1990 ਦੇ ਨੇੜੇ ਉਤਰ ਪ੍ਰਦੇਸ਼ ਵਿੱਚ ਸਰਕਾਰੀ ਨੌਕਰੀ ਕਰਦੇ ਮਾਤਾ ਪਿਤਾ ਦੇ ਇਕਲੌਤੇ ਬੱਚੇ ਮਨੋਜ ਸਕੂਲੋਂ ਘਰ ਆਕੇ ਸਮਾਂ ਬਿਤਾਉਣਾ ਮੁਸ਼ਕਲ ਹੋ ਜਾਂਦਾ ਸੀ । ਕਿਉਂਕਿ ਉੰਨਾ ਸਮਿਆਂ ਵਿਚ ਅੱਜ ਵਾਂਗ ਮੋਬਾਈਲ, ਜਾਂ ਟੈਲੀਵਿਜ਼ਨ ਵਗੈਰਾ ਦੀ ਬੜੀ ਘਾਟ ਸੀ ।
ਅਜਿਹੇ ਵਿਚ ਮਨੋਜ ਨੇ ਘਰ ਵਿਚ ਪਏ ਹਰ ਕਿਤਾਬ ,ਰਸਾਲੇ , ਅਖਬਾਰ ਨੂੰ ਲੱਭ ਲੱਭ ਪੜੀ ਜਾਣਾ।
ਇਕ ਦਿਨ ਮਨੋਜ ਕੋਲ਼ ਪੜਨ ਲਈ ਕੁਝ ਵੀ ਨਹੀਂ ਸੀ । ਕਿਉਂਕਿ ਘਰ ਵਿਚ ਜੋ ਕੁਝ ਪਿਆ ਸੀ ।ਉਹ ਮਨੋਜ ਨੇ ਪੜ ਲ਼ਿਆ ਸੀ ।
ਵਕਤ ਗੁਜਾਰਨ ਲਈ ਮਨੋਜ ਨੇ ਘਰ ਵਿਚ ਪਏ ਪੁਰਾਣੇ ਟਰੰਕ ਨੂੰ ਫਰੋਲਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਹੋਰ ਕਿਤਾਬ ਜਾਂ ਆਖਬਾਰ ਮਿਲ਼ ਜਾਵੇ ।
ਇਸੇ ਫਰੋਲਾ ਫਰਾਲੀ ਵਿਚ ਉਸਨੂੰ ਇਕ ਕਿਤਾਬ ਮਿਲ਼ੀ ” ਦੀਵਾਨ ਏ ਗ਼ਾਲਿਬ ” । ਮਨੋਜ ਨੇ ਉਸ ਕਿਤਾਬ ਨੂੰ ਪੜਨਾ ਸ਼ੁਰੂ ਕੀਤਾ । ਉਸ ਕਿਤਾਬ ਦੀ ਲਿੱਪੀ ਬੇਸ਼ੱਕ ਹਿੰਦੀ ਪਰ ਅਲਫਾਜ਼ ਸਾਰੇ ਉਰਦੂ ਫ਼ਾਰਸੀ ਦੇ ਸੀ। ਇਸ ਲਈ ਮਨੋਜ ਦੇ ਕੁਝ ਪੱਲੇ ਨਾ ਪਿਆ।
ਮਨੋਜ ਨੇ ਉਸ ਕਿਤਾਬ ਵਿਚ ਲਿਖੇ ਵਾਰੇ ਆਪਣੇ ਮਾਤਾ ਪਿਤਾ ਤੋਂ ਜਾਨਣਾ ਸ਼ੁਰੂ ਕੀਤਾ ਤਾਂ ਪਤਾ ਲਗਿਆ ਕੇ ਇਹ ਕਿਤਾਬ ਮਸ਼ਹੂਰ ਸ਼ਾਇਰ ” ਮਿਰਜ਼ਾ ਗ਼ਾਲਿਬ ” ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ।
ਮਨੋਜ ਨੇ ਉਸ ਕਿਤਾਬ ਨੂੰ ਸਮਝਣ ਲਈ ਉਸ ਕਿਤਾਬ ਵਿਚ ਲਿਖੀ ਭਾਸ਼ਾ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ।
ਜਿਥੋਂ ਕਿਤੇ ਇਸ ਬਾਬਤ ਕੋਈ ਜਾਣਕਾਰੀ ਮਿਲ਼ਦੀ ਮਨੋਜ ਬੜੀ ਦਿਲਚਸਪੀ ਨਾਲ ਉਸਨੂੰ ਸਿੱਖਦਾ।
ਇਸੇ ਸਿੱਖਣ ਸਮਝਣ ਦੀ ਕੋਸ਼ਿਸ਼ ਵਿਚ ਖੁਦ ਮਨੋਜ ਕਦੋਂ ਗ਼ਜ਼ਲਾਂ ਲਿਖਣ ਲੱਗ ਪਿਆ ਇਹ ਅਹਿਸਾਸ ਮਨੋਜ ਵੀ ਉਦੋਂ ਹੋਇਆ ਜਦੋਂ ਉਸਨੂੰ ਉਸਦੇ ਕਾਲਜ਼ ਵਿਚ ਹੋਏ ਇਸ ਸੰਮੇਲਨ ਵਿਚ ਪਹਿਲਾ ਇਨਾਮ ਮਿਲਿਆ ।
ਪਿਤਾ ਨੇ ਪੁਰਾਣੇ ਟਰੰਕ ਵਿਚੋਂ ਮਿਲ਼ੀ ਉਸ ਕਿਤਾਬ ਦੀ ਬਦੌਲਤ ਅੱਜ ਉਹ ਮਨੋਜ ਬਾਲੀਵੁੱਡ ਫਿਲਮ ਜਗਤ ਵਿਚ ਮਸ਼ਹੂਰ ਗੀਤਕਾਰ ” ਮਨੋਜ ਮੁੰਤਸਿਰ ” ਦੇ ਨਾਮ ਨਾਲ ਜਾਣਿਆ ਜਾਂਦਾ ਹੈ।
” ਇੱਕ ਵਿਲੇਨ ” ਫਿਲਮ ਦੇ ਗੀਤ ” ਤੇਰੀ ਗਲੀਆਂ...
” ਲਿਖਣ ਲਈ ਉਸਨੂੰ ” ਫਿਲਮ ਫੇਅਰ ” ਐਵਾਰਡ ਵੀ ਮਿਲ਼ ਚੁੱਕਿਆ ਹੈ ।
ਅਕਸ਼ੇ ਕੁਮਾਰ ਦੀ ਫ਼ਿਲਮ ” ਕੇਸਰੀ ” ਮਸ਼ਹੂਰ ਅਤੇ ਭਾਵੁਕ ਕਰ ਦੇਣ ਵਾਲਾ ਗੀਤ ” ਤੇਰੀ ਮਿੱਟੀ ” ਵੀ ਮਨੋਜ ਮੁੰਤਸਿਰ ਵਲੋਂ ਲਿਖਿਆ ਹੋਇਆ ਹੈ ।
ਮਨੋਜ ਆਖਦਾ ਹੈ ..” ਮੈਂ ਆਪਣੇ ਪਿਤਾ ਨੂੰ ਪੁੱਛਿਆ ਕਿ ਤੁਹਾਨੂੰ ਤਾਂ ਹਿੰਦੀ ਦੀ ਸ਼ਾਇਰੀ ਵਿਚ ਕੋਈ ਦਿਲਚਸਪੀ ਨਹੀਂ ਸੀ । ਫਿਰ ਤੁਸੀਂ ਉਰਦੂ ਦੀ ਸ਼ਾਇਰੀ ਵਾਲ਼ੀ ਕਿਤਾਬ ਕਿਉਂ ਖ੍ਰੀਦੀ “।
ਇਸਦੇ ਜਵਾਬ ਵਿਚ ਉਸਦੇ ਪਿਤਾ ਨੇ ਕਿਹਾ ” ਮੈਨੂੰ ਉਹ ਕਿਤਾਬ ਕਿਸੇ ਮਿੱਤਰ ਨੇ ਤੋਹਫੇ ਵਜੋਂ ਦਿੱਤੀ ਸੀ । ਇਸ ਲਈ ਉਹ ਕਿਤਾਬ ਮੈਨੂੰ ਨਾ ਪਸੰਦ ਹੋਣ ਦੇ ਬਾਵਜੂਦ ਮੈਂ ਉਸਨੂੰ ਸੰਭਾਲ ਕੇ ਰੱਖਿਆ ..” ।
ਸ਼ਾਇਦ ਇਸੇ ਲਈ ਕਿਸੇ ਵਿਦਵਾਨ ਨੇ ਕਿਹਾ ਹੈ ਕੇ “ਕਿਤਬਾਂ ਤੋਂ ਵਧੀਆ ਕੋਈ ਮਿੱਤਰ ਨਹੀਂ ਹੁੰਦਾ , ਕਿਤਾਬ ਸਦੀਆਂ ਬਾਅਦ ਵੀ ਬੋਲ ਉਠਦੀ ਹੈ। ਕਿਤਾਬ ਆਪਣਾ ਪਾਠਕ ਆਪ ਲੱਭ ਲੈਂਦੀ ਹੈ ।
ਇਸ ਲਈ ਆਪਣੇ ਘਰ ਵਿਚ ਪਈਆਂ ਕਿਤਬਾਂ ਨੂੰ ਰੱਦੀ ਵਾਲ਼ੇ ਨੂੰ ਵੇਚਣ ,ਜਾਂ ਕੂੜੇ ਵਿਚ ਸੁੱਟਣ ਦੀ ਥਾਂ ਸੰਭਾਲ ਕੇ ਰੱਖੋ । ਕੀ ਪਤਾ ਜਿਹੜੀ ਕਿਤਾਬ ਤੁਹਾਡੇ ਲਈ ਫਾਲਤੂ ਹੈ ਕਲ ਉਹ ਤੁਹਾਡੇ ਕਿਸੇ ਬੱਚੇ ਲਈ ਕੀਮਤੀ ਬਣ ਜਾਵੇ ।
ਅੰਤ ਵਿਚ ਸਤਿੰਦਰ ਸਰਤਾਜ ਦੀਆਂ ਇਹਨਾਂ ਸਤਰਾਂ ਨਾਲ ਲਿਖਤ ਨੂੰ ਸਮਾਪਤ ਕਰਦੇ ਹਾਂ
ਇਹੀ ਅੱਖਰ ਅਖੀਰ ਨੂੰ ਬਣਾਉਂਦੇ ਅਫ਼ਸਰ
ਇਹਨਾਂ ਅੱਖਰਾਂ ਦੇ ਸਦਕਾ ਹੀ ਸਾਬ ਹੁੰਦੇ ਨੇ
ਐਵੇਂ ਜਾਣ ਕੇ ਬੇਕਾਰ ਕਿਤੇ ਸੁੱਟ ਹੀ ਦੇਵੀਂ
ਇਹਦੇ ਘਰ ਵਿਚ ਪਈਆਂ ਦੇ ਵੀ ਲਾਭ ਹੁੰਦੇ ਨੇ
ਸਿੱਖ ਅਦਬ ਅਦਾਬਾਂ ,ਇਹ ਅਮੁਲੀਆਂ ਕਿਤਬਾਂ
ਮੇਰੇ ਮਿੱਤਰਾ ਇੰਨਾਂ ਦੇ ਪੰਨੇ ਪਾੜਦੇ ਨੀ ਹੁੰਦੇ
ਜਿੰਨ੍ਹੇ ਜਿੰਦਗੀ ‘ਚ ਮਿਹਨਤਾਂ ਦੀ ਕੀਤੀ ਏ ਕਮਾਈ
ਉਹੋ ਟੋਕਰਾ ਚੁਕਾ ਕੇ ਝੱਗਾ ਝਾੜਦੇ ਨੀ ਹੁੰਦੇ
ਸੋਨੂੰ ਮੰਗਲ਼ੀ