More Punjabi Kahaniya  Posts
so chacha te ikk peo


ਪੱਚੀ ਕੁ ਸਾਲ ਪਹਿਲਾਂ ਦੀ ਗੱਲ ਏ…
ਰਾਤ ਦੀ ਡਿਊਟੀ ਕਰਨ ਅਮ੍ਰਿਤਸਰ ਆਇਆ ਕਰਦਾ ਸੀ..
ਆਖਰੀ ਗੱਡੀ ਸਵਾ ਕੁ ਅੱਠ ਵਜੇ ਗੁਰੂ ਦੀ ਨਗਰੀ ਅੱਪੜ ਜਾਇਆ ਕਰਦੀ..
ਟੇਸ਼ਨ ਤੋਂ ਬਾਹਰ ਅਟਾਰੀ ਰੋਡ ਟੱਪ ਰੇਲਵੇ ਰੋਡ ਤੇ ਲੰਡੇ ਬਜਾਰ ਅੱਗੇ ਹਲਵਾਈਆਂ ਦੀਆਂ ਕਿੰਨੀਆਂ ਸਾਰੀਆਂ ਦੁਕਾਨਾਂ ਹੋਇਆ ਕਰਦਿਆਂ ਸਨ!
ਨਵੰਬਰ ਦੇ ਚੜ੍ਹਦੇ ਦਿਨਾਂ ਦੀ ਗੱਲ ਏ..ਇੱਕ ਦਿਨ ਇੱਕ ਮਿੱਤਰ ਪਿਆਰਾ ਅੰਦਰ ਲੈ ਗਿਆ..ਕਹਿੰਦਾ ਸਮੋਸੇ ਬੜੇ ਵਧੀਆ ਬਣਾਉਂਦੇ..!

ਮਸਾਂ ਸੱਤ-ਅੱਠ ਕੂ ਸਾਲ ਦਾ ਮੁੰਡਾ ਟੇਬਲ ਤੇ ਕੱਪੜਾ ਮਾਰਦਾ ਆਖਣ ਲੱਗਾ..ਸਰਦਾਰ ਜੀ ਕੀ ਲਿਆਵਾਂ?
ਆਖਿਆ ਦੋ ਪਲੇਟ ਸਮੋਸਿਆਂ ਦੀ..ਵੇਖਿਆ ਪੈਰੋਂ ਨੰਗਾ ਸੀ..ਮਗਰੋਂ ਵਾਜ ਮਾਰ ਲਈ ਤੇ ਪੁੱਛ ਲਿਆ..ਕਿਥੋਂ ਏ?…ਕਹਿੰਦਾ ਜੀ ਹਾਥੀ ਗੇਟੋਂ!

“ਸਕੂਲੇ ਨਹੀਂ ਜਾਂਦਾ”?
“ਨਹੀਂ ਫੀਸ ਤੇ ਵਰਦੀ ਜੋਗੇ ਪੈਸੇ ਹੈਨੀ..”
“ਪਿਓ ਕੀ ਕਰਦਾ”?
“ਐਕਸੀਡੈਂਟ ਹੋ ਗਿਆ ਸੀ”
ਤੇ ਮਾਂ?
ਇਸ ਵਾਰ ਉਸਨੇ ਨੀਵੀਂ ਪਾ ਲਈ..ਗੱਚ ਭਰ ਆਇਆ ਸੀ ਸ਼ਾਇਦ ਉਸਦਾ..
ਪਤਾ ਤੇ ਭਾਵੇਂ ਮੈਨੂੰ ਲੱਗ ਹੀ ਗਿਆ ਸੀ ਪਰ ਪਤਾ ਨੀ ਦੁਬਾਰਾ ਕਿਓਂ ਪੁੱਛ ਲਿਆ..ਅੱਗੋਂ ਬਿੰਦ ਕੁ ਲਈ ਸਿਰ ਉਤਾਂਹ ਚੁੱਕਿਆਂ ਤੇ ਆਖ ਦਿੱਤਾ..”ਉਹ ਵੀ ਮੁੱਕ ਗਈ..”
“ਉਹ ਵੀ ਮੁੱਕ ਗਈ..”ਇੰਝ ਆਖਿਆ ਜਿੱਦਾਂ ਇਹ ਗੱਲ ਆਖਣ ਲਈ ਜਿਊਣ ਜੋਗੇ ਦਾ ਸਾਰਾ ਜ਼ੋਰ ਲੱਗ ਗਿਆ ਹੋਵੇ..
ਗਹੁ ਨਾਲ ਤੱਕਿਆ..ਕੋਲ ਜਗਦੇ ਬਲਬ ਦਾ ਚਾਨਣ ਉਸਦੀਆਂ ਅੱਖੀਆਂ ਵਿਚ ਨਹੀਂ ਸਗੋਂ ਓਹਨਾ ਵਿਚੋਂ ਵਗ ਤੁਰੀ ਖਾਰੇ ਪਾਣੀ ਦੀ ਧਾਰ ਵਿਚ ਪੈ ਰਿਹਾ ਹੋਵੇ..

ਏਨੇ ਨੂੰ ਅਚਾਨਕ ਕਾਊਂਟਰ ਤੋਂ ਇੱਕ ਬਿਜਲੀ ਜਿਹੀ ਕੜਕੀ..”ਓਏ ਭੈਣ ਦਿਆ..ਕਿੰਨੀ ਵਾਰ ਆਖਿਆ ਗੱਲੀਂ ਨਾ ਲਗਿਆ ਕਰ..ਬਾਕੀ ਦੇ ਟੇਬਲ ਤੇਰਾ ਪਿਓ ਕਰੂ ਕਿਤਿਓਂ ਆ ਕੇ..”
ਉਸ ਨੇ...

ਤ੍ਰਭਕ ਕੇ ਛੇਤੀ ਨਾਲ ਆਪਣੀਆਂ ਅੱਖੀਆਂ ਪੂੰਝੀਆਂ ਤੇ ਪਲੇਟਾਂ ਲੈਣ ਤੁਰ ਗਿਆ..

ਘੜੀ ਕੁ ਮਗਰੋਂ ਫੇਰ ਆਇਆ ਤਾਂ ਕਿੰਨੇ ਸਾਰੇ ਸਵਾਲ ਪੁੱਛ ਲਏ..ਪਰ ਉਹ ਅੱਗੋਂ ਚੁੱਪ ਰਿਹਾ..ਸਹਿਮ ਗਿਆ ਸੀ ਸ਼ਾਇਦ!

ਫੇਰ ਸਮੋਸੇ ਕਾਹਦੇ ਖਾਣੇ ਸੀ ਬਸ ਕੋਲ ਹੀ ਤੁਰੇ ਫਿਰਦੇ ਬਾਰੇ ਹੀ ਸੋਚਦਾ ਰਿਹਾ..ਓਥੋਂ ਬਾਹਰ ਨਿੱਕਲੇ ਤਾਂ ਦੇਖਿਆ ਪਾਸੇ ਜਿਹੇ ਵੱਡਾ ਸਾਰਾ ਪਤੀਲਾ ਰੱਖ ਉਸਨੂੰ ਵਾਹੋਦਾਹੀ ਮਾਂਜ ਰਿਹਾ ਸੀ..
ਓਹਲੇ ਜਿਹੇ ਨਾਲ ਦਸਾਂ ਦਾ ਨੋਟ ਫੜਾਇਆ ਤੇ ਪੁੱਛਿਆ ਏਨਾ ਤਾਂ ਦੱਸ ਦੇ ਯਾਰ ਰਹਿੰਦਾ ਕਿਸਦੇ ਕੋਲ ਏਂ?
“ਇਹ ਢਾਬਾ ਮੇਰੇ ਚਾਚੇ ਦਾ ਏ”..ਹੌਲੀ ਜਿਹੀ ਏਨਾ ਆਖ ਫੇਰ ਨੀਵੀਂ ਪਾ ਲਈ!

ਸੜਕ ਤੇ ਤੁਰੇ ਆਉਂਦੇ ਦੇ ਮਨ ਵਿਚ ਵਾਰ ਵਾਰ ਬੱਸ ਏਹੀ ਗੱਲ ਆਈ ਜਾ ਰਹੀ ਸੀ..”ਸੋ ਦਾਰੂ ਤੇ ਇੱਕ ਘਿਓ..ਸੋ ਚਾਚਾ ਤੇ ਇੱਕ ਪਿਓ”

ਦੋਸਤੋ ਇਸ ਲਿਖਤ ਦਾ ਮਕਸਦ ਜਜਬਾਤੀ ਕਰ ਕੇ ਵਾਹ ਵਾਹ ਖੱਟਣਾ ਨਹੀਂ ਸਗੋਂ ਇਹ ਗੁਜਾਰਿਸ਼ ਕਰਨਾ ਏ ਕੇ ਆਪਣੀ ਦੌਲਤ ਦਾ ਸ਼ਰੇਆਮ ਵਿਖਾਲਾ ਪਾਉਣ ਨਾਲੋਂ ਇਹੋ ਜਿਹੇ ਬਦਕਿਸਮਤਿਆਂ ਦੀ ਮਦਤ ਕਰ ਦੇਣੀ ਕਈ ਗੁਣਾ ਬੇਹਤਰ ਏ..ਲੱਭਿਆਂ ਪੈਰ ਪੈਰ ਤੇ ਮਿਲ ਜਾਣਗੀਆਂ ਇਹੋ ਜਿਹੀਆਂ ਧੱਕੇ ਖਾਂਦੀਆਂ ਅਨੇਕਾਂ ਰੂਹਾਂ..
ਤਜੁਰਬਾ ਕਰ ਕੇ ਵੇਖ ਲਿਓ..ਹੋ ਸਕਦਾ ਕਿਸੇ ਘਰੇਲੂ ਅਣਸੁਲਝੀ ਮੁਸ਼ਕਿਲ ਦਾ ਹੱਲ ਹੀ ਨਿਕਲ ਆਵੇ..ਕਿਉਂਕੇ ਕੁੱਝ ਦਿਲਾਂ ਵਿਚੋਂ ਨਿੱਕਲੀਆਂ ਦੁਆਵਾਂ ਸਿੱਧੀਆਂ ਉੱਪਰ ਵਾਲੇ ਦੇ ਦਰਬਾਰ ਵਿਚ ਪੁੱਜਦੀਆਂ ਨੇ….
(Google pic)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)