More Punjabi Kahaniya  Posts
ਸ਼ੇਰ ਪੁੱਤ


ਜੈਲਾ ਮੰਜੇ ਤੇ ਪਿਆ ਡੂੰਘੀ ਚਿੰਤਾ ਵਿੱਚ ਸੀ। ਪਹਿਲਾਂ ਭਲਾਂ ਉਸਨੇ ਕਦੇ ਪੈਗ ਨਹੀਂ ਲਾਇਆ ਸੀ ਪਰ ਪਿਛਲੇ ਦਸਾਂ ਦਿਨਾਂ ਤੋਂ ਉਹ ਲਗਾਤਾਰ ਦੋ-ਤਿੰਨ ਪੈਗ ਲਾ ਲੈਂਦਾ ਸੀ। ਉਸਦੇ ਇਸ ਵਿਵਹਾਰ ਤੋਂ ਆਂਢ-ਗੁਆਂਢ ਭਲੀ-ਭਾਤੀਂ ਜਾਣੂ ਸੀ ਕਿਉਂਕਿ ਉਸਦਾ ਪੁੱਤਰ ਮਿੰਦਾ ਨਸ਼ੇ ਵਾਲੀ ਮੰਡੀਰ ਨਾਲ ਰਲ ਕੇ ਚਿੱਟਾ ਲਾਉਣ ਲੱਗ ਪਿਆ ਸੀ। ਹਰ ਵਕਤ ਉਹ ਨਸ਼ੇ ਵਿੱਚ ਟੁੱਲ ਤੇ ਕਿਤੇ ਨਸ਼ੇ ਦੀ ਤੋਟ ਕਾਰਨ ਤੜਫੜਾਉਂਦਾ ਰਹਿੰਦਾ ਸੀ। ਇਹੀ ਗੱਲ ਜੈਲੇ ਵਰਗੇ ਸਿਰੜੀ ਬੰਦੇ ਨੂੰ ਅੰਦਰੋਂ-ਅੰਦਰੀਂ ਖਾਈ ਜਾ ਰਹੀ ਸੀ ਕਿ ਮੈਂ ਮਹਿਜ ਤਿੰਨ ਕਿੱਲਿਆਂ ਦੀ ਖੇਤੀ ਤੇ ਮਿਹਨਤ ਕਰਕੇ ਪਰਿਵਾਰ ਨੂੰ ਪਾਲਿਆ ਸੀ। ਮੇਰੇ ਵਿੱਚ ਕਿਹੜੀ ਊਣਤਾਈ ਰਹਿ ਗਈ ਕਿ ਰੱਬ ਨੇ ਮੈਨੂੰ ਇਹ ਸਜਾ ਦਿੱਤੀ। ਭਾਵੇਂ ਕਿ ਜੈਲੇ ਨੇ ਆਪਣੀ ਧੀ ਕੰਮੋ ਨੂੰ ਸਰਕਾਰੀ ਸਕੂਲ ਵਿੱਚ ਪੜਨੇ ਪਾਇਆ ਸੀ ਪਰ ਮਿੰਦੇ ਨੂੰ ਗੁਆਂਢੀ ਪਿੰਡ ਦੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਦਵਾਇਆ ਸੀ।ਜੈਲੇ ਦਾ ਖਿਆਲ ਸੀ ਕਿ ਆਪ ਤਾਂ ਸਾਰੀ ਉਮਰ ਉਹ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਪਰ ਆਪਣੇ ਪੁੱਤਰ ਨੂੰ ਪੜਾ ਕੇ ਕਿਸੇ ਰੁਜਗਾਰ ਜੋਗਾ ਕਰ ਦੇਵੇ। ਮਿੰਦੇ ਦੀ ਪੜਾਈ ਵਾਲਾ ਕੰਮ ਭਾਵੇਂ ਉਸਤੋਂ ਵਿਤੇ ਬਾਹਰਾ ਸੀ ਪਰ ਉਸਨੇ ਔਖਾ ਹੋ ਕੇ ਆਪਣੇ ਬੱਚੇ ਦੇ ਭਵਿੱਖ ਲਈ ਕੁਝ ਕਰਜਾ ਹੋਰ ਚੁੱਕ ਲਿਆ ਸੀ। ਉਸਦੀ ਧੀ ਕੰਮੋ ਪੜਾਈ ਵਿੱਚ ਹੁਸ਼ਿਆਰ ਸੀ ਤੇ ਹੁਣ ਉਹ ਗਿਆਰਵੀਂ ਜਮਾਤ ਵਿੱਚ ਹੋ ਗਈ ਸੀ। ਅਤਿ ਦਰਜੇ ਦੀ ਉਹ ਸਿਆਣੀ ਸੀ ਤੇ ਮਿਹਨਤੀ ਸੀ ਆਪਣੀ ਮਾਂ ਵਾਂਗ। ਜੈਲੇ ਦੀ ਪਤਨੀ ਪਰਿਵਾਰ ਦੇ ਗੁਜਾਰੇ ਲਈ ਸਿਲਾਈ ਕਢਾਈ ਦਾ ਕੰਮ ਕਰ ਲੈਂਦੀ ਸੀ ਤੇ ਨਾਲ ਹੀ ਕੰਮੋ ਨੂੰ ਵੀ ਲਾ ਛੱਢਦੀ। ਜੈਲੇ ਦੀ ਪਤਨੀ ਭਾਵੇਂ ਉਸਨੂੰ ਬਥੇਰੇ ਦਿਲਾਸੇ ਦਿੰਦੀ ਪਰ ਹੁਣ ਉਹ ਦਿਲ ਢਾਅ ਚੁੱਕਿਆ ਸੀ ਕਿਉਂਕਿ ਮਿੰਦੇ ਦੀ ਇਸ ਹਰਕਤ ਨੇ ਉਸਨੂੰ ਅਸਲੋਂ ਹਾਉਲਾ ਕਰ ਦਿੱਤਾ ਸੀ। ਕਦੇ ਸਮਾਂ ਸੀ ਜਦੋਂ ਉਹ ਮਿੰਦੇ ਨੂੰ ਛੋਟੇ ਹੁੰਦੇ ਨੂੰ...

ਚੌੜ ਵਿੱਚ ਸ਼ੇਰ ਪੁੱਤ,ਸ਼ੇਰ ਪੁੱਤ ਕਹਿੰਦਾ ਥੱਕਦਾ ਨਹੀਂ ਸੀ , ਉਸਨੂੰ ਆਸ ਸੀ ਕਿ ਮਿੰਦਾ ਵੱਡਾ ਹੋ ਕੇ ਉਸਦੀ ਗਰੀਬੀ ਦੇ ਦਿਨ ਕੱਟ ਦੇਵੇਗਾ ਤੇ ਉਸਦੇ ਬੁਢਾਪੇ ਦਾ ਸਹਾਰਾ ਬਣੇਗਾ। ਹੁਣ ਉਸਨੂੰ ਕੋਈ ਆਸ ਉਮੀਦ ਨਹੀਂ ਰਹਿ ਗਈ ਸੀ ਤੇ ਉਹ ਖੇਤ ਵੱਲ ਗੇੜਾ ਵੀ ਘੱਟ ਹੀ ਮਾਰਦਾ ਸੀ ਕਿਉਂਕਿ ਮਿੰਦੇ ਨੇ ਸਾਰੇ ਪਿੰਡ ਵਿੱਚ ਉਸਦੀ ਬਦਨਾਮੀ ਕਰਾ ਦਿੱਤੀ ਸੀ। ਲੋਕ ਉਸ ਵੱਲ ਤਰਸ ਦੀ ਨਿਗਾ ਨਾਲ ਦੇਖਦੇ ਸਨ। ਅੱਜ ਜੈਲਾ ਜਿਆਦੇ ਹੀ ਮਾਯੂਸ ਸੀ ਤੇ ਉਸਨੇ ਸਵੇਰੇ ਰੋਟੀ ਵੀ ਚੰਗੀ ਤਰਾਂ ਨਹੀਂ ਖਾਧੀ ਸੀ। ਉਂਞ ਤਾਂ ਉਸਦੀ ਪਤਨੀ ਵੀ ਪੁੱਤਰ ਦੇ ਭੈੜੇ ਹਾਲ ਤੋਂ ਅਤਿ ਦੀ ਦੁਖੀ ਪਰ ਇਸ ਨਿਰਾਸ਼ਾ ਨੂੰ ਉਸਨੇ ਪਰਿਵਾਰ ਸਾਹਮਣੇ ਪਰਗਟ ਨਹੀਂ ਕੀਤਾ ਸੀ। ਕੰਮੋ ਆਪਣੇ ਭਰਾ ਨੂੰ ਬੜਾ ਸਮਝਾਉਂਦੀ ਪਰ ਉਹ ਸਮਝਦਾ ਨਹੀਂ ਸੀ ਕਿਉਂਕਿ ਇਹ ਉਸਦੀ ਨਸ-ਨਸ ਵਿੱਚ ਰਚ ਚੁੱਕਿਆ ਸੀ। ਕੰਮੋ ਵੀਰ ਨਾਲੋਂ ਆਪਣੇ ਪਿਤਾ ਦੀ ਹਾਲਤ ਤੇ ਚਿੰਤਤ ਸੀ ਕਿਉਂਕਿ ਉਸਨੇ ਆਪਣੇ ਪਿਤਾ ਨੂੰ ਕਦੇ ਵੀ ਐਨਾ ਹਾਰਿਆ ਹੋਇਆ ਨਹੀਂ ਦੇਖਿਆ ਸੀ। ਕੰਮੋ ਆਥਣ ਦੀ ਰੋਟੀ ਆਪਣੀ ਮਾਂ ਤੋਂ ਫੜਕੇ ਥਾਲ ਵਿੱਚ ਆਪ ਲੈ ਕੇ ਗਈ ਤਾਂ ਜੈਲਾ ਕੱਚ ਦੇ ਗਿਲਾਸ ਚੁੱਕਣ ਹੀ ਲੱਗਿਆ ਸੀ ਤਾਂ ਕੰਮੋ ਨੇ ਰੋਕਦਿਆਂ ਕਿਹਾ ਕਿ ਪਿਤਾ ਜੀ , ਤੇਰਾ ਸ਼ੇਰ ਪੁੱਤ ਆ ਗਿਆ , ਰੋਟੀ ਖਾ ਲਓ। ਜੈਲਾ ਇਕਦਮ ਝੰਜੋੜਿਆ ਗਿਆ ਤੇ ਉਸਨੂੰ ਪੱਕਾ ਯਕੀਨ ਹੋ ਗਿਆ ਕਿ ਵਾਕਈ ਉਸਦਾ ਇੱਕ ਸ਼ੇਰ ਪੁੱਤ ਹਾਲੇ ਜਿਉਂਦਾ ਹੈ ਤੇ ਉਸਨੇ ਸਰਾਬ ਵਾਲਾ ਗਿਲਾਸ ਵਗਾਹ ਕੇ ਪਰਾਂ ਮਾਰਿਆ ਤੇ ਆਪਣੀ ਧੀ ਕੰਮੋ ਨੂੰ ਆਪਣੇ ਗਲ ਨਾਲ ਲਾ ਲਿਆ।
ਸਰਬਜੀਤ ਸਿੰਘ ਜਿਉਣ ਵਾਲਾ, ਫ਼ਰੀਦਕੋਟ
ਮੋਬਾਈਲ – 9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)