ਕਿੰਨ੍ਹੇ ਹੀ ਵਰ੍ਹਿਆ ਬਾਅਦ ਮੈਂ ਦੋ ਧੀਆਂ ਦੀ ਮਾਂ ਬਣੀ….ਇੱਕੋ ਹੀ ਕੁੱਖ ‘ਚੋ, ਇੱਕੋ ਸਮੇਂ ਪੈਦਾ ਹੋਈਆਂ ਦੋ ਧੀਆਂ ‘ਤੇ ਦੋਨਾਂ ਵਿੱਚ ਡਾਹਢਾ ਫ਼ਰਕ ਸੀ…ਰੰਗ ਪੱਖੋਂ ਵੀ ਤੇ ਸਿਹਤ ਪੱਖੋਂ ਵੀ, ਘਰ ‘ਚ ਬੜੀ ਰੌਣਕ ਸੀ ।
ਜਦ ਮੈਂ ਮੁੜ ਸਹੁਰੇ ਘਰ ਆਈ, ਘਰ ‘ਚ ਇੱਕੋ ਜਿਹੇ ਦੋ-ਦੋ ਖਿਡੌਣੇ ਸਨ , ਪਰ ਕੱਪੜਿਆ ਦੇ ਰੰਗਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਸੀ, ਸਾਰੇ ਆਖ ਰਹੇ ਸੀ ਕਿ ਨਸੀਬ ਕੌਰ ਦੇ ਫਿੱਕੇ ਰੰਗ ਪਾਇਉ ਤੇ ਨਿਹਾਲ ਕੌਰ ਦੇ ਗਾੜੇ, ਸੁਣ ਕੇ ਬੜਾ ਅਜੀਬ ਲੱਗਾ ਕਿਉਕਿ ਰੱਬ ਨੇ ਤਾਂ ਫ਼ਰਕ ਰੱਖਿਆ ਹੀ ਸੀ,,ਪਰ ਇੱਕੋ ਕੁੱਖ ‘ਚੋੰ ਜਣੀਆਂ ਲਈ ਮੈਂ ਕਿੱਦਾ ਵਿਤਕਰਾ ਕਰਾ ????
ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਉਮਰਾਂ ਦੇ ਵੱਧਣ ਨਾਲ ਇਹ ਭੇਦਭਾਵ ਹੋਰ ਵੀ ਵੱਧਦਾ ਗਿਆ, ਉਹਨਾਂ ਦੀ ਦਾਦੀ ਅਕਸਰ ਹੀ ਨਿਹਾਲੋ ਨੂੰ ਚੁੱਲੇ-ਚੌਕੇਂ ਵੱਲ ‘ਤੇ ਨਸੀਬੋ ਨੂੰ ਮੱਝਾਂ ਵਾਲੇ ਕੰਮਾ ਵੱਲ ਲਗਾ ਦਿੰਦੀ,,, ਉਹਨੇ ਵੀ ਕਦੇ ਅੱਗੋੰ ਮਾਂ ਦੀ ਧੀ ਜਵਾਬ ਨਾ ਦਿੰਦੀ…. ਤੇ ਝੱਟ ਆਖੇ ਲੱਗ ਜਾਂਦੀ । ਜਦ ਸਾਉਣ ਮਹੀਨਾ ਆਉਣਾ ਤਾਂ ਉਹਨੇ ਚੂੜੀਆਂ ਨਾ ਚੜਾਉਣੀਆਂ, ਮੈਂ ਬਥੇਰਾ ਜ਼ੋਰ ਲਾਉਣਾ ਕਿ ਨਾਲਦੀਆਂ ਚਾਅ ਪੂਰੇ ਕਰਦੀਆ,,, ਕਮਲੀਏ ਤੂੰ ਵੀ ਕਰਿਆ ਕਰ,,, ਪਰ ਉਹ ਨਾ ਮੰਨਦੀ ਸਗੋ ਹੱਸ ਕੇ ਟਾਲ ਦਿੰਦੀ।
ਹੁਣ ਦੋਵੇਂ ਵਿਆਹ ਯੋਗ ਹੋ ਗਈਆ ਸਨ , ਬੜੇ ਰਿਸ਼ਤੇ ਉੱਠਦੇ ਨਿਹਾਲੋ ਲਈ ਪਰ ਨਸੀਬੋ ਦੇ ਰੰਗ ਕਰਕੇ ਮੱਠੇ ਪੈ ਜਾਦੇਂ,...
ਬੜਾ ਝੋਰਾ ਸੀ ਮੈਨੂੰ ਉਹਦਾ…..ਇੱਕ ਦਿਨ ਮੈਂ ਆਖ ਦਿੱਤਾ ਦੋਨੋਂ ਇੱਕੋ ਘਰ ਨਹੀਂ ਵਿਆਉਣੀਆ, ਮੈਨੂੰ ਡਰ ਸੀ ਕਿ ਵਿਤਕਰਾ ਸ਼ਾਇਦ ਸਹੁਰੇ ਘਰ ਵੀ ਹੋਇਆ ਕਰੇਗਾ,,, ‘ਤੇ ਵੈਸੇ ਵੀ ਸਿਆਣੇ ਆਖਦੇ ਨੇ ਕਿ ਦੂਰ ਦੇ ਫੁੱਲ ਹੀ ਸੋਹਦੇ ਨੇ।
ਨਿਹਾਲੋ ਨੂੰ ਵੱਡੇ ਖਾਨਦਾਨ ‘ਚੋ ਰਿਸ਼ਤਾ ਆਇਆ, ਝੱਟ ਮੰਗਣੀ ਪੱਟ ਵਿਆਹ ਆਲੀ ਗੱਲ ਹੋਈ ਪਰ ਕਹਿੰਦੇ ਆ ਨਾ ਕਿ ਤੱਤੀ ਚਾਹ ਪੀਵਾਗੇ ਤਾਂ ਮੂੰਹ ਤਾਂ ਮੱਚੇਗਾ ਹੀ, ਬੜਾ ਕੁਝ ਦਿੱਤਾ ਪਰ ਲੋਭੀਆਂ ਦਾ ਕਦ ਢਿੱਡ ਭਰਦਾ, ਅੱਤ ਦਾ ਸ਼ਰਾਬੀ, ਬੜੇ ਔਖੇ ਦਿਨ ਦੇਖੇ ਉਹਨੇ ਸਹੁਰੇ ਤੇ ਇੱਧਰ ਨਸੀਬੋ ਦੇ ਨੰਦ ਸਧਾਰਨ ਜਿਹੇ ਪਰਿਵਾਰ ‘ਚ ਦਿੱਤੇ ਪਰ ਉਸ ਚੰਦਰੀ ਦੇ ਉਸ ਘਰ ਜਾ ਨਸੀਬ ਹੀ ਬਦਲ ਗਏ।
ਮੇਰੀ ਮਾਂ ਅਕਸਰ ਆਖਿਆ ਕਰਦੀ ਸੀ, “ਹੁੰਦੀਆ ਨਾ ਮਨਮੱਥੀਆ ਕਦੇ ਲੱਗਦੇ ਨਾ ਭਾਗ ਪਰਾਏ” , ਸ਼ਾਇਦ ਔਰਤ ਦੀ ਜਿੰਦਗੀ ਉਸਦੇ ਸਿਰ ਦੇ ਸਾਈ ਤੇ ਹੀ ਨਿਰਭਰ ਕਰਦੀ ਏ ਜੇ ਉਹ ਚੰਗਾ ਤਾਂ ਉਹ ਤੰਗੀਆ-ਤੁਰਸ਼ੀਆ ਵੀ ਖਿੜੇ ਮੱਥੇ ਕੱਟ ਜਾਦੀ ਏ ਨਹੀ ਤਾਂ ਫਿਰ ਸੋਹਣੇ ਰੰਗ-ਰੂਪ ਵਾਲੀਆਂ ਵੀ ਸਹੁਰੇ ਘਰ ਸਨਮਾਨ ਨਹੀਂ ਪਾਉਦੀਆ ਤੇ ਸਧਾਰਨ ਦਿੱਖ ਵਾਲੜੀਆ ਵੀ ਪਤੀ ਦੇ ਸਿਰ ਤੇ ਰਾਜ ਕਰਦੀਆ ਨੇ।
ਕਮਲ ਕੌਰ