਤੇ ਉਦਾਸੀ ਚਿੰਨ੍ਹ ਲੈ ਭਰੀਆਂ ਅੱਖਾਂ ਨਾਲ ਤੁਰ ਪਈ .. !
ਮੈਂ ਵਾਪਸੀ ਦੌਰਾਨ ਸਾਰੇ ਰਾਹ ਅਨੇਕਾਂ ਸਵਾਲਾਂ ਵਿੱਚ ਘਿਰੀ ਮਨ ਹੀ ਮਨ ਇਹੀ ਸੋਚ ਰਹੀ ਸੀ ,
“ਪਤਾ ਨਹੀਂ ਕਿੰਨੇ …?
ਸਾਡੇ ਵਿਦਵਾਨ , ਸਾਨੂੰ ਉਗਲੀ ਫੜ ਕੇ ਤੋਰਨ ਵਾਲੇ , ਸਿਰੜੀ , ਆਪ ਭੁੱਖੇ ਰਹਿ ਆਵਦੀਆਂ ਇੱਛਾਵਾਂ ਨੂੰ ਮਾਰ ਕੇ ਬੱਚਿਆਂ ਨੂੰ ਅਸਮਾਨ ਛੁਹਾਉਣ ਵਾਲੇ , ਸਾਡੇ ਰਾਹ ਦਿਸੇਰਾ ਮਾਪੇ ਅਜਿਹੀ ਆਧੁਨਿਕਤਾ ਦੀ ਦੌੜ ਦਾ ਸ਼ਿਕਾਰ ਹੋਏ , ਸਫੈਦ ਖੂਨ ਦਾ ਸੰਤਾਪ ਹੰਢਾਅ .. ਇਸ ਜਹਾਨ ਤੋਂ ਕੂਚ ਕਰ ਰਹੇ ਹਨ ।
ਪੜ੍ਹਾਈ ਦਾ ਮਕਸਦ ਤੇ ਆਧੁਨਿਕਤਾ… ਸੁਚੱਜੀ ਜੀਵਨ-ਜਾਚ ਲਈ , ਜਾਗਰੂਕਿਤਾ ਲਈ ਸੀ ਨਾ ਕੇ ਆਪਣੇ ਮੂਲ ਨਾਲੋਂ ਟੁੱਟ ਪਦਾਰਥਾਂ ਨੂੰ ਇਕੱਠਾ ਕਰਨ ਦੀ ਭੱਜਦੌੜ ਲਈ ਸੀ ।
ਅਸੀਂ ਤਾਂ ਅਕ੍ਰਿਤਘਣ ,ਬੇ-ਬੁੱਧਿਆਂ ਨੇ ਫੋਕੇ ਸਟੈਡਰਡਾਂ , ਵਿਖਾਵਿਆਂ ਹੇਠ ਪਤਾ ਹੀ ਨਹੀਂ , ਕਿੰਨੀਆਂ ਕੁ ਬਦਅਸੀਸਾਂ ਨਾਲ ਆਪਣੀਆਂ ਤੇ ਆਪਣੇ ਆਉਣ ਵਾਲੀਆਂ ਪੁਸ਼ਤਾਂ ਲਈ ਝੋਲ੍ਹੀਆਂ ਭਰ ਲਈਆਂ ਹਨ .. ਇਹਨਾਂ ਰੱਬ ਰੂਪੀ ਮਾਪਿਆਂ ਨੂੰ ਰੋਲ ਕੇ …!
ਉਹਨਾਂ ਦੀ ਔਲਾਦ ਪ੍ਰਤੀ ਕੀਤੀ ਸਾਰੀ ਜਿੰਦਗੀ ਦੀ ਹੱਡਤੋੜਵੀਂ ਮਿਹਨਤ ਦਾ ਫਲ ਮਾਪਿਆਂ ਨੂੰ ਪੂਜਣ ਦੀ ਬਜਾਏ . ਬੁਢਾਪੇ ਨੂੰ ਸ਼ਰਾਪ ਵਜੋਂ ਸਵੀਕਾਰਨ ਲਈ ਮਜਬੂਰ ਕਰ ਰਹੇ ਹਾਂ …!!
ਅੰਕਲ ਦਾ ਸੁਨੇਹਾ ਇਸ ਲਿਖਤ ਰਾਹੀ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਇਸ ਕਰਕੇ ਕੀਤੀ ਹੈ .. ਕਿ ਆਪਣੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ .. ਜਦੋਂ ਇੱਕ ਵਾਰ ਇਹ ਬਜ਼ੁਰਗ , ਸਾਡਾ ਸਰਮਾਇਆ .. ਇਸ ਜਹਾਨ ਤੋਂ ਅੱਖਾਂ ਮੀਚ ਗਏ ਤਾਂ ਦੁਨੀਆਂ ਦੀ ਕੋਈ ਪਾਵਰ ਉਹਨਾਂ ਨੂੰ ਦੁਬਾਰਾ ਉਠਾ ਨਹੀਂ ਸਕੇਗੀ ਅਤੇ ਸਾਡੇ ਕੋਲੋਂ ਵਿਛੜ ਕੇ ਪਲ ਭਰ ਵਿੱਚ ਖਾਕ ਹੋ ਜਾਣਗੇ ….
ਸਦਾ ਲਈ…!!
ਸਿਰਫ ਪਛਤਾਵਾ ਹੀ ਬਚੇਗਾ ਪਿੱਛੇ .. ਜੋ ਸਾਨੂੰ ਅੰਦਰੋਂ ਅੰਦਰੀ ਅਸ਼ਾਤ ਕਰ ਦੇਵੇਗਾ .. !!
ਰਾਜਵਿੰਦਰ ਕੌਰ ਵਿੜਿੰਗ
ਦੀਪ ਸਿੰਘ ਵਾਲਾ
ਫਰੀਦਕੋਟ ।

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)