ਘਰਾਂ ‘ਚ ਹੁੰਦੀਆਂ ਰਹਿੰਦੀਆਂ ਨੇ ਮਾੜੀਆਂ-ਮੋਟੀਆਂ ਲੜਾਈਆਂ, ਜਿੱਥੇ ਦੋ ਭਾਂਡੇ ਹੋਣ ਖੜਕ ਵੀ ਪੈਂਦੇ ਨੇ। ਛੋਟੇ-ਮੋਟੇ ਰੋਸੇ ਚੱਲਦੇ ਰਹਿੰਦੇ ਨੇ ਪਰ ਕੋਈ ਲਕੀਰ ਥੋੜ੍ਹੀ ਖਿੱਚ ਦਿੰਦੈ, ਬੇਦਾਵਾ ਥੋੜ੍ਹੀ ਲਿਖ ਕੇ ਚਲਾ ਜਾਂਦੈ!
ਪਤਾ ਨੀ ਮਾਂ ਏਨੀ ਪੱਥਰ ਦਿਲ ਕਿਉਂ ਹੋ ਗਈ? ਸਾਨੂੰ ਦੋਹਾਂ ਭੈਣਾਂ-ਭਰਾਵਾਂ ਨੂੰ ਛੱਡ ਕੇ ਐਸੀ ਪੇਕੇ ਗਈ ਵਾਪਸ ਨਾ ਮੁੜੀ, ਬਾਪੂ ਲੈਣ ਵੀ ਗਿਆ ਕਈ ਵਾਰ ਪਰ ਬੇਜ਼ਤ ਹੋ ਕੇ ਮੁੜਦਾ ਰਿਹਾ ਤੇ ਅਸੀਂ ਅੱਧੇ ਯਤੀਮ ਹੋ ਗਏ। ਨਾਨੇ-ਨਾਨੀ ਨੇ ਮਾਂ ਨੂੰ ਅਗਾਂਹ ਤੋਰ ਦਿੱਤਾ ਕਿਤੇ, ਨਾਨਕੇ ਵੀ ਮੁੱਕ ਗਏ ਤੇ ਮਮਤਾ ਨਾਂ ਦੀ ਚੀਜ਼ ਤੋਂ ਵੀ ਸਾਡਾ ਵਿਸ਼ਵਾਸ ਟੁੱਟ ਗਿਆ। ਮੈਂ ਦੇਖਿਆ ਏ ਵੱਡੀ ਭੈਣ ਨੂੰ ਬਾਪੂ ਦੇ ਗਲ਼ ਲੱਗ ਕੇ ਅਕਸਰ ਰੋਂਦੀ ਨੂੰ, ਉਹ ਤ੍ਰਕਾਲ਼ਾਂ ਪਈਆਂ ‘ਤੇ ਡਰ ਜਾਇਆ ਕਰਦੀ ਸੀ। ਬਥੇਰੀ ਵਾਰ ਮਨ ‘ਚ ਆਇਆ ਸੀ ਕਿ ਜਾ ਕੇ ਮਾਂ ਤੋਂ ਪੁੱਛਾਂ,”ਸਾਨੂੰ ਸਿਰਫ਼ ਜੰਮ ਕੇ ਈ ਸੁੱਟਣਾ ਸੀ? ਦੱਸ, ਕੀ ਬੱਚਿਆਂ ਨੂੰ ਮਾਂ ਦੀ ਲੋੜ ਨੀ ਜਾਂ ਪਿਉ ਦੀ ਲੋੜ ਨੀ?”
ਮਾਂ ਦੇ ਮੋਹ ਨੂੰ ਤਾਂ ਮਮਤਾ ਕਹਿ ਦਿੰਦੇ ਨੇ, ਬਾਪ ਦੇ ਪਿਆਰ ਲਈ ਕਿਸੇ ਨੇ ਕੋਈ ਸ਼ਬਦ ਈ ਨੀ ਬਣਾਇਆ। ਬੇਸ਼ੱਕ ਉਸ ਸ਼ੈਅ ਦਾ ਕੋਈ ਨਾਂ ਨਹੀਂ ਪਰ ਅਸੀਂ ਉਹਦੇ ਦਰਸ਼ਨ ਜ਼ਰੂਰ ਕੀਤੇ ਹੋਏ ਨੇ।
ਭੂਆ ਹੁਰਾਂ ਨੇ ਬਥੇਰਾ ਜ਼ੋਰ ਲਾਇਆ ਸੀ ਪਰ ਬਾਪੂ ਨੇ ਸਾਡੇ ਮੂੰਹ ਵੱਲ ਵੇਂਹਦਿਆਂ ਦੂਜੀ ਨੀ ਲਿਆਂਦੀ। ਜਦੋਂ ਤੱਕ ਰਾਣੀ ਪੰਜਵੀਂ ਜਮਾਤ ‘ਚ ਨੀ ਹੋ ਗਈ, ਬਾਪੂ ਨੇ ਰੋਟੀਆਂ ਵੀ ਪਕਾਈਆਂ, ਭਾਂਡੇ ਵੀ ਮਾਂਜੇ, ਲੀੜੇ ਵੀ ਧੋਤੇ। ਸਾਨੂੰ ਸਕੂਲੋਂ ਇੱਕ ਦਿਨ ਵੀ ਛੁੱਟੀ ਨੀ ਕਰਵਾਈ।
ਬਾਪੂ ਸ਼ਾਮ ਨੂੰ ਖੇਤੋਂ ਮੁੜਦਾ ਹੋਇਆ, ਸਾਡੇ ਬਾਬਤ ਇੱਕ ਗੰਨੇ ਲਈ ਸ਼ਾਹੂਕਾਰਾਂ ਦੇ ਕਮਾਦ ਦੇ ਆਂਗ ਛਾਂਗਣ ‘ਤੇ ਘੰਟਾ, ਅੱਧਾ ਘੰਟਾ ਲਾ ਆਉਂਦਾ ਸੀ।
ਸੱਤਰ ਦੇ ਨੇੜੇ ਢੁੱਕ ਗਿਆ ਏ, ਬਹੁਤਾ ਮਨ ਖ਼ਰਾਬ ਹੋਵੇ ਤਾਂ ਪੈੱਗ ਦੋ ਪੈੱਗ ਲਾ ਲੈਂਦਾ ਏ ਤੇ ਪੁਰਾਣੀਆਂ ਯਾਦਾਂ ‘ਚ ਗਵਾਚ ਜਾਂਦਾ ਏ,”ਪੁੱਤ, ਮੈਂ ਗ਼ਲਤ ਸੀ ਥੋਡੀ ਮਾਂ ਨੀ! ਸ਼ੈਦ ਥੋਡੇ ਨਾਨੇ-ਨਾਨੀ ਨੇ ਵੀ ਉਹਨੂੰ ਠੰਢੇ ਮਤੇ ਨਾਲ਼ ਸਮਝਾਇਆ ਨੀ! ਮੈਂ ਸਾਰੀ ਉਮਰ ਪਸਚਾਤਾਪ ਕੀਤਾ ਏ! ਥੋਨੂੰ ਪਾਲਣ ‘ਚ ਮੈਥੋਂ ਕਮੀਆਂ ਰਹਿਗੀਆਂ ਹੋਣੀਆਂ। ਪੁੱਤਰ, ਮਰਦ ਤੋਂ ਮਾਂ ਨੀ ਬਣਿਆ ਜਾਂਦੈ!”...
ਇਉਂ ਗੱਲਾਂ ਕਰਦਾ ਬਾਪੂ ਕਿਸੇ ਹੋਰ ਦੁਨੀਆ ਦਾ ਬਸ਼ਿੰਦਾ ਜਾਪਦਾ ਹੁੰਦਾ ਏ ਤੇ ਮੇਰਾ ਜੀਅ ਕਰਦਾ ਹੁੰਦੈ ਉਹਦੇ ਪੈਰ ਹੰਝੂਆਂ ਨਾਲ਼ ਧੋ ਦੇਵਾਂ। ਮੈਥੋਂ ਸੋਚ ਈ ਨੀ ਹੁੰਦਾ ਏਸ ਬੰਦੇ ਤੋਂ ਵੀ ਕਦੇ ਕੋਈ ਗ਼ਲਤੀ ਹੋਈ ਹੋਵੇਗੀ। ਮੇਰਾ ਵੱਸ ਚੱਲੇ ਤਾਂ ਮੈਂ ਬਾਪੂ ਨੂੰ ਦੂਹਰੀ ਵਾਰ ਜ਼ਿੰਦਗੀ ਜਿਉਣ ਦਾ ਮੌਕਾ ਦੇਵਾਂ!
ਆਪਣੇ ਮਲਬੇ ਉੱਤੇ ਉਹਨੇ ਸਾਨੂੰ ਉਸਾਰਿਆ ਏ, ਜੇ ਅਸੀਂ ਵੀ ਉਹਦੀ ਮਿਹਨਤ ਦਾ ਮੁੱਲ ਨਾ ਪਾਉਂਦੇ ਤਾਂ ਇਹ ਉਹਦੇ ਵਿਰਦ ਨਾਲ਼ ਧੋਖਾ ਹੋਇਆ ਹੋਣਾ ਸੀ। ਵੱਡੀ ਭੈਣ ਪੰਜਾਬੀ ਅਧਿਆਪਕ ਏ ਤੇ ਆਪਣੇ ਘਰ ਸੁੱਖੀਂ-ਸਾਂਦੀ ਵਸਦੀ ਏ। ਐਸ.ਡੀ.ਐਮ. ਹੋਣ ਕਰਕੇ ਮੈਨੂੰ ਰੋਜ਼ ਕਿੰਨੇ ਹੀ ਸਲੂਟ ਵੱਜਦੇ ਨੇ, ਯਕੀਨ ਜਾਣਿਉ ਇਹ ਜੋ ਮੈਂ ਵੱਡਾ ਅਫ਼ਸਰ ਬਣਿਆ ਫਿਰਦਾ ਆਂ, ਇਹ ਸਭ ਮੇਰੇ ਅਣਪੜ੍ਹ ਬਾਪੂ ਦੀ ਦੇਣ ਏ। ਮੇਰੀ ਘੁਕਣੀ ਕੁਰਸੀ ਦੀਆਂ ਲੱਤਾਂ ਬਾਪੂ ਨੇ ਘੜੀਆਂ ਸਨ। ਬੜਾ ਔਖਾ ਏ ਮਾਂ ਦੀ ਗ਼ੈਰਹਾਜ਼ਰੀ ‘ਚ ਦੋ ਜਵਾਕਾਂ ਨੂੰ ਪਾਲ਼ ਕੇ ਪੈਰਾਂ ਸਿਰ ਕਰਨਾ, ਖ਼ਾਸ ਕਰਕੇ ਉਦੋਂ ਜਦੋਂ ਇੱਕ ਧੀ ਹੋਵੇ।
ਇਕੱਲਾ-ਕਹਿਰਾ ਤਾਂ ਰੁੱਖ ਵੀ ਨਹੀਂ ਹੁੰਦਾ, ਤਦੇ ਅੱਠੋ-ਪਹਿਰ ਅਸਮਾਨ ਧਰਤੀ ਵੱਲ਼ ਬਿੱਟ-ਬਿੱਟ ਤੱਕਦਾ ਰਹਿੰਦਾ ਏ, ਦੋਹਾਂ ‘ਚ ਕੋਈ ਬਾਤਚੀਤ ਹੁੰਦੀ ਰਹਿੰਦੀ ਏ ਪਰ ਬਾਪੂ ਨੂੰ ਸਾਰੀ ਉਮਰ ਰੁਣ-ਝੁਣ ਲਈ ਵੀ ਕੋਈ ਨਹੀਂ ਮਿਲਿਆ। ਆਪਣੇ ਇਕਲਾਪੇ ਨੂੰ ਉਹਨੇ ਦੜ ਵੱਟ ਕੇ ਪੂਰਿਆ ਜਾਂ ਸਾਡੇ ਵੱਲ ਵੇਖ-ਵੇਖ ਕੇ। ਉਹਦੇ ਬਾਰੇ ਸੋਚਦਾ ਆਂ ਤਾਂ ਮਨ ਮੋਮਜਾਮੇ ਦੇ ਲਫ਼ਾਫ਼ੇ ਵਾਂਗ ਅੱਗ ਦੇ ਨੇੜੇ ਹੋ ਕੇ ਗੁੱਛੂ-ਮੁੱਛੂ ਹੋ ਜਾਂਦਾ ਏ,
“ਕੁਝ ਨੀ ਲੁਕੋ ਕੇ ਰੱਖਿਆ ਵਾਗਰੂ ਨੇ!” ਤੰਗੀਆਂ-ਤੁਰਛੀਆਂ ‘ਚ ਗੁਜ਼ਾਰੀ ਜ਼ਿੰਦਗੀ ਦੇ ਬਾਵਜੂਦ ਬਾਪੂ ਦੇ ਮੂੰਹੋਂ ਇਹ ਸਬਰ-ਸੰਤੋਖ ਆਲ਼ੇ ਸ਼ਬਦ ਪਤਾ ਨੀ ਕਿੱਥੋਂ ਫੁੱਟ ਪੈਂਦੇ ਨੇ!
ਜੇ ਮਾਂ ਬੋਹੜ ਦੀ ਛਾਂ ਏ, ਬਾਪੂ ਕਈ ਇੰਚ ਮੋਟੀ ਬੁਲਟ-ਪਰੂਫ਼ ਢਾਲ ਏ। ਜੇ ਧੀਆਂ-ਪੁੱਤਾਂ ਨੂੰ ਉਹਦੇ ‘ਤੇ ਪਏ ਚੰਡ ਨਹੀਂ ਦੀਂਹਦੇ ਤਾਂ ਜ਼ਰੂਰ ਉਹਨਾਂ ਦੀ ਨਿਗ੍ਹਾ ‘ਚ ਕੋਈ ਨੁਕਸ ਏ।
ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ। ਚਾਰ ਅਪ੍ਰੈਲ, ਵੀਹ ਸੌ ਇੱਕੀ।