More Punjabi Kahaniya  Posts
ਬਾਬੇ ਦੀ ਲੂਨਾਂ ਸਕੂਟਰੀ


ਬਾਬੇ ਦੀ ਲੂਨਾਂ ਸਕੂਟਰੀ…….!!
ਗੱਲ ਬਾਹਵਾ ਪੁਰਾਣੀ ਆ। ਸਾਡਾ ਦਾਦਾ ਗੰਢਾ ਸਿੰਘ ਜਿਸਨੂੰ ਅਸੀਂ ਸਾਰੇ ਛੋਟਾ ਬਾਬਾ ਆਖਕੇ ਬੁਲਾਉਂਦੇ ਹੁੰਦੇ ਸੀ, ਉਹ ਸਾਇਕਲ ਚਲਾਉਣ ਦੇ ਤੇ ਸਾਇਕਲ ਨੂੰ ਸਾਂਭ ਕੇ ਰੱਖਣ ਦੇ ਬਹੁਤ ਸ਼ੌਕੀਨ ਸਨ। ਬਾਬਾ ਜੀ ਲੱਗਭਗ ਹਰ ਰੋਜ ਆਪਣੇ ਸਾਇਕਲ ਤੇ ਸ਼ੇਰਪੁਰ ਸਾਡੇ ਕਾਰਖ਼ਾਨੇ ਜਾਂਦੇ ਹੁੰਦੇ ਸੀ ਤੇ ਸਾਇਕਲ ਦੇ ਹੈਂਡਲ ਨਾਲ ਇੱਕ ਦਰੀ ਦਾ ਝੋਲਾ ਹਮੇਸ਼ਾ ਲਟਕਾ ਕੇ ਰੱਖਦੇ ਸਨ,ਜਿਸ ਵਿੱਚ ਟਾਇਰ ਨੂੰ ਪੈਂਚਰ ਲਗਾਉਣ ਵਾਲਾ ਸਾਰਾ ਸਾਜੋ-ਸਮਾਨ ਹੁੰਦਾ ਸੀ। ਘਰ ਵਿੱਚ ਕਿਸੇ ਜੀਅ ਵਿੱਚ ਇੰਨੀ ਹਿੰਮਤ ਨਹੀਂ ਸੀ ਹੁੰਦੀ ਕੇ ਕੋਈ ਛੋਟੇ ਬਾਬੇ ਦੇ ਸਾਇਕਲ ਨੂੰ ਕਿਧਰੇ ਲੈ ਜਾਵੇ। ਉਹਨਾਂ ਨੂੰ ਆਪਣੇ ਸਾਇਕਲ ਨਾਲ ਬਹੁਤ ਮੋਹ ਸੀ ਤੇ ਬਹੁਤ ਸੰਭਾਲ ਕੇ ਰੱਖਦੇ ਸੀ।
ਉਮਰ ਦੇ ਵੱਧਣ ਨਾਲ ਬਾਬਾ ਜੀ ਨੂੰ ਸਾਇਕਲ ਚਲਾਉਣ ਵਿੱਚ ਦਿੱਕਤ ਆਉਣ ਲੱਗ ਗਈ ਤੇ ਫਿਰ ਉਨ੍ਹਾਂ ਨੇ ਸਾਇਕਲ ਚਲਾਉਣਾ ਘੱਟ ਦਿੱਤਾ। ਹੁਣ ਉਹ ਕਦੇ-ਕਦੇ ਕਿਸੇ ਨਾਲ ਮੋਟਰਸਾਇਕਲ ਤੇ ਬੈਠ ਕੇ ਚਲੇ ਜਾਂਦੇ ਜਾਂ ਫਿਰ ਕਿਸੇ ਦੇ ਸਾਇਕਲ ਪਿੱਛੇ ਬੈਠ ਕੇ…..
ਬਾਬਾ ਜੀ ਮੁਸ਼ਕਿਲ ਦਾ ਪੱਕੇ ਤੌਰ ਤੇ ਹੱਲ ਕਰਨ ਲਈ ਸਾਡੇ ਲੁਧਿਆਣੇ ਆਲੇ ਵੀਰੇ ਨੇ ਬਾਬਾ ਦੇ ਆਉਣ-ਜਾਣ ਲਈ ਇੱਕ ਪੈਂਡਲਾਂ ਵਾਲੀ ਲੂਨਾਂ ਸਕੂਟਰੀ ਲੈ ਕੇ ਭੇਜ ਦਿੱਤੀ। ਜਦੋਂ ਹੀ ਸਕੂਟਰੀ ਘਰ ਆਈ ਸਾਨੂੰ ਸਾਰੇ ਨਿੱਕੇ ਨਿਆਣਿਆਂ ਨੂੰ ਪੂਰਾ ਚਾਅ…ਵੀ ਆਪਾਂ ਵੀ ਲਿਆ ਕਰਾਂਗੇ ਝੂਟੀਆਂ…..!!
ਪਰ ਇੱਕ ਦਿੱਕਤ ਜੋ ਸਭ ਤੋਂ ਵੱਡੀ ਸੀ …….ਉਹ ਇਹ ਕੇ ਪਹਿਲਾਂ ਬਾਬੇ ਨੂੰ ਸਕੂਟਰੀ ਚਲਾਉਣੀ ਸਿਖਾਉਣੀ ਸੀ…. ਤੇ ਬਾਬਾ ਜੀ ਨੂੰ ਸਿਖਲਾਈ ਦੇਣ ਦਾ ਕੰਮ ਔਖਾ ਬੜਾ ਸੀ……. ਕਾਰਨ ਇੱਕ ਤਾਂ ਬਾਬਾ ਜੀ ਦੀ ਉਮਰ ਵਡੇਰੀ ਸੀ ਤੇ ਗੋਡੇ ਦੁਖਦੇ ਸਨ….ਤੇ ਦੂਸਰਾ ਸਾਡੇ ਬਾਬੇ ਨੂੰ ਸੁਣਦਾ ਬਹੁਤ ਉੱਚਾ ਸੀ…..ਉਨ੍ਹਾਂ ਦੇ ਕੰਨਾਂ ਚ ਲੱਗੀ ਮਸੀਨ ਹਮੇਸ਼ਾ ਫੁੱਲ ਸਪੀਡ ਤੇ ਹੀ ਰਹਿੰਦੀ….. ਜਿਸਦਾ ਫਾਇਦਾ ਉਨ੍ਹਾਂ ਨੂੰ ਘੱਟ …..ਪਰ ਦੂਸਰਿਆਂ ਦੇ ਕੰਨ ਜਰੂਰ ਵੱਜਦੇ ਰਹਿੰਦੇ…. ਅਸੀਂ ਸਾਰੇ ਨਿੱਕੇ-ਵੱਡੇ ਆਹ ਕੰਮ ਲਈ ਰੋਜ ਕੋਈ ਨਾ ਕੋਈ ਵਿਧ ਬਣਾਉਂਦੇ ….ਪਰ ਹੱਲ ਕੋਈ ਨਾ ਨਿਕਲਿਆ………!!
ਫੇਰ ਇੱਕ ਦਿਨ ਸਾਰੇ ਲੁੰਗ ਲਾਣੇ ਨੇ ਸਲਾਹ ਬਣਾਈ ਵੀ ਅੱਜ ਬਾਬੇ ਨੂੰ ਸਕੂਟਰੀ ਸਿਖਾਉਣੀ ਹੀ ਸਿਖਾਉਣੀ ਆ ਚਾਹੇ ਕੁਝ ਵੀ ਕਰਨਾ ਪਵੇ….. ਇੱਕ ਲਾਲਚ ਸਾਨੂੰ ਸਾਰਿਆਂ ਨੂੰ ਇਹ ਵੀ ਸੀ…. ਵੀ ਜੇ ਬਾਬੇ ਨੂੰ ਸਕੂਟਰੀ ਸਿਖਾਵਾਂਗੇ ਤਾਂ ਆਪਾਂ ਨੂੰ ਵੀ ਆਨੇ-ਬਹਾਨੇ ਚਲਾਉਣ ਨੂੰ ਮਿਲਿਆ ਕਰੂ….ਸੋਨੇ ਦੇ ਸੁਹਾਗਾ ਕਰਨ ਨੂੰ ਫਿਰਦੇ ਸੀ……!!
ਬਾਬਾ ਜੀ ਅਕਸਰ ਹੀ ਦਰਵਾਜ਼ੇ ਵਿੱਚ ਚ ਦਰਵਾਜੇ ਦੇ ਬਾਹਰ ਮੰਜਾ ਡਾਹ ਕੇ ਬੈਠਦੇ ਹੁੰਦੇ ਸੀ… ਜਿਵੇਂ ਦਾ ਮੌਸਮ ਹੁੰਦਾ ਸੀ ਉਸੇ ਹਿਸਾਬ ਨਾਲ……..।
ਉਸ ਦਿਨ ਬਾਬਾ ਦੁਪਹਿਰ ਤੋਂ ਬਾਦ ਜੇ ਦਰਵਾਜ਼ੇ ਦੇ ਬਾਹਰ ਮੰਜਾ ਡਾਹੀ ਬੈਠਾ ਸੀ…. ਆਸੀਂ ਲੜਾਈ ਸਕੀਮ….. ਤੇ ਹੋ ਗਏ ਸਾਰੇ ਕੱਠੇ….
...

ਬਾਬੇ ਕੋਲ ਜਾ ਕੇ ਇੱਕ ਜਣੇ ਨੇ ਉਚੀ ਦੇਣੇ ਬੋਲ ਕੇ ਆਖਿਆ….”ਬਾਬਾ ਅੱਜ ਤੈਨੂੰ ਸਕੂਟਰੀ ਸਿਖਾਉਣੀ ਆ।” ਬਾਬਾ ਕਹਿੰਦਾ” ਸਿਖਾ ਤਾ ਦਿਓ…..ਕਿੱਧਰੇ ਸੱਟ-ਫੇਟ ਨਾ ਮਰਵਾ ਦਿਓ।”
ਲਓ ਜੀ ਫਿਰ…. ਸਾਡੇ ਚੋਂ ਇੱਕ ਜਾਣਾ ਗਿਆ ਤੇ ਸਾਹਮਣੇ ਬਾਹਰਲੇ ਘਰੋਂ …ਕੱਢ ਲਿਆਇਆ ਕੋਕਾ-ਕੋਲਾ ਰੰਗ ਦੀ ਲੂਨਾਂ…. ਸੀਨ ਜਮਾਂ ਉਵੇਂ ਜਿਵੇਂ ਹੁਣ ਬੰਬੂਕਾਟ ਚ ਐਮੀ ਵਿਰਕ …ਬੁੱਲਟ ਕੱਢਦਾ ਹੁੰਦਾ…….!!
ਲਿਆਕੇ ਖੜਾਤੀ ਬਾਬੇ ਦੇ ਮੰਜੇ ਕੋਲ…. ਵੀ ਆ ਜਾ ਬੈਠ ਬਾਬਾ…….ਹੁਣ ਦਿੱਕਤ ਇਹ ਸੀ ਕਿ ਬਾਬਾ ਕੋਈ ਨਿੱਕਾ-ਨਿਆਣਾ ਤਾਂ ਹੈ ਨਹੀਂ ਸੀ …ਜਿਸਨੂੰ ਨੂੰ ਪਿੱਛੇ ਬੈਠ ਕੇ ਸਿਖਾ ਦਈਏ…ਭਾਰੀ ਸਰੀਰ ਆਲੇ ਬਾਬੇ ਨਾਲ ਬੈਠਣਾ ਵੀ ਕੰਮ ਔਖਾ ਸੀ…ਤੇ ਫੇਰ ਅਖੀਰ ਚ ਬਾਬੇ ਨੂੰ ਸਟਾਰਟ ਸਕੂਟਰੀ ਤੇ ਬਿਠਾ ਦਿੱਤਾ ਤੇ… ਮੋਟਾ ਮੋਟਾ ਦੱਸਤਾ ਵੀ ਆਹ ਰੇਸ ਆ…ਆਹ ਦੱਬ ਕੇ ਰੁਕੇਗੀ… ਵਗੈਰਾ-ਵਗੈਰਾ…!!
ਲਓ ਜੀ ਫੇਰ ਲੈ ਕੇ ਵਾਹਿਗੁਰੂ ਦਾ ਨਾਂ ਬਾਬੇ ਦੇ ਪੋਤੇ-ਪੋਤੀਆਂ ਤੇ ਪੜੋਤਿਆਂ ਨੇ ਬਾਬੇ ਨੂੰ ਹਲਕੀ-ਹਲਕੀ ਰੇਸ ਛੱਡ ਕੇ….ਥੋੜ੍ਹੀ ਜੀ ਦੂਰ ਤੱਕ ਨਾਲ ਭੱਜ ਕੇ ਸਕੂਟਰੀ ਤੇ ਤੋਰ ਦਿੱਤਾ…. ਸਾਨੂੰ ਇਹ ਫਿਕਰ ਵੀ ਬਾਬਾ ਕਿਸੇ ਚ ਠੋਕੇ ਨਾ….ਇਹ ਸੋਚੀਏ ਕਿ ਚੰਗਾ ਹੁੰਦਾ ਜੇ ਪਿੱਛੇ-ਪਿੱਛੇ ਕੋਈ ਸਾਇਕਲ ਤੇ ਨਾਲ ਤੁਰ ਪੈਂਦਾ….। ਪਰ ਚਲੋ….
….ਹੁਣ ਲੱਗੇ ਬਾਬੇ ਦੀ ਉਡੀਕ ਕਰਨ… ਕੋਈ ਕਹੇ ਬਾਬਾ ਏਧਰੋਂ ਆਊ…. ਕੋਈ ਕਹੇ ਓਧਰੋਂ ਆਊ…..ਸਾਨੂੰ ਸੀ ਵੀ ਬਾਬੇ ਨੇ ਕਿਹੜਾ ਦੂਰ ਜਾਣਾ… ਵੱਡੇ ਖੂਹ ਕੋਲੋਂ ਹੀ ਮੁੜਕੇ ਆਊ…..ਪਰ ਬਾਬੇ ਨੂੰ ਲਗਦੈ ਸਵਾਦ ਜਾ ਬਾਹਵਾ ਆਇਆ…. ਬਾਬੇ ਨੇ ਲੂਨਾਂ ਪਿੰਡ ਦੀ ਫਿਰਨੀ ਪਾ ਲਈ…..ਖਾਸਾ ਟਾਇਮ ਹੋ ਗਿਆ ਜਦੋਂ ਸਾਨੂੰ ਊਡੀਕ ਕਰਦਿਆਂ ਨੂੰ ਤਾਂ ਅਚਾਨਕ ਸਹਮਣੇ ਫਿਰਨੀ ਆਲੇ ਮੋੜ ਤੋਂ ਬਾਬੇ ਦੀ ਸਕੂਟਰੀ ਦੇ ਦਰਸਨ ਹੋ ਗਏ……ਆ ਗਿਆ ਉਏ ਬਾਬਾ….ਆ ਗਿਆ ਉਏ ਬਾਬਾ…ਹੋ ਗਈ ਚਾਰੇ ਪਾਸੇ…ਖੁਸ਼ੀ ਜੀ ਚੜ ਗਈ ਸਾਰਿਆਂ ਨੂੰ ਵੀ ਬਾਬਾ ਸੁੱਖ-ਸਾਂਦ ਨਾਲ ਆ ਗਿਆ…. ਹੁਣ ਜਿਉਂ-ਜਿਉਂ ਬਾਬੇ ਦੀ ਲੂਨਾਂ ਘਰ ਕੋਲ ਨੂੰ ਆਵੇ ਨਵਾਂ ਫਿਕਰ ਕੇ ਲੂਨਾਂ ਨੂੰ ਕਿਵੇਂ ਰੋਕੀਏ…..ਕਿਉਂਕਿ ਬਾਬੇ ਨੇ ਪਿੰਡ ਤੋਂ ਗੇੜਾ ਉਵੇਂ ਹੀ ਬੈਠੇ-ਬਿਠਾਏ ਲਾ ਲਿਆ। ਜਿਵੇਂ ਅਸੀਂ ਉਨ੍ਹਾਂ ਨੂੰ ਬਿਠਾਇਆ ਸੀ…ਸਕੂਟਰੀ ਰੋਕੀ ਉਨ੍ਹਾਂ ਕਿਤੇ ਨਹੀਂ ਸੀ…….ਡਰਦੇ ਡਰਾਉਂਦੇ ਦੋ ਜਣੇ ਆਲੇ-ਦੁਆਲੇ ਹੋ ਕੇ ਲੂਨਾਂ ਦੇ ਨਾਲ ਭੱਜ ਪਏ ਤੇ …,ਕਰਕੇ ਰੇਸ ਕਾਬੂ….ਹੌਲੀ-ਹੌਲੀ ਰੇਸ ਘਟਾਈ ਤੇ ਰੋਕ ਕੇ ਬਾਬੇ ਨਾਲ ਮੰਜੇ ਕੋਲ ਲਾਹ ਲਿਆ…..ਹੁਣ ਸਾਨੂੰ ਵੀ ਬਾਹਵਾ ਫੀਲਿੰਗ ਜੀ ਆਵੇ ਵੀ ਬਾਬੇ ਨੂੰ ਅੱਜ ਗੇੜਾ ਦਵਾਕੇ ਸਾਡਾ ਪੱਕਾ ਲਸੰਸ ਬਣ ਗਿਆ….ਲੂਨਾਂ ਦੀ ਡਰਾਇਵਰੀ ਦਾ…….ਫੇਰ ਹੋਇਆ ਵੀ ਇਵੇਂ ਹੀ…….ਬਾਬੇ ਵਿਚਾਰੇ ਨੇ ਕਿਹੜੀ ਸਕੂਟਰੀ ਚਲਾਉਣੀ ਸੀ……ਖਾਸਾ ਚਿਰ ਉਹ ਸਾਡੇ ਹੀ ਕੰਮ ਆਈ………ਬਾਬੇ ਹੁਣਾਂ ਨੂੰ ਗਿਆਂ ਕਿੰਨੇ ਸਾਲ ਹੋ ਗਏ…..ਪਰ ਉਹਨਾਂ ਨਾਲ ਜੋ ਵਖਤ ਗੁਜਾਰਿਆ ਉਹ ਕਦੇ ਨਹੀਂ ਭੁੱਲਦਾ……..!!
ਹਰਜੀਤ ਸਿੰਘ ਖੇੜੀ
95010-33451

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)