ਬਸ਼ੀਰ ਪੰਦਰਾਂ ਸਾਲਾਂ ਦਾ ਮੁੱਛ ਫੁੱਟ ਗੱਭਰੂ ਸੀ ਜਦੋਂ ਉਹਨੂੰ ਪਿੰਡ ਛੱਡ ਕੇ ਨਵੇਂ ਬਣੇ ਮੁਲਕ ਪਾਕਸਤਾਨ ਜਾਣਾ ਪਿਆ। ਪੜ੍ਹਿਆ-ਲਿਖਿਆ ਸੀ, ਸਾਰੀ ਉਮਰ ਗੁਰਮੁਖੀ ‘ਚ ਚਿੱਠੀਆਂ ਲਿਖਦਾ ਰਿਹਾ, ਪਿੰਡ ਤੇ ਪਿੰਡ ਵਾਲ਼ਿਆਂ ਦਾ ਹਾਲ਼ ਪੁੱਛਦਾ ਰਿਹਾ। ਗੇੜਾ ਮਾਰਨਾ ਚਾਹੁੰਦਾ ਸੀ ਪਰ ਪਾਕਸਤਾਨ ਦੀ ਫੌਜ ਵਿੱਚ ਕਿਸੇ ਉੱਚੇ ਅਹੁਦੇ ‘ਤੇ ਹੋਣ ਕਰਕੇ ਕਈ ਵਾਰ ਟੱਕਰਾਂ ਦੇ ਬਾਵਜੂਦ ਵੀਜ਼ਾ ਨਾ ਮਿਲਿਆ। ਰਿਟਾਇਰਮੈਂਟ ਮਗਰੋਂ ਸਿਹਤ ਨੇ ਇਜਾਜ਼ਤ ਨਹੀਂ ਦਿੱਤੀ, ਸਾਲਾਂ ਦੇ ਸਾਲ਼ ਬੀਤ ਗਏ। ਉਹ ਮਰਨ ਤੋਂ ਪਹਿਲਾਂ ਇੱਕ ਵਾਰ ਆਪਣੀ ਜੰਮਣਭੋਂਇ ਨੂੰ ਨਤਮਸਤਕ ਹੋਣ ਨੂੰ ਤੇ ਜਿੱਥੇ ਉਹਦੇ ਵੱਡੇ-ਵਡੇਰੇ ਦਫ਼ਨ ਸਨ ਓਥੇ ਜਾ ਕੇ ਫ਼ਾਤਿਹਾ ਪੜ੍ਹਣ ਨੂੰ ਕਿਸੇ ਫ਼ਰਜ਼ ਵਾਂਗ ਲਾਜ਼ਮ ਸਮਝਦਾ ਸੀ, ਨਿੱਤ ਦੁਆਵਾਂ ਕਰਦਾ ਕਿਤੇ ਜ਼ਿੰਦਗੀ ਪਹਿਲਾਂ ਈ ਜਵਾਬ ਨਾ ਦੇ ਜਾਵੇ। ਅੰਤ ਸੱਠਾਂ ਸਾਲਾਂ ਬਾਅਦ ਜਦੋਂ ਪੰਝੱਤਰਾਂ ਦਾ ਹੋ ਗਿਆ ਤਾਂ ਮਹਿਮਾਨ ਬਣਕੇ ਪਿੰਡ ਨੂੰ ਗੇੜਾ ਮਾਰਨਾ ਨਸੀਬ ਹੋਇਆ। ਅਸੀਂ ਅਟਾਰੀ ਬਾਡਰ ਤੋਂ ਰਾਤ ਨੂੰ ਬਾਰਾਂ ਵਜੇ ਉਹਨੂੰ ਲੈ ਕੇ ਪਿੰਡ ਪਰਤੇ। ਉਹ ਗੱਡੀ ਦਿਆਂ ਸ਼ੀਸ਼ਿਆਂ ਵਿੱਚੋਂ ਬਾਹਰ ਨਿੱਕਲ-ਨਿੱਕਲ ਜਾਵੇ।
“ਘਰ ਕੱਚੇ ਸਨ, ਪੱਕੇ ਹੋ ਗਏ ਆ ਪਰ ਰਾਹ-ਰਸਤੇ ਉਹੀ ਨੇ, ਉਹੀ ਮੋੜ ਨੇ !”
ਰਾਤ ਸ਼ਾਇਦ ਦੋ ਘੰਟੇ ਸੁੱਤਾ, ਸਵੇਰੇ ਚਾਰ ਵਜੇ ਉੱਠਿਆ ਫਿਰੇ, ਕਹਿੰਦਾ,”ਛੇਤੀ ਚੱਲੋ, ਮੈਂ ਆਪਣਾ ਘਰ ਦੇਖਣਾ ਏ, ਮੈਂ ਸੌਂ ਨੀਂ ਸਕਿਆ ਰਾਤ ਭਰ!”
“ਚਾਚਾ, ਚੱਲਦੇ ਆਂ ਘਰ ਕਿਤੇ ਭੱਜ ਨੀਂ ਚੱਲਿਆ”
“ਪੁੱਤਰਾ, ਮੇਰੇ ਮਨ ਨੂੰ ਰਮਾਨ ਨੀਂ ਆਉਂਦਾ ਪਿਆ! ਰੂਹ ਤਰਸੀ ਪਈ ਏ! ਮੇਰੀ ਇੱਕ ਯਾਦਗਾਰ ਏ ਓਥੇ, ਜੇ ਸਹੀ-ਸਲਾਮਤ ਹੋਵੇ, ਕਿਸੇ ਨੇ ਨਾ ਛੇੜੀ ਹੋਵੇ!”
ਤੇ ਅਸੀਂ ਸਾਢੇ ਕੁ ਛੇ ਵਜੇ ਆਖ਼ਰ ਚੱਲ ਈ ਪਏ।
ਬਸ਼ੀਰ ਕਾ ਘਰ ਬਸੰਤ ਸਿਆਂ ਕਿਆਂ ਨੂੰ ਅਲਾਟ ਹੋ ਗਿਆ ਸੀ। ਲਾਹੌਰੀ ਇੱਟ ਦਾ ਬਣਿਆ ਦਲਾਨ ਉਹਨਾਂ ਨੇ ਬਹੁਤ ਸਾਂਭ ਕੇ ਰੱਖਿਆ ਸੀ।
“ਓਏ, ਦਲਾਨ ਤਾਂ ਬਿਲਕੁਲ ਉਵੇਂ ਦਾ ਉਵੇਂ ਪਿਆ ਏ!”
ਪਸੂ-ਡੰਗਰਾਂ ਨੂੰ ਪੱਠੇ ਪਾਉਣ ਲਈ ਜਿਮੀਂਦਾਰ ਮੂੰਹ-ਹਨੇਰੇ ਜਾਗ ਪੈਂਦੇ ਨੇ ਸੋ ਦਰਵਾਜ਼ਾ ਖੜਕਾਉਣ ਦੀ ਦੇਰ ਈ ਸੀ ਕਿ ਚਾਚੇ ਬਸੰਤ ਦੇ ਵੱਡੇ ਮੁੰਡੇ ਨੇ ਅੰਦਰੋਂ ਬੂਹਾ ਖੋਲ੍ਹ ਦਿੱਤਾ।
ਜਿਹੜੀਆਂ ਗ਼ਲੀਆਂ ਦੇ ਨਕਸ਼ੇ ਪੈਰਾਂ ਦੀਆਂ ਤਲ਼ੀਆਂ ‘ਤੇ ਉੱਕਰੇ ਹੋਣ ਉਹਨਾਂ ‘ਤੇ ਮੁੱਦਤਾਂ ਬਾਅਦ ਖੂੰਡੀ ਫੜ੍ਹਕੇ ਪੈਰ ਪਾਉਣਾ ਕੈਸੀ ਵੈਰਾਗ ਦੀ ਘੜੀ ਹੁੰਦੀ ਏ, ਦੱਸੀ ਨਈਂ ਜਾ ਸਕਦੀ! ਆਪਣੇ ਘਰਾਂ ‘ਚ ਵੜਣ ਲਈ ਜਦੋਂ ਇਜਾਜ਼ਤਾਂ ਲੈਣੀਆਂ ਪੈਣ ਤਾਂ ਉਸ...
ਪਲ਼ ਦੇ ਨਿਮਾਣੇਪਣ ਨੂੰ ਲਫ਼ਜ਼ਾਂ ‘ਚ ਬਿਆਨਿਆ ਨਈਂ ਜਾ ਸਕਦਾ!
ਦੁਆ-ਸਲਾਮ ਤੇ ਸੁੱਖ-ਸਾਂਦ ਪੁੱਛਣ ਤੋਂ ਬਾਅਦ ਅਸੀਂ ਦਲਾਨ ‘ਚ ਖੜ੍ਹਕੇ ਗੱਲਾਂ ਕਰਨ ਲੱਗ ਪਏ, ਕਈ ਬੰਦੇ-ਬੁੜ੍ਹੀਆਂ ਆਣ ਜੁੜ ਗਏ।
ਆਪਣੀ ਖੂੰਡੀ ਨਾਲ਼ ਕੰਧ ‘ਚ ਇੱਕ ਵੱਡੀ ਦਰਜ ਨੂੰ ਠੋਕਰ ਕੇ ਤੇ ਛੱਤ ਤੋਂ ਕਾਫ਼ੀ ਹੇਠਾਂ ਪਰ ਦਰਵਾਜੇ ਤੋਂ ਉੱਪਰ ਇੱਕ ਅੱਧੀ ਇੱਟ ਦੇ ਰੋੜੇ ਵੱਲ ਇਸ਼ਾਰਾ ਕਰਕੇ ਬਸ਼ੀਰ ਕਹਿੰਦਾ, “ਮੈਂ ਏਸ ਖੌਢੇ ‘ਚ ਪੈਰ ਰੱਖ ਕੇ ਕੰਧ ‘ਤੇ ਚੜ੍ਹਦਾ ਹੁੰਦਾ ਸੀ ਤੇ ਔਸ ਰੋੜੇ ਪਿੱਛੇ ਪੈਸੇ ਤੇ ਹੋਰ ਚੀਜ਼ਾਂ ਲੁਕੋਇਆ ਕਰਦਾ ਸੀ। ਪੰਮਿਆ, ਦੇਖ ਖਾਂ ਔਸ ਇੱਟ ਦੇ ਰੋੜੇ ਨੂੰ ਹਿਲ਼ਾ ਕੇ, ਸ਼ੈਦ ਤੈਨੂੰ ਕੁਝ ਮਿਲੇ।” ਪੰਮੇ ਨੇ ਦੱਸੇ ਮੁਤਾਬਕ ਇੱਟ ਦਾ ਰੋੜਾ ਕੱਢਿਆ, ਸੱਚੀਂ ਪਿੱਛੋਂ ਸੋਨੇ ਦੀਆਂ ਵਾਲ਼ੀਆਂ ਨਿੱਕਲੀਆਂ।
ਬਸ਼ੀਰ ਵਾਲ਼ੀਆਂ ਨੂੰ ਫੜ੍ਹਦੇ ਸਾਰ ਭੁੱਬਾਂ ਮਾਰਕੇ ਰੋ ਪਿਆ, “ਏਥੋਂ ਭੱਜਣ ਤੋਂ ਥੋੜ੍ਹੇ ਦਿਨ ਪਹਿਲਾਂ ਮੈਂ ਏਹ ਏਥੇ ਲੁਕੋਈਆਂ ਸਨ, ਇਹ ਮੇਰੀ ਮਾਂ ਦੀਆਂ ਨੇ, ਓਏ, ਮੈਨੂੰ ਇਹਨਾਂ ‘ਚੋਂ ਉਹਦੇ ਦੁੱਧ, ਉਹਦੇ ਬਦਨ ਦੀ ਵਾਸ਼ਨਾ ਆਉਂਦੀ ਏ। ਉਹਦੀ ਇੱਕ ਵੀ ਨਿਸ਼ਾਨੀ ਨਹੀਂ ਬਚੀ!”
“ਯਾਰ, ਤੁਸੀਂ ਆਖੋਂਗੇ ਤਾਂ ਸਹੀ ਬਈ ਬੁੜ੍ਹੇ ਦੀ ਮੱਤ ਮਾਰੀ ਗਈ ਏ, ਮੈਨੂੰ ਏਥੇ ਜ਼ਮੀਨ ‘ਤੇ ਜ਼ਰਾ ਕੁ ਬਿਠਾਲ ਦਿਉ।” ਅਸੀਂ ਉਹਨੂੰ ਬਾਹਾਂ ਤੋਂ ਫੜ੍ਹਦਿਆਂ ਆਸਰਾ ਦੇ ਕੇ ਭੁੰਜੇ ਬੈਠਾ ਦਿੱਤਾ, ਬਹਿੰਦਿਆਂ ਸਾਰ ਉਹ ਜ਼ਮੀਨ ‘ਤੇ ਲਿਟ ਗਿਆ, ਕਹਿੰਦਾ,” ਠਹਿਰ ਜੋ, ਇਸ ਜ਼ਮੀਨ ਨਾਲ਼ ਮੈਨੂੰ ਗਲ਼ੇ ਲੱਗ ਲੈਣ ਦਿਉ! ਇਸ ਦਲਾਨ ਵਿੱਚ ਮੈਂ ਤੇ ਮੇਰਾ ਲੰਗੋਟੀਆ ਯਾਰ ਮੱਘਰ, ਰੱਬ ਉਹਦਾ ਬਹਿਸ਼ਤਾਂ ‘ਚ ਵਾਸਾ ਕਰੇ, ਘੁਲ਼ਿਆ ਕਰਦੇ ਸਾਂ।”
ਇਹ ਉਹ ਲਮਹਾ ਸੀ ਜਦੋਂ ਧੂੜਾਂ ਮੱਥੇ ਦੀ ਕਲਗੀ ਬਣ ਜਾਂਦੀਆਂ ਨੇ।
ਚਾਚੇ ਬਸ਼ੀਰ ਦੀ ਹਾਲਤ ਮਾਂ ਦੀ ਗੋਦੀ ‘ਚੋਂ ਖੋਹੇ ਬੱਚੇ ਵਰਗੀ ਹੋ ਗਈ ਸੀ। ਅਸੀਂ ਉਹਨੂੰ ਸੰਭਾਲਣਾ ਚਾਹਿਆ ਪਰ ਪਤਾ ਨਹੀਂ ਬੁੱਢੇ ਹੱਡਾਂ ਵਿੱਚ ਏਨਾ ਜ਼ੋਰ ਕਿੱਥੋਂ ਆ ਗਿਆ ਸੀ।
ਹੁਣ ਦੱਸੋ, ਬਸ਼ੀਰ ਵਰਗੇ ਵਜ਼ੀਰੇ, ਕਰਤਾਰੇ, ਹਰੀ ਓਮੇ, ਜਿੰਨ੍ਹਾਂ ਨੇ ਸੰਤਾਲ਼ੀ ਦਾ ਸੰਤਾਪ ਝੱਲਿਆ, ਉਹ ਪੰਦਰਾਂ ਅਗਸਤ ਜੀਹਨੂੰ ਹੁਣ ਆਲ਼ੇ ਅਜ਼ਾਦੀ ਦਿਹਾੜਾ ਕਹਿੰਦੇ ਨੇ, ਨੂੰ ਉਜਾੜਾ, ਬਟਵਾਰਾ, ਵੰਡ, ਫ਼ਸਾਦ, ਰੌਲ਼ੇ-ਗੌਲ਼ੇ ਨਾ ਆਖਣ ਤਾਂ ਹੋਰ ਕੀ ਆਖਣ?
ਬਲਜੀਤ ਖ਼ਾਨ ਮੋਗਾ!