ਨੀਰੂ ਮੇਰੀ ਗੱਲ ਗੌਰ ਨਾਲ ਸੁਣ। ਮੈਂ ਤੇਰੇ ਘਰ ਵਾਲੇ ਨੂੰ ਕਿਸੇ ਕੁੜੀ ਦੇ ਨਾਲ ਦੇਖਿਆ ਦੋਵੇ ਹੀ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ
ਕੌਣ ਹੈ ਇਹ ਸੌਕਣ ਇਹ ਪਤਾ ਕਰ ਨਹੀਂ ਤਾਂ ਤੇਰਾ ਘਰ ਪੱਟਿਆ ਜਾਣਾ। ਕੁੜੀ ਥੋੜੀ ਮੋਟੀ ਜਿਹੀ ਸੀ ਤੇ ਰੰਗ ਗੋਰਾ। ਬਾਕੀ ਹੁਣ ਤੇਰੀ ਹਿਮੰਤ ਹੈ ਜੋ ਕਰਨਾ ਤੂੰ ਹੀ ਕਰਨਾ। ਘਰ ਆਉਂਦੇ ਦੇ ਗਲੇ ਪੈ ਜਾਵੀਂ ,ਪੂਰਾ ਗੜਕਾ ਰੱਖੀਂ ਫੇਰ ਹੀ ਸੱਚ ਬੋਲੂ ਤੇਰਾ ਪਿਆਰਾ ਰਵੀ। ਚੰਗਾ ਮੈ ਫੋਨ ਰੱਖਦੀਆਂ——- ਬਾਏ ———”
ਮੇਰੀ ਕਿਸਮਤ ਹੀ ਮਾੜੀ ਹੈ। ਹਾਏ ਰੱਬਾ ਕੀ ਕੀ ਭਾਣੇ ਵਰਤ ਰਹੇ ਨੇ। ਕੌਣ ਹੈ ਇਹ ਕੁੜੀ ਤੇ ਰਵੀ ਦਾ ਕੀ ਚੱਕਰ ਹੈ ਇਹਦੇ ਨਾਲ। ਮੈਂ ਕੀ ਕਰਾਂ ਮੈਨੂੰ ਕੁਝ ਵੀ ਸਮਝ ਚ ਨਹੀਂ ਆ ਰਿਹਾ। ਕਿਵੇਂ ਪੁੱਛਾਂ ਜੇ ਗੱਲ ਜਿਆਦਾ ਵੱਧ ਗਈ ਫੇਰ ਕੀ ਹੋਵੇਗਾ। ਇਹ ਆਉਣ ਹੀ ਵਾਲੇ ਨੇ ਮੈਂ ਚਿੱਠੀ ਲਿਖ ਕੇ ਰੱਖ ਦਿੰਨੀ ਆਂ ਇਹਨਾਂ ਦੇ ਟੇਬਲ ਤੇ।ਆਪ ਹੀ ਪੜ ਕੇ ਜਵਾਬ ਦੇ ਦੇਣਗੇ। ਜੇ ਨਾ ਜਵਾਬ ਮਿਲਿਆ ਫੇਰ ਤਾਂ ਖੜਕਾ ਦੜਕਾ ਹੋਣਾ ਹੀ ਆਂ । ਨੀਰੂ ਨੇ ਕੁਝ ਹੀ ਮਿੰਟਾਂ ਵਿੱਚ ਚਿੱਠੀ ਲਿਖ ਕੇ ਰਵੀ ਦੇ ਟੇਬਲ ਤੇ ਰੱਖ ਦਿੱਤੀ। ਲਓ ਵੱਜ ਗਈ ਘੰਟੀ ਆ ਗਏ ਜਨਾਬ।
ਨੀਰੂ ਯਾਰ ਅੱਜ ਕੁਝ ਜ਼ਿਆਦਾ ਹੀ ਲੇਟ ਹੋ ਗਿਆ। ਬਾਕੀ ਕੰਮ ਫੀਲਡ ਦਾ ਹੁੰਦਾ ਇਸ ਕਰਕੇ ਵੀ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਫੇਰ ਆਫਿਸ ਆ ਕੇ ਪੂਰਾ ਡਾਟਾ ਬੌਸ ਨੂੰ ਭੇਜਣਾ ਪੈਂਦਾ।
ਚੱਲੋ ਜੀ ਤੁਸੀਂ ਰੋਟੀ ਖਾ ਲਵੋ। ਬਾਕੀ ਗੱਲ ਬਾਅਦ ਚ ਕਰ ਲੈਣਾ। ਖਾਣਾ ਖਾਣ ਤੋਂ ਬਾਅਦ ਰਵੀ ਦੀ ਨਜ਼ਰ ਟੇਬਲ ਤੇ ਰੱਖੇ ਇਕ ਕਾਗਜ਼ ਤੇ ਪਈ। ਨੀਰੂ ਜੇ ਕੰਪਨੀ ਤੋਂ ਕੋਈ ਚਿੱਠੀ ਆਈ ਹੈ ਤਾਂ ਤੂੰ ਆਪ ਹੀ...
ਪੜ ਦੇ। ਮੈਨੂੰ ਤਾਂ ਨੀਂਦ ਆ ਰਹੀ ਹੈ।
ਹਾਂ ਸੱਚ ਇਕ ਗੱਲ ਤਾਂ ਮੈਂ ਦੱਸਣੀ ਭੁੱਲ ਹੀ ਗਿਆ ਅੱਜ ਪੁਸ਼ਪਾ ਦੀਦੀ ਮਿਲੀ ਸੀ ਪੁਰਾਣੇ ਬਾਜ਼ਾਰ। ਜ਼ਿੰਦਗੀ ਦੀ ਦੌੜ ਭੱਜ ਵਿੱਚ ਰਿਸ਼ਤੇ ਸਾਡੀਆਂ ਹੱਦਾਂ ਤੋਂ ਕਿੱਧਰੇ ਦੂਰ ਹੀ ਨਿਕਲ ਗਏ ਨੇ। ਮੈਂ ਤੇ ਦੀਦੀ ਨੇ ਖੂਬ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਉਹਨਾਂ ਨੂੰ ਕੋਫੀ ਵੀ ਪਿਲਾਈ। ਇਕ ਹੀ ਸ਼ਹਿਰ ਚ ਰਹਿੰਦੇ ਹੋਏ ਵੀ ਨਹੀਂ ਮਿਲ ਪਾਉਂਦੇ ਇਕ ਦੂਜੇ ਨੂੰ। ਨੀਰੂ ਸ਼ਾਇਦ ਏਸੇ ਨੂੰ ਤਰੱਕੀ ਕਰਨਾ ਕਹਿੰਦੇ ਨੇ। ਨੇੜੇ ਹੋ ਕੇ ਵੀ ਆਪਣਿਆਂ ਤੋਂ ਦੂਰ। ਰਵੀ ਨੇ ਲੰਬਾ ਹਾਉਂਕਾ ਲਿਆ ਤੇ ਨਾਲ ਹੀ ਉਹਦੀਆਂ ਅੱਖਾਂ ਵਿਚੋਂ ਦੋ ਹੰਝੂ ਆਪ ਮੁਹਾਰੇ ਹੀ ਨਿਕਲ ਕੇ ਧਰਤੀ ਦੀ ਹਿੱਕ ਤੇ ਜਾ ਪਏ।
ਲਉ ਜਨਾਬ ਸੁਣੋ ਕੀ ਲਿਖਿਆ ਹੋਇਆ ਹੈ ਚਿੱਠੀ ਵਿੱਚ। ਲਿਖਿਆ —–ਤੁਸੀਂ ਬਹੁਤ ਚੰਗੇ ਓ। ਤੁਹਾਡਾ ਕਿਰਦਾਰ ਬਹੁਤ ਹੀ ਸੁੱਚਾ ਹੈ। ਤੁਸੀਂ ਰਿਸ਼ਤਿਆਂ ਨੂੰ ਲੈ ਕੇ ਬਹੁਤ ਸੰਜੀਦਾ ਓ। ਤੇ ਚਿੱਠੀ ਕਿਸੇ ਵੀ ਆਫਿਸ ਤੋਂ ਨਹੀਂ ਆਈ ਇਹ ਤਾਂ ਮੈਂ ਹੀ ਲਿਖੀ ਹੈ ਤੁਹਾਡੇ ਆਉਣ ਤੋਂ ਪਹਿਲਾਂ।
ਲਿਆ ਮੈਂ ਵੀ ਦੇਖਾਂ ਕਿਹੜੀ ਕਿਹੜੀ ਹੋਰ ਸਿਫਤ ਲਿਖੀ ਹੋਈ ਹੈ ਮੇਰੀ ਨੀਰੂ ਨੇ ਚਿੱਠੀ ਵਿੱਚ। ਨੀਰੂ ਨੇ ਉਹ ਚਿੱਠੀ ਭਰੀਆਂ ਅੱਖਾਂ ਨਾਲ ਰਵੀ ਦੇ ਸਾਹਮਣੇ ਹੀ ਪਾੜ ਦਿੱਤੀ।
ਕਮਲੀਏ ਰੋਈ ਕਿਉਂ ਜਾਨੀ ਆਂ?
ਅੱਛਾ ਤੁਹਾਨੂੰ ਹੀਂ ਦੀਦੀ ਦੀ ਯਾਦ ਆਉਂਦੀ ਹੈ ਮੈਨੂੰ ਨਹੀਂ। ਇਹ ਕਹਿ ਕੇ ਨੀਰੂ ਨੇ ਰਵੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ।
ਮਿੰਨੀ ਕਹਾਣੀ ( ਸੁੱਚਾ ਕਿਰਦਾਰ)
ਸੁਖਵਿੰਦਰ ਅਨਹਦ