ਪਿੰਡ ਦਾ ਮਾਹੌਲ ਏਦਾਂ ਦਾ ਕੇ ਜਾਨ ਬੱਸ ਹਮੇਸ਼ਾਂ ਸੂਲੀ ਤੇ ਹੀ ਟੰਗੀ ਰਹਿੰਦੀ..!
ਬੰਨੇ ਵੱਟਾਂ..ਪਾਣੀ ਦੀ ਵਾਰੀ..ਸ਼ਰੀਕ,ਦੁਸ਼ਮਣ,ਲੜਾਈਆਂ ਝਗੜੇ ਕੋਰਟ ਕਚਹਿਰੀਆਂ ਪੁਲਸ ਠਾਣੇ..ਮੇਰੀ ਨਿੱਕੀ ਹੁੰਦੀ ਦੇ ਬਚਪਨ ਤੇ ਬੱਸ ਇਹੋ ਜਿਹੀਆਂ ਗੱਲਾਂ ਹੀ ਭਾਰੂ ਰਹੀਆਂ..!
ਭਾਪਾ ਜੀ ਹਮੇਸ਼ਾਂ ਆਖਦੇ ਰਹਿੰਦੇ ਕੇ ਦਸਵੀਂ ਤੋਂ ਮਗਰੋਂ ਮੈਂ ਅੱਗਿਓਂ ਨਹੀਂ ਪੜਾਉਣੀ..ਇਸਨੂੰ ਆਖ ਤਿਆਰੀ ਕਰ ਕੇ ਰੱਖੇ ਅਗਲੇ ਘਰ ਦੀ..!
ਫੇਰ ਨਤੀਜਾ ਆਇਆ..ਸਭ ਤੋਂ ਜਿਆਦਾ ਨੰਬਰ ਮੇਰੇ ਹੀ ਸਨ..ਘਰੇ ਤੁਰੀ ਆਉਂਦੀ ਰੋਈ ਜਾਵਾਂ..ਨਾਲਦੀਆਂ ਆਖਣ ਕੀ ਹੋਇਆ..ਪਰ ਅਸਲ ਗੱਲ ਦੱਸਣ ਦਾ ਹੋਂਸਲਾ ਨਾ ਪਵੇ!
ਫੇਰ ਇੱਕ ਦਿਨ ਸਕੂਲ ਵਾਲਿਆਂ ਸੁਨੇਹਾ ਘੱਲਿਆ..ਅਖ਼ੇ ਦਾਖਲ ਕਰਵਾਓ..ਏਡੀ ਹੋਣਹਾਰ ਕੁੜੀ..ਪਰ ਘਰੇ ਕਲੇਸ਼ ਪੈ ਗਿਆ..ਬਾਪ ਆਖੇ ਮੇਰੀ ਪੈਰ-ਪੈਰ ਤੇ ਦੁਸ਼ਮਣੀਂ..ਕੱਲ ਨੂੰ ਸਕੂਲੇ ਜਾਂਦੀ ਨਾਲ ਕੋਈ ਉੱਨੀ ਇੱਕੀ ਹੋ ਗਈ ਤਾਂ ਕੌਣ ਜੁੰਮੇਵਾਰ..ਨਹੀਂ ਪੜਾਉਣੀ ਅੱਗਿਓਂ..!
ਮੈਨੂੰ ਪੜਨ ਲਿਖਣ ਦੀ ਏਨੀ ਚੇਟਕ ਕੇ ਬਹੁਕਰ ਫੇਰਦਿਆਂ ਕਦੇ ਪੂਰਾਣੀ ਅਖਬਾਰ ਦਾ ਟੋਟਾ ਮਿਲ ਜਾਂਦਾ ਤਾਂ ਸਾਰੇ ਕੰਮ ਭੁੱਲ ਜਾਂਦੇ..ਬੱਸ ਓਸੇ ਟੋਟੇ ਨੂੰ ਹੀ ਪੜ੍ਹਦੀ ਰਹਿੰਦੀ..!
ਫੇਰ ਮਾਂ ਕੋਲ ਆ ਕੇ ਆਖਦੀ..ਤੂੰ ਸਾਰੀ ਉਮਰ ਇਹਨਾਂ ਕਾਗਜਾਂ ਦੀ ਖੱਟੀ ਹੀ ਥੋੜਾ ਖਾਣੀ ਏ..ਕੰਮ ਵੱਲ ਵੀ ਧਿਆਨ ਦੇ..!
ਫੇਰ ਨਿੱਕੀ ਜਿਹੀ ਦਾ ਵਿਆਹ ਕਰ ਦਿੱਤਾ..!
ਸਹੁਰੇ ਸ਼ਹਿਰ ਦੇ ਬਿਲਕੁਲ ਨਾਲ ਹੀ..ਮਾਹੌਲ ਤੇ ਅਗਲੇ ਘਰ ਵੀ ਕੁਝ ਏਦਾਂ ਦਾ ਹੀ ਸੀ ਪਰ ਖ਼ਿਆਲਾਤ ਬਿਲਕੁਲ ਹੀ ਵੱਖਰੇ..ਸਹੁਰੇ ਘਰ ਦੇ ਅਗਾਂਹਵਧੂ ਸੋਚ ਨੇ ਮੇਰਾ ਹੁਨਰ ਪਛਾਣ ਲਿਆ..!
ਮੈਨੂੰ ਪ੍ਰਾਈਵੇਟ ਦਾਖਲਾ ਲੈ ਦਿੱਤਾ..ਕਿਤਾਬਾਂ ਕਾਪੀਆਂ ਦਾ ਕਾਫਲਾ ਇੱਕ ਵਾਰ ਫੇਰ ਰਵਾਂ ਰਵੀਂ ਹੋ ਤੁਰਿਆ..!
ਬੀ.ਐੱਡ ਕਦੋਂ ਕਰ ਲਈ ਪਤਾ...
ਹੀ ਨਾ ਲੱਗਾ..ਫੇਰ ਅਗਾਂਹਵਧੂ ਸੋਚ ਨੇ ਇੱਕ ਹੋਰ ਪੂਰਨਾ ਪਾ ਦਿੱਤਾ..ਮੈਨੂੰ ਸ਼ਹਿਰ ਦੇ ਐਨ ਨਾਲ ਹੀ ਥੋੜੀ ਜਿਹੀ ਥਾਂ ਤੇ ਇਕ ਪ੍ਰਾਇਮਰੀ ਸਕੂਲ ਖੋਹਲ ਦਿੱਤਾ..!
ਲਾਗੇ ਦੇ ਗਰੀਬ ਮਜਬੂਰ ਬੱਚਿਆਂ ਨੂੰ ਇੱਕ ਕਰਾਮਾਤੀ ਜਿਹਾ ਆਸਰਾ ਮਿਲ ਗਿਆ..ਸਕੂਲੋਂ ਜਿੰਨਾ ਮੁਨਾਫ਼ਾ ਹੁੰਦਾ ਵਾਪਿਸ ਵੰਡ ਦਿੰਦੇ..ਕਿਸੇ ਨੂੰ ਕਿਤਾਬਾਂ..ਕਿਸੇ ਨੂੰ ਵਰਦੀ..ਕਿਸੇ ਨੂੰ ਸੈਂਡਲ..ਕਿਸੇ ਨੂੰ ਬਸਤਾ..!
ਗਰੀਬ ਲੋਕਾਂ ਦੀਆਂ ਚੁਫੇਰਿਓਂ ਮਿਲਦੀਆਂ ਚੁੱਪ ਚੁਪੀਤੀਆਂ ਦੁਆਵਾਂ ਅਕਸਰ ਹੀ ਘਰ ਵਿਚ ਦਾਖਿਲ ਹੋ ਮੇਰੇ ਲੂ ਕੰਢੇ ਖੜੇ ਕਰ ਜਾਂਦੀਆਂ..!
ਸਮੇ ਦੇ ਵਹਿਣ ਨਾਲ ਓਹੀ ਪ੍ਰਾਇਮਰੀ ਸਕੂਲ ਹੁਣ ਮਿਡਲ ਬਣ ਚੁੱਕਿਆ ਸੀ!
ਇੱਕ ਦਿਨ ਮਾਂ ਬਾਪੂ ਜੀ ਸੁਫ਼ਨੇ ਵਿਚ ਆਏ..ਦੋਵੇਂ ਚੁੱਪ ਸਨ..ਮੈਂ ਬਥੇਰਾ ਜ਼ੋਰ ਦਿੱਤਾ ਕੇ ਗੱਲਾਂ ਕਰੋ..ਫੇਰ ਉੱਠ ਪਏ..ਤੁਰਨ ਲੱਗੀ ਬੀਜੀ ਹੱਸਦੀ ਹੋਈ ਪੁੱਛਣ ਲੱਗੀ..ਧੀਏ ਤੇਰਾ ਗੁਜਰ ਬਸਰ ਤੇ ਠੀਕ ਚੱਲਦਾ ਏ ਨਾ?
ਮੈਥੋਂ ਬੱਸ ਏਨਾ ਹੀ ਆਖਿਆ ਗਿਆ ਹਾਂਜੀ ਬਿਲਕੁਲ ਠੀਕ ਚੱਲਦਾ ਏ..ਕੋਈ ਕਮੀਂ ਨਹੀਂ..ਬੱਸ ਕਾਗਜਾਂ ਦੀ ਖੱਟੀ ਹੀ ਖਾਈ ਜਾਨੀਂ ਹਾਂ..!
ਹੱਸਦੀ ਹੋਈ ਬੀਜੀ ਦਾ ਇੱਕਦਮ ਰੋਣ ਨਿੱਕਲ ਗਿਆ ਤੇ ਮੁੜਕੇ ਗਵਾਚ ਗਈ ਬੀਜੀ ਨੂੰ ਲੱਭਦੀ ਹੋਈ ਮੁੜਕੋੰ-ਮੁੜਕੀ ਹੋ ਗਈ ਦੀ ਮੇਰੀ ਵੀ ਜਾਗ ਖੁੱਲ ਗਈ!
ਬਿਸਤਰੇ ਤੇ ਬੈਠੀ ਸੋਚੀ ਜਾ ਰਹੀ ਸਾਂ..ਕੁਝ ਪਛਤਾਵੇ ਐਸੇ ਵੀ ਹੁੰਦੇ ਜਿਹੜੇ ਮਰਨ ਮਗਰੋਂ ਤੱਕ ਵੀ ਇਨਸਾਨ ਦਾ ਖਹਿੜਾ ਨਹੀਂ ਛੱਡਦੇ!
ਹਰਪ੍ਰੀਤ ਸਿੰਘ ਜਵੰਦਾ