ਧੀਆਂ ਕਿਉਂ ਜੰਮੀਆਂ … (ਕਹਾਣੀ)
ਬੜੇ ਸਾਲਾਂ ਬਾਅਦ ਅੱਜ ਉਹ ਬਾਜ਼ਾਰ ਵਿੱਚ ਮਿਲ ਗਈ। ਉਹ ਭਾਦੋਂ ਦੇ ਛਰਾਟੇ ਵਾਂਗੂੰ ਆਈ ਅਤੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਉਸ ਦੇ ਮਗਰ ਇੱਕ ਸੋਹਣਾ ਸੁਨੱਖਾ ਮੁੰਡਾ ਖੜਾ ਸੀ। ਉਸਨੇ ਬੜੇ ਮਾਣ ਨਾਲ ਕਿਹਾ ਸੀ,”ਮੈਮ ਮੀਟ ਮਾਈ ਹਸਬੈਂਡ… ਇਹ ਖਾਲਸਾ ਕਾਲਜ ਵਿੱਚ ਪੜ੍ਹਾਉਂਦੇ ਹਨ ।… ਤੇ ਇਹ ਨੇ ਮੇਰੇ ਪੰਜਾਬੀ ਵਾਲੇ ਮੈਡਮ।”ਉਸ ਨੇ ਮੇਰੇ ਵੱਲ ਹੱਥ ਕਰਕੇ ਆਪਣੇ ਪਤੀ ਨੂੰ ਦੱਸਿਆ। ਉਹ ਮੁੰਡਾ ਮੇਰੇ ਪੈਰਾਂ ਵੱਲ ਝੁਕਿਆ ਤੇ ਮੈਂ ਉਸ ਦਾ ਮੋਢਾ ਪਲੋਸ ਦਿੱਤਾ। ਉਹ ਮੇਰੇ ਬਾਰੇ ਅਤੇ ਮੇਰੇ ਪਰਿਵਾਰ ਬਾਰੇ ਪੁੱਛ ਰਹੀ ਸੀ ਤੇ ਮੇਰੇ ਜ਼ਹਿਨ ਵਿਚ ਉਸ ਦਾ ਬਚਪਨ ਦਾ ਭੋਲ਼ਾ ਜਿਹਾ ਚਿਹਰਾ ਘੁੰਮ ਰਿਹਾ ਸੀ।
ਉਹ ਭੋਲ਼ਾ-ਭਾਲ਼ਾ ਚਿਹਰਾ ਹੁਣ ਮੈਨੂੰ ਸੌਣ ਨਹੀਂ ਦੇ ਰਿਹਾ। ਬੀਤਿਆ ਸਮਾਂ ਮੇਰੇ ਤੇ ਭਾਰੂ ਹੋ ਗਿਆ ਹੈ। ਮੈਨੂੰ ਇੱਕ-ਇੱਕ ਘਟਨਾ ਯਾਦ ਆ ਰਹੀ ਹੈ। ਉਹ ਸਕੂਲ ਵਿੱਚ ਬੇਹੋਸ਼ ਹੋ ਗਈ ਸੀ। ਉਸ ਦੇ ਮੂੰਹੋਂ ਥੋੜ੍ਹੇ ਸਮੇਂ ਬਾਅਦ ਹੌਲੀ ਜਿਹੇ ਮੰਮੀ ਸ਼ਬਦ ਨਿਕਲਦਾ ਸੀ। ਉਸ ਦੀਆਂ ਸਹੇਲੀਆਂ ਘਬਰਾ ਕੇ ਰੋ ਰਹੀਆਂ ਸਨ। ਕੁੜੀਆਂ ਸਟਾਫ ਰੂਮ ਵਿਚੋਂ ਮੈਡਮ ਨੂੰ ਬੁਲਾ ਕੇ ਲੈ ਗਈਆਂ ਸਨ। ਉਸ ਦੇ ਘਰ ਫੋਨ ਕਰ ਦਿੱਤਾ ਸੀ। ਸਕੂਲ ਵਿਚੋਂ ਇਕ ਮੈਡਮ ਉਸ ਨੂੰ ਆਪਣੀ ਗੱਡੀ ਵਿੱਚ ਹਸਪਤਾਲ ਲੈ ਗਈ। ਮਗਰੋਂ ਖੂੰਡੀ ਨਾਲ ਤੁਰਦਾ ਉਸ ਦਾ ਨਾਨਾ ਹਫ਼ਿਆ ਹੋਇਆ ਸਕੂਲ ਪਹੁੰਚ ਗਿਆ ਸੀ। ਉਸ ਨੇ ਹੀ ਦੱਸਿਆ ਸੀ ਕਿ ਇਹ ਸਾਡੇ ਕੋਲ ਨਾਨਕੇ ਘਰ ਰਹਿੰਦੀ ਹੈ।
ਉਹਦੇ ਜਨਮ ਸਮੇਂ ਮਾਮਾ ਮਾਮੀ ਨੇ ਉਸ ਨੂੰ ਗੋਦ ਲੈ ਲਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਕਨੇਡਾ ਦਾ ਅਪਲਾਈ ਕਰ ਦਿੱਤਾ। ਹੁਣ ਉਹ ਆਏ ਹੋਏ ਸਨ ਤੇ ਦੋ ਕੁ ਦਿਨਾਂ ਨੂੰ ਉਨ੍ਹਾਂ ਨੇ ਵਾਪਸ ਜਾਣਾ ਹੈ। ਇਸੇ ਕਰ ਕੇ ਸ਼ਾਇਦ ਇਸ ਨੇ ਇਹ ਗੱਲ ਦਿਲ ਨੂੰ ਲਾ ਲਈ ਹੈ….। ਮੇਰੀਆਂ ਅੱਖਾਂ ਅੱਗੇ ਉਸਦਾ ਨਾਨਾ ਗੱਲਾਂ ਕਰਦਾ ਉਵੇਂ ਦਿਸ ਰਿਹਾ ਹੈ।
ਬਾਅਦ ਵਿੱਚ ਮੈਂ ਉਸਦੀ ਇਕ ਸਹੇਲੀ ਨੂੰ ਬੁਲਾ ਕੇ ਉਸ ਬਾਰੇ ਪੁੱਛਿਆ। ਉਸ ਨੇ ਦੱਸਿਆ ਸੀ ਕਿ ਉਹ ਆਪਣੇ ਮਾਮੀ ਨੂੰ ਮੰਮੀ ਕਹਿੰਦੀ ਹੈ। ਹੁਣ ਉਹ ਆਪਣੀ ਮਾਮੀ ਦੀਆਂ ਗੱਲਾਂ ਕਰਦੀ ਕਰਦੀ ਬੇਹੋਸ਼ ਹੋ ਗਈ ਸੀ। ਉਸ ਦੇ ਮੂੰਹ ਵਿੱਚੋਂ ਨਿਕਲਦਾ ਸ਼ਬਦ ‘ਮੰਮੀ’ ਮੇਰੇ ਦਿਲ ਦੀਆਂ ਡੂੰਘਾਈਆਂ ਵਿੱਚ ਬਹਿ ਗਿਆ।
ਦੋ ਚਾਰ ਦਿਨ ਬਾਅਦ ਉਹ ਸਕੂਲ ਆ ਗਈ। ਮੈਂ ਉਹਦੀ ਕਲਾਸ ਵਿੱਚ ਮਿਲਣ ਗਈ। ਉਸ ਦਾ ਮੂੰਹ ਪੀਲਾ ਪਿਆ ਹੋਇਆ ਸੀ। ਮੈਂ ਉਸ ਨੂੰ ਹੌਸਲਾ ਦੇਣ ਲਈ ਕਿਹਾ,” ਫੇਰ ਕੀ ਹੋਇਆ ਤੇਰੇ ਮਾਮੀ ਜੀ ਚਲੇ ਗਏ ਹਨ ਬਾਕੀ ਤਾਂ ਸਾਰੇ ਏਥੇ ਹੀ ਹਨ । ਤੈਨੂੰ ਕੋਈ ਮੁਸ਼ਕਲ ਹੋਵੇ ਤਾਂ ਮੈਨੂੰ ਦੱਸੀਂ, ਮੇਰਾ ਤਾਂ ਭੋਰਾ ਜੀ ਨਹੀਂ ਲੱਗਿਆ ਤੂੰ ਐਨੇ ਦਿਨ ਆਈ ਨਹੀਂ।”
ਉਹ ਚੁੱਪ ਚਾਪ ਜਿਹੀ ਰਹਿੰਦੀ ਸੀ। ਉਹਦੀਆਂ ਅੱਖਾਂ ਵਿਚਲਾ ਖਾਲੀਪਨ ਮੈਨੂੰ ਪ੍ਰੇਸ਼ਾਨ ਕਰਦਾ ਸੀ …. ਤੇ ਇੱਕ ਦਿਨ ਉਸ ਨੇ ਮੇਰੇ ਕੋਲ ਆ ਕੇ ਹੌਲੀ ਜਿਹੇ ਕਿਹਾ ਸੀ,” ਮੈਂ ਥੋਨੂੰ ਮੰਮੀ ਕਹਿ ਲਵਾਂ….।” ਮੈਥੋਂ ਵੀ ਕਿਹਾ ਗਿਆ ਸੀ,”ਤੂੰ ਮੇਰੀ ਬੇਟੀ ਹੀ ਤਾਂ ਹੈਂ….।”
ਜਦੋਂ ਉਹ ਉਦਾਸ ਹੁੰਦੀ ਮੇਰੇ ਕੋਲ ਆ ਕੇ ਕੋਈ ਗੱਲ ਕਰਦੀ। ਉਸ ਨੇ ਦੱਸਿਆ ਸੀ,”ਜਦੋਂ ਮੇਰਾ ਜਨਮ ਹੋਣ ਵਾਲਾ ਸੀ ਮੇਰੇ ਪਾਪਾ ਮੇਰੀ ਮੰਮੀ ਨੂੰ ਆਬਰਸ਼ਨ ਕਰਾਉਣ ਲਈ ਕਹਿੰਦੇ ਸੀ। ਮੇਰੇ ਤੋਂ ਵੱਡੇ ਉਨ੍ਹਾਂ ਦੇ ਦੋ ਮੁੰਡੇ ਸਨ। ਮੇਰੀ ਮਾਮੀ ਡਾਕਟਰ ਸੀ। ਉਸ ਨੇ ਆਬਰਸ਼ਨ ਨਾ ਕਰਾਉਣ ਦਿੱਤੀ ਅਤੇ ਕਿਹਾ ਕਿ ਉਹ ਕੁੜੀ ਆਪ ਰੱਖ ਲੈਣਗੇ। ਮੇਰਾ ਜਨਮ ਹੋ ਗਿਆ। ਕਾਗਜ਼ਾਂ ਵਿੱਚ ਮੇਰੇ ਮਾਮਾ ਮਾਮੀ ਨੇ ਮੈਨੂੰ ਗੋਦ...
ਨਹੀਂ ਲਿਆ। ਉਨ੍ਹਾਂ ਦਾ ਕਨੇਡਾ ਦਾ ਕੇਸ ਲੱਗਿਆ ਹੋਇਆ ਸੀ। ਕਾਗਜ਼ਾਂ ਵਿਚ ਮੈਂ ਉਨ੍ਹਾਂ ਦੀ ਕੁੜੀ ਨਹੀਂ ਸੀ। ਉਹ ਮੈਨੂੰ ਛੱਡ ਕੇ ਆਪਣੇ ਦੋ ਮੁੰਡਿਆਂ ਨੂੰ ਨਾਲ ਲੈ ਕੇ ਕਨੇਡਾ ਚਲੇ ਗਏ। ਮੈਂ ਨਾਨੇ ਨਾਨੀ ਅਤੇ ਦੂਜੇ ਮਾਮਾ-ਮਾਮੀ ਕੋਲ਼ ਰਹਿੰਦੀ ਹਾਂ। ਮੇਰੀ ਮਾਮੀ ਮੈਨੂੰ ਚੰਗਾ ਨਹੀਂ ਸਮਝਦੀ…. ਆਪਣੇ ਬੱਚਿਆਂ ਨੂੰ ਮੇਰੇ ਕੋਲ ਆਉਣ ਤੋਂ ਵਰਜਦੀ ਰਹਿੰਦੀ ਹੈ। ”
ਸਮਾਂ ਬੀਤਦਾ ਗਿਆ। ਉਹ ਬਾਰਵੀਂ ਕਰਕੇ ਸਕੂਲੋਂ ਚਲੀ ਗਈ। ਜੂਨ ਦੀਆਂ ਛੁੱਟੀਆਂ ਸਨ। ਉਹ ਚਾਰ-ਪੰਜ ਸਹੇਲੀਆਂ ਨਾਲ ਮੇਰੇ ਘਰ ਆਈ। ਮੈਂ ਉਨ੍ਹਾਂ ਲਈ ਸ਼ਕੰਜਵੀ ਬਣਾਉਣ ਲੱਗੀ। ਉਹ ਮੇਰੇ ਕੋਲ ਰਸੋਈ ਵਿੱਚ ਆ ਗਈ। ਮੈਂ ਉਸ ਦਾ ਹਾਲ ਚਾਲ ਪੁੱਛਣ ਲੱਗੀ।
ਉਹ ਤਾਂ ਜਿਵੇਂ ਭਰੀ ਪੀਤੀ ਹੋਈ ਸੀ,”ਹੁਣ ਲੁਧਿਆਣੇ ਵਾਲੇ ਆਏ ਸੀ ਮੇਰੇ ਮੰਮੀ ਪਾਪਾ,ਅਖੇ ਅਸੀਂ ਇਹਨੂੰ ਲੈ ਕੇ ਜਾਣਾ। ਮੈਂ ਤਾਂ ਸਿੱਧਾ ਕਹਿ ਤਾ ਬਈ ਮੈਂ ਨੀ ਉੱਥੇ ਜਾਣਾ ਹੁਣ…. ਮੈਡਮ ਜੀ ਸਭ ਤੋਂ ਵੱਧ ਮੈਂ ਆਪਣੇ ਪਾਪਾ ਨੂੰ ਨਫ਼ਰਤ ਕਰਦੀ ਆਂ । ਫਿਰ ਮੇਰੀ ਮਾਮੀ ਵੇਖੋ…ਨਾ ਮੈਨੂੰ ਅਡੱਪਟ ਕੀਤਾ ਨਾ ਮੇਰੀ ਮਾਂ ਬਣੀ… ਮੈਂ ਤਾਂ ਸਿੱਧਾ ਕਹਿ ਤਾ ਹੁਣ ਮੈਨੂੰ ਥੋਡੀ ਕੋਈ ਲੋੜ ਨਈਂ … ਹੁਣ ਤਾਂ ਵਿਆਹ ਹੀ ਰਹਿੰਦਾ ਉਹ ਵੀ ਹੋ ਜੂ। ਕੋਈ ਚੰਗਾ ਨਾ ਮਿਲੂ ਮਾੜਾ ਮਿਲ ਜੂ…।
ਮੈਂ ਉਹਨੂੰ ਦਿਲਾਸਾ ਦੇਣ ਲਈ ਕਿਹਾ,” ਕੋਈ ਨਾ ਤੈਨੂੰ ਵਧੀਆ ਸਹੁਰੇ ਮਿਲਣਗੇ,ਤੇਰੀ ਵਧੀਆ ਜ਼ਿੰਦਗੀ ਹੋਵੇਗੀ ਵਿਆਹ ਤੋਂ ਬਾਅਦ…।”
ਉਸ ਨੇ ਤੱਟ ਫੱਟ ਜੁਆਬ ਦਿੱਤਾ ਸੀ, ਮੈਨੂੰ ਵਿਆਹ ਦਾ ਕੋਈ ਚਾਅ-ਚੂਅ ਨਈਂ , ਮੈਨੂੰ ਸਭ ਪਤਾ ਜੋ ਹੋਣਾ… ਮੈਂ ਦੱਸਾਂ?…. ਪੰਜਵੀਂ ਛੇਵੀਂ ‘ਚ ਪੜ੍ਹਦੀ ਨੂੰ ਮੈਨੂੰ ਗਲ਼ੀ ‘ਚੋਂ ਕੋਈ ਕਿਡਨੈਪ ਕਰ ਕੇ ਲੈ ਗਿਆ ਸੀ ਟੌਫੀਆਂ ਦੇ ਕੇ… ਤੇ ਮੈਨੂੰ ਪਤੈ …।”
ਮੇਰੀ ਤਾਂ ਜਿਵੇਂ ਜੀਭ ਹੀ ਠਾਕੀ ਗਈ ਸੀ। ਮੇਰੇ ਕੋਲ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ। ਉਹਦਾ ਜਿਵੇਂ ਆਪਣੇ ਆਪ ਤੇ ਕਾਬੂ ਨਹੀਂ ਸੀ ਅੱਜ ਉਹ ਗੁੱਸੇ ਨਾਲ ਭਰੀ ਪਈ ਸੀ”, ਏਹਦੇ ਨਾਲੋਂ ਤਾਂ ਮੇਰੀ ਮਾਂ ਆਬਰਸ਼ਨ ਹੀ ਕਰਵਾ ਦਿੰਦੀ । ਮੈਨੂੰ ਆਹ ਸਭ ਕੁਝ ਤਾਂ ਨਾ ਝੱਲਣਾ ਪੈਂਦਾ। ਮੈਨੂੰ ਪੈਦਾ ਕੀਤਾ ਤਾਂ ਮੈਂ ਕੀ ਖੱਟਿਆ? ਮੇਰੀ ਜ਼ਿੰਦਗੀ ਤਾਂ ਖ਼ਰਾਬ ਨਾ ਹੁੰਦੀ ਜਦੋਂ ਮੈਨੂੰ ਲੋੜ ਸੀ ਓਦੋਂ ਮੈਨੂੰ ਰੁਲਣ ਵਾਸਤੇ ਛੱਡ ਤਾ….।” ਉਹ ਬੋਲੀ ਜਾ ਰਹੀ ਸੀ।
ਮੈਂ ਬਸ ਇੰਨਾ ਹੀ ਕਹਿ ਸਕੀ ਸੀ,”ਇਹ ਸਾਰਾ ਕੁੱਝ ਆਪਣੀ ਕਿਸੇ ਸਹੇਲੀ ਨੂੰ ਤਾਂ ਨ੍ਹੀਂ ਦੱਸਿਆ?” ਉਸ ਨੇ ਕਿਹਾ,” ਨਹੀਂ ਮੈਡਮ ਜੀ ਥੋਨੂੰ ਹੀ ਦੱਸਿਆ….।” ਤੇ ਮੇਰੇ ਮੂੰਹ ਵਿੱਚੋਂ ਆਪੇ ਹੀ ਨਿਕਲ ਗਿਆ ਸੀ,” ਬੇਟਾ ਹੁਣ ਇਹ ਗੱਲ ਤੂੰ ਕਿਸੇ ਨੂੰ ਦੱਸੀਂ ਵੀ ਨਾ…।”
…. ਤੇ ਫਿਰ ਸ਼ਕੰਜਵੀ ਲੈ ਕੇ ਅਸੀਂ ਉਸ ਦੀਆਂ ਸਹੇਲੀਆਂ ਕੋਲ ਚਲੀਆਂ ਗਈਆਂ। ਉਹ ਉਹਨਾਂ ਨਾਲ ਓਸੇ ਤਰ੍ਹਾਂ ਹੀ ਹੱਸ ਖੇਡ ਰਹੀ ਸੀ ਜਿਵੇਂ ਆਪਣੇ ਅੰਦਰਲੇ ਦੁੱਖਾਂ ਨੂੰ ਬਾਹਰ ਨਿਕਲਣੋਂ ਰੋਕ ਰਹੀ ਹੋਵੇ। ਮੇਰਾ ਮਨ ਬਹੁਤ ਉਦਾਸ ਹੋ ਗਿਆ ਸੀ। ਉਦੋਂ ਵੀ ਕਿੰਨੇ ਹੀ ਦਿਨ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਈ।
…. ਤੇ ਵਰ੍ਹਿਆਂ ਬਾਅਦ ਅੱਜ ਉਹ ਮਿਲੀ ਸੀ। ਆਪਣੇ ਹਾਣੀ ਨਾਲ਼ ਸਵੈਮਾਣ ਨਾਲ…. ਉਹਨੂੰ ਵੇਖ ਮੈਨੂੰ ਖੁਸ਼ੀ ਹੋਈ ਸੀ।ਪਰ ਫੇਰ ਵੀ ਪਤਾ ਨਹੀਂ ਕਿਉਂ ਮੈਨੂੰ ਨੀਂਦ ਨਹੀ ਆ ਰਹੀ। ਅਮਰਪ੍ਰੀਤ ਕੌਰ