ਗੁਰੂਗਰਾਮ ਦੀ ਪੌਸ਼(ਚਕਾਚੌਂਧ) ਕਾਲੋਨੀ ਵਿੱਚ ਪੰਜ ਸਾਲ ਰਹਿਣ ਤੋਂ ਬਾਅਦ ਉਹ ਦਿੱਲੀ ਸ਼ਿਫਟ ਹੋ ਗਏ ਸਨ ।ਰਿੱਧਿਮਾ ਨਾਮ ਦੱਸਿਆ ਸੀ ਉਸ ਕੁੜੀ ਨੇ ਆਪਣਾ,,,ਅਕਸਰ ਉਸਦੀ ਤਿੰਨ ਸਾਲ ਦੀ ਨਿੱਕੀ ਕੁੜੀ ਗਲੀ ਵਿੱਚ ਖੇਡਦੀ ਨਜ਼ਰ ਆਉਂਦੀ ਤੇ ਉਸਦੀ ਨਿਗਰਾਨੀ ਕਰਦੀ ਉਹ ਵੀ ਦਿੱਖ ਜਾਂਦੀ।
ਵੇਖਕੇ ਇੱਕ ਪਿਆਰੀ ਜਿਹੀ ਮੁਸਕਰਾਹਟ ਜ਼ਰੂਰ ਦਿੰਦੀ।ਇਸਤਰ੍ਹਾਂ ਹੀ ਲੰਘਦੇ-ਵੜਦਿਆਂ ਜਾਣ-ਪਹਿਚਾਣ ਹੋ ਗਈ ਤੇ ਕਾਫ਼ੀ ਵਧੀਆ ਦੋਸਤ ਬਣ ਗਏ ਅਸੀਂ।ਪਰ ਹਲੇ ਵੀ ਕਈ ਵਾਰ ਲੱਗਦਾ ਸੀ ਕਿ ਬਹੁਤ ਸਾਰੇ ਰਾਜ਼ ਨੇ ਜੋ ਰਿੱਧੀ ਆਪਣੇ ਅੰਦਰ ਦਫ਼ਨ ਕਰੀ ਬੈਠੀ ਐ।ਅਕਸਰ ਬੈਠੇ-ਬੈਠੇ ਡਰ ਜਾਂਦੀ।ਕਈ ਵਾਰ ਥੋੜ੍ਹਾ ਜਿਹਾ ਸ਼ੌਰ ਹੋਣ ਤੇ ਸੁੱਕੇ ਪੱਤੇ ਵਾਂਗ ਕੰਬਣ ਲੱਗਦੀ।ਮੈਂਨੂੰ ਉਸਦੀ ਹਾਲਤ ਸਮਝ ਨਹੀਂ ਆਉਂਦੀ ਸੀ।ਉਂਞ ਵੇਖਣ ਨੂੰ ਤਾਂ ਨੋਰਮਲ ਲੱਗਦੀ ਸੀ ਜਮਾਂ।
ਇੱਕ ਦਿਨ ਸਹਿਜ-ਸੁਭਾਏ ਪੁੱਛ ਹੀ ਬੈਠੀ,” ਰਿੱਧੀ !ਤੁਸੀਂ ਹਰ ਛੋਟੀ ਜਿਹੀ ਗੱਲ ਤੇ ਵੀ ਐਨਾਂ ਕਿਉਂ ਘਬਰਾ ਜਾਂਦੇ ਓ?ਕੁੱਝ ਤਾਂ ਐ ਤੁਹਾਡੇ ਮਨ ਚ ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਐ!”
ਐਨਾਂ ਕਹਿਣ ਦੀ ਦੇਰ ਸੀ ਰਿੱਧੀ ਦੀਆਂ ਅੱਖਾਂ ਚੌਂ ਗੰਗਾ ਜਮੁਨਾ ਵਹਿਣ ਲੱਗੀ।
ਮੈਂ ਕੋਲ ਪਏ ਟਿਸ਼ੂਆਂ ਚੌਂ ਇੱਕ ਚੁੱਕਕੇ ਉਸਦੇ ਵੱਲ ਵਧਾਇਆ ਤੇ ਉਸਨੂੰ ਪਾਣੀ ਪੀਣ ਨੂੰ ਦਿੱਤਾ।
ਬੜੀ ਦੇਰ ਬਾਅਦ ਉਹ ਨੋਰਮਲ ਹੋਈ।
“ਰਿੱਧੀ! ਜੇ ਕੋਈ ਗੱਲ ਤੁਹਾਨੂੰ ਪਰੇਸ਼ਾਨ ਕਰ ਰਹੀ ਐ ,ਤੁਸੀਂ ਮੈਨੂੰ ਦੱਸ ਸਕਦੇ ਓ।ਵਿਸ਼ਵਾਸ ਰੱਖੋ !ਗੱਲ ਆਪਣੇ ਵਿਚਕਾਰ ਹੀ ਰਹੇਗੀ।”
ਬੱਸ ਮੇਰੇ ਐਨਾਂ ਕਹਿਣ ਦੀ ਦੇਰ ਸੀ ਉਹ ਮੇਰੇ ਗਲੇ ਲੱਗਕੇ ਫੁੱਟ-ਫੁੱਟਕੇ ਰੌਣ ਲੱਗੀ।
“ਰੀਤਿਕਾ! ਮੈਂ ਤਾਂ ਖੁਦ ਅੰਦਰ ਹੀ ਅੰਦਰ ਘੁੱਟ ਰਹੀ ਆਂ,ਅੱਜ ਜੇ ਮੈਂ ਤੁਹਾਨੂੰ ਨਹੀਂ ਦੱਸਿਆ ਤਾਂ ਮੈਂ ਪਾਗਲ ਹੋ ਜਾਵਾਂਗੀ।”
ਮੈਂ ਉਸਨੂੰ ਕੌਫ਼ੀ ਦੀਆਂ ਇੱਕ ਦੋ ਘੁੱਟਾਂ ਪੀਣ ਲਈ ਕਿਹਾ।ਕੌਫ਼ੀ ਪੀਕੇ ਉਹ ਕੁੱਝ ਕੁ ਇਸ ਸਥਿਤੀ ਚ ਹੋਈ ਕਿ ਕੁੱਝ ਬੋਲ ਸਕੇ ਤਾਂ ਉਸਨੇ ਦੱਸਣਾ ਸ਼ੁਰੂ ਕੀਤਾ,
“ਰੀਤਿਕਾ , ਮੇਰੇ ਹਸਬੈਂਡ(ਪਤੀ) ਨਾਲ ਮੇਰੀ ਲਵਮੈਰਿਜ਼(ਪਰੇਮ ਵਿਆਹ) ਹੋਈ ਐ।ਵਿਆਹ ਤੋਂ ਬਾਅਦ ਕੁੱਝ ਵਕਤ ਤੱਕ ਮੈਂ ਬਹੁਤ ਖੁਸ਼ ਸੀ।ਮੇਰੇ ਪਤੀ ਆਪਣੇ ਮਾਂ-ਬਾਪ ਦੇ ਇਕਲੌਤੇ ਬੇਟੇ ਨੇ।ਉਹਨਾਂ ਦੇ ਮਾਤਾ-ਪਿਤਾ ਹਰਿਆਣਾ ਦੇ ਇੱਕ ਪਿੰਡ ਚ ਰਹਿੰਦੇ ਸਨ ਤੇ ਅਸੀਂ ਗੁਰੂਗਰਾਮ।
ਵਧੀਆ ਨੌਕਰੀ ਸੀ ਤੇ ਵਧੀਆ ਜ਼ਿੰਦਗੀ ਬੀਤ ਰਹੀ ਸੀ,ਜਦੋਂ ਤੱਕ ਕਿ ਮੇਰੇ ਫ਼ਾਦਰ ਇਨ ਲਾਅ (ਸਹੁਰੇ) ਨੇ ਆਕੇ ਸਾਡੇ ਕੋਲ ਰਹਿਣਾ ਸ਼ੁਰੂ ਨਹੀਂ ਕੀਤਾ।ਪਰ ਮੇਰੀ ਸਾਸੂ ਮਾਂ ਦਾ ਇੱਥੇ ਮਨ ਨਹੀਂ ਲੱਗਦਾ ਸੀ, ਇਸਲਈ ਉਹ ਕਹਿੰਦੀ ਸੀ ਕਿ ਮੈਂ ਤਾਂ ਪਿੰਡ ਹੀ ਰਹੂ ਤੇ ਕਦੇ ਵੀ ਇੱਥੇ ਆਕੇ ਰਹਿਣ ਨੂੰ ਤਿਆਰ ਨਹੀਂ ਹੁੰਦੀ ਸੀ।ਜਦੋਂ ਕਿ ਪਾਪਾ ਅਕਸਰ ਹੀ ਆਏ ਰਹਿੰਦੇ ਸੀ।”
ਮੈਂ ਬੜੀ ਗੌਰ ਨਾਲ ਉਸਦੀ ਗੱਲ ਨੂੰ ਸੁਣ ਰਹੀ ਸੀ।
ਉਹ ਹੌਲੀ-ਹੌਲੀ ਪਰਤ ਦਰ ਪਰਤ ਖੁੱਲ੍ਹ ਰਹੀ ਸੀ।
” ਪਤਾ ਕੁੱਝ ਕੁ ਵਕਤ ਹੀ ਬੀਤਿਆ ਸੀ,, ਅਜ਼ੀਬ ਜਿਹੀਆਂ ਹਰਕਤਾਂ ਹੋਣੀਆਂ ਸ਼ੁਰੂ ਹੋ ਗਈਆ ।ਮੈਨੂੰ ਅਕਸਰ ਇੰਞ ਲੱਗਦਾ, ਮੇਰਾ ਸਹੁਰਾ ਮੇਰੇ ਤੇ ਪਲ-ਪਲ ਨਜ਼ਰ ਰੱਖਦਾ ਐ,,ਮੈਂ ਕਿੱਥੇ ਆਂ!ਕੀ ਕਰ ਰਹੀ ਆਂ! ਵਗੈਰਾ-ਵਗੈਰਾ।
ਉਂਞ ਵੀ ਮੇਰੇ ਹਸਬੈਂਡ ਨੌਕਰੀ ਤੇ ਚਲੇ ਜਾਂਦੇ ਸੀ ਤੇ ਪਿੱਛੋਂ ਮੈਂ ਤੇ ਉਹ ਦੋਵੇਂ ਘਰੇ ਕੱਲੇ ਹੀ ਹੁੰਦੇ ਸੀ।ਪੂਰਾ ਦਿਨ ਇਸਤਰ੍ਹਾਂ ਘਰ ਕੱਲੇ ਸਹੁਰੇ ਨਾਲ ਰਹਿਣਾ ,,ਬਹੁਤ ਹੀ ਅਜੀਬ ਸੀ ਤੇ ਪਤਾ ਨੀਂ ਕਿਉਂ ਉਹ ਵੀ ਕੁੱਝ ਦਿਨਾਂ ਬਾਅਦ ਇੱਥੇ ਕੱਲਾ ਹੀ ਆਇਆ ਰਹਿੰਦਾ ਸੀ।ਸ਼ਾਇਦ ਕਿਸੇ ਨੂੰ ਵੀ ਇਹ ਅਜ਼ੀਬ ਨਹੀਂ ਲੱਗਦਾ ਸੀ, ਸਿਵਾਏ ਮੇਰੇ।
ਮੈਨੂੰ ਕਈ ਵਾਰ ਲੱਗਦਾ ਕਿ ਮੈਂ ਜਦੋਂ ਨਹਾਉਣ ਜਾਂਦੀ ਆਂ, ਤਾਂ ਉਹ ਬਾਥਰੂਮ ਦੀਆਂ ਵਿਰਲਾਂ ਦੇ ਵਿੱਚੋਂ ਝਾਕ-ਝਾਕਕੇ ਵੇਖਦਾ ਐ।ਰਸੋਈ ਚ ਕੰਮ ਕਰਦੀ ਆਂ, ਤਾਂ ਮੇਰੇ ਪਿੱਛੇ ਆਕੇ ਖੜ੍ਹਾ ਹੋ ਜਾਂਦਾ ਐ।”
ਉਸਦੀਆਂ ਅੱਖਾਂ ਚੌਂ ਹੰਝੂ ਟਪਕ ਰਹੇ ਸੀ ਤੇ ਇੱਕੋ ਹੀ ਟਾਈਮ ਕਈ ਭਾਵ ਆ ਜਾ ਰਹੇ ਸੀ,,ਗੁੱਸਾ,ਨਫ਼ਰਤ,ਦਰਦ …।
” ਪਤਾ !ਮੈਨੂੰ ਲੱਗਦਾ ਉਹ ਮੇਰਾ ਪਿੱਛਾ ਕਰ ਰਿਹਾ ਐ।ਮੈਂ ਆਪਣਾ ਵੱਧ ਤੋਂ ਵੱਧ ਵਕਤ ਆਪਣੇ ਕਮਰੇ ਚ ਬਿਤਾਉਣਾ ਸ਼ੁਰੂ ਕਰ ਦਿੱਤਾ ਸੀ।ਮੈਂ ਹਰ ਵਕਤ ਡਰੀ-ਸਹਿਮੀ ਰਹਿੰਦੀ ਸੀ,,,ਉਸਦੇ ਸਾਹਮਣੇ ਪੈਣ ਤੋਂ ਹੀ ਡਰਦੀ ਸੀ।ਘਰਦੇ ਕੰਮ ਤਾਂ ਕਰਨੇ ਹੀ ਹੁੰਦੇ ਨੇ,,ਜ਼ਲਦੀ-ਜ਼ਲਦੀ ਕੰਮ ਨਿਬੇੜਕੇ ਆਪਣਾ ਕਮਰਾ ਅੰਦਰੋਂ ਲੌਕ(ਬੰਦ) ਕਰਕੇ ਬਹਿ ਜਾਂਦੀ।ਕੋਸ਼ਿਸ਼ ਕਰਦੀ ਕਿ ਮੇਰਾ ਕੰਮ ਮੇਰੇ ਹਸਬੈਂਡ ਦੇ ਸਾਹਮਣੇ ਹੀ ਨਿਬੜ ਜਾਵੇ।ਜ਼ਲਦੀ ਉੱਠਕੇ ਸਭ ਤਿਆਰੀ ਕਰ ਦਿੰਦੀ।ਮੇਰੇ ਸਹੁਰੇ ਦਾ ਲੰਚ(ਦੁਪਹਿਰ ਦਾ ਭੋਜਨ) ਬਣਾਕੇ,, ਆਪਣੇ ਪਤੀ ਦੇ ਸਾਹਮਣੇ ਹੀ ਉਸਦੇ ਕਮਰੇ ਚ ਰੱਖ ਦਿੰਦੀ ਸੀ ।
ਪਤਾ ਉਸਦੇ ਹੁੰਦੇ ਹੋਏ ਕਦੇ ਮੈਂ ਦਿਨੇ ਲੰਚ ਨਹੀਂ ਕੀਤਾ ,,ਚਾਹੇ ਕਿੰਨੀ ਵੀ ਭੁੱਖ ਕਿਉਂ ਨਾ ਲੱਗੀ ਹੋਵੇ।ਜੇ ਕਮਰੇ ਚੌਂ ਪੀਣ ਦਾ ਪਾਣੀ ਖਤਮ ਹੋ ਜਾਵੇ ਤਾਂ ਪਿਆਸੀ ਰਹਿ ਲੈਂਦੀ ਸੀ,,ਪਰ ਲੈਣ ਕਿਚਨ(ਰਸੋਈ) ਚ ਨਹੀਂ ਜਾਂਦੀ ਸੀ। ਹਿੰਮਤ ਨਹੀਂ ਹੁੰਦੀ ਸੀ ,ਕਮਰੇ ਚੌਂਂ ਬਾਹਰ ਨਿੱਕਲਣ ਦੀ..”
” ਲੇਕਿਨ ਰਿੱਧੀ ਹੋ ਸਕਦਾ ਐ ,ਇਹ ਤੁਹਾਡੇ ਮਨ ਦਾ ਵਹਿਮ ਹੋਵੇ,,ਇੱਕ ਤੁਹਾਡੇ ਬਾਪ ਦੀ ਉਮਰ ਦਾ ਆਦਮੀ ਕਿਉਂ ਇਹ ਸਭ ਕਰੂਗਾ?”
ਸਵਾਲ ਉੱਠ ਰਹੇ ਸੀ ਮੇਰੇ ਮਨ ਚ।
“ਨਹੀਂ ਰੀਤਿਕਾ !ਇਹ ਕੋਈ ਮੇਰੇ ਮਨ ਦਾ ਵਹਿਮ ਨਹੀਂ ਐ,,ਉਹ ਸੱਚੀ ਐਦਾਂ ਹੀ ਸੀ।ਪਹਿਲਾਂ ਸ਼ੁਰੂਆਤ ਚ ਮੈਨੂੰ ਵੀ ਲੱਗਦਾ ਸੀ ਕਿ ਮੇਰੇ ਬਾਪ ਦੀ ਉਮਰ ਦਾ ਆਦਮੀ ਕਿਵੇੰ ਇਹ ਸਭ ਕਰ ਸਕਦਾ ਐ!
ਪਤਾ! ਉਹ ਅਕਸਰ ਮੇਰੇ ਮੂੰਹ ਤੇ ਹੱਥ ਲਗਾ-ਲਗਾਕੇ ਆਪਣਾ ਹੱਥ ਚੁੰਮਦਾ ਰਹਿੰਦਾ।ਕਿਸੇ ਨਾ ਕਿਸੇ ਬਹਾਨੇ ਹੱਥ ਫੜੁਣ ਦੀ ਕੋਸ਼ਿਸ਼ ਕਰਦਾ। ਮੈਂ ਉਸਦੇ ਡਰ ਦੇ ਮਾਰੇ ਅਕਸਰ ਘਰ ਦੇ ਬਾਹਰਲੇ ਕੁੰਡੇ ਨੂੰ ਖੋਲ੍ਹਕੇ ਰੱਖਦੀ ਕਿ ਜੇ ਕਦੇ ਭੱਜਣਾ ਪੈ ਗਿਆ ਤਾਂ ਗਲੀ ਵਿੱਚ ਭੱਜਕੇ ਕਿਸੇ ਨੂੰ ਮੱਦਦ ਲਈ ਤਾਂ ਬੁਲਾ ਲਉ।ਪਰ ਉਹ ਆਦਮੀ ਤਾਂ ਮੇਨ ਗੇਟ(ਮੁੱਖ ਦਵਾਰ) ਦਾ ਕੁੰਡਾ ਲਗਾਕੇ ਅੰਦਰੋਂ ਤਾਲਾ ਵੀ ਲਗਾ ਦਿੰਦਾ ਸੀ।
ਮੈਂ ਤਾਂ ਹਰ ਪਲ ਡਰ-ਡਰਕੇ ਸਹਿਮ-ਸਹਿਮਕੇ ਰਹਿਣ ਲੱਗੀ ਸੀ।ਹਸਬੈਂਡ ਦੇ ਆੱਫਿਸ(ਦਫ਼ਤਰ) ਜਾਣ ਤੋਂ ਲੈਕੇ ਵਾਪਿਸ ਆਉਣ ਤੱਕ ਹਮੇਸ਼ਾ ਆਪਣੇ ਕਮਰੇ ਚ ਕੈਦੀਆਂ ਦੀ ਤਰ੍ਹਾਂ ਕੈਦ ਹੋ ਜਾਂਦੀ ਸੀ।
ਇੱਥੋਂ ਤੱਕ ਕਿ ਮੈਂ ਤਾਂ ਆਪਣੇ ਅੰਡਰਗਾਰਮੈਂਟਸ(ਅੰਦਰੂਨੀ ਵਸਤਰ) ਵੀ ਉਸਤੋਂ ਖੌਫ਼ ਖਾਕੇ ਲੁਕਾਕੇ ਬਾਥਰੂਮ ਚ ਸੁਕਾਉਣੇ ਸ਼ੁਰੂ ਕਰ ਦਿੱਤੇ ਸੀ।ਪਰ ਪਤਾ ਨੀਂ ਕਿੱਥੇ ਵੀ ਰੱਖੇ ਹੁੰਦੇ,ਉਹ ਉਹਨਾਂ ਨੂੰ ਲੱਭਕੇ ਛੱਤ ਤੇ ਸੁਕਾਕੇ ਆਉਂਦਾ ਤੇ ਉੱਪਰ ਖੜ੍ਹਾ ਪਤਾ ਨੀਂ ਕਿੰਨੀ-ਕਿੰਨੀ ਦੇਰ...
ਕੀ ਉਹਨਾਂ ਨਾਲ ਕੀ ਕਰਦਾ ਰਹਿੰਦਾ ਸੀ।
ਮੇਰਾ ਦਮ ਘੁੱਟਦਾ ਸੀ…”
ਉਹ ਸੁਬਕ ਰਹੀ ਸੀ।
“ਰਿੱਧੀ! ਤੁਹਾਡੇ ਨਾਲ ਐਨਾਂ ਕੁੱਝ ਹੁੰਦਾ ਰਿਹਾ ਤੁਸੀਂ ਆਪਣੇ ਹਸਬੈਂਡ ਨੂੰ ਕਿਉਂ ਨਹੀਂ ਦੱਸਿਆ!”
ਹੈਰਾਨ ਸੀ ਮੈਂ!
“ਰੀਤਿਕਾ! ਕਾਸ਼ ਕਿ ਐਨਾਂ ਹੀ ਅਸਾਨ ਹੁੰਦਾ,,ਤੁਹਾਨੂੰ ਕੀ ਲੱਗਦਾ ਮੈਂ ਕੋਸ਼ਿਸ਼ ਨਹੀਂ ਕੀਤੀ।ਬਹੁਤ ਕੋਸ਼ਿਸ਼ ਕਰਦੀ ਸੀ,,ਪਰ ਉਹ ਆਦਮੀ ਉਸ ਦਾ ਬਾਪ ਸੀ।ਕੋਈ ਵੀ ਆਪਣੇ ਬਾਪ ਤੇ ਐਨਾਂ ਘਟੀਆ ਇਲਜ਼ਾਮ ਕਿਵੇਂ ਬਰਦਾਸ਼ਤ ਕਰ ਲਊਗਾ।
ਮੇਰਾ ਹਸਬੈਂਡ ਕਦੇ ਮੰਨਣ ਨੂੰ ਹੀ ਤਿਆਰ ਨਹੀਂ ਹੁੰਦਾ।ਉੱਲਟਾ ਉਸਨੇ ਮੈਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪਣੀ ਲਵਮੈਰਿਜ਼ ਹੋਈ ਐ ਨਾ ,ਇਸਲਈ ਤੂੰ ਨਹੀਂ ਚਾਹੁੰਦੀ ਕਿ ਮੇਰੇ ਮਾਂ-ਬਾਪ ਆਪਣੇ ਨਾਲ ਰਹਿਣ।ਇਸਲਈ ਐਨੇ ਗਿਰੇ ਹੋਏ ਇਲਜ਼ਾਮ ਲਗਾਉਂਦੀ ਐ।ਸਾਡੇ ਵਿੱਚ ਚੀਜ਼ਾਂ ਖਰਾਬ ਹੋ ਰਹੀਆਂ ਸਨ।ਸਾਡੇ ਵਿੱਚ ਝਗੜੇ ਬਹੁਤ ਵੱਧ ਗਏ ਸਨ।ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾ।”
“ਤੁਹਾਨੂੰ ਆਪਣੇ ਪੈਰੇਂਟਸ ਨਾਲ ਗੱਲ ਕਰਨੀ ਚਾਹੀਦੀ ਸੀ ,ਰਿੱਧੀ।”ਮੈਂ ਸਮਝਾ ਰਹੀ ਸੀ।
“ਤੁਹਾਨੂੰ ਕੀ ਲੱਗਦਾ ,ਨਹੀਂ ਕੀਤੀ ਹੋਣੀ।ਪਰ ਸਾਡੇ ਸਮਾਜ ਚ ਤਾਂ ਇਹ ਸਭ ਕੋਈ ਸੋਚ ਵੀ ਨਹੀਂ ਸਕਦਾ।ਇੱਕ ਕੁੜੀ ਨੂੰ ਇਹੀ ਸੀਖ ਦਿੱਤੀ ਜਾਂਦੀ ਐ ਕਿ ਸੱਸ-ਸਹੁਰੇ ਮਾਂ-ਪਿਉ ਦਾ ਹੀ ਰੂਪ ਹੁੰਦੇ ਨੇ ਤੇ ਮਾਂ-ਪਿਉ ਗਲਤ ਹੋ ਸਕਦੇ ਨੇ ਕਦੇ!?!
ਮੈਂ ਆਪਣੀ ਜਨਮਦਾਤੀ ਮਾਂ ਨੂੰ ਇਹ ਸਭ ਦੱਸਿਆ ਤਾਂ ਉਸਨੇ ਇਹ ਕਹਿਕੇ ਮੇਰੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ ਕਿ ਮੈਨੂੰ ਗਲਤਫਹਿਮੀ ਹੋਈ ਹੋਣੀ ।ਉਹ ਬੰਦਾ ਮੇਰੇ ਪਿਉ ਦੀ ਉਮਰ ਦਾ ਐ,,ਆਪਣੀ ਧੀ ਵਰਗੀ ਕੁੜੀ ਨਾਲ ਕੋਈ ਕਿਵੇਂ ਇਸਤਰ੍ਹਾਂ ਕਰ ਸਕਦਾ ਐ!
ਮੈਂ ਪਾਗਲ ਹੋ ਰਹੀ ਸੀ।ਕੋਈ ਮੇਰੀ ਗੱਲ ਸੁਨਣ ਨੂੰ ਤਿਆਰ ਨਹੀਂ ਸੀ ,,,ਕੋਈ ਮੈਨੂੰ ਸਮਝਣ ਨੂੰ ਤਿਆਰ ਨਹੀਂ ਸੀ।ਮੇਰਾ ਮਨ ਕਰਦਾ ਸੀ ਮੈਂ ਸੁਸਾਈਡ(ਖੁਦਕੁਸ਼ੀ) ਕਰ ਲਵਾਂ।
ਫੇਰ ਇੱਕ ਦਿਨ ਮੈਂ ਆਪਣੇ ਪਤੀ ਨੂੰ ਕਿਹਾ ਕਿ ਪਾਪਾ ਲੁੱਕ-ਲੁੱਕਕੇ ਬਲੂ ਫ਼ਿਲਮਾਂ ਵੇਖਦੇ ਨੇ।ਮੇਰੇ ਹਸਬੈਂਡ ਮੰਨਣ ਹੀ ਨਾ।ਪਰ ਇੱਕ ਦਿਨ ਮੇਰੇ ਕਹਿਣ ਤੇ ਚੋਰੀ-ਛਿੱਪੇ ਚੈੱਕ ਕੀਤਾ ਤਾਂ ਵਿਸ਼ਵਾਸ ਹੀ ਨਾ ਹੋਇਆ ਕਿ ਉਸ ਇਨਸਾਨ ਦੀ ਮਾਨਸਿਕਤਾ ਐਨੀ ਗੰਦੀ ਐ।
ਬੱਸ ਐਵੇਂ ਹੀ ਚੱਲ ਰਹੀ ਸੀ, ਜ਼ਿੰਦਗੀ ਮੇਰੀ। ਫ਼ਿਰ ਇੱਕ ਦਿਨ ਮੇਰੇ ਸਹੁਰੇ ਨੇ ਮੈਨੂੰ ਮਜ਼ਬੂਰ ਕੀਤਾ ਕਿ ਮੈਂ ਇੱਕ ਮੌਲ(ਜਿੱਥੇ ਇੱਕੋ ਹੀ ਜਗ੍ਹਾਂ ਖਰੀਦਦਾਰੀ ਲਈ ਬਹੁਤ ਦੁਕਾਨਾਂ ਹੁੰਦੀਆਂ) ਵਿੱਚ ਉਸਦੇ ਨਾਲ ਡਰਟੀ ਪਿਕਚਰ ਵੇਖਣ ਜਾਵਾਂ।ਮੇਰੇ ਮਨਾਂ ਕਰਨ ਤੇ ਵੀ ਧੱਕੇ ਨਾਲ ਮੈਨੂੰ ਲੈ ਗਿਆ।ਮੇਰੇ ਕੋਲ ਕੋਈ ਹੱਲ ਨਹੀਂ ਸੀ।
ਬਹੁਤ ਡਰ ਲੱਗ ਰਿਹਾ ਸੀ ਮੈਨੂੰ ,,,ਪਰ ਕਰਦੀ ਕੀ।ਮੈਂ ਉੱਥੇ ਜਾਕੇ ਬਹਾਨਾ ਬਣਾਇਆ ਕਿ ਮੈਂ ਵਾਸ਼ਰੂਮ ਜਾਣਾ ਐ ਤੇ ਉੱਥੇ ਜਾਕੇ ਆਪਣੇ ਪਤੀ ਨੂੰ ਮੈਸੇਜ ਭੇਜ ਕਰ ਦਿੱਤਾ ਕਿ ਪਾਪਾ ਮੈਨੂੰ ਲੈਕੇ ਡਰਟੀ ਫਿਲਮ ਵਿਖਾਉਣ ਇਸ ਮੌਲ ਵਿੱਚ ਆਏ ਨੇ।
ਮੇਰੇ ਪਤੀ ਨੇ ਆਕੇ ਮੌਕੇ ਤੇ ਫੜ੍ਹ ਲਿਆ ਤੇ ਉਸ ਦਿਨ ਮੈਂ ਬੱਚ ਗਈ।ਮੇਰੇ ਹਸਬੈਂਡ ਨੇ ਮੇਰੇ ਸਹੁਰੇ ਦੀ ਜ਼ੰਮਕੇ ਕਲਾਸ ਲਗਾਈ ਕਿ ਆਹ ਫ਼ਿਲਮ ਵੇਖਣ ਇਸ ਨਾਲ ਹੀ ਆਉਣਾ ਸੀ।ਧੀ ਦੀ ਉਮਰ ਦੀ ਐ।ਬਹੁਤ ਗਾਲ੍ਹਾਂ ਕੱਢੀਆਂ ਤੇ ਮੰਮੀ ਨੂੰ ਫ਼ੋਨ ਕਰ ਦਿੱਤਾ ਕਿ ਇਸਨੂੰ ਲੈਕੇ ਜਾਓ।
ਮੰਮੀ ਆ ਤਾਂ ਗਈ ,,ਪਰ ਸਾਨੂੰ ਬਹੁਤ ਗਾਲ੍ਹਾਂ ਕੱਢੀਆਂ ਤੇ ਮੇਰੇ ਹਸਬੈਂਡ ਨੂੰ ਕਹਿਣ ਲੱਗੀ ਕਿ ਕੱਲ ਦੀ ਆਈ, ਪਿੱਛੇ ਤੂੰ ਆਪਣੇ ਪਾਪਾ ਤੇ ਇਲਜ਼ਾਮ ਲਗਾਉਂਦਾ ਐ,,ਤੈਨੂੰ ਸ਼ਰਮ ਨਹੀਂ ਆਉਂਦੀ।ਅਸੀਂ ਨੀਂ ਪੈਰ ਧਰਦੇ ,,ਅੱਜ ਤੋਂ ਬਾਅਦ ਤੇਰੇ ਘਰ ਚ ਕਦੇ।
ਉਹ ਦਿਨ ,ਸੋ ਦਿਨ ਐ ਉਹ ਨਹੀਂ ਆਏ ਕਦੇ ਮੇਰੇ ਘਰ ।ਮੇਰੀ ਬੇਟੀ ਵੀ 3 ਸਾਲ ਦੀ ਹੋ ਗਈ।ਕਈ ਵਾਰ ਆਪਣੇ ਹਸਬੈਂਡ ਦੇ ਵੱਲ ਵੇਖਕੇ ਲੱਗਦਾ ਐ ਕਿ ਕਾਸ਼ ਉਹ ਆ ਜਾਣ।ਉਹ ਆਪਣੀਆਂ ਅੱਖਾਂ ਦੇ ਹੰਝੂ ਪੂੰਝਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਸੀ।”
” ਰਿੱਧੀ !ਤੁਸੀਂ ਫਾਲਤੂ ਹੀ ਐਨਾਂ ਸੋਚ ਰਹੇ ਓ।ਲਾਈਫ਼ ਚਿੱਲ(ਮਜ਼ੇ ਲਉ) ਕਰੋ।ਕੁੱਝ ਲੋਕ ਲਾਇਕ ਨੀਂ ਹੁੰਦੇ ਇੱਜ਼ਤ ਦੇ,,ਤੁਸੀਂ ਕਿਉਂ ਆਪਣੀ ਜ਼ਿੰਦਗੀ ਨਰਕ ਬਣਾਉਣਾ ਚਾਹੁੰਦੇ ਓ।”ਮੈਂ ਕਿਹਾ।
“ਪਰ ਰੀਤਿਕਾ! ਤੁਸੀਂ ਮੇਰੀ ਕਹਾਣੀ ਜ਼ਰੂਰ ਲਿਖਣਾ!ਤਾਂ ਜੋ ਅੱਜ ਦੇ ਸਮਾਜ ਦੇ ਤਾਰ-ਤਾਰ ਹੁੰਦੇ ਰਿਸ਼ਤਿਆਂ ਦਾ ਸੱਚ ਸਭ ਦੇ ਸਾਹਮਣੇ ਆ ਜਾਵੇ ਤੇ ਕੋਈ ਐਨਾਂ ਅਵੇਸਲਾ ਹੋ ਕੇ ਨਾ ਬੈਠੇ।”
ਮੈਂ ਰਿੱਧੀ ਨੂੰ ਜ਼ਰੂਰ ਲਿੱਖਣ ਦਾ ਵਾਇਦਾ ਕੀਤਾ ਤੇ ਅੱਜ ਸ਼ਬਦਾਂ ਦਾ ਜਾਮਾ ਪਹਿਣਾ ਪਾਠਕਾਂ ਦੇ ਰੁਬਰੂ ਵੀ ਕੀਤਾ ਐ।
ਦੋਸਤੋ!ਇਹ ਇੱਕ ਸੱਚੀ ਕਹਾਣੀ ਐ, ਜਿਸ ਵਿੱਚ ਇੱਕ ਸਹੁਰੇ ਨੇ ਧੀ ਵਰਗੀ ਨੂੰਹ ਨੂੰ ਆਪਣੀ ਗੰਦੀ ਨੀਅਤ ਦਾ ਸ਼ਿਕਾਰ ਬਣਾਉਣਾ ਚਾਹਿਆ।ਪਰ ਮੈਂ ਇੱਕ ਗੱਲ ਇੱਥੇ ਕਹਿਣਾ ਚਾਹੂੰਗੀ ਕਿ ਇਸ ਸਭ ਦੇ ਵਿੱਚ ਸਾਡਾ ਸਮਾਜ ਵੀ ਸੌ ਪ੍ਤੀਸ਼ਤ ਜ਼ੁੰਮੇਵਾਰ ਐ।
ਉਮਰ ਵੱਧਣ ਨਾਲ ਹਰੇਕ ਇਨਸਾਨ ਦੀਆਂ ਸਰੀਰਕ ਜ਼ਰੂਰਤਾਂ ਖਤਮ ਹੋ ਜਾਣ ,ਜ਼ਰੂਰੀ ਨੀਂ।ਬੱਚਿਆਂ ਦੇ ਵਿਆਹ ਹੋ ਗਏ ਤਾਂ ਪਤੀ-ਪਤਨੀ ਆਪਣੀ ਇੱਛਾਵਾਂ ਖਤਮ ਕਰ ਦੇਣ,ਜਾਂ ਭੈਣ-ਭਰਾਵਾਂ ਦੀ ਤਰ੍ਹਾਂ ਵਿਹਵਾਰ ਕਰਨਾ ਸ਼ੁਰੂ ਕਰ ਦੇਣ ਤਾਂ ਇਹ ਸੋਚ ਬਹੁਤ ਹੀ ਗਲਤ ਐ।ਆਮ ਕਰਕੇ ਔਰਤਾਂ ਦੇ ਸ਼ਰਮੀਲੇ ਹੋਣ ਤੇ ਸਾਥ ਨਾ ਦੇਣ ਤੇ ਜਾਂ ਬੱਚੇ ਕੀ ਸੋਚਣਗੇ ,,ਸੋਚ ਦੇ ਚੱਲਦੇ,,, ਬਹੁਤ ਸਾਰੇ ਬਜ਼ੁਰਗ ਗਲਤ ਰਾਹ ਪੈ ਜਾਂਦੇ ਨੇ।ਪਰ ਸੱਚ ਤਾਂ ਇਹ ਐ ਕਿ ਇਸ ਭਟਕਣ ਨੂੰ ਸਹੀਂ ਦਿਸ਼ਾ ਮਿਲਣੀ ਜ਼ਰੂਰੀ ਐ,,ਨਹੀਂ ਤਾਂ ਇਹ ਅਜ਼ਗਰ ਬਣਕੇ ਪਾਕੀਜ਼ਾ ਰਿਸ਼ਤਿਆਂ ਨੂੰ ਨਿੱਗਲਣਾ ਸ਼ੁਰੂ ਕਰ ਦੇਵੇਗੀ।
ਦੋਸਤੋ!ਕਿਸੇ ਵੀ ਉਮਰ ਚ ਪਤੀ-ਪਤਨੀ ਦਾ ਆਪਸੀ ਸਾਥ ਨੂੰ ਮਾਨਣਾ ਗਲਤ ਨਹੀਂ ਤੇ ਨਾ ਹੀ ਇਹ ਸਭ ਰੋਕਣ ਦਾ ਕੋਈ ਸਮਾਜਿਕ ਦਬਾਅ ਹੋਣਾ ਚਾਹੀਦਾ ਐ।ਬਲਕਿ ਇਸਤਰ੍ਹਾਂ ਕਰਕੇ ਤਾਂ ਅਸੀਂ ਸਮਾਜ ਦੀ ਬਹੁਤ ਸਾਰੀ ਗੰਦਗੀ ਨੂੰ ਸਾਫ਼ ਕਰ ਸਕਦੇ ਆਂ।
ਇੱਕ ਗੱਲ ਹੋਰ!ਰਿੱਧਿਮਾ ਤਾਂ ਕਿਸਮਤ ਨਾਲ ਬੱਚ ਗਈ,,ਪਰ ਜੇ ਕੋਈ ਵੀ ਇਸਤਰ੍ਹਾਂ ਦੀ ਗੱਲ ਕਰੇ ਤਾਂ ਬਿਨਾਂ ਪਰਖੇ ਵਿਸ਼ਵਾਸ ਜਾਂ ਅਵਿਸ਼ਵਾਸ ਕਰਨਾ ਠੀਕ ਨਹੀਂ।ਪਰਖੋ ,,,ਤਾਂ ਕਿ ਸਹੀਂ ਨਤੀਜੇ ਤੇ ਪਹੁੰਚ ਸਕੋ ਤੇ ਸ਼ਾਇਦ ਕਈ ਰਿੱਧੀਆਂ ਐਵੇਂ ਹੀ ਕਿਸੇ ਦੀ ਗਲਤ ਹਵਸ ਦਾ ਸ਼ਿਕਾਰ ਹੋਣ ਤੋਂ ਬੱਚ ਜਾਣ।
ਆਪਣੇ ਕੰਮੈਂਟ ਜ਼ਰੂਰ ਦੇਣਾ ,,,
ਰੀ…..ਤ
#reetikakhankaur