More Punjabi Kahaniya  Posts
ਚੁੰਬਕੀ ਅਪਣੱਤ


ਚੁੰਬਕੀ ਅਪਣੱਤ (ਕਹਾਣੀ) ਗੁਰਮਲਕੀਅਤ ਸਿੰਘ ਕਾਹਲੋਂ
ਉਦੋਂ ਸਾਨੂੰ ਕੈਨੇਡਾ ਆਇਆਂ ਥੋੜੇ ਮਹੀਨੇ ਹੋਏ ਸੀ। ਮੁਬੱਸ਼ਰ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਬੇਕਾਬੂ ਹੋਈ ਕਾਰ ਮੂਹਰਿਓਂ ਧੱਕਾ ਦੇਕੇ ਮੇਰੇ ਬੇਟੇ ਨੂੰ ਬਚਾ ਲਿਆ ਸੀ। ਇਹੀ ਧੱਕਾ ਬਾਦ ਵਿਚ ਉਨ੍ਹਾਂ ਦੇ ਜਿਗਰੀ ਯਰਾਨੇ ਰਾਹੀਂ ਹੁੰਦਾ ਹੋਇਆ ਸਾਡੀ ਪਰਵਾਰਿਕ ਸਾਂਝ ਤਕ ਪਹੁੰਚ ਗਿਆ। ਮੁਬੱਸ਼ਰ ਪਹਿਲੀ ਵਾਰ ਸਾਡੇ ਘਰ ਆਇਆ ਤਾਂ ਸਾਡੇ ਦੋਹਾਂ (ਪਤੀ-ਪਤਨੀ) ਦੇ ਮਨ ਉਸ ਪ੍ਰਤੀ ਅਪਣੱਤ ਨਾਲ ਛਲਕਣ ਲਗ ਪਏ। ਸਾਲ ਕੁ ਬਾਦ ਉਸਦੇ ਮਾਪਿਆਂ ਨੂੰ ਮਿਲਕੇ ਸਾਨੂੰ ਇਹ ਪਛਤਾਵਾ ਹੋਣ ਲਗਾ ਕਿ ਅਸੀਂ ਐਨੇ ਚੰਗੇ ਲੋਕਾਂ ਨੂੰ ਐਨਾ ਪੱਛੜ ਕੇ ਕਿਉਂ ਮਿਲ ਰਹੇ ਆਂ।
ਮੁਬੱਸ਼ਰ ਦੇ ਮਾਪੇ ਫੈਸਲਾਬਾਦ (ਪਾਕਿਸਤਾਨ) ਤੋਂ ਸਨ ਤੇ 25 ਕੁ ਸਾਲ ਪਹਿਲਾਂ ਕੈਨੇਡਾ ਆਕੇ ਵੱਸੇ ਸੀ। ਉਸਦੇ ਡੈਡੀ ਯਾਸਿਰ ਨੇ ਦਸਿਆ ਕਿ ਦੋਹਾਂ ਭੈਣਾਂ ਤੋਂ ਛੋਟੇ ਮੁਬੱਸ਼ਰ ਨੇ ਸਕੂਲ ਦਾ ਮੂੰਹ ਕੈਨੇਡਾ ਆਕੇ ਹੀ ਵੇਖਿਆ ਸੀ। ਮੁੰਡਾ ਕੈਨੇਡੀਅਨ ਸਭਿਆਚਾਰ ਵਿਚ ਘੁਲ-ਮਿਲਕੇ ਸਹਿਜ ਹੋ ਗਿਆ ਹੋਇਆ ਸੀ। ਦਿਨ-ਬਦਿਨ ਯਾਸਿਰ ਹੋਰਾਂ ਨਾਲ ਸਾਡਾ ਮੇਲ-ਮਿਲਾਪ ਤੇ ਨੇੜਤਾ ਵਧਦੀ ਗਈ ਅਤੇ ਪਿਛੋਕੜ ਦੇ ਵਰਕੇ ਸਾਂਝੇ ਹੋਣ ਲਗ ਪਏ। ਉਨ੍ਹਾਂ ਦੇ ਵਡੇਰੇ ਭਾਰਤ ਵਾਲੇ ਪਾਸਿਓਂ ਉਜੜ ਕੇ ਤਾਂ ਨਹੀਂ ਸੀ ਗਏ, ਪਰ 1947 ਵਾਲੀ ਵੰਡ ਦਾ ਸੇਕ ਉਧਰ ਬੈਠਿਆਂ ਨੇ ਵੀ ਝੱਲਿਆ ਸੀ। ਉਦੋਂ ਸਾਡੇ ਵੱਡਿਆਂ ਨੂੰ ਪਾਕਿਸਤਾਨ ਦੇ ਉਸੇ ਜਿਲੇ ਦੇ ਪਿੰਡ ‘ਚ ਵਸਦੇ ਰਸਦੇ ਘਰ ਛੱਡ ਕੇ ਖਾਲੀ ਹੱਥ ਚੜਦੇ ਪੰਜਾਬ ਆਉਣਾ ਪਿਆ ਤੇ ਬੜੀਆਂ ਔਖਿਆਈਆਂ ਝੱਲਣੀਆਂ ਪਈਆਂ ਸੀ। ਆਪਣਿਆਂ ਦੇ ਵਿਛੋੜਿਆਂ ਦੀ ਮਾਨਸਿਕ ਪੀੜ ਸਹਿਣੀ ਪਈ ਸੀ। ਡੈਡੀ ਦਸਦੇ ਹੁੰਦੇ ਸੀ ਕਿ ਮੇਰੇ ਦਾਦਾ ਜੀ ਕਈ ਸਾਲ ਰਾਤਾਂ ਨੂੰ ਉੱਠ ਕੇ ਇਕੱਲਿਆਂ ਈ ਓਧਰ ਦੀਆਂ ਗਲਾਂ ਯਾਦ ਕਰਨ ਲਗ ਪੈਂਦੇ ਸਨ। ਸਾਡੇ ਪਰਵਾਰ ਦੇ ਕਾਫਲੇ ਉਤੇ ਹੋਏ ਹਮਲੇ ਮੌਕੇ ਸਾਡੀ ਦਾਦੀ ਆਪਣੀ ਗੋਦੀ ਚੁੱਕੀ ਧੀ ਸਮੇਤ ਮਾਰੀ ਗਈ ਸੀ। ਸਾਡੀ ਵੱਡੀ ਭੂਆ ਦੇ ਸੱਜੇ ਪੈਰ ਦੀਆਂ ਚਾਰ ਉਂਗਲਾਂ ਸੀ ਤੇ ਦਾਦੀ ਨਾਲ ਮਾਰੀ ਗਈ ਬੱਚੀ ਦੇ ਉਸੇ ਪੈਰ ਦੀਆਂ ਛੇ ਉਂਗਲਾਂ ਸੀ। ਦਾਦਾ ਜੀ ਦਸਦੇ ਹੁੰਦੇ ਸੀ ਕਿ ਲੋਕ ਕਹਿਣ ਲਗ ਪਏ ਸਨ ਕਿ ਉਹ ਕੁੜੀ ਆਪਣੀ ਵੱਡੀ ਭੈਣ ਦੀ ਰਹਿ ਗਈ ਉਂਗਲ ਲੈਕੇ ਉਸਦੇ ਪਿੱਛੇ ਆਈ ਸੀ, ਪਰ ਮਾਂ ਦੇ ਨਾਲ ਵਾਪਸ ਮੁੜ ਗਈ।
ਛੇ ਕੁ ਮਹੀਨੇ ਪਹਿਲਾਂ ਸਾਨੂੰ ਪਤਾ ਲਗਾ ਕਿ ਯਾਸਿਰ ਹੋਰੀਂ ਕੁਝ ਦਿਨਾਂ ਲਈ ਦੇਸ਼ ਜਾ ਰਹੇ ਨੇ। ਮਿਲ ਬੈਠਣ ਦੇ ਬਹਾਨੇ ਅਸੀਂ ਉਨ੍ਹਾਂ ਨੂੰ ਖਾਣੇ ਤੇ ਸੱਦ ਲਿਆ। ਉਨ੍ਹਾਂ ਦਸਿਆ ਕਿ ਕਰੋਨਾ ਕਾਰਣ ਪਿਛਲੇ ਸਾਲ ਉਨ੍ਹਾਂ ਦੀ ਰਿਸ਼ਤੇਦਾਰੀ ਚ ਤਿੰਨ ਮੌਤਾਂ ਹੋਈਆਂ ਸਨ। ਉਦੋਂ ਹਵਾਈ ਉਡਾਣਾਂ ਉਤੇ ਪਬੰਦੀਆਂ ਕਾਰਣ ਉਹ ਜਾ ਨਹੀਂ ਸੀ ਸਕੇ। ਦੋਹਾਂ ਨੇ ਗੈਰਹਾਜਰੀ ਦੌਰਾਨ ਉਨ੍ਹਾਂ ਦੇ ਘਰ ਦਾ ਚੱਕਰ ਲਾਉਂਦੇ ਰਹਿਣ ਅਤੇ ਮੁਬੱਸ਼ਰ ਦਾ ਖਿਆਲ ਰਖਣ ਦੀ ਜਿੰਮੇਵਾਰੀ ਸਾਡੇ ਉਤੇ ਪਾ ਦਿਤੀ, ਜਿਸਨੂੰ ਨਿਭਾਉਂਦਿਆਂ ਸਾਨੂੰ ਚੰਗਾ ਵੀ ਲਗਦਾ ਰਿਹਾ।
ਯਾਸਿਰ ਹੋਰੀਂ ਵਾਪਸ ਆਏ ਤਾਂ ਸਾਨੂੰ ਪਤਾ ਲਗਾ ਕਿ ਉਹ ਆਪਣੀ ਚਾਚੀ ਨੂੰ ਨਾਲ ਲੈ ਆਏ ਸਨ। ਹਫਤਾਵਾਰੀ ਛੁੱਟੀ ਆਈ ਤਾਂ ਅਸੀਂ ਉਨ੍ਹਾਂ ਦੇ ਘਰ ਦਾ ਪ੍ਰੋਗਰਾਮ ਬਣਾ ਲਿਆ । ਖੈਰ-ਸੁੱਖ ਤੋਂ ਬਾਦ ਕੁਝ ਦੇਰ ਪਾਕਿਸਤਾਨ ਵਿਚ ਹੋਏ ਸਿਆਸੀ-ਫੇਰਬਦਲ ਦੀ ਚਰਚਾ ਹੋਈ। ਚਾਚੀ ਨੂੰ ਕਮਰੇ ਚੋਂ ਬੁਲਾਉਣ ਗਈ ਮੁਸ਼ੱਬਰ ਦੀ ਅੰਮੀ ਨੇ ਦਸਿਆ ਕਿ ਉਹ ਵਿਸਮਾਦੀ ਅਵਸਥਾ ਵਿਚ ਸੀ, ਜਿਸ ਕਰਕੇ ਉਸਨੇ ਬੁਲਾਉਣਾ ਠੀਕ ਨਹੀਂ ਸਮਝਿਆ। ਪਰ ਥੋੜੀ ਦੇਰ ਬਾਦ ਖੂੰਡੀ ਦੇ ਸਹਾਰੇ ਤੁਰਦੀ ਹੋਈ ਚਾਚੀ ਆਪ ਹੀ ਆ ਗਈ। ਅਸੀਂ ਦੋਵੇਂ ਹੱਥ ਜੋੜ ਖੜੇ ਹੋ ਗਏ। ਅਗਲੇ ਪਲ ਮੈਂ ਚਾਚੀ ਦੀਆਂ ਬਾਹਵਾਂ ਚ ਘੁੱਟਿਆ ਪਿਆ ਸਾਂ। ਚਾਚੀ ਕੁਝ ਬੋਲੀ ਤਾਂ ਨਾਂ, ਪਰ ਉਸਦੇ ਸਾਹਾਂ ਚੋਂ ਕਿਸੇ ਦਰਦ ਦੇ ਝਾਉਲੇ ਪੈ ਰਹੇ ਸੀ। ਚਾਚੀ ਦੀਆਂ ਬਾਹਾਂ ਦੀ ਪਕੜ ਮੇਰੇ ਤੋਂ ਢਿੱਲੀ ਹੋਕੇ ਮੇਰੀ ਪਤਨੀ (ਜੋਤੀ) ਦੁਆਲੇ ਕੱਸੀ ਗਈ। ਜੋਤੀ ਨੂੰ ਮਿਲਦਿਆਂ ਚਾਚੀ ਦੀਆਂ ਅੱਖਾਂ ਚੋਂ ਹੰਝੂ ਪਰਲ ਪਰਲ ਵਹਿਣ ਲਗ ਪਏ। ਕਿੰਨੀ ਦੇਰ ਬਾਦ ਯਾਸਿਰ ਨੇ ਉਸਨੂੰ ਫੜਕੇ ਸਹਾਰਾ ਦਿੰਦੇ ਹੋਏ ਬਹਾਇਆ। ਸਿੱਲੇ ਹੋਏ ਮਹੌਲ ਕਾਰਣ ਕੁਝ ਮਿੰਟ ਚੁੱਪ ਵਰਤ ਗਈ। ਯਾਸਿਰ ਨੇ ਚਾਚੀ ਨੂੰ ਪਾਣੀ ਦਾ ਗਿਲਾਸ ਫੜਾਇਆ। ਸਾਡੀ ਜਾਣ ਪਹਿਚਾਣ ਦਸਣ ਤੋਂ ਪਹਿਲਾਂ ਉਸਨੇ ਸਵਾਲ ਕਰਤਾ,
“ਚਾਚੀ ਤੂੰ ਇਹ ਤੇ ਪੁੱਛਿਆ ਈ ਨਹੀਂ ਕਿ ਭਾਈ ਸਾਬ ਕੌਣ ਨੇ ?’’
“ਲੈ ਆਪਣਿਆਂ ਬਾਰੇ ਵੀ ਕੁਝ ਪੁੱਛਣ-ਦੱਸਣ ਦੀ ਲੋੜ ਹੁੰਦੀ ਐ। ਮੈਂ ਤਾਂ ਕਿੰਨੀ ਦੇਰ ਤੋਂ ਮੁੰਡੇ ਦੀਆਂ ਗਲਾਂ ਸੁਣਦੀ ਸੁਣਦੀ ਚੇਤਿਆਂ ਵਿਚ ਗਵਾਚੀ ਹੋਈ ਸੀ।“ ਚਾਚੀ ਦਾ ਸਹਿਜ-ਸੁਭਾਅ ਜਵਾਬ ਸੁਣਕੇ ਮੈਨੂੰ ਉਸਦੀ ਜੱਫੀ ਚੋਂ ਆਇਆ ਨਿੱਘ ਹੋਰ ਸੰਘਣਾ ਹੋ ਗਿਆ।
ਯਾਸਿਰ ਨੇ ਚਾਚੀ ਨੂੰ ਸਾਹਮਣੇ ਵਾਲੇ ਸੋਫੇ ਤੇ ਬੈਠਣ ਦਾ ਇਸ਼ਾਰਾ ਕੀਤਾ, ਪਰ ਇਸ਼ਾਰੇ ਨੂੰ ਅਣਗੌਲਿਆ ਕਰਕੇ ਉਹ ਮੇਰੇ ਤੇ ਜੋਤੀ ਦੇ ਵਿਚਕਾਰ ਬੈਠ ਗਈ। ਉਹ ਕਦੇ ਮੇਰੇ ਅਤੇ ਕਦੇ ਜੋਤੀ ਦੀਆਂ ਅੱਖਾਂ ਵਿਚ ਵੇਖਣ ਲਗ ਜਾਂਦੀ, ਜਿੰਵੇ ਅੱਖਾਂ ਚੋਂ ਕੁਝ ਲੱਭਣ ਦਾ ਯਤਨ ਕਰ ਰਹੀ ਹੋਵੇ। ਚਾਚੀ ਨੂੰ ਬੈਠਿਆਂ ਅਜੇ ਥੋੜੀ ਦੇਰ ਹੋਈ ਸੀ ਕਿ ਫੋਨ ਤੇ ਆਏ ਜਰੂਰੀ ਸੰਦੇਸ਼ ਕਾਰਣ ਸਾਨੂੰ ਉਸੇ ਵੇਲੇ ਉਥੋਂ ਵਾਪਸ ਆਉਣਾ ਪਿਆ। ਪਰ ਉਸਤੋਂ ਪਹਿਲਾਂ ਅਸੀਂ ਯਾਸਿਰ ਤੋਂ ਵਾਅਦਾ ਲਿਆ ਕਿ ਅਗਲੇ ਵੀਕਐਂਡ ਉਹ ਚਾਚੀ ਸਮੇਤ ਸਾਡੇ ਵਲ ਆਉਣਗੇ।
ਯਾਸਿਰ ਹੋਰਾਂ ਦੇ ਘਰੋਂ ਆਕੇ ਸਾਡੇ ਮਨਾਂ ਚ ਸ਼ਨੀਵਾਰ ਦੀ ਉਡੀਕ ਭਾਰੂ ਹੋਣ ਲਗੀ। ਰੋਜਾਨਾ ਘਟਦੇ ਦਿਨਾਂ ਨਾਲ ਤਸੱਲੀ ਮਹਿਸੂਸ ਹੁੰਦੀ। ਸ਼ਨੀਵਾਰ ਚੜਿਆ ਤਾਂ ਜਾਪਣ ਲਗਾ ਜਿੰਵੇ ਕੋਈ ਖਾਸ ਗਲ ਹੋਣ ਵਾਲੀ ਹੈ। ਜੋਤੀ ਦੋ ਵਾਰ ਪੁੱਛ ਚੁੱਕੀ ਸੀ ਕਿ ਉਹ ਕਿੰਨੇ ਵਜੇ ਆਉਣਗੇ। ਅੱਠ ਕੁ ਵਜੇ ਹੋਣਗੇ, ਫੋਨ ਵੱਜਿਆ ਤਾਂ ਸਾਡੇ ਤਿੰਨਾਂ ਦੇ ਕੰਨ ਖੜੇ ਹੋਏ। ਯਾਸਿਰ ਨੇ ਦਸਿਆ ਕਿ ਕੋਈ ਜਰੂਰੀ ਕੰਮ ਪੈ ਜਾਣ ਕਰਕੇ ਉਹ ਅੱਜ ਵਾਲੀ ਮਹਿਫਲ ਨਹੀਂ ਸਜਾ ਸਕਣਗੇ, ਪਰ ਹੁਣੇ ਕੁਝ ਮਿੰਟਾਂ ਬਾਦ ਦਰਸ਼ਨ ਕਰਕੇ ਜਾਣਗੇ ਤੇ ਚਾਚੀ ਨੂੰ ਸਾਡੇ ਵਲ ਛੱਡ ਜਾਣਗੇ। ਜੋਤੀ ਨੇ ਜਲਦੀ ਜਲਦੀ ਸਾਰੇ ਕੰਮ ਨਿਪਟਾ ਲਏ। ਥੋੜੀ ਦੇਰ ਬਾਦ ਬਾਹਰ ਕਾਰ ਦੇ ਦਰਵਾਜੇ ਬੰਦ ਹੋਣ ਦਾ ਖੜਕਾ ਸੁਣਿਆ। ਮੈਂ ਝੱਟ ਦਰਵਾਜਾ ਖੋਲਿਆ। ਕਾਰ ਕੋਲ ਖੜਾ ਯਾਸਿਰ ਕਿਸੇ ਦਾ ਫੋਨ ਸੁਣ ਰਿਹਾ ਸੀ। ਦੋਵੇਂ ਹੱਥ ਜੋੜਕੇ ਖੜੀ ਚਾਚੀ ਸਾਡੇ ਘਰ ਨੂੰ ਨਿਹਾਰ ਰਹੀ ਸੀ। ਉਸਦਾ ਚਿਹਰਾ ਅਜੀਬ ਜਿਹੇ ਸੰਕੇਤ ਦੇ ਰਿਹਾ ਸੀ। ਚਾਚੀ ਵਲ ਵੇਖਕੇ ਮੈਨੂੰ ਆਪਣੇ ਚੇਤੇ ਦੀ ਸਲੇਟ ਉਤੇ ਉੱਕਰੇ ਉਹ ਪਲ ਯਾਦ ਆਏ ਜਦ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਤੀਜੇ ਦਿਨ ਬਾਬੇ ਨਾਨਕ ਦੀ ਵਰੋਸਾਈ ਧਰਤੀ ਉਤੇ ਪੈਰ ਧਰਦਿਆਂ ਅਸੀਂ ਮਹਿਸੂਸ ਕਰ ਰਹੇ ਸੀ।
ਮੈਨੂੰ ਵੇਖਕੇ ਚਾਚੀ ਦੇ ਪੈਰਾਂ ਚ ਹਰਕਤ ਆਈ ਤੇ ਖੂੰਡੀ ਉਤੇ ਭਾਰ ਪਾਉਂਦਿਆਂ ਉਹ ਅੱਗੇ ਵਧਣ ਲਗੀ। ਮੈਂ ਕੋਲ ਜਾਕੇ ਪੈਰੀਂ ਹੱਥ ਲਾਏ ਤਾਂ ਉਸਨੇ ਜੱਫੀ ਚ ਲੈ ਲਿਆ। ਉਸਦੇ ਹੱਥੋਂ ਖੂੰਡੀ ਖਿਸਕਣ ਲਗੀ ਤਾਂ ਜੱਫੀ ਕੁਝ ਢਿੱਲੀ ਹੋਈ ਸੀ। ਉਸਦਾ ਧਿਆਨ ਯਾਸਿਰ ਵਲ ਗਿਆ ਤੇ ਇਸ਼ਾਰੇ ਨਾਲ ਕੁਝ ਕਿਹਾ। ਯਾਸਿਰ ਕਾਰ ਚੋਂ ਥੈਲਾ ਕੱਢ ਲਿਆਇਆ। ਇਕ ਹੱਥ ਥੈਲਾ ਫੜੀ ਚਾਚੀ ਦਾ ਦੂਜਾ ਹੱਥ ਫੜਕੇ ਸਹਾਰਾ ਦਿੰਦੇ ਹੋਏ ਮੈਂ ਉਸਨੂੰ ਅੰਦਰ ਲਿਜਾਣ ਲੱਗਾ। ਕਾਹਲੀ ਚ ਹੋਣ ਕਰਕੇ ਯਾਸਿਰ ਬਾਹਰੋ ਬਾਹਰ ਮੁੜ ਗਿਆ।
ਅੰਦਰ ਲੰਘੇ ਤਾਂ ਜੋਤੀ ਨੂੰ ਪੈਰਾਂ ਵਲ ਝੁਕਣ ਤੋਂ ਪਹਿਲਾਂ ਈ ਚਾਚੀ ਨੇ ਕਲਾਵੇ ਵਿਚ ਭਰ ਲਿਆ। ਬੇਟਾ ਆਇਆ ਤਾਂ ਸੋਫੇ ਤੇ ਬੈਠੀ ਨੇ ਹੀ ਉਸਨੂੰ ਵੀ ਨਾਲ ਬੈਠਾ ਲਿਆ ਤੇ ਕਿੰਨੀ ਦੇਰ ਉਸਦਾ ਸਿਰ ਪਲੋਸਦੀ ਰਹੀ। ਠੰਡੇ ਤੱਤੇ ਬਾਰੇ ਪੁੱਛੇ ਜਾਣ ਤੇ ਉਸਦੇ ਮੋਹ-ਭਰੇ ਜਵਾਬ ਨੇ ਸਾਨੂੰ ਬੜਾ ਕੁਝ ਸੋਚਣ ਲਈ ਮਜਬੂਰ ਕਰ ਦਿਤਾ।
“ਬੇਟਾ, ਜੋ ਤੇਰਾ ਜੀਅ ਕਰਦਾ ਲਈ ਆ, ਆਪਣੇ ਘਰ ਆਈ ਆਂ, ਮੇਰੇ ਤੋਂ ਕੋਈ ਨਾਂਹ ਕਿੰਵੇ ਹੋਜੂ।“
ਇਕ ਦੋ ਗਲਾਂ ਕਰਕੇ ਉਸਨੇ ਆਪਣਾ ਥੈਲਾ ਫੜਿਆ ਤੇ ਲਹੌਰ ਤੋਂ ਲਿਆਂਦਾ ਸਮਾਨ ਮੇਜ ਉਤੇ ਢੇਰੀ ਕਰਤਾ। ਉਸਦੇ ਅਪਣੱਤ ਭਰੇ ਇਸ਼ਾਰੇ ਮੂਹਰੇ ਸਾਡੇ ਮੂੰਹੋ ਖੇਚਲ ਆਦਿ ਕੁਝ ਵੀ ਨਾ ਕਹਿ ਹੋਇਆ। ਜੋਤੀ ਤਾਂ ਲਿਆਂਦੇ ਸੂਟ ਵਲ ਵੇਖ ਵੇਖ ਹੈਰਾਨ ਹੋਈ ਜਾ ਰਹੀ ਸੀ ਕਿ ਚਾਚੀ ਨੂੰ ਉਸਦੀ ਪਸੰਦ ਦਾ ਕਿੰਵੇ ਪਤਾ ਲਗ ਗਿਆ। ਜੋਤੀ ਨੇ ਕਿਸੇ ਦਾ ਸੂਟ ਵੇਖਕੇ, ਉਂਜ ਦੇ ਪ੍ਰਿੰਟ, ਰੰਗ ਤੇ ਕਪੜੇ ਵਾਲੇ ਸੂਟ ਦੀ ਰੀਝ ਪਾਲੀ ਹੋਈ ਸੀ। ਉਹ ਕਈ ਕਲਾਥ ਹਾਊਸ ਫਰੋਲ ਆਈ ਸੀ, ਪਰ ਕਿਤੋਂ ਵੀ ਉਂਜ ਦਾ ਕਪੜਾ ਮਿਲਿਆ ਨਹੀਂ ਸੀ। ਖੁਸ਼ੀ ਚ ਖੀਵੀ ਹੋਈ ਜੋਤੀ ਤੋਂ ਰਹਿ ਨਾ ਹੋਇਆ ਤੇ ਚਾਚੀ ਨੂੰ ਪੁੱਛ ਲਿਆ।
“ਚਾਚੀ ਤੁਹਾਨੂੰ ਕਿੰਵੇ ਪਤਾ ਲਗਾ ਕਿ ਆਹ ਸੂਟ ਤਾਂ ਮੇਰੀ ਖਾਸ ਪਸੰਦ ਸੀ ?”
“ਲੈ ਬੇਟਾ, ਆਪਣਿਆਂ ਦੀ ਪਸੰਦ ਕੋਈ ਲੁਕੀ ਹੋਈ ਥੋੜਾ ਰਹਿੰਦੀ ਆ।“ ਚਾਚੀ ਨੇ ਇਹ ਗਲ ਇੰਜ ਸਹਿਜ ਸੁਭਾਅ ਕਹਿ ਦਿਤੀ, ਜਿੰਵੇ ਜੋਤੀ ਉਸਦੇ ਹੱਥਾਂ ਵਿਚ ਖੇਡੀ ਹੋਵੇ। ਪਰ ਮੇਰੀ ਸੂਈ ਉਸ ਵਲੋਂ ਜੋਰ ਦੇ ਕੇ ਬੋਲੇ ਜਾ ਰਹੇ “ਆਪਣੇ” ਉਤੇ ਟਿੱਕ ਗਈ। ‘ਆਪਣਿਆਂ’ ਵਾਲੀਆਂ ਜੜ੍ਹਾਂ ਫਰਲੋਣ ਦੀ ਉਤਸੁਕਤਾ ਜਾਗ ਪਈ। ਮੈਂ ਇਹ ਬੁਝਾਰਤ ਬੁੱਝਣ ਦੇ ਮੌਕੇ ਦੀ ਤਾਕ ਲਾ ਲਈ।
ਥੈਲੇ ਵਾਲਾ ਕੰਮ ਨਿਬੇੜ ਕੇ ਚਾਚੀ ਉੱਠੀ ਘਰ ਦੀ ਇਕ ਇਕ ਚੀਜ ਨੂੰ ਗਹੁ ਨਾਲ ਨਿਹਾਰਨ ਅਤੇ ਟੋਹ ਟੋਹ ਕੇ ਵੇਖਣ ਲਗ ਪਈ। ਜੋਤੀ ਵਾਲੀ ਅਲਮਾਰੀ ਚ ਟੰਗੇ ਉਸਦੇ ਸੂਟਾਂ ਨੂੰ ਵੇਖਕੇ ਚਾਚੀ ਦੇ ਚਿਹਰੇ ਦੇ ਤੇਵਰ ਉਭਰਦੇ ਅਤੇ ਬਦਲਦੇ ਰਹੇ। ਉਸਨੇ ਸਾਡੇ ਬੇਟੇ ਜਗਦੀਪ ਨੂੰ ਅਵਾਜ ਮਾਰੀ ਤੇ ਆਪਣਾ ਕਮਰਾ ਵਿਖਾਉਣ ਨੂੰ ਕਿਹਾ।ਉਧਰੋਂ ਆਕੇ ਉਸਨੇ ਜੋਤੀ ਵਾਲੀ ਅਲਮਾਰੀ ਦੁਬਾਰਾ ਖੋਲ ਲਈ। ਇੰਜ ਲਗਦਾ ਸੀ ਜਿੰਵੇ ਉਹ ਕੋਈ ਗਵਾਚੀ ਹੋਈ ਚੀਜ ਲੱਭ ਰਹੀ ਹੋਵੇ। ਥੋੜੀ ਦੇਰ ਬਾਦ ਉਹ ਰਸੋਈ ਵਿਚ ਖਾਣਾ ਬਣਾਉਂਦੀ ਜੋਤੀ ਦੇ ਕੋਲ ਜਾ ਖੜੀ। ਜੋਤੀ ਨੇ ਕੁਰਸੀ ਖਿੱਚ ਕੇ ਲਾਗੇ ਬਹਾ ਲਿਆ ਤੇ ਕੰਮ ਕਰੀ ਗਈ। ਆਉਣ ਤੋਂ ਬਾਦ ਧੀਏ ਕਹਿੰਦੀ ਰਹੀ ਚਾਚੀ, ਰਸੋਈ ਚ ਬੈਹਿੰਦਿਆਂ ਈ ਜੋਤੀ ਦਾ ਨਾਂਅ ਲੈ ਕੇ ਗਲਾਂ ਕਰਨ ਲਗ ਪਈ। ਉਸਦੇ ਮੂੰਹੋ ਆਪਣਾ ਨਾਂਅ ਸੁਣਕੇ ਜੋਤੀ ਦੀ ਅਪਣੱਤ ਹੋਰ ਤਿੱਖੀ ਹੋਣ ਲਗੀ।
ਡਾਇਨਿੰਗ ਟੇਬਲ ਤੇ ਬੈਠਿਆਂ ਖਾਣਾ ਖਾਂਦਿਆਂ ਮੈਂ ਵੇਖਿਆ, ਚਾਚੀ ਹਰ ਗਰਾਹੀ ਚੋਂ ਅਨੰਦ ਮਹਿਸੂਸ ਕਰ ਰਹੀ ਸੀ। ਉਹ ਮਿੰਟ ਮਿੰਟ ਬਾਦ ਜੋਤੀ ਵਲ ਵੇਖ ਲੈਂਦੀ।
‘’ਜੋਤੀ ਐਹ ਕਾਲੀ ਮਿਰਚ ਕਿਥੋਂ ਦੀ ਆ ?’’ ਜੋਤੀ ਨੂੰ ਸਮਝ ਨਾ ਆਈ ਕਿ ਚਾਚੀ ਨੇ ਪੁੱਛਿਆ ਕੀ ਆ।
ਮੂੰਹ ਵਲ ਤਕਦੀ ਵੇਖ ਕੇ ਉਹ ਫਿਰ ਬੋਲੀ, ‘’ਮੇਰਾ ਮਤਲਬ ਆ ਇਹ ਕਿਹੜੇ ਦੇਸ਼ ਦੀ ਪੈਦਾਵਾਰ ਆ।‘’
‘’ਚਾਚੀ ਇਹ ਤਾਂ ਅਸੀਂ ਐਥੋਂ ਈ ਸਟੋਰਾਂ ਚੋਂ ਲਿਆਉਂਦੇ ਆਂ, ਕਦੇ ਪਤਾ ਨਈਂ ਕੀਤਾ ਕਿਥੇ ਉਗਦੀ ਆ।‘’ ਜੋਤੀ ਦਾ ਜਵਾਬ ਹੈ ਤਾਂ ਸਪਸ਼ਟ ਸੀ, ਪਰ ਚਾਚੀ ਦੀ ਤਸੱਲੀ ਨਾ ਕਰਾ ਸਕਿਆ।
‘’ਮੈਂ ਤਾਂ ਪੁੱਛਿਆ ਸੀ, ਕਿਉਂਕਿ ਇਸਦੇ ਸਵਾਦ ਤੋਂ ਲਗਦਾ, ਜਿੰਵੇਂ ਆਪਣੇ ਕਸ਼ਮੀਰ ਚੋਂ ਆਈ ਹੋਵੇ।‘’
ਚਾਚੀ ਅਸੀਂ ਕਦੇ ਏਨਾ ਧਿਆਨ ਨਹੀਂ ਦਿਤਾ, ਹੁਣ ਸਟੋਰ ਤੇ ਗਈ ਤਾਂ ਪਤਾ ਕਰਕੇ ਆਵਾਂਗੀ। ਲਗਦਾ ਸੀ ਜਿੰਵੇ ਚਾਚੀ ਬੜਾ ਕੁਝ ਕਹਿਣ ਸੁਣਨ ਦੇ ਮੂਡ ਵਿਚ ਹੋਵੇ। ਖਾਣ ਪੀਣ ਮੁਕਾ ਕੇ ਅਸੀਂ ਲਿਵਿੰਗ ਰੂਮ ਵਿਚ ਆ ਬੈਠੇ।
‘ਪੁੱਤ ਚੜਦੇ ਪੰਜਾਬ ਚ ਕਿਥੇ ਰਹਿੰਦੇ ਸੀ ਤੁਸੀਂ ?’ ਮੈਂ ਵੇਖਿਆ ਪੁੱਛਣ ਮੌਕੇ ਚਾਚੀ ਦੇ ਮੱਥੇ ਦੀਆਂ ਲਕੀਰਾਂ ਕਾਫੀ ਡੂੰਗੀਆਂ ਹੋ ਗਈਆਂ ਸੀ। ਕੋਈ ਉਤਸੁਕਤਾ ਉੱਭਰ ਆਈ ਸੀ ਉਸਦੇ ਮਨ ਵਿਚ, ਜਿੰਵੇ ਜੋਤੀ ਦੇ ਜਵਾਬ ਚੋਂ ਉਸਨੂੰ ਕੁਝ ਮਿਲ ਜਾਣਾ ਹੋਵੇ।
ਮੈਂ ਦਸਿਆ ਕਿ ਸਾਡੇ ਵਡੇਰੇ ਦੇਸ਼ ਦੀ ਵੰਡ ਮੌਕੇ ਬਾਰ ਚੋਂ ਉਜੜ ਕੇ ਤੇ ਕੁਝ ਜੀਅ ਗੰਵਾ ਕੇ ਹੁਸ਼ਿਆਰਪੁਰ ਜਿਲੇ ਪਹੁੰਚੇ ਸੀ ਤੇ ਦੁਬਾਰਾ ਪੈਰ ਲਗਦਿਆਂ ਕਈ ਸਾਲ ਲਗ ਗਏ ਸੀ। ਚਾਚੀ ਦਾ ਅਗਲਾ ਇਸ਼ਾਰਾ ਜੋਤੀ ਦੇ ਪਿਛੋਕੜ ਵਲ ਸੀ। ਉਨ੍ਹਾਂ ਦੇ ਪਿਛੋਕੜ ਦਾ ਪਤਾ ਹੋਣ ਕਰਕੇ ਉਸਦੇ ਬਾਰੇ ਮੈਂ ਦਸਣ ਈ ਲੱਗਾ ਸੀ ਕਿ ਚਾਚੀ ਨੇ ਟੋਕ ਦਿਤਾ ਕਿ ਉਸਦੀ ਗਲ ਉਹ ਉਸਦੇ ਮੂੰਹੋ ਈ ਸੁਣੇਗੀ।
“ਚਾਚੀ ਮੇਰੇ ਡੈਡੀ ਮੰਮੀ ਤਾਂ ਪੈਦਾ ਈ ਵੰਡ ਤੋਂ ਕਈ ਸਾਲ ਬਾਦ ਹੋਏ ਸੀ। ਆਪਣੇ ਦਾਦਾ ਜੀ ਤਾਂ ਮੈਂ ਵੇਖੇ ਨਹੀਂ । ਦਾਦੀ ਹੁਣ ਤਾਂ ਹੈ ਨਈਂ, ਪਰ ਮੈਨੂੰ ਛੋਟੀ ਹੁੰਦੀ ਨੂੰ ਵੰਡ ਵੇਲੇ ਦੀਆਂ ਦਰਦ-ਭਿੱਜੀਆਂ ਤੇ ਕੰਬਣੀ-ਛੇੜਵੀਆਂ ਗਲਾਂ ਦਸਦੀ ਹੁੰਦੀ ਸੀ। ਬਾਰ ਵਿਚ ਉਨ੍ਹਾਂ ਦਾ ਵੱਡਾ ਪਰਵਾਰ ਸੀ ਤੇ ਸਾਰੇ ਇਕੱਠੇ ਰਹਿੰਦੇ ਸੀ। ਪਾਪਾ ਦੇ ਤਿੰਨ ਚਾਰ ਚਾਚੇ ਤੇ ਇਕ ਭੂਆ ਸੀ। ਦਾਦਾ-ਦਾਦੀ ਸਭ ਤੋਂ ਵੱਡੇ ਸੀ ਉਨ੍ਵਾਂ ਦਾ ਬਾਪ ਲੰਬੜਦਾਰ ਸੀ ਪਾਕਿਸਤਾਨ ਵਿਚ। ਦਾਦੀ ਦਸਦੀ ਹੁੰਦੀ ਸੀ ਕਿ ਉਹ ਅੱਠ ਨੌਂ ਸਾਲਾਂ ਦੀ ਹੋਊ ਜਦੋਂ ਉਜਾੜੇ ਤੇ ਮਾਰ-ਧਾੜ ਵਾਲੀ ਦੇਸ਼ਾਂ ਦੀ ਵੰਡ ਹੋਈ। ਦਾਦੀ ਤੋਂ ਛੋਟੀ ਭੈਣ ਚਾਰ ਪੰਜ ਸਾਲਾਂ ਦੀ ਸੀ, ਜਿਸਦਾ ਬਾਦ ਵਿਚ ਪਤਾ ਈ ਨਈ ਸੀ ਲੱਗਾ ਕਿ ਉਹ ਮਰ ਖੱਪ ਗਈ ਜਾਂ …… । ਦਾਦੀ ਉਸਦਾ ਨਾਂਅ ਲੈ ਕੇ ਯਾਦ ਕਰਦੇ ਸੀ ਤੇ ਰੋ ਪੈਂਦੇ ਹੁੰਦੇ ਸੀ। ਇਹ ਦੱਸਦਿਆਂ ਜੋਤੀ ਦਾ ਗਲਾ ਭਰ ਆਇਆ।
ਮੈਂ ਵੇਖ ਰਿਹਾ ਸੀ ਕਿ ਜਦ ਤੋਂ ਜੋਤੀ ਗੱਲਾਂ ਦਸਣ ਲਗੀ ਸੀ, ਚਾਚੀ ਨੇ ਅੱਖਾਂ ਉਸਦੇ ਚਿਹਰੇ ਤੇ ਗੱਡੀਆਂ ਹੋਈਆਂ ਸੀ। ਜੋਤੀ ਦੇ ਬੋਲਾਂ ਦੇ ਨਾਲ ਨਾਲ ਚਾਚੀ ਦੇ ਮੱਥੇ ਦੀਆਂ ਲਕੀਰਾਂ ਵਿਚ ਫਰਕ ਆ ਰਿਹਾ ਸੀ। ਆਪਣੇ ਆਪ ਨੂੰ ਸੰਭਾਲਦਿਆਂ ਜੋਤੀ ਅੱਗੋਂ ਦਸਣ ਲੱਗੀ।
ਦਾਦੀ ਦਸਦੇ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਸਿੱਖ ਤੇ ਮੁਸਲਮਾਨ ਪਰਵਾਰ ਭੈਣਾਂ ਭਰਾਵਾਂ ਵਾਂਗ ਰਹਿੰਦੇ ਸੀ। ਵੰਡ ਮੌਕੇ ਪਿੰਡ ਦੇ ਮੁਸਲਮਾਨ ਪਰਵਾਰਾਂ ਦਾ ਜੋਰ ਲੱਗਾ ਹੋਇਆ ਸੀ ਕਿ ਪਿੰਡ ਚੋਂ ਕੋਈ ਸਿੱਖ ਉੱਜੜ ਕੇ ਨਾ ਜਾਏ। ਉਨ੍ਹਾਂ ਰਾਖੀ ਕਰਨ ਦੀ ਜਿੰਮੇਵਾਰੀ ਚੁੱਕ ਲਈ ਸੀ। ਉਦੋਂ ਆਂਢ-ਗਵਾਂਢ ਦੀਆਂ ਔਰਤਾਂ ਇਕੱਠੀਆਂ ਹੋਕੇ ਮੂੰਹ ਹਨੇਰੇ ਖੇਤਾਂ ਚ ਜੰਗਲ-ਪਾਣੀ ਜਾਂਦੀਆਂ ਹੁੰਦੀਆਂ ਸੀ। ਦਾਦੀ ਹੋਰੀਂ ਦੋਵੇਂ ਭੈਣਾਂ ਵੀ ਆਪਣੀ ਬੀਬੀ ਤੇ ਚਾਚੀਆਂ ਤਾਈਆਂ ਦੇ ਨਾਲ ਜਾਂਦੀਆਂ ਸੀ। ਉਸ ਦਿਨ ਉਹ ਪਿੰਡੋ ਥੋੜਾ ਦੂਰ ਗਈਆਂ ਸੀ ਕਿ ਲਾਗਲੇ ਪਿੰਡ ਦਾ ਸਰਦਾਰ ਹੱਥ ਵਿਚ ਨੰਗੀ ਤਲਵਾਰ ਲੈਕੇ ਘੋੜਾ ਦੌੜਾਈ ਆਵੇ। ਔਰਤਾਂ ਵੇਖਕੇ ਉਹ ਰੁਕਿਆ ਤੇ ਪਿੰਡ ਤੇ ਹੋਣ ਵਾਲੇ ਹਮਲੇ ਬਾਰੇ ਖਬਰਦਾਰ ਕਰਦਿਆਂ ਔਰਤਾਂ ਨੂੰ ਘਰਾਂ ਵਲ ਭੱਜ ਜਾਣ ਲਈ ਕਿਹਾ। ਸਾਰੀਆਂ ਔਰਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਘਰਾਂ ਨੂੰ ਭੱਜ ਤੁਰੀਆਂ। ਦਾਦੀ ਦੀ ਨਿੱਕੀ ਭੈਣ ਭੱਜੇ ਆਉਂਦੇ ਘੋੜੇ ਤੋਂ ਡਰਦੀ ਮੱਕੀ ਦੇ ਖੇਤ ਚ ਲੁੱਕ ਗਈ ਸੀ। ਔਰਤਾਂ ਦੇ ਵਾਹੋ-ਦਾਹੀ ਘਰ ਪਹੁੰਚਣ ਤਕ ਸਭ ਨੂੰ ਪਿੰਡ ਛੱਡਣ ਦੀ ਹਫੜਾ-ਦਫੜੀ ਪੈ ਗਈ ਹੋਈ ਸੀ। ਦਾਦੀ ਦੀ ਮਾਂ ਨੂੰ ਨਿੱਕੀ ਧੀ ਕਿਤੇ ਦਿਸੇ ਨਾ। ਸਭ ਨੂੰ ਜਾਨਾਂ ਬਚਾਉਣ ਦੀ ਪਈ ਹੋਈ ਸੀ ਇਸ ਕਰਕੇ ਛੋਟੀ ਦੀ ਭਾਲ ਦੀ ਪ੍ਰਵਾਹ ਪਿੱਛੇ ਰਹਿ ਗਈ। ਸਾਡੇ ਵਡੇਰਿਆਂ ਪਿੰਡ ਛੱਡ ਦਿਤਾ, ਪਰ ਦਾਦੀ ਤੋਂ ਨਿੱਕੀ ਭੈਣ ਦਾ ਕਿਸੇ ਨੂੰ ਕੁਝ ਪਤਾ ਨਾ ਲਗਾ ਕਿ ਉਹ…… ।
ਮਹੌਲ ਤਾਂ ਪਹਿਲਾਂ ਈ ਬੜਾ ਭਾਵੁਕ ਹੋ ਰਿਹਾ ਸੀ। ਮੈਂ ਵੇਖਿਆ ਫਿਰ ਤੋਂ ਨਿੱਕੀ ਵਾਲੀ ਗਲ ਤੇ ਆਕੇ ਜੋਤੀ ਦੀਆਂ ਅੱਖਾਂ ਵਹਿਣ ਲਗ ਪਈਆਂ । ਚਾਚੀ ਦੀਆਂ ਅੱਖਾਂ ਤਾਂ ਪਹਿਲਾਂ ਈ ਪਰਨਾਲੇ ਬਣੀਆਂ ਹੋਈਆਂ ਸੀ। ਕਈ ਮਿੰਟ ਚੁੱਪ ਛਾਈ ਰਹੀ। ਆਪਣੇ ਆਪ ਵਿਚ ਆਕੇ ਚਾਚੀ ਥੋੜਾ ਖਿਸਕ ਕੇ ਜੋਤੀ ਦੇ ਕੋਲ ਹੋਗੀ ਤੇ ਜੱਫੀ ਵਿਚ ਘੁੱਟਦਿਆਂ ਬੋਲੀ, ‘’ਬੱਸ ਮੇਰੇ ਬੱਚੇ ਬੱਸ, ਤੂੰ ਹੁਣ ਇਥੇ ਈ ਬੱਸ ਕਰ, ਇਸਤੋਂ ਅਗਾਂਹ ਕੀ ਹੋਇਆ, ਉਸ ਦੁਖਿਆਰੀ ਨਿੱਕੀ ਦਾ ਦੁਖਾਂਤ ਮੈਂ ਦਸਨੀਂ ਆਂ।‘’
ਸਾਡੇ ਦੋਹਾਂ ਦੀ ਹੈਰਾਨੀ ਤੇ ਉਤਸੁਕਤਾ ਦਾ ਅਗਲਾ ਵਰਕਾ ਥੱਲਿਆ ਗਿਆ ਕਿ ਚਾਚੀ ਨਿੱਕੀ ਨੂੰ ਕਿੰਵੇ ਜਾਣਦੀ ਐ।
ਚਾਚੀ ਨੇ ਕਿੰਨੀ...

ਦੇਰ ਅੱਖਾਂ ਮੀਟ ਰਖੀਆਂ, ਦੋਹੇਂ ਹੱਥ ਅੱਡੇ ਹੋਏ, ਜਿੰਵੇ ਆਪਣੇ ਰੱਬ ਤੋਂ ਕੋਈ ਆਗਿਆ ਮੰਗ ਰਹੀ ਹੋਵੇ। ਥੋੜੀ ਦੇਰ ਬਾਦ ਹੌਸਲਾ ਇਕੱਠਾ ਕਰਦੇ ਹੋਏ ਸੰਵਰ ਕੇ ਬੈਠਦਿਆਂ ਉਸ ਢੋਅ ਲਾਈ ਤੇ ਸਾਡੇ ਚਿਹਰਿਆਂ ਉਤੇ ਨਜਰ ਗੱਡਦੇ ਹੋਏ ਅਗੋਂ ਦਸਣ ਲਗੀ।
‘’ਬੇਟਾ ਤੂੰ ਠੀਕ ਦੱਸਿਆ ਕਿ ਉਸ ਪਿੰਡ ਦੇ ਸਿੱਖਾਂ ਤੇ ਹਿੰਦੂਆਂ ਦੀ ਮੁਸਲਮਾਨਾਂ ਨਾਲ ਬੜੀ ਸਾਂਝ ਸੀ ਤੇ ਉਨ੍ਹਾਂ ਨੂੰ ਇਹ ਗੱਲ ਗਵਾਰਾ ਨਹੀਂ ਸੀ ਕਿ ਕੋਈ ਉਥੋਂ ਕੋਈ ਉੱਜੜ ਕੇ ਚਲਾ ਜਾਵੇ, ਪਰ ਚਾਰ ਚੁਫੇਰੇ ਫੈਲੀ ਫਿਰਕੂ ਨਫਰਤ ਦੀ ਅੱਗ ਮੂਹਰੇ ਪਿੰਡ ਵਾਲੇ ਬੇਵੱਸ ਹੋ ਗਏ। ਬਾਹਰਲੀ ਧਾੜ ਦੇ ਪਿੰਡ ਉਤੇ ਹਮਲੇ ਦੀ ਖਬਰ ਮਿਲੀ ਤਾਂ ਉਹ ਆਪ ਸਿੱਖਾਂ ਨੂੰ ਜਾਨਾਂ ਬਚਾਉਣ ਲਈ ਕਹਿਣ ਲੱਗ ਪਏ। ਖੇਤਾਂ ਵਲ ਗਈਆਂ ਔਰਤਾਂ ਦੇ ਕੰਨੀ ਖਬਰ ਪੈਂਦਿਆਂ ਈ ਉਹ ਵਾਹੋਦਾਹ ਘਰਾਂ ਨੂੰ ਭੱਜ ਤੁਰੀਆਂ। ਮੱਕੀ ਦੇ ਖੇਤ ਚੋਂ ਨਿਕਲਦਿਆਂ ਪੱਕੀ ਬੁਰਜੀ ਦਾ ਠੇਡਾ ਲੱਗ ਕੇ ਡਿੱਗੀ ਨਿੱਕੀ ਵਲ ਕਿਸੇ ਦਾ ਧਿਆਨ ਨਾ ਪਿਆ। ਗੋਡਾ ਬੁਰਜੀ ਤੇ ਵੱਜਣ ਦਾ ਦਰਦ ਨਿੱਕੀ ਲਈ ਅਸਹਿ ਹੋ ਗਿਆ। ਥੋੜੀ ਦੇਰ ਬਾਦ ਆਪਣੇ ਆਪ ਵਿਚ ਆਈ ਤਾਂ ਆਲੇ ਦੁਆਲੇ ਉਸਨੂੰ ਕੋਈ ਨਾ ਦਿਸਿਆ। ਉਹ ਫਿਰ ਮੱਕੀ ਦੇ ਖੇਤ ‘ਚ ਜਾ ਲੁੱਕੀ।
ਪਿੰਡ ਦੇ ਸਾਰੇ ਪਰਵਾਰਾਂ ਨੇ ਗੱਡੇ ਜੋੜੇ ਤੇ ਜੋ ਕੁਝ ਚੁੱਕ ਸਕਦੇ ਸੀ, ਲੈਕੇ ਚਲ ਪਏ। ਨਿੱਕੀ ਸਾਰਾ ਦਿਨ ਖੇਤ ‘ਚ ਦੜੀ ਰਹੀ। ਚਮਾਸੇ ਭਰਿਆ ਭਾਦੋਂ ਦਾ ਮਹੀਨਾ ਸੀ। ਤੇਹ ਨਾਲ ਉਸਦਾ ਬੁਰਾ ਹਾਲ ਹੁੰਦਾ ਤਾਂ ਉਹ ਦੋਦਾ ਛੱਲੀਆਂ ਤੋੜ ਲੈਂਦੀ ਤੇ ਕੱਚੇ ਦਾਣੇ ਚੱਬ ਕੇ ਬੁੱਲਾਂ ਦੀ ਤਰਾਵਟ ਕਰ ਲੈਂਦੀ। ਹੋਰ ਜੀਅ ਭਿਆਣੀ ਕਰ ਵੀ ਕੀ ਸਕਦੀ ਸੀ। ਚਾਰ ਪੰਜ ਸਾਲਾਂ ਦੇ ਨਿਆਣੇ ਨੂੰ ਕਿੰਨੀ ਕੁ ਸੋਝੀ ਹੁੰਦੀ ਆ। ਰਾਤ ਦਾ ਹਨੇਰਾ ਪਸਰਣ ਲਗਾ ਤਾਂ ਨਿੱਕੀ ਡਰਨ ਲਗੀ। ਉਸਨੇ ਖੇਤ ਚੋਂ ਬਾਹਰ ਨਿਕਲ ਕੇ ਵੇਖਿਆ, ਪਿੰਡ ਵਾਲੇ ਪਾਸੇ ਕਈ ਥਾਂਈ ਅੱਗ ਲਗੀ ਹੋਈ ਸੀ। ਨਿੱਕੀ ਨੂੰ ਮਾਂ ਦੀ ਯਾਦ ਨੇ ਸਤਾਇਆ ਤਾਂ ਉਹ ਡੰਡੀ ਪੈਕੇ ਪਿੰਡ ਵਲ ਤੁਰ ਪਈ। ਗੋਡੇ ਦੀ ਪੀੜ ਉਸਨੂੰ ਚੱਲਣ ਨਹੀਂ ਸੀ ਦੇ ਰਹੀ। ਮੂਹਰੇ ਆਉਂਦੇ ਬਰਛਿਆਂ, ਕਿਰਪਾਨਾ ਵਾਲੇ ਚਾਰ ਪੰਜ ਜਣੇ ਵੇਖਕੇ ਉਸਦੀ ਚੀਕ ਨਿਕਲ ਗਈ। ਮੂਹਰਲਾ ਬੰਦਾ ਕਿਰਪਾਨ ਮਾਰਨ ਈ ਲਗਾ ਸੀ ਕਿ ਪਿਛਲੇ ਨੇ ਰਹਿਮ ਕਹਿਕੇ ਉਸਨੂੰ ਰੋਕ ਲਿਆ। ਉਨ੍ਹਾਂ ਕੁੜੀ ਤੋਂ ਉਸਦਾ ਨਾਂਅ ਪੁੱਛਿਆ, ਸ਼ਾਇਦ ਕੁੜੀ ਦੀ ਉਮਰ ਵਧੀ ਹੋਈ ਸੀ, ਉਸਦੇ ਮੂੰਹੋ ਸੁਭਾਵਕ ਹੀ ਨਿੱਕੀ ਨਿਕਲ ਗਿਆ। ਜੇ ਰੱਜੋ ਕਹਿ ਦੇਂਦੀ ਤਾਂ ਸ਼ਾਇਦ ਨੰਗੀ ਕਿਰਪਾਨ ਨਾਲ ਸਿਰ ਲਹਿ ਜਾਂਦਾ। ਰਹਿਮ ਕਹਿਣ ਵਾਲੇ ਬੰਦੇ ਦਾ ਮਨ ਦਿਆਵਾਨ ਹੋ ਗਿਆ। ਬਰਛਾ ਨਾਲਦੇ ਨੂੰ ਫੜਾ ਕੇ ਉਸਨੇ ਨਿੱਕੀ ਨੂੰ ਚੁੱਕਿਆ ਤੇ ਮੋਢਿਆਂ ਉਤੇ ਬਹਾ ਲਿਆ। ਨਿੱਕੀ ਨੂੰ ਲਗਿਆ ਉਸਨੂੰ ਕਿੱਸੇ ਖੂਹ ਖਾਤੇ ਸੁੱਟਣਗੇ। ਉਹ ਭਾਈ ਦੇ ਮੋਢਿਆਂ ਤੋਂ ਖਿਸਕਦੀ ਤਾਂ ਉਸਦੇ ਸਿਰ ਨੂੰ ਬਾਹਾਂ ਚ ਲੈਕੇ ਥੋੜਾ ਉਪਰ ਨੂੰ ਹੋ ਜਾਂਦੀ।
ਦੂਰ ਦੂਰ ਤਕ ਬਲਦੀਆਂ ਹੋਈਆਂ ਅੱਗਾਂ ਦਿਸਦੀਆਂ ਸੀ। ਉਹ ਬੰਦੇ ਤਿੰਨ ਕੁ ਪਿੰਡ ਲੰਘੇ ਹੋਣਗੇ। ਨਿੱਕੀ ਨੂੰ ਚੁੱਕਣ ਵਾਲੇ ਭਾਈ ਨੇ ਦੂਜਿਆਂ ਤੋਂ ਛੁੱਟੀ ਲਈ ਤੇ ਪਿੰਡ ਵਾਲੀ ਗਲੀ ਪੈ ਕੇ ਇੱਕ ਹਵੇਲੀ ਅੰਦਰ ਜਾ ਵੜਿਆ। ਘਰ ‘ਚ ਵੱਡੀ ਉਮਰ ਦੀ ਔਰਤ ਉਸਦਾ ਇੰਤਜਾਰ ਕਰਦਿਆਂ ਥੱਕੀ ਪਈ ਸੀ। ਸਾਨੂੰ ਵੇਖਦੇ ਈ ਉਹ ਅੱਲ੍ਹਾ ਦੇ ਸ਼ੁਕਰਾਨੇ ਵਿਚ ਕਈ ਕੁਝ ਕਹਿ ਗਈ। ਜਿੰਵੇ ਹੀ ਹਾਮਿਦ ਨੇ ਨਿੱਕੀ ਨੂੰ ਮੋਢਿਆਂ ਤੋਂ ਲਾਹਿਆ, ਔਰਤ ਨੂੰ ਫਿਕਰ ਹੋ ਗਿਆ। ਦੀਵੇ ਦੀ ਹਲਕੀ ਰੌਸ਼ਨੀ ‘ਚ ਦੋਹਾਂ ਨੇ ਇਸ਼ਾਰਿਆਂ ਵਿਚ ਇਕ ਦੂਜੇ ਨੂੰ ਕੁਝ ਸਮਝਾਇਆ ਤੇ ਔਰਤ ਨੇ ਨਿੱਕੀ ਨੂੰ ਛਾਤੀ ਨਾਲ ਘੁੱਟ ਲਿਆ। ਪੂਰੇ ਦਿਨ ਦੀ ਭੁੱਖਣਭਾਣੀ ਨਿੱਕੀ ਦੇ ਮੂੰਹੋ ਹਲਕੀ ਜਿਹੀ ਅਵਾਜ ‘ਚ ਮਾਂ ਨਿਕਲਿਆ, ਜੋ ਅੰਮਾਂ ਬਣਕੇ ਔਰਤ ਦੇ ਕੰਨਾਂ ਵਿਚ ਰਸ ਘੋਲ ਗਿਆ। ਹਾਮਿਦ ਦੇ ਕੁਝ ਦਸਣ ਤੋਂ ਪਹਿਲਾਂ ਈ ਫਾਇਜਾ ਨੂੰ ਲਗਿਆ, ਅੱਲ੍ਹਾ ਨੇ ਉਨ੍ਹਾਂ ਦੀ ਝੋਲੀ ਉਸ ਖੈਰਾਤ ਨਾਲ ਭਰ ਦਿਤੀ ਹੈ, ਜਿਸਦੀ ਅਰਜੋਈ ਕਰਦਿਆਂ ਉਸਦੀ ਉਮਰ ਢਲ ਗਈ ਸੀ। ਬੇਸ਼ੱਕ ਨਿੱਕੀ ਦੀ ਉਮਰ ਢਾਕੇ ਲੱਗਣ ਤੋਂ ਅਗਾਂਹ ਲੰਘ ਗਈ ਸੀ, ਪਰ ਫਾਇਜਾ ਉਸਨੂੰ ਆਪਣੇ ਤੋਂ ਵੱਖ ਨਹੀਂ ਸੀ ਕਰ ਰਹੀ। ਅੱਲ੍ਹਾ ਦਾ ਸ਼ੁਕਰਾਨਾ ਕਰਕੇ ਉਹ ਉੱਠੀ ਤੇ ਸਾਰਾ ਦਿਨ ਕਾੜ੍ਹਨੀ ‘ਚ ਕੜਦੇ ਰਹੇ ਦੁੱਧ ਦਾ ਛੰਨਾ ਭਰਕੇ ਕੁੜੀ ਦੇ ਮੂੰਹ ਲਾਇਆ। ਨਿੱਕੀ ਖੁੱਦ ਫੜਕੇ ਪੀਣਾ ਚਾਹੁੰਦੀ ਸੀ, ਪਰ ਫਾਇਜਾ ਨੂੰ ਆਪਣੇ ਹੱਥੀ ਪਿਆਉਣ ਵਿਚ ਮਜਾ ਆ ਰਿਹਾ ਸੀ। ਦੁੱਧ ਕੁੜੀ ਦੀ ਲੋੜ ਤੋਂ ਵੱਧ ਸੀ, ਪਰ ਫਾਇਜਾ ਦੀ ਅਪਣੱਤ ਮੂਹਰੇ ਉਹ ਅੜ ਨਾ ਸਕੀ। ਚੁੱਲ੍ਹੇ ਦੇ ਕੰਮ ਤੋਂ ਵਿਹਲੀ ਹੋਕੇ ਫਾਇਜਾ ਨੇ ਵੇਖਿਆ, ਕੁੜੀ ਅਲਾਣੀ ਮੰਜੀ ਉਤੇ ਘੂਕ ਸੁੱਤੀ ਪਈ ਸੀ।
‘’ਹਾਏ ਮੈਂ ਮਰਜਾਂ, ਇਹ ਬੋਲ ਤੇ ਪੈਂਦੀ ਅੰਮਾਂ ਨੀਂਦ ਆਈ ਆ।‘ ਅੰਮਾਂ…., ਨਹੀਂ ਸੱਚ ਫਾਇਜਾ ਨੇ ਆਪਣੀ ਮੰਜੀ ਉਤੇ ਦਰੀ ਚਾਦਰ ਵਿਛਾਈ ਤੇ ਕੁੜੀ ਨੂੰ ਚੁੱਕਕੇ ਉਸਤੇ ਪਾਉਂਦਿਆਂ ਸਿਰਹਾਣੇ ਤੇ ਰਖੇ ਸਿਰ ਨੂੰ ਕਿੰਨੀ ਵਾਰ ਪਲੋਸਿਆ ਤੇ ਮੱਥਾ ਚੁੰਮਿਆ। ਫਾਇਜਾ ਨੂੰ ਲੱਗਿਆ, ਉਸਦੀਆਂ ਛਾਤੀਆਂ ਚੋਂ ਦੁੱਧ ਸਿਮਣ ਲਗ ਪਿਆ ਹੋਵੇ।
ਅਸੀਂ ਦੇਖਿਆ ਆਪ ਮੁਹਾਰੇ ਕਹਿ ਹੋਏ ‘ਰੱਜੋ’ ਅਤੇ ‘ਅੰਮਾਂ’ ਤੋਂ ਬਾਦ ਚਾਚੀ ਸਾਡੇ ਦੋਹਾਂ ਵਲ ਗੌਰ ਨਾਲ ਤੱਕ ਰਹੀ ਸੀ। ਸ਼ਾਇਦ ਉਹ ਤਾੜ ਰਹੀ ਸੀ ਕਿ ਅਸੀਂ ਉਸਦੀ ਚੋਰੀ ਫੜ ਤਾਂ ਨਹੀਂ ਲਈ। ਮੇਜ ਤੇ ਪਏ ਗਲਾਸ ਚੋਂ ਦੋ ਘੁੱਟ ਭਰਕੇ ਉਹ ਅੱਗੇ ਬੋਲਣ ਲਗੀ।
“ਨਵੇਂ ਘਰ ਵਿਚ ਨਵੇਂ ਮਾਪਿਆਂ ਨੇ ਨਿੱਕੀ ਨੂੰ ਧੀ ਵਾਲੇ ਪਿਆਰ-ਦੁਲਾਰ ਪੱਖੋਂ ਕਸਰ ਨਾ ਛੱਡੀ। ਪਰ ਨਿੱਕੀ ਦੇ ਮਨ ਦੀ ਸਲੇਟ ਉਤੇ ਉਕਰੀਆਂ ਭੈਣ-ਭਰਾਵਾਂ ਤੇ ਮਾਪਿਆਂ ਦੀਆਂ ਯਾਦਾਂ ਨੂੰ ਉਹ ਮਿਟਾ ਨਾ ਸਕੀ। ਸੱਤ ਅੱਠ ਸਾਲਾਂ ਦੀ ਹੋਈ ਤਾਂ ਸਕੂਲ ਦਾਖਲ ਕਰਾਇਆ ਗਿਆ। ਰੱਜੋ ਤੋਂ ਆਪੇ ਬਣੀ ਨਿੱਕੀ ਸਕੂਲ ਵਿਚ ਸੁਲਤਾਨਾ ਬਣਕੇ ਸਰਕਾਰੀ ਰਿਕਾਰਡ ਵਿਚ ਹਾਮਿਦ ਦੀ ਬੇਟੀ ਦਰਜ ਹੋ ਗਈ। ਚੋਖੀ ਜਮੀਨ ਤੇ ਮਿਹਨਤੀ ਹੋਣ ਕਰਕੇ ਹਾਮਿਦ ਦਾ ਪ੍ਰਵਾਰ ਪਿੰਡ ਦੇ ਖਾਂਦੇ ਪੀਂਦੇ ਲੋਕਾਂ ਵਿਚ ਗਿਣਿਆ ਜਾਂਦਾ ਸੀ। ਸ਼ਾਇਦ ਇਸੇ ਕਰਕੇ ਨਿੱਕੀ ਬਾਰੇ ਪਿੰਡ ਵਾਲਿਆਂ ਘੋਖਾਂ ਨਾ ਕੱਢੀਆਂ। ਅੱਲ੍ਹਾ ਵੀ ਘੋਖਾਂ ਵਾਲੀਆਂ ਪੋਟਲੀਆਂ ਹਮਾਤੜਾਂ ਦੇ ਹੱਥ ਫੜਾਕੇ ਦੁਨੀਆ ਤੇ ਤੋਰਦਾ। ਖਾਂਦੇ ਪੀਂਦਿਆਂ ਦੇ ਫੋਲਣੇ ਕੋਈ ਨਈਂ ਫਰੋਲਦਾ। ਖੈਰ, ਸੁਲਤਾਨਾ ਵੱਡੀ ਹੁੰਦੀ ਗਈ ਤੇ ਮਾਪਿਆਂ ਉਤੇ ਆਪਣੇ ਹੱਕ ਜਤਾਉਣ ਲੱਗ ਪਈ। ਜਵਾਨੀ ਚ ਪੈਰ ਪਾਇਆ ਤਾਂ ਮਾਪਿਆਂ ਨੂੰ ਕੱਲੇ ਰਹਿਣ ਦੀ ਚਿੰਤਾ ਖਾਣ ਲਗੀ। ਸੁਲਤਾਨਾ ਤੇ ਅੰਮੀ ਵਿਚ ਕੋਈ ਪਰਦਾ ਨਹੀਂ ਸੀ ਰਹਿ ਗਿਆ ਹੋਇਆ। ਉਹ ਹਰ ਗਲ ਖੁੱਲ ਕੇ ਕਰ ਲੈਂਦੀਆਂ। ਇਕ ਦਿਨ ਅੰਮੀ ਦੀ ਚਿੰਤਾ ਉਸਦੇ ਮੂੰਹੋਂ ਨਿਕਲ ਗਈ। ਸੁਲਤਾਨਾ ਨੇ ਅੰਮੀ-ਅੱਬਾ ਨੂੰ ਘਰ ਜਵਾਈ ਵਾਲੀ ਗਲ ਕਹਿਕੇ ਉਨ੍ਹਾਂ ਦੀ ਸੋਚ ਬਦਲ ਦਿਤੀ। ਥੋੜੇ ਦਿਨਾਂ ਬਾਦ ਅੰਮੀ ਆਪਣੀ ਛੋਟੀ ਭੈਣ ਕੋਲ ਗਈ ਤਾਂ ਉਸਦੇ ਛੋਟੇ ਮੁੰਡੇ ਇਬਰਾਹਿਮ ਨੂੰ ਜਵਾਈ ਦੇ ਰੂਪ ਵਿਚ ਆਪਣਾ ਮੁੰਡਾ ਬਣਾਉਣ ਦੀ ਪੱਕ-ਠੱਕ ਕਰ ਆਈ। ਭੈਣ ਦੀ ਹਾਂ ਤੋਂ ਬਾਦ ਅੰਮਾਂ ਨੇ ਇਬੂ ਦਾ ਮਨ ਵੀ ਟੋਹ ਲਿਆ ਸੀ। ਵਾਪਸ ਘਰ ਆਈ ਤਾਂ ਉਸਨੇ ਖੁਸ਼ਖਬਰੀ ਦੇ ਰੂਪ ਵਿਚ ਸਾਨੂੰ ਇਹ ਗਲ ਦੱਸੀ। ਅੱਬਾ ਤੇ ਧੀ ਨੂੰ ਕੀ ਇਤਰਾਜ ਹੋਣਾ ਸੀ। ਅੱਬਾ ਤਾਂ ਪਹਿਲਾਂ ਈ ਸੋਚੀ ਬੈਠੇ ਸੀ, ਪਰ ਪਹਿਲ ਅੰਮਾ ਨੇ ਕਰਲੀ। ਰਿਸ਼ਤਾ ਤੈਅ ਹੋ ਗਿਆ।
ਅਸੀਂ ਵੇਖਿਆ, ਅੰਮੀਂ-ਅੱਬਾ ਕਹਿਣ ਤੋਂ ਚਾਚੀ ਦੀ ਝਿੱਜਕ ਲਹਿੰਦੀ ਜਾ ਰਹੀ ਸੀ। ਗਲ ਦੀ ਰਵਾਨਗੀ ਦੇ ਨਾਲ ਨਾਲ ਉਸਦੇ ਚਿਹਰੇ ਦੀਆਂ ਲਕੀਰਾਂ ਥੋੜਾ ਫਿੱਕੀਆਂ ਹੋ ਰਹੀਆਂ ਸੀ। ਸਰੀਰ ਨੂੰ ਥੋੜਾ ਜਿਹਾ ਸੱਜੇ ਪਾਸੇ ਉਲਾਰ ਕੇ ਉਹ ਅੱਗੇ ਸ਼ੁਰੂ ਹੋਈ।
“ਨਿਕਾਹ ਦੀ ਰਸਮ ਬਹੁਤ ਚੰਗੇ ਢੰਗ ਤੇ ਖੁਸ਼ੀ ਖੁਸ਼ੀ ਪੂਰੀ ਹੋਈ। ਇਬੂ ਨੂੰ ਸਹੁਰੇ ਘਰ ਵਿਚ ਸੈਟਲ ਹੋਣਾ ਔਖਾ ਨਾ ਲੱਗਿਆ। ਉਸ ਤੋਂ ਪਹਿਲਾਂ ਵੀ ਉਹ ਮਾਸੀ ਕੋਲ ਕਈ ਕਈ ਦਿਨ ਰਹਿ ਜਾਇਆ ਕਰਦਾ ਸੀ। ਅੱਬਾ-ਅੰਮੀ ਉਸਨੂੰ ਆਪਣੇ ਪੁੱਤ ਵਾਂਗ ਸਮਝਦੇ ਤੇ ਉਸਨੇ ਵੀ ਕਦੇ ਮਾਪਿਆਂ ਤੋਂ ਵੱਖਰਾ ਫਰਕ ਨਹੀਂ ਸੀ ਰੱਖਿਆ। ਵਿਆਹੁਤਾ ਜੀਵਨ ਬੜਾ ਚੰਗਾ ਤੇ ਖੁਸ਼ੀ ਖੁਸ਼ੀ ਚਲਦਾ ਰਿਹਾ। ਪਹਿਲੇ ਬੱਚੇ ਦੇ ਜਨਮ ਮੌਕੇ ਸੁਲਤਾਨਾ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਡਾਕਟਰਾਂ ਵਲੋਂ ਚੀਰ-ਫਾੜ ਕਰਦਿਆਂ ਸੁਲਤਾਨਾ ਦੇ ਸਰੀਰ ਚ ਐਸਾ ਨੁਕਸ ਪੈ ਗਿਆ ਕਿ ਉਸਨੇ ਉਸਦੇ ਹੋਰ ਬੱਚੇ ਦੇ ਮੌਕੇ ਖਤਮ ਕਰ ਦਿਤੇ। ਇਬੂ ਤੇ ਅੰਮੀ-ਅੱਬਾ ਨੇ ਇਸ ਗਲ ਨੂੰ ਹੀ ਅੱਲ੍ਹਾ ਦੀ ਰਹਿਮਤ ਸਮਝਿਆ ਕਿ ਸੁਲਤਾਨਾ ਅਤੇ ਉਸਦੇ ਮੁੰਡੇ ਦੀ ਜਾਨ ਬਚ ਗਈ। ਜਿੰਵੇ ਜਿੰਵੇ ਇਫਤਾਰ ਵੱਡਾ ਹੁੰਦਾ ਗਿਆ, ਸਾਡੇ ਚਾਅ ਤੇ ਉਮੀਦਾਂ ਉੱਚੀਂਆਂ ਹੁੰਦੀਆਂ ਗਈਆਂ। ਦਸਵੀਂ ਤੋਂ ਪਹਿਲਾਂ ਹੀ ਉਹ ਡਾਕਟਰੀ ਦੇ ਸੁਪਨੇ ਲੈਣ ਲਗ ਪਿਆ ਸੀ। ਪਰਵਾਰ ਨੇ ਉਸਦੀ ਹਰ ਲੋੜ ਪੂਰੀ ਕੀਤੀ ਤੇ ਉਸਨੂੰ ਮੈਡੀਕਲ ਕਾਲਜ ਚ ਦਾਖਲਾ ਮਿਲ ਗਿਆ। ਚਾਰ ਸਾਲ ਬਾਦ ਉਸਦਾ ਨਤੀਜਾ ਆਇਆ ਤਾਂ ਸਾਰੇ ਜਮਾਤੀਆਂ ਚ ਪਹਿਲੇ ਨੰਬਰ ਤੇ ਸੀ। ਮਾਪਿਆਂ ਲਈ ਇਸਤੋਂ ਵੱਡੀ ਖੁਸ਼ੀ ਭਲਾ ਕੀ ਹੋ ਸਕਦੀ ਹੁੰਦੀ ਆ।
ਅੰਮੀ ਤੇ ਅੱਬਾ ਉਮਰ ਦੇ ਚੌਥੇ ਪੜਾਅ ਤਕ ਪਹੁੰਚ ਕੇ ਢਿੱਲੇ ਰਹਿਣ ਲਗ ਪਏ ਸਨ। ਇਫਤਾਰ ਉਨ੍ਹਾਂ ਦਾ ਖਿਆਲ ਸਾਡੇ ਤੋਂ ਵੀ ਵੱਧ ਕਰਦਾ। ਪਰ ਉਨ੍ਹਾਂ ਦੀ ਸਿਹਤ ਦਿਨ-ਬਦਿਨ ਢਿੱਲੀ ਹੁੰਦੀ ਗਈ ਤੇ ਡਾਕਟਰ ਪੋਤੇ ਨੂੰ ਡਾਕਟਰ ਕੁੜੀ ਨਾਲ ਵਿਆਹੁਣ ਦੇ ਸੁਪਨੇ ਮਨ ਵਿਚ ਈ ਲੈਕੇ ਥੋੜੇ ਵਕਫੇ ਨਾਲ ਦੁਨੀਆ ਛੱਡ ਗਏ। ਦੋਹਾਂ ਦੀ ਘਾਟ ਨੂੰ ਬਰਦਾਸ਼ਤ ਕਰਨਾ ਸਾਡੇ ਲਈ ਕਾਫੀ ਔਖਾ ਹੋ ਰਿਹਾ ਸੀ, ਪਰ ਸਮਾਂ ਜ਼ਖ਼ਮ ਭਰਦਾ ਗਿਆ। ਇਫਤਾਰ ਸਰਕਾਰੀ ਹਸਪਤਾਲ ਚ ਡਾਕਟਰ ਲੱਗ ਗਿਆ ਅਤੇ ਸਾਡੇ ਉਤੇ ਸ਼ਹਿਰ ਰਹਿਣ ਲਈ ਜੋਰ ਪਾਉਣ ਲੱਗਾ। ਇੱਬੂ ਨੂੰ ਸ਼ਹਿਰ ਰਹਿਣਾ ਪਸੰਦ ਨਹੀਂ ਸੀ। ਅਸੀਂ ਉਸਦਾ ਵੀ ਹੱਲ ਕੱਢ ਲਿਆ। ਹਰ ਹਫਤੇ ਅਸੀਂ ਦੋਵੇਂ ਤਿੰਨ-ਚਾਰ ਦਿਨ ਸ਼ਹਿਰ ਰਹਿ ਆਉਂਦੇ ਤੇ ਬਾਕੀ ਦਿਨ ਪਿੰਡ ਰਹਿ ਲੈਂਦੇ। ਅੰਮੀ-ਅੱਬਾ ਤੋਂ ਬਾਦ ਇੱਬੂ ਦੇ ਵੱਡੇ ਭਰਾ ਨਾਲ ਸਾਡੀ ਨੇੜਤਾ ਵਧ ਗਈ ਤੇ ਸਾਡੀ ਖੇਤੀ ਦਾ ਕੰਮ ਉਹੀ ਵੇਖਣ ਲਗ ਪਿਆ। ਉਸਦੇ ਤਿੰਨ ਬੇਟਿਆਂ ਚੋਂ ਛੋਟੇ ਇਸ ਯਾਸਿਰ ਨੇ ਡਿਗਰੀ ਕਰਕੇ ਕੁਝ ਸਾਲ ਪ੍ਰਾਈਵੇਟ ਨੌਕਰੀਆਂ ਕੀਤੀਆਂ ਤੇ ਫਿਰ ਕੈਨੇਡਾ ਦੀ ਫਾਈਲ ਲਾ ਲਈ। ਸਾਲ ਕੁ ਬਾਦ ਇਸਦਾ ਨੰਬਰ ਆ ਗਿਆ ਤੇ ਏਧਰ ਮੂਵ ਹੋ ਗਿਆ। ਮੇਰੇ ਨਾਲ ਯਾਸਿਰ ਦਾ ਨਿੱਕੇ ਹੁੰਦੇ ਤੋਂ ਈ ਬੜਾ ਮੋਹ ਸੀ। ਚਾਚੀ-ਚਾਚੀ ਕਹਿੰਦਿਆਂ ਇਸਦਾ ਮੂੰਹ ਨਹੀਂ ਸੀ ਥੱਕਦਾ।‘
ਇਥੇ ਆਕੇ ਉਹ ਥੋੜਾ ਰੁਕੀ, ਆਲਾ ਦੁਆਲਾ ਵੇਖਿਆ। ਪਾਣੀ ਵਾਲਾ ਗਲਾਸ ਚੁੱਕਿਆ ਤੇ ਸਾਰਾ ਹੀ ਖਾਲੀ ਕਰਤਾ। ਤਹਿ ਲੱਗੇ ਰੁਮਾਲ ਨਾਲ ਚਿਹਰੇ ਨੂੰ ਹਵਾ ਦਿੰਦਿਆਂ ਵੇਖ ਜੋਤੀ ਨੇ ਪੁੱਛ ਲਿਆ।
“ਚਾਚੀ ਗਰਮੀ ਲਗਦੀ ਐ ਤਾਂ ਹੀਟ ਕੁਝ ਘੱਟ ਕਰ ਦਿਆਂ ?” ਪਰ ਉਸਨੇ ਬੋਲਣ ਦੀ ਥਾਂ ਹੱਥ ਦੇ ਇਸ਼ਾਰੇ ਨਾਲ ਨਾਂਹ ਕੀਤੀ। ਮਿੰਟ ਕੁ ਚੁੱਪ ਰਹਿਣ ਤੋਂ ਅਸੀਂ ਸਮਝਿਆ ਕੁਝ ਸੋਚ ਰਹੀ ਹੈ, ਪਰ ਉਸਦੇ ਚਿਹਰੇ ਦੀ ਗੰਭੀਰਤਾ ਇਸ਼ਾਰੇ ਕਰ ਰਹੀ ਸੀ ਕਿ ਉਹ ਜਿੰਦਗੀ ਦੇ ਕਾਲੇ ਵਰਕੇ ਫਰੋਲਣ ਲਈ ਆਪਣੇ-ਆਪ ਨੂੰ ਤਿਆਰ ਕਰ ਰਹੀ ਹੈ। ਥੋੜੇ ਹੌਸਲੇ ਵਿਚ ਆਕੇ ਉਹ ਆਪੇ ਹੀ ਸੁਰੂ ਹੋਗੀ।
“ਇਕ ਦਿਨ ਇੱਬੂ ਤੇ ਇਫਤਾਰ, ਬਾਪ-ਬੇਟਾ ਮੋਟਰ ਸਾਈਕਲ ਤੇ ਸ਼ਹਿਰੋਂ ਪਿੰਡ ਆ ਰਹੇ ਸੀ। ਰਾਹ ਚ ਕੋਈ ਮੰਗਤਾ ਜਿਹਾ ਬਣਕੇ ਮੋਟਰ ਸਾਈਕਲ ਖੋਹਣ ਲਈ ਘਾਤ ਲਾਈ ਬੈਠਾ ਸੀ। ਉਸਦੇ ਜੁੜੇ ਹੱਥ ਵੇਖਕੇ ਜਿੰਵੇ ਈ ਇਹ ਰੁਕੇ ਤਾਂ ਉਸਦੇ ਨਾਲ ਵਾਲਾ ਬੰਦੂਕਧਾਰੀ ਝਾੜੀਆਂ ਚੋਂ ਨਿਕਲ ਆਇਆ ਤੇ ਉਹ ਮੋਟਰ ਸਾਈਕਲ ਖੋਹਣ ਲੱਗੇ। ਇਫਤਾਰ ਉਨ੍ਹਾਂ ਨਾਲ ਹੱਥੋਪਾਈ ਹੋ ਗਿਆ ਤੇ ਉਹ ਦੋਹਾਂ ਨੂੰ ਗੋਲੀਆਂ ਮਾਰਕੇ ਮੋਟਰ ਸਾਈਕਲ ਲੈ ਗਏ। ਕਿਸੇ ਕਾਰ ਵਾਲੇ ਨੇ ਹਸਪਤਾਲ ਤਾਂ ਪਹੁੰਚਾ ਦਿਤਾ, ਪਰ ਮੇਰੀ ਦੁਨੀਆ ਉਜੜਨੋ ਨਾ ਬਚ ਸਕੀ। ਮੈਂ ਫਿਰ ਆਪਣੇ ਆਪ ਨੂੰ ਉਂਜ ਦੀ ਨਿਆਸਰੀ ਮਹਿਸੂਸ ਕਰਨ ਲੱਗ ਪਈ, ਜਿਹੋ ਜਿਹਾ 65 ਸਾਲ ਪਹਿਲਾਂ ਮੱਕੀ ਦੇ ਖੇਤ ਵਿਚ ਲੁਕੀ ਹੋਈ ਨੂੰ ਲੱਗ ਰਿਹਾ ਸੀ। ਭਲਾ ਹੋਵੇ ਯਾਸਿਰ ਪੁੱਤ ਦਾ। ਖਬਰ ਮਿਲਣ ਤੋਂ ਚੌਥੇ ਕੁ ਦਿਨ ਤਿੰਨੇ ਈ ਦੇਸ਼ ਪਹੁੰਚ ਗਏ ਸੀ। ਮੁਬੱਸ਼ਰ ਉਦੋਂ 14-15 ਸਾਲ ਦਾ ਹੋਊ। ਇੰਨਾਂ ਨੇ ਮੈਨੂੰ ਬੜਾ ਹੌਸਲਾ ਦਿਤਾ ਤੇ ਮੈਂ ਆਪਣੇ ਆਪ ਨੂੰ ਸੰਭਾਲਣ ਲਗ ਪਈ ।
ਥੋੜੇ ਦਿਨਾਂ ਬਾਦ ਦੋਵੇਂ ਕਾਤਲ ਫੜੇ ਗਏ। ਜਿਲੇ ਦਾ ਵੱਡਾ ਪੁਲੀਸ ਅਫਸਰ ਯਾਸਿਰ ਦਾ ਬੇਲੀ ਸੀ। ਉਹ ਦੋਹਾਂ ਲੁਟੇਰਿਆਂ ਦਾ ਮੁਕਾਬਲਾ ਬਣਾਉਣ ਲਗਾ ਸੀ। ਇਹ ਤਾਂ ਮੈਨੂੰ ਧਰਵਾਸ ਦੇਣ ਲਈ ਉਥੇ ਲੈਕੇ ਗਏ ਤਾਂ ਕਿ ਮਰਦਿਆਂ ਨੂੰ ਵੇਖਕੇ ਮੇਰੀ ਤਸੱਲੀ ਹੋਜੂ, ਪਰ ਮੇਰੀਆਂ ਅੱਖਾਂ ਮੂਹਰੇ ਉਨ੍ਹਾਂ ਦੀਆਂ ਬੀਵੀਆਂ ਤੇ ਬਾਲ ਬੱਚੇ ਆਣ ਖਲੋਏ। ਮੈਂ ਪੁਲੀਸ ਵਾਲੇ ਅੱਗੇ ਉਨ੍ਹਾਂ ਤੇ ਰਹਿਮ ਦਾ ਤਰਲਾ ਮਾਰਿਆ। ਬਿਲਕੁਲ ਉਂਵੇ ਜਿੰਵੇ ਅੱਬੂ ਨੇ ਮੈਨੂੰ ਮੋਢੇ ਲਾਉਣ ਤੋਂ ਪਹਿਲਾਂ ਰਹਿਮ ਕਿਹਾ ਸੀ। ਮੈਂ ਸੋਚਿਆ ਡਾਕੂਆਂ ਦੇ ਪਾਪ ਦਾ ਬਦਲਾ ਉਨ੍ਹਾਂ ਦੇ ਪਰਵਾਰਾਂ ਤੋਂ ਕਿਉਂ। ਅਫਸਰ ਭਲਾ ਲੋਕ ਸੀ, ਮੰਨ ਗਿਆ। ਦੋ ਜਾਨਾਂ ਬਚਾ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ।
ਥੋੜੇ ਦਿਨਾਂ ਬਾਦ ਯਾਸਿਰ ਇਧਰ ਵਾਪਸ ਆ ਗਿਆ। ਇਹ ਹਰ ਦੂਜੇ ਚੌਥੇ ਦਿਨ ਫੋਨ ਕਰਕੇ ਮੈਨੂੰ ਹੌਸਲਾ ਦੇਣਾ ਨਾ ਭੁਲਦਾ। ਦੂਜੀ ਵਾਰ ਗਿਆ ਤਾਂ ਇਸਨੇ ਮੇਰਾ ਪਾਸਪੋਰਟ ਬਣਵਾ ਕੇ ਵੀਜਾ ਲਗਵਾ ਲਿਆ ਤੇ ਮੈਨੂੰ ਆਪਣੇ ਨਾਲ ਲੈ ਆਇਆ। ਮੈਨੂੰ ਇਹ ਦੇਸ਼ ਚੰਗਾ ਲਗਦਾ। ਇਥੇ ਵਸਦੇ, ਚੜਦੇ ਪੰਜਾਬੀਆਂ ਵਿਚੋਂ ਮੈਂ ਆਪਣੇ ਖੂਨ ਵਾਲਿਆਂ ਨੂੰ ਲੱਭਦੀ ਰਹਿੰਦੀ। ਉਹ ਆਪਣੇ ਤਾਂ ਲਗਦੇ, ਪਰ ਤਾਰਾਂ ਜੋੜਦਿਆਂ ਉਨ੍ਹਾਂ ਵਿਚ ਕਰੰਟ ਦੇ ਪ੍ਰਵਾਹ ਵਾਲੀ ਚੁੰਬਕੀ ਖਿੱਚ ਨਾ ਬਣਦੀ। ਛੇ ਮਹੀਨੇ ਵੀਜਾ ਸ਼ਰਤ ਖਤਮ ਹੋਣ ਤੋਂ ਪਹਿਲਾਂ ਮੈਂ ਦੇਸ਼ ਮੁੜ ਗਈ। ਇਸ ਵਾਰ ਇਹ ਗਏ ਤਾਂ ਪਤਾ ਨਹੀਂ ਕਿਉਂ, ਮੁਬੱਸ਼ਰ ਦੀਆਂ ਗਲਾਂ ਚੋਂ ਮੈਨੂੰ ਉਸ ਚੁੰਬਕੀ ਖਿੱਚ ਦੀ ਝਲਕ ਪੈਣ ਲਗ ਪਈ, ਜਿਸ ਦੀ ਤਾਂਘ ਮੈਂ ਦੇਸ਼ ਵਾਪਸ ਜਾਕੇ ਵੀ ਨਹੀਂ ਸੀ ਛੱਡੀ। ਮੈਂ ਯਾਸਿਰ ਹੋਰਾਂ ਨੂੰ ਪੁੱਛਣ ਤੋਂ ਪਹਿਲਾਂ ਤਿਆਰੀਆਂ ਖਿੱਚਣ ਲਗ ਪਈ। ਇਕ ਦਿਨ ਬਜਾਰ ਗਈ ਤਾਂ ਇਸ ਬੇਟੀ ਲਈ ਕੋਈ ਸੂਟ ਪਸੰਦ ਨਾ ਆਵੇ। ਕਪੜਿਆਂ ਦੀਆਂ ਕਿੰਨੀਆਂ ਸਾਰੀਆਂ ਦੁਕਾਨਾਂ ਫਿਰੀਆਂ। ਇਕ ਦੁਕਾਨ ਮੂਹਰਿਓਂ ਲੰਘ ਰਹੀ ਸੀ ਤਾਂ ਲਗਿਆ ਜਿੰਵੇ ਬਾਹਰ ਟੰਗੇ ਹੋਏ ਐਸ ਸੂਟ ਨੇ ਅਵਾਜ ਮਾਰੀ ਹੋਵੇ। ਉਸ ਦਿਨ ਤੁਹਾਨੂੰ ਮਿਲ ਕੇ ਮਨ ਨੇ ਗਵਾਹੀ ਭਰੀ ਸੀ ਕਿ ਉਹ ਸੂਟ ਵਾਲੀ ਅਵਾਜ ਆਪਣੇ ਦੀ ਹੀ ਸੀ। ਆਹ ਪੰਜ ਛੇ ਦਿਨ ਕਢਣੇ ਮੇਰੇ ਲਈ ਸਾਲਾਂ ਵਰਗੇ ਹੋਗੇ ਸੀ। ਮੈਂ……………।
ਅਸੀਂ ਵੇਖਿਆ ਚਾਚੀ ਦਾ ਗਲਾ ਅਵਾਜ ਤੋਂ ਜਵਾਬ ਦੇ ਗਿਆ ਸੀ ਤੇ ਜੋਤੀ ਦੀਆਂ ਬਾਹਾਂ ਉਸਦੇ ਦੁਆਲੇ ਕੱਸੀਆਂ ਗਈਆਂ ਸੀ। ਮੇਰੇ ਕੰਨਾਂ ਨੂੰ ਸੁਣਦੇ ਲੰਮੇ ਲੰਮੇ ਸਾਹ ਉਸ ਅਪਣੱਤ ਦਾ ਸਬੂਤ ਬਣ ਰਹੇ ਸਨ, ਜਿਸਦੀ ਇਕ ਝਲਕ ਲਈ ਰੱਜੋ ਨੂੰ ਪੌਣੀ ਸਦੀ ਉਡੀਕ ਕਰਨੀ ਪਈ। ਪਰ ਹਾਕਮਾਂ ਵਲੋਂ ਭਰਾਵਾਂ ਵਿਚ ਉਸਾਰੀ ਗਈ ਵਾਹਗੇ ਵਾਲੀ ਕੰਧ ਤੋਂ ਬਾਹਰੇ ਹੋਕੇ ਉਸੇ ਅਪਣੱਤ ਨੇ ਸੱਤ ਸਮੁੰਦਰ ਪਾਰ ਆਕੇ ਆਪਣੀਆਂ ਤਾਰਾਂ ਵਿਚ ਕਰੰਟ ਦੇ ਪ੍ਰਵਾਹ ਨਾਲ ਚੁੰਬਕੀ ਖਿੱਚ ਬਣਾ ਲਈ ਸੀ।
ਆਖਰ ਜੋਤੀ ਨੇ ਚੁੱਪ ਤੋੜੀ। ਚਾਚੀ, ਨਹੀਂ ਸੱਚ ਮੇਰੀ ਪਿਆਰੀ ਮਾਸੀ-ਦਾਦੀ ਜੀ, ਬੇਸ਼ੱਕ ਤੁਸੀਂ ਗਲ ਦਸਦਿਆਂ ਆਪਣੀ ਪਹਿਚਾਣ ਲੁਕੋਣ ਦੇ ਯਤਨ ਕੀਤੇ, ਪਰ ਮੈਂ ਤਾਂ ਉਦੋਂ ਈ ਸਮਝ ਗਈ ਸੀ ਜਦ ਤੁਹਾਡੇ ਮੂੰਹੋ ਰੱਜੋ ਨਿਕਲ ਗਿਆ ਸੀ। ਦਾਦੀ ਜੀ ਯਨੀ ਤੁਹਾਡੇ ਵੱਡੇ ਭੈਣ ਦੀ ਇਹੀ ਨਾਂਅ ਲੈਕੇ ਹਉਕੇ ਭਰਦਿਆਂ ਮੈਂ ਆਪਣੀਂ ਅੱਖੀਂ ਵੇਖਦੀ ਰਹੀ ਆਂ।
ਸੰਪਰਕ +16044427676

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)