More Punjabi Kahaniya  Posts
ਵੇਖੀਂ,ਕਿਧਰੇ ਮੁੱਕਰ ਨਾ ਜਾਈਂ


ਵੇਖੀਂ,ਕਿਧਰੇ ਮੁੱਕਰ ਨਾ ਜਾਈਂ!…ਕਹਾਣੀ…
ਮਨਦੀਪ ਰਿੰਪੀ
ਢੋਲੀ ਦਾ ਡੱਗ ਡੱਗ ਕਰਦਾ ਡਗਾ… ਆਲ਼ੇ- ਦੁਆਲ਼ੇ ਸਜੀਆਂ ਦੁਕਾਨਾਂ ‘ਤੇ ਲੱਗੀ ਭੀੜ… ਚੂਨੇ ਨਾਲ ਸ਼ਿੰਗਾਰੇ ਰਾਹ ‘ਤੇ ਤੁਰੇ ਜਾਂਦੇ ਲੋਕਾਂ ਦਾ ਰੌਲ਼ਾ- ਰੱਪਾ । ਇਹ ਸਭ ਕੁਝ ਵੇਖ ਮੇਰਾ ਮਨ ਕਾਹਲ਼ਾ ਪੈ ਰਿਹਾ ਸੀ। ਮੇਰਾ ਚੰਦਰਾ ਮਨ ਤੇਜ਼ੀ ਨਾਲ਼ ਹੇਠਾਂ-ਉੱਪਰ ਹੋਈ ਜਾ ਰਿਹਾ ਸੀ । ਜੀਅ ਕਰਦਾ ਭੱਜ ਜਾਵਾਂ ਕਿਧਰੇ ਦੂਰ…ਬਹੁਤ ਦੂਰ …ਲੋਕਾਂ ਦੀ ਭੀੜ ਤੋਂ, ਇਸ ਦੁਨੀਆਂ ਦੇ ਰੌਲ਼ੇ-ਰੱਪੇ ਤੋਂ ਦੂਰ… ਪਰ ਅਫਸੋਸ ਐਨੇ ਜੋਗੀ ਵੀ ਕਿੱਥੇ ? ਲੋਕਾਂ ਦੇ ਜਿੰਨੇ ਮੂੰਹ , ਉੱਨੀਆਂ ਗੱਲਾਂ ਬਾਰੇ ਸੋਚਦੀ ਆਪਣੇ ਮਨ ਨਾਲ਼ ਦੋ-ਚਾਰ ਹੁੰਦੀ ਹੋਈ ਕਦਮਾਂ ਨਾਲ ਕਦਮ ਮਿਲਾਉੰਦੀ ਹੋਈ, ਲੋਕਾਂ ਦੀ ਭੀੜ ਨਾਲ ਤੁਰਨ ਲਈ। ਮੁੜ- ਮੁੜ ਮਨ ‘ਚ ਆਉੰਦਾ ਜੇ ਨਾ ਤੁਰੀ ਤਾਂ ਲੋਕਾਂ ਦੇ ਤਾਅਨੇ- ਮਿਹਣਿਆਂ ਨੇ ਜਿਊਣ ਜੋਗੀ ਕਿੱਥੇ ਛੱਡਣਾ ?
“ਚੰਦਰੀ ਨੂੰ ਭੋਰਾ ਚਾਅ ਨਈ ਹੋਇਆ”
….”ਕਾਲੇ ਮੁੂੰਹ ਆਲ਼ੀ …”
” ਸ਼ਗਨ ਮਨਾਉਂਦਿਆਂ ਨੂੰ ਵੇਖ ਜਰਿਆ ਨਈ ਜਾਂਦੈ…”
” ਮਸਾਂ-ਮਸਾਂ ਤਾਂ ਭਰਾ ਦੇ ਘਰ ਭਾਗ ਲੱਗੇ ਤੇ ਇਹ !…”
ਇਹ ਉਹੀ ਰਾਹ ਐ… ਜਿਸ ਰਾਹ ‘ਤੇ ਮੈਂ ਕਦੇ ਚਾਈਂ-ਚਾਈਂ ਭੱਜੀ ਜਾਂਦੀ ਸਾਂ ਸਾਰੀ ਭੀੜ ਨੂੰ ਪਿਛਾੜਦੀ ਹੋਈ ਸਭ ਤੋਂ ਮੁਹਰੇ । ਇਸ ਦਿਨ ਨੂੰ ਤਾਂ ਕਈ ਮਹੀਨੇ ਪਹਿਲਾਂ ਤੋੰ ਉਡੀਕਣ ਲੱਗ ਪੈੰਦੀ ਸਾਂ… ਉੰਗਲਾਂ ‘ਤੇ ਦਿਨ ਗਿਣਦੀ ਹੋਈ ਅੱਧੀ- ਅੱਧੀ ਰਾਤ ਤੱਕ ਬੀਬੀ-ਭਾਪੇ ਨੂੰ ਵੀ ਸੌਣ ਨਾ ਦਿੰਦੀ। ਉਚੇਚੇ ਤੌਰ ‘ਤੇ ਸ਼ਹਿਰ ਜਾਂਦੀ ਸੂਟ ਲੈਣ ਲਈ। ਪਿੰਡ ਕੱਪੜੇ ਲੈ ਕੇ ਆਉੰਦੇ ਡੱਗੀ ਵਾਲ਼ੇ ਸੰਤੂ ਤੇ ਨਿੰਦਰ ਦੇ ਕੱਪੜੇ ਜਦ ਮਨ ਨੂੰ ਨਾ ਲੱਗਦੇ ਤਾਂ ਬੀਬੀ ਗਾਲ੍ਹਾਂ ਕੱਢਦੀ…” ਹੁਣੇ ਤੋੰ ਨਈ ਨੱਕ ਥੱਲੇ ਨਹੀਂ ਆਉਂਦਾ ਕੋਈ ਲੀੜਾ … ਕੱਲ੍ਹ ਕਦ ਆਈ ?”
ਮੈੰ ਵੀ ਰੋਸੇ ਜਿਹੇ ਨਾਲ ਕਹਿ ਛੱਡਦੀ ” ਕੋਈ ਚੱਜ ਦਾ ਤਾਂ ਹੋਵੇ…ਤਾਂਹੀ ਨੱਕ ਥੱਲੇ ਆਉਂ…ਵਾਧੂ ਆਏ ਪੈਸੇ ! … ਬਚਿਆ-ਕੁਚਿਆ ਮਾਲ ਖਰੀਦਣ ਲਈ …”
ਪਰ ਹੁਣ ਤਾਂ ਇੰਜ ਲੱਗਦਾ ਸੀ ਜਿਵੇਂ ਸਾਰੇ ਚਾਅ ਮਰ-ਮੁੱਕ ਗਏ । ਜੇ ਮੇਰਾ ਵੱਸ ਚਲਦਾ ਤਾਂ ਮੈ ਇੱਥੇ ਕਦੇ ਨਾ ਆਉੰਦੀ ਪਰ ਆਪਣੀ ਭਾਬੋ ਨੂੰ ਨਾਂਹ ਕਿਵੇਂ ਕਰਦੀ ? ਤੇ ਕਿਉਂ ? ਜੇ ਨਾਹ ਕਰਦੀ ਤਾਂ ਭਾਬੋ ਦੇ ਮਨ ‘ਚ ਵੀ ਆਉੰਦਾ ਖੌਰੇ ਮੈਨੂੰ ਭਤੀਜੇ ਦਾ ਚਾਅ ਈ ਨਈ … ਮੰਨਤਾਂ ਮੰਗਦਿਆਂ ਮਸਾਂ ਤਾਂ ਰੱਬ ਨੇ ਭਾਗ ਲਾਏ ਮੇਰੇ ਪਿਓ ਦੇ ਵਿਹੜੇ …ਉਪਰੋ-ਥਲੀ ਦੋ ਧੀਆਂ ਤੋੰ ਬਾਅਦ ਮਸਾਂ ਪੁੱਤ ਜੰਮਿਆ… ਉਂਜ ਮੇਰੀ ਭਾਬੋ ਮੇਰਾ ਬਥੇਰਾ ਕਰਦੀ …ਇਨ੍ਹਾਂ ਦਸਾਂ ਸਾਲਾਂ ‘ਚ ਭਾਬੋ ਨੇ ਮੈਨੂੰ ਵੇਖ ਕਦੀ ਮੱਥੇ ਵੱਟ ਨਹੀਂ ਪਾਇਆ… ਜਦੋਂ ਪੇਕੇ ਜਾਂਦੀ ਸਭ ਤੋਂ ਵੱਧ ਚਾਅ ਭਾਬੋ ਨੂੰ ਚੜ੍ਹਦਾ … ਦਸ ਸਾਲ ਹੋ ਗਏ ਮੇਰੇ ਵਿਆਹ ਨੂੰ …ਵਿਆਹ ਦੇ ਪਹਿਲੇ ਵਰ੍ਹੇ ਤੋਂ ਹੀ ਔਲਾਦ ਦੇ ਸੁਪਨੇ ਬੁਣਦੀ-ਬੁਣਦੀ , ਸੁਪਨਿਆਂ ਵਿੱਚ ਨਿੱਕੇ-ਨਿੱਕੇ ਜੁਆਕਾਂ ਦੇ ਅੱਗੇ-ਪਿੱਛੇ ਦੌੜਦੀ ਪਰ ਕੁੱਖ ਸੱਖਣੀ ਹੀ ਰਹੀ ਔਲਾਦ ਦੇ ਸੁੱਖ ਤੋਂ । ਹੁਣ ਜਦੋਂ ਕਦੇ ਆਪਣੀ ਸੁੰਨੀ ਕੁੱਖ ਬਾਰੇ ਸੋਚਦੀ ਤਾਂ ਅੱਖਾਂ ਦੇ ਕੋਇਆਂ ‘ਚੋਂ ਪਾਣੀ ਆਪੇ ਤੁਰ ਪੈਂਦੇ । ਖੌਰੇ ਐਨਾ ਪਾਣੀ ਨਿੱਕੀਆਂ-ਨਿੱਕੀਆਂ ਅੱਖਾਂ ‘ਚੋਂ ਕਿਵੇਂ ਸਿੰਮਦਾ ਰਹਿੰਦਾ ! ਜਿੱਥੇ ਕਿਸੇ ਨੇ ਦੱਸ ਪਾਈ ਝੋਲੀ ਅੱਡ ਕੇ ਤੁਰ ਪੈਂਦੀ ਔਲਾਦ ਖ਼ਾਤਰ ਪਰ ਸਿਆਣੇ ਕਹਿੰਦੇ,”ਜੇ ਭਾਗਾਂ ‘ਚ ਹੋਵੇ ਤਾਂ ਮੰਗਣ ਦੀ ਲੋੜ ਨਹੀਂ।”
ਜਦੋਂ ਮੱਥੇ ਰਗੜ-ਰਗੜ ਕੇ ਥੱਕ ਗਈ ਤਾਂ ਸੋਚਦੀ ਹਾਂ ਭਾਗਾਂ ‘ਚ ਨਈ ਹੋਣੀ ਮੇਰੇ ਔਲਾਦ , ਤਾਂ ਹੀ ਨਾ ਮੈਨੂੰ ਕਿਸੇ ਦੀ ਡਾਕਟਰੀ ਰਾਸ ਆਈ ਤੇ ਨਾ ਵਾਧੂ ਦੱਸੇ ਟੋਟਕੇ। ਜਦ ਡਾਕਟਰਾਂ ਦੀ ਸਮਝ ‘ਚ ਕੁਝ ਨਾ ਆਵੇ ਤਾਂ ਬੰਦਾ ਥੱਕ-ਹਾਰ ਕੇ ਸਿਆਣਿਆਂ ਵੱਲ ਨੂੰ ਤੁਰ ਪੈਂਦਾ ਪਰ ਠੋਕਰਾਂ ਖਾ ਆਪੇ ਮੁੜ ਆਉਂਦਾ ਤੇ ਮੈਂ ਵੀ ਮੁੜ ਆਈ।ਕਹਿੰਦੇ ਨੇ ‘ਮੱਛੀ ਪੱਥਰ ਚੱਟ ਕੇ ਵਾਪਸ ਮੁੜਦੀ ‘ ਹੋਰ ਕਰਦੀ ਵੀ ਕੀ ? ਹਰ ਮਹੀਨੇ ਉਮੀਦ ਲਾ ਕੇ ਬਹਿ ਜਾਂਦੀ। ਬੋਝ-ਭਾਰ ਦੇ ਕੰਮ ਨੂੰ ਡਰਦੀ- ਡਰਦੀ ਹੱਥ ਪਾਉਂਦੀ ।
ਇਨ੍ਹਾਂ ਦਸਾਂ ਸਾਲਾਂ ‘ਚ ਪਪੀਤਾ ਤੱਕ ਨਈ ਘਰ ਵਾੜਿਆ… ਜਿਹਨੂੰ ਆਪਣੇ ਪੇਕੇ ਘਰ ‘ਚ ਮੈੰ ਉਡੀਕਦੀ ਰਹਿੰਦੀ ਸਾਂ । ਮੈਨੂੰ ਵਧੀਆ ਜੋ ਲੱਗਦਾ ਸੀ । ਕਦੇ ਪੀਲ਼ੇ-ਪੀਲ਼ੇ ਅੰਬਾਂ ਨੂੰ ਵੇਖ ਮੇਰੇ ਮੂੰਹ ‘ਚ ਪਾਣੀ ਭਰ ਆਉੰਦਾ ਸੀ ਤੇ ਹੁਣ ਵੀ ਬਥੇਰਾ ਚਿੱਤ ਕਰਦਾ ਖਾਣ ਨੂੰ, ਵੇਖ ਕੇ । ਪਰ ਉਨ੍ਹਾਂ ਦੀ ਗਰਮ ਤਾਸੀਰ ਬਾਰੇ ਸੋਚ ਕੇ ਹੁਣ ਮੈੰ ਉਨ੍ਹਾਂ ਨੂੰ ਘੂਰਦੀ ਹੋਈ ਆਪਣਾ ਮਨ ਸਮਝਾ ਕੇ ਬੈਠ ਜਾਂਦੀ । ਕਿੰਨੇ ਸਾਲਾਂ ਤੋੰ ਜੀਭ ਤਰਸਦੀ ਮੇਰੀ,ਖਾਣ ਲਈ।
ਦਸ ਸਾਲਾਂ ਦਾ ਸਮਾਂ ਕਿਹੜਾ ਥੋੜ੍ਹਾ ਹੁੰਦਾ ! ਇਨ੍ਹਾਂ ਦਸਾਂ ਸਾਲਾਂ ਵਿਚ ਕਈ ਮੈਥੋਂ ਬਾਅਦ ਵਿਆਹ ਕੇ ਆਈਆਂ, ਦੇ ਨਿਆਣੇ ਵੀ ਗੱਭਰੂ ਲੱਗਣ ਲੱਗੇ । ਸੁੱਖ ਨਾਲ਼ ਮੇਰੇ ਵੀਰ ਦਾ ਵਿਆਹ ਮੇਰੇ ਵਿਆਹ ਤੋਂ ਸਾਲ ਕੁ ਪਹਿਲਾਂ ਹੀ ਹੋਇਆ ਸੀ ਤੇ ਹੁਣ ਮੇਰੇ ਬਾਬੁਲ ਦੇ ਵਿਹੜੇ ਉਹਦੀਆਂ ਪੋਤੀਆਂ ਨਾਲ ਰੌਣਕ ਡੁੱਲ੍ਹ-ਡੁੱਲ੍ਹ ਪੈਂਦੀ।
ਮੈਂ ਵੀ ਕਮਲੀ ਹਾਂ,ਜਿਹੜੀ ਰਾਹਾਂ ਦੀ ਧੂੜ ਦੇ ਨਾਲ਼- ਨਾਲ਼ ਆਪਣੀਆਂ ਯਾਦਾਂ ਦੀ ਧੂੜ ਫਰੋਲਣ ਲੱਗੀ । ਸੁਮਨ ਭਾਬੋ ਆਪਣੇ ਪੁੱਤ ਨੂੰ ਬੁੱਕਲ ‘ਚ ਲੁਕੋ ਕੇ ਤੁਰੀ ਹੋਈ ਤੇ ਮੇਰੀ ਵੱਡੀ ਭਤੀਜੀ ਨੇ ਮੇਰੀ ਮਾਂ ਦੀ ਉਂਗਲ ਫੜੀ ਹੋਈ। ਛੋਟੀ ਭਤੀਜੀ ਮੇਰੀ ਬਾਂਹ ਨਾਲ਼ ਝੂਮ-ਝੂਮ ਕੇ ਮੇਰੇ ਕਦਮਾਂ ਨਾਲ਼ ਕਦਮ ਮੇਚਦੀ ਹੋਈ ਅੱਗੇ ਵਧ ਰਹੀ ਹੈ । ਜਦ ਢੋਲੀ ਡੱਗਾ ਮਾਰਦਾ ਤਾਂ ਵਾਜੇ ਵਾਲੇ ਵੀ ਆਪਣੇ ਸੁਰ ਠੀਕ ਕਰਨ ਲੱਗਦੇ। ਮੇਰੇ ਮਨ ‘ਚ ਖੌਰੂ ਜਿਹਾ ਪੈਣ ਲੱਗਦਾ । ਮੈਂ ਔਖਿਆਂ-ਸੌਖਿਆਂ ਡਿੰਗਾਂ ਪੁੱਟਦੀ ਮੰਦਰ ਪਹੁੰਚ ਹੀ ਗਈ।
ਮੱਥਾ ਟੇਕਣ ਲਈ ਲੰਮੀ ਕਤਾਰ ਵੇਖ ਮਨ ਘਾਬਰਨ ਲੱਗਿਆ। ਨਵੀਂਆਂ ਵਿਆਹੀਆਂ ਦੇ ਚਾਅ-ਮਲਾਰ ਵੇਖ ਆਪ ਮੁਹਾਰੇ ਮੇਰੇ ਹੱਥ ਜੁੜ ਗਏ ਤੇ ਮੈੰ ਮਾਤਾ ਰਾਣੀ ਮੂਹਰੇ ਅਰਜ਼ੋਈਆਂ ਕਰਨ ਲੱਗੀ ,” ਹੇ ! ਮਾਤਾ ਰਾਣੀ ! ਭਾਗ ਲਾਈ ਇਨ੍ਹਾਂ ਸਭ ਦੀਆਂ ਕੁੱਖਾਂ ਨੂੰ …ਕਿਸੇ ਨੂੰ ਨਾ ਮੇਰੇ ਵਾਂਗੂੰ ਤਰਸਨਾ ਪਵੇ ਆਪਣੇ ਕੁੱਖੋਂ ਜਾਇਆਂ ਨੂੰ ਬੁੱਕਲ ‘ਚ ਲੁਕਾਉਣ ਲਈ ।”
ਬਾਹਲੀ ਭੀੜ ਵੇਖ ਮੇਰੀ ਮਾਂ ਸਾਨੂੰ ਹਾਲ ਵਿੱਚ ਬੈਠਣ ਲਈ ਆਖਣ ਲੱਗੀ ,” ਚਲੋ ! ਪਹਿਲਾਂ ਸਾਹ ਲੈ ਲਓ… ਨਾਲੇ ਚੌਂਕੀ ਭਰ ਹੋ ਜਾਉ.. ਫੇਰ ਆਰਾਮ ਨਾਲ਼ ਮੱਥਾ ਟੇਕਦੇ…ਉਦੋੰ ਤੱਕ ਭੀੜ ਵੀ ਘੱਟ ਜਾਉ।”
ਉੱਥੇ ਬੈਠਿਆਂ ਮੇਰਾ ਮਨ ਮੁੜ ਅਨੇਕਾਂ ਉਗੜੇ-ਦੁਗੜੇ ਖ਼ਿਆਲਾਂ ਨਾਲ ਘੁਲਣ ਲੱਗਿਆ । ਇੰਨੇ ਨੂੰ ਤੂੰ ਭੂਆ ਜੀਤੋ ਸਾਡੇ ਕੋਲ ਆ ਬੈਠੀ । ਮੇਰੀ ਭਾਬੋ ਤੇ ਮਾਂ ਨੂੰ ਵਧਾਈਆਂ ਦਿੰਦੀ ਹੋਈ ਮੈਨੂੰ ਪੁੱਛਣ ਲੱਗੀ,” ਧੀਏ ! ਹੋਰ ਸੁਣੋ ! ਘਰ-ਬਾਰ ਸਭ ਠੀਕ ਐ ?”
ਜੀਤੋ ਭੂਆ ਦੇ ਮੂੰਹੋਂ ‘ਠੀਕ’ ਸ਼ਬਦ ਸੁਣਨ ਦੀ ਦੇਰ ਸੀ ਕਿ ਮੇਰੀਆਂ ਅੱਖਾਂ ਮੁੜ ਭਰ ਆਈਆਂ । ਮੈਂ ਹੰਝੂ ਅੱਖਾਂ ਵਿੱਚ ਡੱਕਦੀ- ਡੱਕਦੀ ਵੀ ਰੋਕ ਨਾ ਸਕੀ। ਹੰਝੂ ਆਪ ਮੁਹਾਰੇ ਅੱਖਾਂ ਦਾ ਦਰ ਛੱਡ ਗੱਲ਼ਾਂ ‘ਤੇ ਫੈਲਣ ਲੱਗੇ । ਮੇਰੀ ਨਿਗ੍ਹਾ ਮਾਤਾ ਰਾਣੀ ਦੇ ਚਿਹਰੇ ਵੱਲ ਦੌੜਨ ਦੀ ਦੇਰ ਸੀ ਕਿ ਹੁਣ ਹੁੰਝੂ ਇੰਜ ਕਿਰਨ ਲੱਗੇ ਜਿਵੇਂ ਕੋਈ ਬੰਨ੍ਹ ਟੁੱਟਿਆ ਹੋਵੇ। ਇੱਕ ਵਾਰ ਤਾਂ ਇੰਝ ਲੱਗਿਆ ਜਿਵੇੰ ਅੱਖਾਂ ਖ਼ਾਲੀ ਹੋ ਕੇ ਹੀ ਸਾਹ ਲੈਣਗੀਆਂ। ਦੂਜੇ ਪਾਸੇ ਮੇਰੀਆਂ ਅੱਖਾਂ ਨੀਵੀਆਂ ਹੋ ਰਹੀਆਂ ਸਨ , ਇਹ ਸੋਚ ਕੇ ਕਿ ਲੋਕਾਂ ਨੂੰ ਮੂੰਹ ਜੋੜ-ਜੋੜ ਕੇ ਗੱਲਾਂ ਕਰਨ ਦਾ ਇੱਕ ਹੋਰ ਬਹਾਨਾ ਮਿਲ ਗਿਆ,
“ਚੰਦਰੀ!ਵੀਰ ਦੇ ਘਰ ਜਾਇਆ ਜਰ ਨਈ ਹੁੰਦਾ।”
” ਹਰ ਥਾਂ ਆਪਣਾ ਈ ਰੋਣਾ-ਧੋਣਾ ਲੈ ਕੇ ਬਹਿ ਜਾਂਦੀ ।”
ਹੁਣ ਮੇਰਾ ਉੱਥੇ ਬੈਠਣਾ ਹੋਰ ਵੀ ਮੁਹਾਲ ਹੋ। ਮੇਰੀਆਂ ਭਿੱਜੀਆਂ ਅੱਖਾਂ ਵੇਖ ਜੀਤੋ ਭੂਆ ਮੇਰੇ ਸਿਰ ਨੂੰ ਪਲੋਸਦੀ ਹੋਈ ਆਖਣ ਲੱਗੀ,” ਧੀਏ ਰੋ ਕੇ ਦਿਲ ਹੌਲਾ ਕਰ ਲੈ… ਮਾਤਾ ਰਾਣੀ ਆਪੇ ਝੋਲੀਆਂ ਭਰੂ ਕਦੇ ਨਾ ਕਦੇ ।”
ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੰਦਰ ‘ਚ ਮੌਜੂਦ ਸਾਰੀਆਂ ਅੱਖਾਂ ਮੈਨੂੰ ਘੂਰ ਰਹੀਆਂ ਹੋਣ। ਜੀਤੋ ਭੂਆ ਸਾਡੇ ਲਾਗੇ ਚੌਂਕੜੀ ਮਾਰ ਬੈਠੀ ਹੋਈ ਅਚਾਨਕ ਅੱਖਾਂ ਬੰਦ ਕਰ ਤੇਜ਼ੀ ਨਾਲ ਸਿਰ ਹਿਲਾਉਂਦੀ ਹੋਈ ਮੂੰਹ ‘ਚ ਕੁਝ ਬੁੜਬੁੜ ਕਰਨ ਲੱਗੀ। ਉਹਦੀ ਬੁੜਬੁੜ ਥੋੜ੍ਹੇ ਚਿਰ ਮਗਰੋਂ ਲਲਕਾਰ ਬਣ ਗਈ । ਪੰਡਾਲ ਦੀਆਂ ਸਾਰੀਆਂ ਘੂਰਦੀਆਂ ਅੱਖਾਂ ਉਹਦੇ ਆਲ਼ੇ- ਦੁਆਲ਼ੇ ਆ ਚਿੰਬੜੀਆ।
ਅਚਾਨਕ ਉਹ ਸੁਮਨ ਭਾਬੋ ਦੀ ਪਿੱਠ ‘ਤੇ ਜ਼ੋਰ ਦੀ ਥਾਪੜਾ ਮਾਰ ਉੱਚੇ ਸੁਰ ਵਿੱਚ ਆਖਣ ਲੱਗੀ ,” ਹਾਂ ! ਫੇਰ ਦੇ ਵਚਨ … ਮਹਾਂਮਾਈ ਦੇ ਸਾਹਮਣੇ… ਦੱਸ ਦਿੰਦੀ ਐ ਵਚਨ ?”
ਭਾਬੋ ਦੇ ਨਾਲ਼-ਨਾਲ਼ ਅਸੀਂ ਸਾਰੇ ਜੀਅ ਸਹਿਮ ਗਏ। ਕਿਸੇ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਉਹ ਕਿਹੜੇ ਵਚਨਾਂ ਦੀ ਗੱਲ ਕਰਦੀ । ਭਾਬੋ ਦੇ ਕੰਬਦੇ- ਕੰਬਦੇ ਬੁੱਲ੍ਹਾਂ ‘ਚੋੰ ਮਸਾਂ ਐਨਾ ਈ ਨਿਕਲਿਆ ,” ਭੂਆ ! ਮੈੰ ਕੁਝ ਸਮਝੀ ਨਹੀਂ ?”
ਭੂਆ ਜੀਤੋ ਹੋਰ ਉੱਚੀ ਚੀਕਦੀ ਹੋਈ ,” ਦੱਸ ! ਇਹਦੀ ਸੁੰਨੀ ਗੋਦੀ ਨੂੰ ਭਰੇਗੀ ? ਦਊੰਗੀ ਆਪਣਾ ਜੁਆਕ ਇਹਨੂੰ ?”
ਇਹ ਕਿਹੋ-ਜਿਹੋ ਜਿਹਾ ਸਵਾਲ ਸੀ । ਜਿਹੜਾ ਭਾਬੋ ਦੇ ਨਾਲ-ਨਾਲ ਸਾਡੇ ਸਭ ਦੇ ਸਾਹਮਣੇ ਲੱਤਾਂ ਪਸਾਰੀ ਬੈਠ ਗਿਆ। ਭਾਬੋ ਨੇ ਬੁੱਕਲ ‘ਚ ਪਏ ਆਪਣੇ ਪੁੱਤ ਨੂੰ ਛਾਤੀ ਨਾਲ ਘੁੱਟ ਲਿਆ । ਉਹ ਮਾਤਾ ਰਾਣੀ ਦੀ ਮੂਰਤੀ ਵੱਲ ਨੀਝ ਲਾ ਕੇ ਵੇਖਣ ਲੱਗੀ । ਹੁਣ ਉਹ ਸੁੰਨ ਜਿਹੀ ਬੈਠੀ ਸੀ। ਪੰਡਾਲ ਵਿੱਚ ਘੁੰਮਦੀਆਂ ਅੱਖਾਂ , ਕਦੇ ਲਲਕਾਰਦੀ ਜੀਤੋ ਭੂਆ ਦੇ ਚਿਹਰੇ ‘ਤੇ ਖੜ੍ਹ ਜਾਂਦੀਆਂ ਤੇ ਕਦੇ ਸੁਮਨ ਭਾਬੋ ਦੇ ਚਿਹਰੇ ਨੂੰ ਘੇਰ ਲੈੰਦੀਆਂ । ਜਿਉ-ਜਿਉ ਭੂਆ ਲਲਕਾਰੇ ਮਾਰਦੀ , ਸਾਡੇ ਸਭ ਦੇ ਦਿਲਾਂ ਦੀਆਂ ਧੜਕਣਾਂ ਦੀ ਠੱਕ-ਠੱਕ ਵੀ ਵੱਧ ਜਾਂਦੀ। ਸੁਮਨ ਭਾਬੋ ਦੇ ਬੁੱਲ੍ਹ ਫ਼ਰਕਦੇ ਪਰ ਅਵਾਜ਼ ਸੰਘ ‘ਚ ਡੁੱਬ ਕੇ ਰਹਿ ਜਾਂਦੀ । ਮੇਰਾ ਮਨ ਅਜੀਬ ਜਿਹੀਆਂ ਬੁਣਤਾਂ ਬੁਣਦਾ ਹੋਇਆ ਕਿਤੇ ਨਾ ਕਿਤੇ ਮੈਨੂੰ ਦੋਸ਼ੀ ਕਰਾਰ ਦੇ ਰਿਹਾ ਸੀ । ਮੈਂ ਹੁਣ ਹੋਰ ਚੁੱਪ ਕਿਵੇਂ ਰਹਿ ਸਕਦੀ ਸਾਂ । ਮੇਰੀ ਹਟਕੋਰਿਆਂ ਨਾਲ ਭਰੀ ਜ਼ੁਬਾਨ ਆਖਰ ਬੋਲ ਪਈ ।
” ਨਹੀਂ ! ਇੱਕ ਮਾਂ ਦੀ ਕੁੱਛੜ ਸੁੰਨੀ ਕਰਕੇ ਮੈਂ ਮਾਂ ਕਿਉਂ ਬਣਾ ? ਮੈਂ ਕਿਸੇ ਦੀ ਮਮਤਾ ਭਰੇ ਸੁਪਨਿਆਂ ਦੀ ਰਾਖ਼ ਨਾਲ ਆਪਣੀ ਜ਼ਿੰਦਗੀ ਕਦੇ ਨਹੀਂ ਰੁਸ਼ਨਾ ਸਕਦੀ।”
ਹਾਲੇ ਮੇਰੀ ਗੱਲ ਪੂਰੀ ਵੀ ਨਹੀਂ ਹੋਈ ਸੀ ਜੀਤੋ ਭੂਆ ਮੇੈਨੂੰ ਟੋਕਦੀ ਹੋਈ ਆਖਣ ਲੱਗੀ ,”ਮੈਂ ਇਹਦੇ ਇਸ ਪੁੱਤ ਨੂੰ ਕਦੋਂ ਤੈਨੂੰ ਦੇਣ ਲਈ ਆਖਿਆ? ਮੈਂ ਤਾਂ ਇਹਦੀ ਕੁੱਖੋੰ ਹੋਰ ਜੰਮਣ ਵਾਲੇ ਜੁਆਕ ਦੀ ਗੱਲ ਕੀਤੀ ।”
ਜੀਤੋ ਭੂਆ ਦੀ ਗੱਲ ਸੁਣ ਭਾਬੋ ਦੀਆਂ ਅੱਖਾਂ ‘ਚ ਸਹਿਮ ਦੀ ਕਾਲਖ ਘਟਣ ਲੱਗੀ ਤੇ ਉਹ ਬਿਨਾਂ ਕੁਝ ਸੋਚੇ- ਸਮਝੇ ਤੇ ਸਮਾਂ ਗੁਆਏ ਇੱਕੋ ਸਾਹ ‘ਚ ਆਖਣ ਲੱਗੀ,”ਠੀਕ ਐ!ਮੇਰੇ ਢਿੱਡੋਂ ਜਾਏ ਅਗਲੇ ਜੁਆਕ ਨੂੰ ਮੈਂ ਇਹਦੀ ਝੋਲੀ ਪਾ ਦਿਆਂਗੀ… ਮੇਰਾ ਕੋਈ ਹੱਕ ਨਹੀਂ ਹੋਵੇਗਾ ਉਸ ਬੱਚੇ ‘ਤੇ।”
ਹੁਣ ਜੀਤੋ ਭੂਆ ਮੇਰੇ ਚਿਹਰੇ ‘ਤੇ ਨੀਝ ਲਾ ਕੇ ਵੇਖਦੀ ਹੋਈ ਪੁੁੱਛਣ ਲੱਗੀ ,” ਹਾਂ ! ਤੂੰ ਦੱਸ ਬਣੇਗੀ ਉਹਦੀ ਮਾਂ?”
ਹੁਣ ਮੈਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਮੈਂ ਕੀ ਆਖਾਂ ? ਮੈਨੂੰ ਇੰਝ ਲੱਗਿਆ ਜਿਵੇੰ ਮੇਰੀ ਜ਼ੁਬਾਨ ਨੇ ਕੁਝ ਪਲਾਂ ਲਈ ਮੇਰਾ ਸਾਥ ਛੱਡ ਦਿੱਤਾ ਹੋਵੇ। ਮੈਂ ਬਹੁਤ ਭਾਵੁਕ ਹੋ ਕੇ ਹੁਬਕੀਂ-ਹੁਬਕੀਂ ਰੋਂਦੀ ਹੋਈ ‘ਹਾਂ ਵਿੱਚ ਹਾਮੀ ਭਰਨ ਲੱਗੀ ਪਰ ਨਾਲੋਂ-ਨਾਲ਼ ਮੇਰੇ ਮਨ ਵਿਚ ਇੱਕ ਸਵਾਲ ਹੁੱਝਾਂ ਮਾਰਨ ਲੱਗਿਆ ,” ਕੀ ਮੇਰੀ ਕੁੱਖ ਨੂੰ ਕਦੇ ਭਾਗ ਨਹੀਂ ਲੱਗਣਗੇ ? ਮੈਨੂੰ ਮਾਂ ਕਹਾਉਣ ਲਈ ਕਿਸੇ ਹੋਰ ਦੀ ਕੁੱਖ ਦੀ ਛਾਂ ਲੱਭਣੀ ਪੈਣੀ?”
ਜੀਤੋ ਭੂਆ ਮੇਰੀ ਪਿੱਠ ਥਾਪੜਦੀ ਹੋਈ,” ਜੋ ਭਾਗਾਂ ਵਿੱਚ ਲਿਖਿਆ ਨਾ ਤਾਂ ਤੂੰ ਬਦਲ ਸਕਦੀ ਤੇ ਨਾ ਮੈਂ ।”
ਇਹ ਗੱਲ ਸੁਣ ਮੈਂ ਸੁੰਨ ਜਿਹੀ ਹੋ ਉਥੋਂ ਖੜ੍ਹੀ ਹੋਈ । ਮੈਨੂੰ ਘੁੰਮੇਰ ਜਿਹੀ ਆਉਣ ਲੱਗੀ । ਮੈਂ ਮੁੜ ਸੋਚਾਂ ਵਿੱਚ ਪੈ ਗਈ ਤੇ ਮੇਰੀਆਂ ਅੱਖਾਂ ਸਾਹਮਣੇ ਮੇਰਾ ਹਮ-ਸਫਰ ਸੰਜੀਵ ਤੇ ਮੇਰੀ ਸੱਸ ਘੁੰਮਣ ਲੱਗੇ । ਕੀ ਉਹ ਸਹਿਮਤੀ ਦੇਣਗੇ ? ਪਰ ਦੂਜੇ ਹੀ ਪਲ ਮੇਰੇ ਮੂੰਹੋਂ ਨਿਕਲਿਆ ,” ਮਾਤਾ ਰਾਣੀ ਨੂੰ ਜੋ ਮੰਜੂਰ।”
ਹੁਣ ਮੈਂ ਭਾਬੋ ਸਾਹਮਣੇ ਹੱਥ ਬੰਨ੍ਹੀ ਖੜ੍ਹੀ ਮਿੰਨਤ ਜਿਹੀ ਨਾਲ਼ ,” ਵੇਖ ਭਾਬੋ ! ਹੁਣ ਮੈਨੂੰ ਤੇਰਾ ਹੀ ਆਸਰਾ … ਮੇਰੀ ਕੁੱਖ ਤਾਂ ਪੱਥਰ ਬਣ ਗਈ …ਹੁਣ ਵੇਖੀਂ ! ਕਿਧਰੇ ਔਲਾਦ ਉਡੀਕਦੀ ਹੋਈ ਮੈਂ ਵੀ ਪੱਥਰ ਨਾ ਹੋ ਜਾਵਾਂ!”
ਭਾਬੋ ਮੁਹਰੇ ਮੇਰੇ ਪਰਲ- ਪਰਲ ਵਹਿੰਦੇ ਹੰਝੂਆਂ ਨੇ ਸਾਰੇ ਪੰਡਾਲ ਨੂੰ ਚੁੱਪ ਦੀ ਚਾਦਰ ਵਿੱਚ ਲਪੇਟ ਦਿੱਤਾ। ਭਾਬੋ ਮੇਰੇ ਹੱਥਾਂ ਨੂੰ ਆਪਣੇ ਹੱਥਾਂ ‘ਚ ਫੜ , ਮੇਰੀਆਂ ਅੱਖਾਂ ਨੂੰ ਪੂੰਝਦੀ ਹੋਈ ਮੁੜ ਹਾਮੀ ਭਰਨ ਲੱਗੀ,” ਆਉਣ ਵਾਲੇ ਅਗਲੇ ਜੀਅ ਦਾ ਮੇਰੇ ਨਾਲ ਸੰਬੰਧ ਜੰਮਣ ਪੀੜਾਂ ਤਕ ਹੀ ਰਹੇਗਾ …ਉਸ ਤੋਂ ਬਾਅਦ ਉਹ ਤੇਰਾ ਈ ਹੋਵੇਗਾ ।”
ਹੁਣ ਜੀਤੋ ਭੂਆ ਮਾਤਾ ਦੀ ਮੂਰਤੀ ਮੁਹਰੇ ਹੱਥ ਜੋੜੀ ਲੰਮੀ ਪਈ ਸੀ।ਪੰਡਾਲ ‘ਚ ਮੌਜੂਦ ਲੋਕ ਮਾਤਾ ਦੀ ਮੂਰਤੀ ਦੇ ਨਾਲ- ਨਾਲ ਉਹਨੂੰ ਵੀ ਮੱਥਾ ਟੇਕ ਅੱਗੇ ਲੰਘ ਰਹੇ ਸਨ । ਜੀਤੋ ਭੂਆ ਦੇ ਖਿੱਲਰੇ ਹੋਏ ਵਾਲ ਤੇ ਬੰਦ ਅੱਖਾਂ ਨੂੰ ਵੇਖ ਭੈਅ ਆਉਂਦਾ ਸੀ।
ਥੋੜ੍ਹੀ ਦੇਰ ਦੀ ਚੁੱਪੀ ਮਗਰੋਂ ਜੀਤੋ ਭੂਆ ਮੁੜ ਸਿਰ ਹਿਲਾਉਂਦੀ ਹੋਈ ਲੋਰ ‘ਚ ਆਈ ਹੋਈ ਲਲਕਾਰੇ ਮਾਰਦੀ ਭਾਬੋ ਕੋਲ ਆ ਪਹੁੰਚੀ । ਭਾਬੋ ਦੀ ਬੁੱਕਲ ‘ਚੋੰ ਬੱਚਾ ਚੁੱਕ ਮੇਰੇ ਪੱਟਾਂ ‘ਤੇ ਰੱਖ ਦਿੱਤਾ । ਭਾਬੋ ਦੀਆਂ ਅੱਖਾਂ ਦੇ ਕੋਇਆਂ ‘ਚ ਖਡ਼੍ਹੇ ਪਾਣੀ ਨੂੰ ਮੁੜ ਰਾਹ ਮਿਲ ਗਿਆ। ਮੇਰੀਆਂ ਅੱਖਾਂ ਮੁੜ ਇਹ ਵਰਤਾਰਾ ਵੇਖਣ ਲਈ ਇੱਕੋ ਥਾਂ ਖੜ੍ਹ ਗਈਆਂ । ਜੀਤੋ ਭੂਆ ਆਖਣ ਲੱਗੀ ,” ਲੈ ! ਇੱਕ ਵਾਰ ਇਸ ਜੁਆਕ ਨੂੰ ਮਾਂ ਵਾਂਗੂੰ ਆਪਣੀ ਛਾਤੀ ਨਾਲ ਲਾ ਕੇ ਵੇਖ । ਦੇਖੀਂ ! ਸਭ ਠੀਕ ਹੋ ਜਾਣਾ ਛੇਤੀ ਹੀ …ਮਹਾਂਮਾਈ ‘ਤੇ ਭਰੋਸਾ ਰੱਖ। ਹੁਣ ਆਪਣੇ ਹੱਥੀਂ ਆਪਣੇ ਭਤੀਜੇ ਨੂੰ ਆਪਣੀ ਭਾਬੋ ਦੀ ਗੋਦੀ ‘ਚ ਪਾ ਦੇ ।”
ਮੈਂ ਆਪਣੇ ਕੰਬਦਿਆਂ ਹੱਥਾਂ ਨਾਲ ਜੁਆਕ ਨੂੰ ਭਾਬੋ ਦੇ ਹੱਥਾਂ ‘ਚ ਸੰਭਾਲ ਦਿੱਤਾ। ਭਾਬੋ ਨੇ ਆਪਣੇ ਪੁੱਤ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ । ਉਹਨੂੰ ਵੇਖ ਇੰਜ ਲੱਗਿਆ ਜਿਵੇਂ ਪਤਾ ਨਹੀਂ ਕਿੰਨੀ ਕੁ ਚਿਰ ਮਗਰੋਂ ਉਹਦਾ ਆਪਣੇ ਪੁੱਤ ਨਾਲ ਮੇਲ ਹੋਇਆ ਹੋਵੇ।
ਅਚਾਨਕ ਭਾਬੋ ਦਾ ਮਨ ਮੈਲ ਨਾਲ ਭਰ ਗਿਆ । ਉਹ ਸੋਚਣ ਲੱਗੀ ,”ਪੁੱਤ ਦਾ ਦੋ ਪਲ ਦਾ ਵਿਛੋੜਾ ਮੇਰੇ ਲਈ ਅਸਹਿ ਸੀ … ਮੈਂ ਆਪਣੀ ਹੋਣ ਵਾਲੀ ਔਲਾਦ ਨੂੰ ਕਿੰਜ ਦਿਆਂਗੀ ਕਿਸੇ ਹੋਰ ਨੂੰ?”
ਜੀਤੋ ਭੂਆ ਨੇ ਜਿਵੇੰ ਉਹਦੇ ਮਨ ਨੂੱ ਪੜ੍ਹ ਲਿਆ ਹੋਵੇ । ਭਾਬੋ ਦੇ ਸਿਰ ‘ਤੇ ਹੱਥ ਧਰਦੀ ਹੋਈ ਆਖਣ ਲੱਗੀ,” ਧੀਏ ! ਮਨ ਕਰੜਾ ਕਰ ਲਈਂ ਪਹਿਲਾਂ ਹੀ …ਹੋਣ ਵਾਲੇ ਜੀਅ ਲਈ ਐਵੇਂ ਨਾ ਮਮਤਾ ਦੇ ਧਾਗਿਆਂ ‘ਚ ਮਨ ਉਲਝਾ ਬੈਠੀ।”
ਭਾਬੋ, ਭੂਆ ਦੇ ਪੈਰਾਂ ‘ਤੇ ਝੁਕ ਗਈ ਤੇ ਹੱਥ ਬੰਨ੍ਹਦੀ ਹੋਈ ਆਖਣ ਲੱਗੀ ,” ਮਾਂ! ਮੈਨੂੰ ਮੁਆਫ਼ ਕਰ ਦੇ… ਮੇਰੇ ਮਨ ‘ਚ ਪਤਾ ਨਹੀਂ ਕਿਹੜੀ ਹਨੇਰੀ ਝੁੱਲਣ ਲੱਗੀ ਸੀ… ਸ਼ੁਕਰ ਐ ! ਤੂੰ ਮੈਨੂੰ ਵਕਤ ਰਹਿੰਦਿਆਂ ਖ਼ਬਰਦਾਰ ਕਰ ਦਿੱਤਾ।”
ਜੀਤੋ ਭੂਆ ਮੁੜ ਬੇਸੁਰਤ ਜਿਹੀ ਹੋ ਪੈ ਗਈ। ਢੋਲ ਵੱਜਣ ਲੱਗਿਆ, ਵਾਜੇ ਵਾਲੇ ਵਾਜਾ ਵਜਾਉਣ ਲੱਗੇ । ਲੋਕ ਮਾਤਾ ਰਾਣੀ ਨੂੰ ਮਾਲ ਪੂੜੇ, ਕੜਾਹ ਪ੍ਰਸ਼ਾਦ ਚੜ੍ਹਾਉਣ ਲੱਗੇ । ਅਸੀਂ ਵੀ ਮੱਥਾ ਟੇਕ ਮੁੜ ਬਾਹਰ ਬਰਾਂਡੇ ਵਿਚ ਆ ਬੈਠੀਆਂ ।
ਜਦੋੰ ਥੋੜ੍ਹੇ ਚਿਰ ਮਗਰੋਂ ਭੂਆ ਜੀਤੋ ਨੂੰ ਸੁਰਤ ਆਈ , ਉਹ ਮੁੜ ਸਾਡੇ ਮੁਹਰੇ ਇੰਜ ਆਣ ਬੈਠੀ ਜਿਵੇਂ ਘੰਟਾ ਕੁ ਪਹਿਲਾਂ ਬੈਠੀ ਸੀ , ਚੁੱਪਚਾਪ। ਉਹਨੂੰ ਵੇਖ ਇੰਜ ਲੱਗਦਾ ਸੀ ਜਿਵੇਂ ਥੋੜ੍ਹੀ ਦੇਰ ਪਹਿਲਾਂ ਲਲਕਾਰੇ ਮਾਰ ਸਿਰ ਹਿਲਾ ਕੇ ਬੋਲਣ ਵਾਲੀ ਜੀਤੋ ਭੂਆ ਕੋਈ ਹੋਰ ਹੀ ਸੀ । ਹੁਣ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਉਹਦੇ ਮੂੰਹ ‘ਚ ਤਾਂ ਜ਼ੁਬਾਨ ਵੀ ਨਹੀਂ । ਉਹਦੀ ਟੁੱਟੀ- ਭੱਜੀ ਪਸੀਨੇ ਨਾਲ ਤਰ ਦੇਹ ਓਪਰੀ ਜਿਹੀ ਲੱਗ ਰਹੀ ਸੀ । ਉਹਦੀਆਂ ਅੱਖਾਂ ਦੀ ਚਟਿਆਈ ਵਿੱਚ ਹੁਣ ਅਜੀਬ ਜਿਹੀ ਮਾਸੂਮੀਅਤ ਝਾਕਣ ਲੱਗੀ । ਉਹਨੂੰ ਵੇਖ ਇੰਜ ਲੱਗ ਰਿਹਾ ਸੀ ਜਿਵੇਂ ਥੋੜ੍ਹੀ ਦੇਰ ਪਹਿਲਾਂ ਵਾਪਰੇ ਵਰਤਾਰੇ ਤੋਂ ਉਹ ਬਿਲਕੁਲ ਬੇਖ਼ਬਰ ਹੋਵੇ। ਉਹਨੇ ਆਪਣੇ ਅੱਧੇ ਕੁ ਚਾਂਦੀ ਰੰਗੇ ਤੇ ਅੱਧੇ ਕੁ ਕਾਲੇ ਵਾਲਾਂ ਨੂੰ ਸਮੇਟਿਆ ਤੇ ਭੁੰਜੇ ਪਈ ਚੁੰਨੀ ਨਾਲ ਸਿਰ ਢਕਦਿਆਂ , ਬਾਹਰ ਆ , ਆਪਣੀ ਕੈਂਚੀ ਚੱਪਲ ਪਾ ਆਪਣੇ ਘਰ ਦਾ ਰਾਹ।
ਜੀਤੋ ਭੂਅ ਆਪ ਤਾਂ ਚਲੇ ਗਈ ਪਰ ਮੇਰੇ ਤੇ ਮੇਰੀ ਭਾਬੋ ਦੇ ਮਨ ਵਿੱਚ ਧੂੰਆਂਖੇ ਅੱਧ-ਜਲੇ ਚੰਗਿਆੜੇ ਧਰ ਗਈ। ਕਿਸੇ ਅਣਚਾਹੀ ਪੀੜ ਨਾਲ ਸਾਡੇ ਦੋਹਾਂ ਦਾ ਅੰਦਰ ਝੁਲਸਣ ਲੱਗਿਆ । ਇਸ ਪੀੜ ਨੇ ਸਾਡੇ ਦੋਹਾਂ ਦੇ ਮੋਹ ਭਰੇ ਰਿਸ਼ਤਿਆਂ ਦੀਆਂ ਤੰਦਾਂ ਵਿੱਚ ਖਿੱਚੋਤਾਣ ਪੇੈਦਾ ਕਰ ਦਿੱਤੀ। ਮੰਦਰ ਆਉਣ ਸਮੇੰ ਭਾਬੋ ਦੇ ਮਨ ਵਿੱਚ ਮੇਰੇ ਲਈ ਹਮਦਰਦੀ ਤੇ ਮੋਹ ਸੀ ਪਰ ਹੁਣ ਮੇਰੇ ਲਈ ਭੈਅ ਤੇ ਨਫ਼ਰਤ ਉਹਦੀਆਂ ਅੱਖਾਂ ਵਿਚ ਫੈਲਿਆ ਹੋਇਆ, ਮੈਨੂੰ ਹਰ ਘੜੀਆਂ ਚੋਭਾਂ ਮਾਰਦਾ। ਉਹ ਇੱਕ ਮਾਂ ਸੀ, ਸ਼ਾਇਦ ਮਾਂ ਹੋਣ ਕਾਰਨ ਉਹ ਡਰਦੀ ਸੀ ਕਿ ਕਿਧਰੇ ਮੈਂ ਉਹਦੇ ਬੱਚੇ ‘ਤੇ ਧੱਕੇ ਨਾਲ ਹੱਕ ਨਾ ਜਮ੍ਹਾਂ ਬੈਠਾ। ਮੈਂ ਵੀ ਘਰ ਪਰਤਦੇ ਹੋਏ ਪੂਰੀ ਵਾਟ ਆਪਣੇ ਸਹੁਰੇ ਪਰਿਵਾਰ ਬਾਰੇ ਸੋਚਦੀ ਰਹੀ ਕਿ ਕੀ ਉਹ ਅਪਣਾਉਣਗੇ ਮੇਰੀ ਭਰਜਾਈ ਦੇ ਜਾਏ ਨੂੰ ?, ਜਿਸ ਬਾਰੇ ਮੈਂ ਹਾਮੀ ਭਰ ਆਈ।
ਮੈੰ ਦੋ ਕੁ ਸਾਲ ਪਹਿਲਾਂ ਦੀਆਂ ਭੈੜੀਆਂ ਯਾਦਾਂ ਵਿੱਚ ਉਲਝਣ ਲੱਗੀ। ਮੁੜ ਉਹੀ ਡਰ ਮੇਰੇ ਮਗਰ-ਮਗਰ ਅੱਡੀਆਂ ਚੁੱਕੀ ਤੁਰ ਰਿਹਾ ਸੀ , ਜਿਹਤੋੰ ਮੈੰ ਮਸਾਂ ਹੀ ਖਹਿੜਾ ਛੁਡਾਇਆ ਸੀ। ਮੇਰੀ ਨਣਦ ਦੀਆਂ ਦੋ ਕੁੜੀਆਂ ਉੱਪਰੋਂ ਤੀਜੀ ਸਮੇਂ ਉਹਦੇ ਘਰਦਿਆਂ ਨੇ ਰੋ-ਰੋ ਕੇ ਅੱਖਾਂ ਸੁਜਾ ਲਈਆਂ ਸਨ , ਜਿਵੇਂ ਪਤਾ ਨਹੀਂ ਕਿਹੜਾ ਭਾਣਾ...

ਵਾਪਰ ਗਿਆ ਹੋਵੇ। ਅਜਿਹੇ ਸਮੇਂ ਮੇਰੀ ਸੱਸ ਆਪਣੀ ਕੁੜਮਣੀ ਮੁਹਰੇ ਪੱਲਾ ਅੱਡ ਖੜ੍ਹ ਗਈ ਸੀ ਨਵਜੰਮੀ ਧੀ ਆਪਣੀ ਨੂੰਹ ਦੀ ਝੋਲੀ ਪਵਾਉਣ ਲਈ। ਮੇਰੀ ਸੱਸ ਦੀ ਕੁੜਮਣੀ ਨੇ ਆਪਣੀ ਪੋਤੀ ਨੂੰ ਕੰਬਦਿਆਂ ਹੱਥਾਂ ਨਾਲ ਮੇਰੀ ਸੱਸ ਦੇ ਪੱਲੇ ਪਾ ਦਿੱਤਾ । ਐਨੇ ਨੂੰ ਮੈੰ ਤੇ ਸੰਜੀਵ ਵੀ ਉੱਥੇ ਪੁੱਜ ਗਏ । ਜਦੋੰ ਮੇਰੀ ਸੱਸ ਨੇ ਆਪਣੀ ਦੋਹਤੀ ਨੂੰ ਆਪਣੀ ਛਾਤੀ ਨਾਲ਼ ਲਾ ਕੇ ਮੇਰੀ ਗੋਦੀ ਵਿੱਚ ਪਾਇਆ , ਮੈੰ ਚਾਈਂ- ਚਾਈਂ ਉਹਦਾ ਮੱਥਾ ਚੁੰਮਿਆ ਪਰ ਸ਼ਾਇਦ ਇਹ ਥੋੜ੍ਹੇ ਪਲਾਂ ਦੀ ਹੀ ਖੁਸ਼ੀ ਸੀ।ਮੇਰੀ ਨਣਦ ਨੂੰ ਜਦੋੰ ਸੁਰਤ ਆਈ , ਉਹਨੇ ਆਪਣੀ ਧੀ ਮੈਨੂੰ ਦੇਣ ਤੋੰ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਪਹਿਲਾਂ ਭਰੀ ਮੇਰੀ ਝੋਲੀ ਮੁੜ ਸੱਖਣੀ ਹੋ ਗਈ ਤੇ ਅਸੀਂ ਖਾਲਮ- ਖਾਲੀ ਮੁੜ ਘਰ ਪਰਤ ਆਏ। ਮੈੰ ਕਿੰਨੇ ਦਿਨ ਆਪਣੇ ਸੁੰਨੇ ਹੱਥ ਵੇਖਦੀ ਰਹੀ ।
ਜਦੋੰ ਮੈੰ ਪੇਕੇ ਘਰੋੰ ਪਰਤੀ ਕਿੰਨੇ ਦਿਨ ਜਕੋ-ਤਕੀ ਵਿੱਚ ਪਈ ਰਹੀ, ਸੰਜੀਵ ਨਾਲ ਗੱਲ ਕਰਨ ਬਾਬਤ।ਜਦੋੰ ਕਿੰਨੇ ਦਿਨਾਂ ਦੀ ਜੱਦੋ-ਜਹਿਦ ਤੋੰ ਬਾਅਦ ਮੈੰ ਇੱਕ ਦਿਨ ਸੰਜੀਵ ਕੋਲ ਆਪਣੇ ਮਨ ਦੀ ਸਾਰੀ ਗੱਲ ਖੋਲ੍ਹੀ ਤਾਂ ਉਹ ਬਿਨਾਂ ਕੁਝ ਬੋਲਿਆ ਚੁੱਪ-ਚਾਪ ਨੀਂਦ ਦੀ ਬੁੱਕਲ ਮਾਰ ਕੇ ਸੌੰ ਗਿਆ। ਪਤਾ ਨਹੀਂ ਸੱਚੀਂ-ਮੁੱਚੀਂ ਨੀਂਦ ਨੇ ਅੱਖਾਂ ਢਕੀਆਂ ਸਨ ਜਾਂ ਮੈਨੂੰ ਟਾਲਣ ਦਾ ਕੋਈ ਬਹਾਨਾ ਸੀ।ਉਂਜ ਅੱਧੀ ਰਾਤ ਤੱਕ ਪਾਸੇ ਵੱਟਦਾ ਤੇ ਮੈਨੂੰ ਵੀ ਭਲਾਂ ਨੀਂਦ ਕਿੱਥੇ ਆਉਣੀ ਸੀ ?
ਸੰਜੀਵ ਦੀ ਜਾਗ ਤਾਂ ਸੂਰਜ ਦੀ ਲਿਸ਼ਕੋਰ ਨਾਲ ਭਲਾ ਖੁੱਲ੍ਹ ਗਈ ਸੀ ਪਰ ਮੇਰੀ ਜਾਗ ਜਦੋਂ ਮੇਰੀ ਸੱਸ ਬੁੜ-ਬੁੜ ਕਰਦੀ ਹੋਈ ਮੇਰੇ ਸਿਰਹਾਣੇ ਆਣ ਖੜ੍ਹੀ ਹੋਈ ਉਦੋਂ ਖੁੱਲ੍ਹੀ । ਸੰਜੀਵ ਨੇ ਤੜਕੇ ਉੱਠ ਆਪਣਾ ਮਨ ਛੇਤੀ ਹੀ ਮੇਰੀ ਸੱਸ ਕੋਲ ਹੌਲਾ ਕਰ ਲਿਆ ਸੀ। ਸ਼ਾਇਦ ਇਸੇ ਲਈ ਅੱਜ ਮੇਰੀ ਸੱਸ ਤੜਕੇ ਈ ਮੈਨੂੰ ਮੱਤਾਂ ਦੇਣ ਲੱਗੀ,” ਹਾਲੇ ਕਿਹੜਾ ਉਮਰ ਬੀਤ ਗਈ ! ਆਪਣਾ ਖ਼ੂਨ ਆਪਣਾ ਈ ਹੁੰਦੈ ! ਕੋਈ ਲੋੜ ਨਹੀਂ ਬੇਗਾਨੇ ਫੁੱਲ ਨਾਲ ਆਪਣੀ ਝੋਲੀ ਦਾ ਵਹਿਮ ਸਿਰਜਣ ਦੀ।”
ਮੈਂ ਸੱਸ ਦੀਆਂ ਖਰੀਆਂ-ਖੋਟੀਆਂ ਸੁਣ ਚੁੱਪ-ਚਾਪ ਬਿਨਾਂ ਮੂੰਹ ਖੋਲ੍ਹਿਆ ਕਮਰੇ ‘ਚੋਂ ਬਾਹਰ ਆ ਗਈ। ਹੁਣ ਉਹ ਨਿੱਤ ਕੋਈ ਨਾ ਕੋਈ ਬਹਾਨ ਲੱਭਦੀ , ਮੇਰੇ ਮਨ ਨੂੰ ਟੋਹ-ਟੋਹ ਕੇ, ਮੇਰੇ ਅੰਦਰ ਝਾਕਣ ਦਾ। ਕੋਈ ਗੱਲ ਬਣਦੀ ਨਾ ਵੇਖ ਕੋਈ ਨਾ ਕੋਈ ਸੁਆਲ ਮੇਰੇ ਵੱਲ ਰੇੜ੍ਹ ਦਿੰਦੀ ,” ਹੋਈ ਸੀ ਗੱਲ ਤੇਰੀ ਸੁਮਨ ਨਾਲ ? ”
ਮੁੜ ਮੇਰੇ ਉੱਤਰ ਦੀ ਉਡੀਕ ਕੀਤਿਆ ਬਗ਼ੈਰ ਆਖਦੀ,” ਉਹਨੂੰ ਆਖ ਦਈਂ , ਸਾਡੇ ਕਰਕੇ ਨਾ ਜੰਮੇ ਹੋਰ ਜਵਾਕ …ਦੇਖ ਧੀਏ! ਅਸੀਂ ਕਾਹਨੂੰ ਬੇਗਾਨੀ ਛਾਵੇਂ ਬੈਠਣਾ? ਜੇ ਬਹੁਤੀ ਗੱਲ ਐ, ਤੇਰੀ ਨਣਦ ਦੀਆਂ ਤਿੰਨ ਧੀਆਂ । ਇੱਕ ਪਾਲ ਲੈ ਆਪਣੀ ਮੰਨ ਕੇ ।”
ਸੱਸ ਦੀ ਗੱਲ ਸੁਣ ਮੇਰੀ ਜੀਭ ਪੱਥਰ ਦੀ ਬਣ ਜਾਂਦੀ ਤੇ ਮੈਂ ਚਾਹੁੰਦੇ ਹੋਏ ਵੀ ਕਹਿ ਨਾ ਸਕਦੀ ਕਿ ਅਸੀਂ ਕਿੰਜ ਪਾਲ ਲਈਏ ਉਹਦੀ ਧੀ ? ਜਿਹੜੀ ਸਾਨੂੰ ਦੇ ਕੇ ਫੇਰ ਖੋਹ ਲਈ ਸੀ ।
ਇੰਜ ਹੀ ਪੰਜ-ਛੇ ਮਹੀਨੇ ਬੀਤ ਗਏ ਤੇ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਫੋਨ ‘ਤੇ ਦੱਸਿਆ ,” ਪ੍ਰਮਾਤਮਾ ਨੇ ਆਪਣੀ ਸੁਣ ਲਈ !”
ਆਪਣੀ ਮਾਂ ਦੀ ਗੱਲ ਸੁਣ ਮੈਨੂੰ ਚਾਅ ਤਾਂ ਹੋਇਆ ਪਰ ਨਾਲੋੰ-ਨਾਲ਼ ਮੈੰ ਘਰ ‘ਚ ਹੋਣ ਵਾਲੇ ਕਲੇਸ਼ ਤੋੰ ਵੀ ਡਰ ਗਈ । ਮੇਰੇ ਹੌਲ ਜਿਹਾ ਪੈਣ ਲੱਗਿਆ ਤੇ ਮੈਂ ਸੋਚਾਂ ਵਿਚ ਧੱਸ ਗਈ ,” ਜੇ ਮੇਰੇ ਸਹੁਰੇ ਪਰਿਵਾਰ ਨੇ ਬੱਚੇ ਨੂੰ ਨਾ ਅਪਣਾਇਆ ਤਾਂ ? ਮੈਂ ਤਾਂ ਪਹਿਲਾਂ ਹੀ ਆਪਣੀ ਭਰਜਾਈ ਦੇ ਮਨ ਚੋਂ ਲਹਿ ਗਈ ਹਾਂ… ਇਸ ਵੇਲੇ ਮੇਰੇ ਇਨਕਾਰ ਨਾਲ ਮੈਂ ਪੇਕਿਆਂ ਨਾਲੋਂ ਸਦਾ ਲਈ ਕਿਤੇ ਟੁੱਟ ਨਾ ਜਾਵਾਂ!”
ਆਪਣੇ ਆਪ ‘ਚ ਮੈੰ ਅਜੀਬ ਦੋਰਾਹੇ ‘ਤੇ ਖੜ੍ਹੀ ਜਾਪਦੀ । ਜਿਉਂ-ਜਿਉਂ ਸਮਾਂ ਲੰਘ ਰਿਹਾ ਸੀ , ਮੇਰੀ ਘਬਰਾਹਟ ਸੰਘਣੀ ਹੁੰਦੀ ਜਾ ਰਹੀ ਸੀ। ਕਦੇ ਸੋਚਦੀ ਆਪਣੀ ਮਾਂ ਨੂੰ ਤੋੜ ਕੇ ਜਵਾਬ ਦੇ ਦਿਆਂ ਕਿ ਮੈਂ ਨਹੀਂ ਸਾਂਭ ਸਕਦੀ ਆਉਣ ਵਾਲੇ ਜੀਅ ਨੂੰ , ਪਰ ਫੇਰ ਸੋਚਦੀ ਕਿਧਰੇ ਮਾਤਾ ਰਾਣੀ ਮੈਥੋਂ ਨਾਰਾਜ਼ ਨਾ ਹੋ ਜਾਵੇ । ਮੈੰ ਮੰਦਰ ‘ਚ ਮਾਤਾ ਰਾਣੀ ਸਾਹਮਣੇ ਹਾਮੀ ਭਰੀ ਸੀ ਜੁਵਾਕ ਨੂੰ ਪਾਲਣ ਦੀ । ਇਨ੍ਹਾਂ ਸੋਚਾਂ ਵਿੱਚ ਪਤਾ ਹੀ ਨਹੀਂ ਲੱਗਿਆ ਦਿਨਾਂ ਤੇ ਮਹੀਨਿਆਂ ਦਾ । ਇੱਕ ਦਿਨ ਅਚਾਨਕ ਮੈਨੂੰ ਚੱਕਰ ਜਿਹੇ ਆਉਣ ਲੱਗੇ ਤੇ ਦਿਨਾਂ ਦਾ ਹਿਸਾਬ-ਕਿਤਾਬ ਲਾਉੰਦਿਆਂ , ਆਪਣਾ ਭੁਲੇਖਾ ਦੂਰ ਕਰਨ ਲਈ ਮੈੰ ਸੰਜੀਵ ਨਾਲ਼ ਬਿਮਲਾ ਨਰਸ ਦੇ ਘਰ ਦਾ ਬੂਹਾ ਜਾ ਖੜਕਾਇਆ। ਜਦੋੰ ਬਿਮਲਾ ਨਰਸ ਨੇ ਮੇਰੇ ਟੈਸਟ ਕਰ ਰਿਪੋਰਟ ਮੇਰੇ ਹੱਥ ਫੜਾਈ , ਉਦੋੰ ਮੈੰ ਸੰਜੀਵ ਦੇ ਗਲ ਲੱਗ ਬਹੁਤ ਰੋਈ । ਇਹ ਹੰਝੂ ਚਾਅ ਦੇ ਸਨ , ਐਨੇ ਵਰਿਆਂ ਤੋੰ ਜਿਸ ਖੁਸ਼ੀ ਦੀ ਉਡੀਕ ਸੀ , ਉਸ ਦੀ ਆਮਦ ਦੇ ਸੁਆਗਤ ਲਈ ਸਨ। ਜਦੋਂ ਅਸੀਂ ਘਰ ਆ ਕੇ ਸਭ ਨੂੰ ਇਹ ਖੁਸ਼ਖਬਰੀ ਦਿੱਤੀ , ਸਭ ਦੇ ਚਿਹਰਿਆਂ ‘ਤੇ ਨੂਰ ਵੇਖ ਸਾਡੀਆਂ ਦੋਵਾਂ ਦੀਆਂ ਅੱਖਾਂ ‘ਚ ਸੂਹੀ ਸਵੇਰ ਵਾਂਗ ਲਿਸ਼ਕ ਉਤਰ ਆਈ।
ਜਦੋਂ ਮੈਂ ਚਾਅ ਨਾਲ ਆਪਣੀ ਮਾਂ ਨੂੰ ਫੋਨ ਲਾਉਣ ਲੱਗੀ ਤਾਂ ਮੁੜ ਕਿੰਨੇ ਹੀ ਸਵਾਲ ਮੇਰੇ ਮੁਹਰੇ ਉੱਠ ਖੜ੍ਹੇ ਹੋਏ,” ਕੀ ਤੂੰ ਹੁਣ ਵੀ ਆਪਣੀ ਭਰਜਾਈ ਦੇ ਜਾਏ ਨਾਲ ਆਪਣੀ ਬੁੱਕਲ ਦਾ ਨਿੱਘ ਵੰਡੇਗੀ ? ਜਾਂ ਉਸ ਅਣਜੰਮੇ ਜੀਅ ਨੂੰ ਜਨਮ ਤੋਂ ਪਹਿਲਾਂ ਹੀ ਕੁੱਖ ‘ਚ ਕਤਲ ਹੋਣ ਲਈ ਛੱਡ ਦੇਵੇਗੀ? ਤੈਨੂੰ ਆਪਣੀ ਕੁੱਖ ਦੇ ਜੀਅ ਲਈ ਕਿਸੇ ਹੋਰ ਦੀ ਕੁੱਖ ਦੀ ਕਾਤਲ ਬਣਨਾ ਚੰਗਾ ਲੱਗੇਗਾ ?”
ਮੈਨੂੰ ਇੰਜ ਲੱਗਿਆ ਕਿ ਜੇਕਰ ਮੈਂ ਉਸ ਹੋਣ ਵਾਲੇ ਜੀਅ ਨੂੰ ਲੈਣ ਤੋਂ ਇਨਕਾਰ ਕੀਤਾ ਤਾਂ ਮਜਬੂਰਨ ਮੇਰੀ ਭਰਜਾਈ ਨੂੰ ਅਬਾਰਸ਼ਨ ਵਰਗੇ ਰਾਹ ਦਾ ਸਹਾਰਾ ਨਾ ਲੈਣਾ ਪੈ ਜਾਵੇ, ਕਿਉਂਕਿ ਮੇਰੇ ਭਰਾ ਨੇ ਤਾਂ ਪਹਿਲਾਂ ਹੀ ਮੈਨੂੰ ਸਾਫ਼ ਸ਼ਬਦਾਂ ਵਿੱਚ ਆਖਿਆ ਹੋਇਆ ਸੀ ,”ਲਤਾ ! ਸਾਡੀ ਫੈਮਲੀ ਤਾਂ ਕੰਪਲੀਟ ਹੈ…ਅਸੀਂ ਤੇਰੇ ਲਈ ਚਾਂਸ ਲਵਾਂਗੇ …ਪਰ ਕੱਲ੍ਹ ਨੂੰ ਜੇ ਮੁੰਡਾ ਨਾ ਹੋਇਆ ਤਾਂ ਵੇਖੀਂ , ਕਿਧਰੇ ਮੁੱਕਰ ਨਾ ਜਾਈਂ !”
ਉਦੋਂ ਮੈਂ ਅੱਖਾਂ ਭਰ ਆਖਿਆ ਸੀ ,” ਭਾਵੇੰ ਧੀ ਹੋਈ ਜਾਂ ਪੁੱਤ …ਉਹ ਮੇਰੇ ਭਾਗ …ਮੈੰ ਆਪਣੀ ਜ਼ੁਬਾਨ ‘ਤੇ ਕਾਇਮ ਰਹਾਂਗੀ ਤੇ ਤੁਸੀਂ ਆਪਣੀ ।”
ਉਦੋਂ ਮੈਂ ਇਹ ਸੋਚ ਕੇ ਹਾਮੀ ਭਰੀ ਸੀ ਕਿ ਜਦੋਂ ਸੰਜੀਵ ਆਪਣੀ ਨਵਜੰਮੀ ਭਾਣਜੀ ਨੂੰ ਗੋਦ ਲੈਣ ਲਈ ਝੱਟ ਤਿਆਰ ਹੋ ਗਿਆ ਸੀ ਤਾਂ ਹੁਣ ਵੀ ਮੁੱਕਰਣ ਵਾਲੀ ਕਿਹੜੀ ਗੱਲ ਹੈ ? ਪਰ ਮੈਨੂੰ ਛੇਤੀ ਹੀ ਸਮਝ ਆ ਗਿਆ ਕਿ ਬਹੁਤ ਫ਼ਰਕ ਹੁੰਦਾ ਹੈ ਔਰਤ ਤੇ ਮਰਦ ਦੀ ਹਾਮੀ ਭਰਨ ਦਾ ਕਿ ਕਿਹੜਾ ਬੱਚਾ ਗੋਦ ਲੈਣਾ ? ਚਲੋ ! ਜ਼ਿੰਦਗੀ ਇੱਕ ਸਬਕ ਹੋਰ ਸਿਖਾ ਗਈ ।
ਫੋਨ ਚੁੱਕ ਮੁੜ ਮੈੰ ਉਵੇਂ ਹੀ ਰੱਖ ਦਿੱਤਾ ਤੇ ਸੋਚਾਂ ਦੀਆਂ ਕੀਡ਼ੀਆਂ ਮੇਰੇ ਦਿਮਾਗ ‘ਚ ਘੁੰਮਣ ਲੱਗੀਆਂ ਕਿ ਹੁਣ ਮੈਂ ਕੀ ਕਰਾਂ ? ਅਚਾਨਕ ਮੇਰੇ ਦਿਮਾਗ ‘ਚ ਆਇਆ ਕਿ ਕੀ ਪਤਾ ਮੇਰੀ ਕੁੱਖ ਵੀ ਉਸ ਭਾਗਾਂ ਵਾਲੇ ਦੇ ਆਉਣ ਕਾਰਨ ਹੀ ਮਾਤਾ ਰਾਣੀ ਨੇ ਹਰੀ ਕੀਤੀ ਹੋਵੇ। ਨਾਲੇ ਮੈਂ ਮਾਤਾ ਰਾਣੀ ਦੇ ਮੰਦਰ ‘ਚ ਬਹਿ ਕੇ ਦਿੱਤਾ ਵਚਨ ਕਿਵੇਂ ਤੋੜ ਸਕਦੀ ਹਾਂ ? ਜੇ ਮੈਂ ਅਜਿਹਾ ਕੀਤਾ ਵੀ ਤਾਂ ਖਬਰੇ ਮਾਤਾ ਰਾਣੀ ਮੁੜ ਨਾਰਾਜ਼ ਨਾ ਹੋ ਜਾਵੇ !
ਮੈਂ ਜਦੋੰ ਆਪਣੇ ਮਨ ਦੀ ਗੱਠ ਆਪਣੀ ਸੱਸ ਸਾਹਮਣੇ ਖੋਲ੍ਹੀ, ਉਹਦੇ ਮੱਥੇ ‘ਤੇ ਉੱਭਰੀਆਂ ਤਿਊੜੀਆਂ ਤੇ ਅੱਖਾਂ ਚੋਂ ਝਾਕਦੇ ਗੁੱਸੇ ਨਾਲ ਮੈਂ ਧੁਰ ਅੰਦਰੋਂ ਕੰਬ ਗਈ । ਥੋੜ੍ਹੀ ਦੇਰ ਚੁੱਪ ਵੱਟ ਕੇ ਬੈਠਣ ਤੋਂ ਬਾਅਦ ਉਹ ਮੂੰਹ ਜਿਹਾ ਬਣਾ ਕੇ ਆਖਣ ਲੱਗੀ ,” ਨਾ ! ਤੈਨੂੰ ਕਿੰਨੀ ਵਾਰ ਸਮਝਾਇਆ ਕਿ ਤੁਹਾਡੀ ਕਿਹੜੇ ਦੋਹਾਂ ਦੀ ਉਮਰ ਲੰਘ ਚੱਲੀ!ਹੁਣ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ …ਫੋਨ ਕਰ ਆਪਣੀ ਮਾਂ ਨੂੰ ਤੇ ਉਹਨੂੰ ਦੱਸਦੇ ਸਭ ਕੁਝ… ਅੱਜਕੱਲ੍ਹ ਤਾਂ ਸੁੱਖ ਨਾਲ਼ ਬਥੇਰੀਆਂ ਦਵਾਈਆਂ ਚੱਲੀਆਂ ਹੋਈਆਂ …ਬਿਨਾਂ ਅਬਾਰਸ਼ਨ ਤੋਂ ਵੀ ਕੰਮ ਲੋਟ ਆ ਜਾਣਾ… ਹਾਲੇ ਕਿਹੜਾ ਬਹੁਤਾ ਟਾਈਮ ਹੋਇਆ ।”
ਸੱਸ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਮੈਂ ਠੰਢੀਆਂ ਤ੍ਰੇਲੀਆਂ ਨਾਲ ਭਿੱਜ ਗਈ। ਮੇਰਾ ਗੱਚ ਭਰ ਆਇਆ ਤੇ ਮੇਰੇ ਸੰਘ ‘ਚੋੰ ਇੱਕ ਤੜਫਦੀ ਚੀਕ ਨਿਕਲੀ ਤੇ ਮੇਰੇ ਮੂੰਹੋੰ ਨਿਕਲਿਆ,” ਉਸ ਮਾਸੂਮ ਜਿੰਦ ਦਾ ਕੀ ਕਸੂਰ ? ਜਿਹੜੀ ਉਸ ਕੁੱਖ ‘ਚ ਮੇਰੇ ਕਰਕੇ ਪਈ …ਕਿਉਂਕਿ ਮੈਂ ਤਰਸਦੀ ਸਾਂ ਮਾਂ ਬਣਨ ਲਈ …ਕੀ ਹੁਣ ਮੈਂ ਇੱਕ ਡੈਣ ਬਣ ਜਾਂ ? ਇੱਕ ਹਥਿਆਰਣ? ਉਹ ਵੀ ਉਸਦੀ ਜਿਹਨੂੰ ਮੈੰ ਆਪਣੀ ਬੁੱਕਲ ਦਾ ਨਿੱਘ ਦੇਣ ਦੀ ਹਾਮੀ ਭਰੀ ਹੋਈ। ਮੈਂ ਕਦੇ ਨਹੀਂ ਸੋਚਿਆ ਕਿ ਉਹ ਆਉਣ ਵਾਲੇ ਜੀਅ ਦੀ ਮੈਂ ਭੂਆ ਹਾਂ… ਮੈਂ ਤਾਂ ਹਮੇਸ਼ਾਂ ਮਾਂ ਵਰਗਾ ਅਹਿਸਾਸ ਹੀ ਹੰਢਾਇਆ… ਖੌਰੇ ਮੇਰੇ ਉਸ ਅਹਿਸਾਸ ਨੂੰ ਹੀ ਭਾਗ ਲੱਗੇ ਤੇ ਮੇਰੀ ਕੁੱਖ ਹਰੀ ਹੋਈ… ਮੈਂ ਹੁਣ ਆਪਣੀ ਕੁੱਖ ਲਈ ਭਾਬੋ ਦੀ ਕੁੱਖ ‘ਚ ਪਲਦੇ ਉਸ ਜੀਅ ਨੂੰ ਕਦੇ ਖ਼ਤਮ ਨਹੀਂ ਹੋਣ ਦੇਣਾ… ਮੈਂ ਪਾਲਾਂਗੀ ਉਸਨੂੰ ਵੀ , ਉਹਦੀ ਮਾਂ ਬਣ ਕੇ ।”
ਮੇਰੀ ਸੱਸ ਹੁਣ ਮੈਨੂੰ ਚੰਗਾ-ਮੰਦਾ ਆਖੇ ਬਗੈਰ ਬਾਹਰ ਵਿਹੜੇ ਵਿੱਚ ਜਾ ਬੈਠੀ । ਮੈਨੂੰ ਆਪਣੇ ਮਨ ਤੋੰ ਬਹੁਤ ਭਾਰੀ ਬੋਝ ਲੱਥਿਆ ਮਹਿਸੂਸ ਹੋ ਰਿਹਾ ਸੀ। ਮੈਂ ਥੋੜ੍ਹੀ ਦੇਰ ਪਹਿਲਾਂ ਫ਼ਿਕਰਾਂ ‘ਚ ਦੱਬੀ ਪਈ ਸਾਂ ਪਰ ਹੁਣ ਮੈਨੂੰ ਆਪਣਾ ਆਪਾ ਕਿਸੀ ਅਜੀਬ ਜਿਹੀ ਕੈਦ ‘ਚੋਂ ਆਜ਼ਾਦ ਹੋਇਆ ਜਾਪਿਆ।
ਮੈੰ ਚਾਈਂ-ਚਾਈੰ ਫੋਨ ਲਾ ਆਪਣੀ ਮਾਂ ਨਾਲ਼ ਆਪਣੀ ਖੁਸ਼ੀ ਸਾਂਝੀ ਕੀਤੀ ਤੇ ਨਾਲ਼ ਹੀ ਆਖ ਸੁਣਾਇਆ,” ਮਾਂ ! ਰੱਬ ਨੇ ਤੇਰੀ ਧੀ ਦੇ ਸਾਰੇ ਰੋਸੇ ਦੂਰ ਕਰ ਦਿੱਤੇ। ਹੁਣ ਮੈੰ ਇੱਕ ਨਹੀਂ ਦੋ-ਦੋ ਬੱਚਿਆਂ ਦੀ ਮਾਂ ਬਣਨ ਜਾ ਰਹੀ ਹਾਂ। ”
ਮੇਰੀ ਗੱਲ ਸੁਣ ਮੇਰੀ ਮਾਂ ਜਿਵੇਂ ਖੁਸ਼ੀ ‘ਚ ਕਮਲੀ ਹੋ ਗਈ …ਉਹਨੇ ਕਿੰਨੀਆਂ ਹੀ ਅਸੀਸਾਂ ਨਾਲ਼ ਮੇਰੀ ਰੂਹ ਦੀ ਝੋਲੀ ਲੱਦ ਦਿੱਤੀ।
ਮੇਰੀ ਸੱਸ ਕਈ ਵਾਰ ਤਾਂ ਬਥੇਰੀ ਖੁਸ਼ ਰਹਿੰਦੀ ਪਰ ਕਦੇ-ਕਦੇ ਮੂੰਹ ਵੱਟ ਕੇ ਘੁੰਮਦੀ ਰਹਿੰਦੀ । ਉਹ ਦਿਨ ਵੀ ਛੇਤੀ ਹੀ ਆ ਗਿਆ ਜਿਸਦੀ ਮੈਨੂੰ ਬੇਸਬਰੀ ਨਾਲ਼ ਉਡੀਕ ਸੀ। ਜਦੋੰ ਸੁਮਨ ਭਾਬੀ ਦੇ ਦਰਦਾਂ ਸ਼ੁਰੂ ਹੋਈਆਂ , ਮੈਂ ਵੀ ਛੇਤੀ ਨਾਲ ਹਸਪਤਾਲ ਜਾ ਪਹੁੰਚੀ। ਲੈਬਰ ਰੂਮ ‘ਚ ਗੂੰਜੀਆਂ ਕਿਲਕਾਰੀਆਂ ਜਦੋੰ ਮੇਰੇ ਕੰਨਾਂ ਨਾਲ਼ ਟਕਰਾਈਆਂ ਮੇਰੀਆਂ ਅੱਖਾਂ ਦੇ ਕੋਇਆਂ ‘ਚ ਹੰਝੂ ਆਪ ਮੁਹਾਰੇ ਵਹਿ ਤੁਰੇ । ਨਰਸ ਨੇ ਮੈਨੂੰ ਬੱਚੀ ਲਿਆ ਕੇ ਫੜਾ ਦਿੱਤੀ। ਮੈਂ ਬੱਚੀ ਨੂੰ ਮੁੜ-ਮੁੜ ਚੁੰਮਦੀ ਰਹੀ । ਜਦੋਂ ਪਹਿਲਾਂ ਕਿਸੇ ਦੇ ਬੱਚਾ ਹੁੰਦਾ ਮੈਂ ਅਕਸਰ ਉਸ ਨਵਜੰਮੇ ਬੱਚੇ ਤੋੰ ਦੂਰ ਰਹਿਣ ਦੀ ਕੋਸ਼ਿਸ਼ ਕਰਦੀ , ਇਹ ਸੋਚਕੇ ਕਿ ਕਿਧਰੇ ਅਗਲਾ ਗੁੱਸਾ ਨਾ ਕਰ ਬੈਠੇ । ਅੱਜ ਤਾਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹ ਧੀ ਮੈਂ ਹੀ ਜੰਮੀ ਹੋਵਾਂ । ਮੈਂ ਕਿੰਨਾ ਚਿਰ ਉਸ ਨਵਜੰਮੀ ਬੱਚੀ ਨੂੰ ਬੁੱਕਲ ‘ਚ ਲੈ ਕੇ ਬੈਠੀ ਰਹੀ, ਜਿਹੜੀ ਹੁਣ ਮੇਰੀ ਸੀ। ਜਦੋਂ ਮੈਂ ਨੀਝ ਲਾ ਕੇ ਉਹਦੇ ਚਿਹਰੇ ਨੂੰ ਵੇਖਣ ਲੱਗੀ ਤਾਂ ਮੇਰੇ ਬੁੱਲ੍ਹਾਂ ‘ਤੇ ਮੁਸਕਾਨ ਫੈਲ ਗਈ। ਅਚਾਨਕ ਕੋਲ ਖੜ੍ਹੇ ਸੰਜੀਵ ਦਾ ਖਿਆਲ ਆਇਆ ,” ਝੱਲੀਏ! ਜੇ ਤੂੰ ਮਾਂ ਬਣੀ ਤਾਂ ਉਹ ਵੀ ਤਾਂ ਪਿਓ ਬਣਿਆ ਅੱਜ ।”
ਇਹ ਸੋਚ ਕੇ ਮੈੰ ਬੱਚੀ, ਸੰਜੀਵ ਨੂੰ ਫੜਾਉਣ ਲਈ ਆਪਣੀਆਂ ਬਾਹਾਂ ਖੋਲ੍ਹੀਆਂ।ਮੈਨੂੰ ਉਮੀਦ ਸੀ ਕਿ ਸੰਜੀਵ ਬੱਚੀ ਨੂੰ ਸਾਂਭ ਕੇ ਚਾਈਂ-ਚਾਈਂ ਆਪਣੀ ਛਾਤੀ ਨਾਲ਼ ਲ਼ਾ ਲੈਣਗੇ । ਪਰ ਅਜਿਹਾ ਕੁਝ ਨਾ ਹੋਇਆ। ਉਹਨੇ ਤਾਂ ਬੱਚੀ ਨੂੰ ਫੜਣ ਲਈ ਆਪਣੇ ਹੱਥ ਵੀ ਅੱਗੇ ਨਾ ਵਧਾਏ । ਥੋੜ੍ਹੀ ਦੇਰ ਉਹ ਕੁਝ ਸੋਚਦਾ ਰਿਹਾ ਤੇ ਮੈੰ ਵੀ ਸੋਚਾਂ ਵਿੱਚ ਧੱਸ ਗਈ ,” ਕੀ ਇਸ ਬੰਦੇ ਦੇ ਅਹਿਸਾਸ ਜਿਉਦੇ ਜੀਅ ਮਰ ਗਏ ? ਕਿੰਨੀ ਜਾਅਲੀ ਜਿਹੀ ਜਿੰਦਗੀ ਜਿਉ ਰਿਹਾ ਇਹ ਇਨਸਾਨ!” ਪਰ ਅਚਾਨਕ ਉਹਨੇ ਆਪਣੇ ਹੱਥ ਫੈਲਾ ਦਿੱਤੇ ਮੇਰੇ ਮੁਹਰੇ ਬੱਚੀ ਨੂੰ ਫੜਨ ਲਈ। ਮੇਰੀ ਰੂਹ ਦੀ ਮੁਰਝਾਈ ਕਰੂੰਬਲ ਮੁੜ ਖਿੜ ਗਈ।
ਹੁਣ ਬੱਚੀ ਸੰਜੀਵ ਦੇ ਹੱਥਾਂ ਵਿੱਚ ਸੀ । ਮੈਨੂੰ ਬੱਚੀ ਦਾ ਚਿਹਰਾ, ਨੇੈਣ- ਨਕਸ਼ ਇੰਨ-ਬਿੰਨ ਸੰਜੀਵ ਦੇ ਚਿਹਰੇ ਵਰਗੇ ਲੱਗਣ ਲੱਗੇ। ਅਚਾਨਕ ਸੰਜੀਵ ਦੇ ਬੁੱਲ੍ਹ ਵੀ ਮੁਸਕੁਰਾ ਪਏ। ਮੈੰ ਰੱਬ ਦਾ ਸ਼ੁਕਰ ਮਨਾਇਆ ਕਿ ਸੰਜੀਵ ਦਾ ਅੰਦਰ ਹਾਲੇ ਮਰਿਆ ਨਹੀਂ, ਜਿਊੰਦਾ ਹੈ।ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਕਿਸੇ ਦਾ ਅੰਦਰ ਮਰ ਜਾਏ ਤਾਂ ਬਾਹਰ ਵੀ ਕੁਝ ਨਹੀਂ ਬਚਦਾ।
ਬੱਚੀ ਭਾਵੇੰ ਹੁਣ ਇੱਕ ਤਰਾਂ ਨਾਲ ਮੇਰੀ ਹੀ ਸੀ ਪਰ ਫੇਰ ਵੀ ਮੈੰ ਦੁੱਧ ਚੁੰਘਦੀ ਬੱਚੀ ਨੂੰ ਉਹਦੀ ਮਾਂ ਕੋਲੋੰ ਕਿੰਜ ਜੁਦਾ ਕਰਦੀ? ਮੈੰ ਤੇ ਸੰਜੀਵ ਨੇ ਸਵਾ ਕੁ ਮਹੀਨੇ ਬਾਅਦ ਬੱਚੀ ਆਪਣੇ ਘਰ ਲੈ ਜਾਣ ਬਾਰੇ ਸੋਚਿਆ। ਸੁਰਤ ਆਉਣ ‘ਤੇ ਮੇਰੀ ਭਾਬੋ ਨੇ ਬੱਚੀ ਨੂੰ ਹਿੱਕ ਨਾਲ ਲਾ ਕੇ ਪਹਾੜ ਜਿੱਡਾ ਜੇਰਾ ਕਰ ਲਿਆ ਤੇ ਆਖਣ ਲੱਗੀ ,” ਮੈਂ ਦੇਵੀ-ਦੇਵਤਿਆਂ ਦੀ ਕੁੱਲ ‘ਚੋਂ ਨਹੀਂ ਹਾਂ ਤੇ ਨਾ ਹੀ ਦੇਵੀ ਬਣਨਾ ਚਾਹੁੰਦੀ ਹਾਂ …ਆਮ ਇਨਸਾਨ ਹਾਂ …ਆਮ ਹੀ ਰਹਿਣ ਦਿਓ… ਕੁਝ ਪਲਾਂ ਦੇ ਮੋਹ ‘ਚ ਮੇਰੇ ਲਈ ਬੱਚੀ ਨੂੰ ਦੂਰ ਕਰਨਾ ਬਹੁਤ ਔਖਾ ਹੋ ਰਿਹਾ ਹੈ… ਮੈਂ ਕਿਵੇਂ ਦਿਆਂਗੀ ਆਪਣੀ ਬੱਚੀ ਨੂੰ ? ਭਾਵੇਂ ਇੱਕ ਮਾਂ ਦੇ ਕਿੰਨੇ ਵੀ ਜੀਅ ਹੋਣ ਪਰ ਹਰ ਜੀਅ ਲਈ ਮਾਂ ਦੀ ਮਮਤਾ ਵੱਖਰੀ ਹੁੰਦੀ ਹੈ। ”
ਭਾਬੋ ਦੀ ਗੱਲ ਸੁਣ ਤਰ੍ਹਾਂ-ਤਰ੍ਹਾਂ ਦੇ ਖਿਆਲ ਮੇਰੇ ਦਿਮਾਗ ਦੀਆਂ ਨਾੜਾਂ ਨੂੰ ਕੁਤਰਨ ਲੱਗੇ ਅਤੇ ਪੁੜਪੜੀਆਂ ਦੀਆਂ ਨਸਾਂ ਫਟੱਕ- ਫਟੱਕ ਵੱਜਣ ਲੱਗੀਆਂ। ਭਾਬੋ ਦੇ ਮਨ ‘ਚ ਕੀ ਚੱਲ ਰਿਹਾ ਸੀ ?,ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਮੈਂ ਹਾਲਾਤ ਦੀ ਭੱਠੀ ਵਿੱਚ ਦਬੀ ਹੋਈ,ਜ਼ਿੰਦਗੀ ਦੀ ਆਸ ਨਾਲ ਉੱਥੇ ਖੜ੍ਹੀ ਸਾਂ ਤੇ ਜਦੋਂ ਜ਼ਿੰਦਗੀ ਨੇ ਅੱਖ ਪੁੱਟੀ, ਤਾਂ ਜ਼ਿੰਦਗੀ ਤੋਂ ਹੀ ਭੈਅ ਆਉਣ ਲੱਗਿਆ। ਮੈੰ ਅੰਦਰੋੰ ਕੰਬ ਗਈ, ਇਹ ਸੋਚ ਕੇ ਕਿ ਭਾਬੋ ਬਦਲ ਗਈ ਹੈ ।ਮੇਰੇ ਬੁੱਲ੍ਹਾਂ ‘ਤੇ ਚੁੱਪ ਜੰਮ ਗਈ ਤੇ ਮੂੰਹ ਨੂੜਿਆ ਗਿਆ ।
ਅਚਾਨਕ ਮੇਰੀ ਮਾਂ ਨੇ ਅੱਖਾਂ ਭਰ ਨੂੰਹ ਦੇ ਮੋਢੇ ‘ਤੇ ਹੱਥ ਧਰਿਆ ਤਾਂ ਮੈਨੂੰ ਇੰਜ ਜਾਪਿਆ ਜਿਵੇਂ ਇਕ ਮਾਂ ਦੂਜੀ ਮਾਂ ਮੁਹਰੇ ਆਪਣੀ ਧੀ ਲਈ ਮਿੰਨਤਾਂ-ਤਰਲੇ ਕਰ ਰਹੀ ਹੋਵੇ। ਮੈਂ ਸੁੰਨ ਜਿਹੀ ਖੜ੍ਹੀ ,ਇਹ ਸਭ ਵੇਖ ਰਹੀ ਸਾਂ । ਮੇਰੀ ਭਾਬੋ ਅੱਖਾਂ ਭਰ ਆਖਣ ਲੱਗੀ,” ਲੈ! ਲਤਾ ! ਸੰਭਾਲ ਲੈ ਆਪਣੀ ਅਮਾਨਤ… ਅੱਜ ਤੋਂ… ਇਸ ਪਲ ਤੋਂ ਇਹ ਤੇਰੀ ਹੈ…ਜੇਕਰ ਤੂੰ ਕੁਝ ਪਲਾਂ ਲਈ ਵੀ ਇਹਨੂੰ ਮੇਰੇ ਕੋਲ ਛੱਡ ਗਈ… ਤਾਂ ਮੇਰੇ ਮਨ ‘ਚ ਭਰੀ ਮੇੈਲ ਨੇ ਮੇਰੀ ਮਮਤਾ ਦੀਆਂ ਤੰਦਾਂ ਨੂੰ ਐਨਾ ਉਲਝਾ ਦੇਣਾ ਕਿ ਚਾਹੁੰਦੇ ਹੋਏ ਵੀ ਇਹ ਮੈਥੋੰ ਸੁਲਝਾਈਆਂ ਨਹੀਂ ਜਾਣੀਆਂ।”
“ਨਹੀਂ, ਭਾਬੋ ! ਇਹਨੂੰ ਹਾਲੇ ਤੇਰੇ ਦੁੱਧ ਦੀ ਲੋੜ ਐ… ਮੈਂ ਕਿਵੇਂ ਇਸ ਬੱਚੀ ਦੇ ਮੂੰਹੋਂ ਇਸ ਦਾ ਦੁੱਧ ਖੋਹ ਲਵਾਂ ? ” ਮੈਂ ਮਸਾਂ ਹੀ ਕਹਿ ਸਕੀ।
” ਲਤਾ ! ਤੂੰ ਫ਼ਿਕਰ ਨਾ ਕਰ…ਕੁਝ ਨ੍ਹੀਂ ਹੁੰਦਾ ਇਹਨੂੰ…ਜਿਹੜੇ ਬੱਚਿਆਂ ਦੀਆਂ ਮਾਵਾਂ ਉਨ੍ਹਾਂ ਨੂੰ ਜੰਮਦੇ ਸਾਰ ਹੀ ਮਰ ਜਾਂਦੀਆਂ … ਉਹ ਬੱਚੇ ਕਿਹੜਾ ਨਾਲ ਈ ਮਰ ਜਾਂਦੇ ! ਇਹ ਵੀ ਨਹੀਂ ਮਰਨ ਲੱਗੀ …ਮੈਨੂੰ ਪਤਾ ਤੂੰ ਆਪੇ ਪਾਲ ਲੈਣੀ ਆਪਣੀ ਧੀ।” ਭਾਬੀ ਬਿਨਾਂ ਮੇਰੇ ਵੱਲ ਵੇਖਿਆਂ ਛੱਤ ਵੱਲ ਨੀਝ ਲਾ ਕੇ ਵੇਖਦੀ ਹੋਈ ਇਹ ਸਭ ਆਖ ਰਹੀ ਸੀ।
ਹੁਣ ਮੈਂ ਭਾਬੋ ਦੀਆਂ ਸਭ ਗੱਲਾਂ ਸੁਣ ਰਹੀ ਸਾਂ ਤੇ ਕਿਧਰੇ ਨਾ ਕਿਧਰੇ ,ਆਪਣੇ ਆਪ ਨੂੰ ਆਪਣੇ ਦਿਲ ਦੀ ਕਚਹਿਰੀ ‘ਚ ਦੋਸ਼ੀ ਮਹਿਸੂਸ ਕਰ ਰਹੀ ਸਾਂ, ਜਿਹੜੀ ਇੱਕ ਨਵਜੰਮੀ ਬੱਚੀ ਨੂੰ ਉਹਦੀ ਮਾਂ ਕੋਲੋਂ ਦੂਰ ਕਰ ਰਹੀ ਸੀ। ਮੈਨੂੰ ਕੁਝ ਨਹੀਂ ਸੁੱਝ ਰਿਹਾ ਕਿ ਮੈੰ ਕੀ ਕਰਾਂ ? ਜੇਕਰ ਬੱਚੀ ਨੂੰ ਉਹਦੀ ਮਾਂ ਕੋਲ ਛੱਡ ਦਿੰਦੀ ਤਾਂ ਮੇਰੀ ਮਾਤਾ ਰਾਣੀ ਸਾਹਮਣੇ ਦਿੱਤੀ ਜ਼ੁਬਾਨ ਝੂਠੀ ਪੈ ਜਾਣੀ ਸੀ । ਦੂਜਾ ਮੇਰੇ ਮਨ ਵਿੱਚ ਇਹ ਵੀ ਖਿਆਲ ਮੁੜ ਮੁੜ ਘੁੰਮਣ ਘੇਰੀਆਂ ਪਾ ਰਿਹਾ ਸੀ ਕਿ ਮੇਰੇ ਵੀਰੇ ਨੇ ਸੋਚਣਾ ਕੁੜੀ ਹੋਣ ਕਾਰਨ ਹੀ ਮੇਰਾ ਮਨ ਬਦਲ ਗਿਆ ਹੈ।
ਹੁਣ ਜਦੋੰ ਛਲਕਦੀਆਂ ਅੱਖਾਂ ਨਾਲ਼ ਮੇਰੀ ਭਰਜਾਈ ਨੇ ਬੱਚੀ ਨੂੰ ਆਪਣੀ ਛਾਤੀ ਨਾਲ਼ ਘੁੱਟ ਕੇ ਲਾਉਣ ਤੋੰ ਬਾਅਦ ਮੇਰੇ ਵੱਲ ਕੀਤਾ ਮੈਨੂੰ ਫੜਾਉਣ ਲਈ। ਮੈੰ ਬਿਨਾਂ ਕੁਝ ਕਹੇ ਬੱਚੀ ਨੂੰ ਆਪਣੀ ਬੁੱਕਲ ਵਿੱਚ ਸਾਂਭ ਲਿਆ ਅਤੇ ਕਮਰੇ ‘ਚੋੰ ਬਾਹਰ ਆ ਗਈ। ਮੈੰ ਸੰਜੀਵ ਨਾਲ ਜਦੋੰ ਆਪਣੇ ਹਸਪਤਾਲ ‘ਚੋੰ ਬਾਹਰ ਨਿਕਲ ਰਹੀ ਸਾਂ ਤਾਂ ਅਚਾਨਕ ਉੱਪਰਲੀ ਮੰਜਿਲ ਵੱਲ ਪਿੱਛੇ ਮੁੜ ਕੇ ਵੇਖਿਆ ਤਾਂ ਆਪਣੀ ਭਾਬੋ ਨੂੰ ਵੇਖ ਮੇਰਾ ਦਿਲ ਦਹਿਲ ਗਿਆ । ਉਹ ਕਮਰੇ ਦੀ ਤਾਕੀ ‘ਚੋੰ ਸਾਨੂੰ ਜਾਂਦਿਆਂ ਨੂੰ ਵੇਖ ਰਹੀ ਸੀ। ਮੈੰ ਚੁੱਪ-ਚਾਪ ਬੱਚੀ ਨਾਲ ਗੱਡੀ ‘ਚ ਜਾ ਬੈਠੀ । ਸੰਜੀਵ ਨੇ ਗੱਡੀ ਸਟਾਰਟ ਕੀਤੀ ਤਾਂ ਮੇਰੀ ਦਿਲ ਦੀਆਂ ਧੜਕਣਾਂ ਹੋਰ ਤੇਜ਼ ਹੋਣ ਲੱਗੀਆਂ। ਮੈੰ ਬੱਚੀ ਦੇ ਮੂੰਹ ਵੱਲ ਵੇਖਣ ਲੱਗੀ ਜਿਹੜੀ ਸਭ ਗੱਲਾਂ ਤੋੰ ਬੇਫਿਕਰ ਸੁੱਤੀ ਪਈ ਸੀ । ਸਾਰੇ ਰਾਹ ਮੈੰ ਭਾਬੋ ਬਾਰੇ ਹੀ ਸੋਚਦੀ ਰਹੀ । ਜਦੋੰ ਸੰਜੀਵ ਨੇ ਘਰ ਦੇ ਗੇਟ ਮੁਹਰੇ ਗੱਡੀ ਰੋਕੀ , ਮੈੰ ਗੱਡੀ ‘ਚੋੰ ਉਤਰਨ ਦੀ ਬਜਾਏ , ਸੰਜੀਵ ਨੂੰ ਮੁੜ ਹਸਪਤਾਲ ਵੱਲ ਗੱਡੀ ਮੋੜਨ ਲਈ ਕਿਹਾ। ਸੰਜੀਵ ਮੇਰੇ ਮਨ ਦੀ ਹਾਲਤ ਸਮਝਦਾ ਸੀ । ਉਹਨੇ ਬਿਨਾਂ ਨਾਹ- ਨੁੱਕਰ ਕੀਤਿਆਂ ਗੱਡੀ ਹਸਪਤਾਲ ਵੱਲ ਮੋੜ ਲਈ। ਮੈੰ ਜਦੋੰ ਭਾਬੋ ਦੇ ਕਮਰੇ ‘ਚ ਪਹੁੰਚੀ ਅਚਾਨਕ ਬੱਚੀ ਉੱਚੀ-ਉੱਚੀ ਰੋਣ ਲੱਗੀ । ਸ਼ਾਇਦ ਉਹਨੂੰ ਭੁੱਖ ਲੱਗੀ ਸੀ । ਭਾਬੋ ਵੀ ਉੱਬੜਬਾਹੇ ਉੱਠ ਕਮਰੇ ‘ਚੋੰ ਬਾਹਰ ਭੱਜੀ ਆਈ । ਆਖਰ ਮਾਂ ਜੋ ਸੀ। ਜਦੋੰ ਉਹਨੇ ਆਪਣੀ ਧੀ ਨੂੰ ਆਪਣੀ ਛਾਤੀ ਨਾਲ਼ ਲਾਇਆ ਮੇਰੀ ਮਾਂ ਨੇ ਮੈਨੂੰ ਆਪਣੀ ਬੁੱਕਲ ਵਿੱਚ ਭਰ ਲਿਆ ਤੇ ਮੇਰਾ ਵੱਡਾ ਵੀਰ ਮੇਰਾ ਸਿਰ ਪਲੋਸਣ ਲੱਗਿਆ। ਮੈੰ ਤੇ ਸੰਜੀਵ ਅਸੀਂ ਦੋਵੇੰ ਕਾਹਲ਼ੀ-ਕਾਹਲ਼ੀ ਪੌੜੀਆਂ ਉਤਰਨ ਲੱਗੇ।
ਮਨਦੀਪ ਰਿੰਪੀ…ਰੂਪਨਗਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)