More Punjabi Kahaniya  Posts
ਅਸੀਂ ਯਤੀਮ ਹੋ ਗਏ


ਮੈਂ ਜਦ ਹੋਸ਼ ਸੰਭਲੀ ਤਾਂ ਆਪਣੀ ” ਬੀਜ਼ੀ” (ਮੇਰੀ ਮਾਂ ) ਦੇ ਬਹੁਤ ਨੇੜੇ ਸਾਂ ਪਤਾ ਨਹੀ ਕਿਉਂ ਉਹਨਾਂ ਦੀ ਹਰ ਗੱਲ ਦੀ ਰਮਜ਼ ਜਲਦੀ ਸਮਝ ਪੈਂਦੀ ਸੀ ..ਜਦ ਉਹ ਮਸ਼ੀਨ ਤੇ ਕਪੜੇ ਸਿਉਂਦੇ ਸੀ ਤਾਂ ਭਾਈ ਵੀਰ ਸਿੰਘ ਜੀ ਦੀ ਦੇ ਲਿਖੇ ਕਾਵਿ ਟੋਟੇ ਨਾਲ ਨਾਲ ਬੋਲਦੇ ਰਹਿੰਦੇ ..ਮੈ ਆਪਣੇ ਸਕੂਲ ਦਾ ਕੰਮ ਉਹਨਾ ਲਾਗੇ ਬੈਠ ਕੇ ਕਰਦੀ ..ਜੇ ਕੋਈ ਮੁਸ਼ਕਿਲ ਆਉਣੀ ਤਾਂ ਪੁਛ ਲੈਣਾ ..ਉਹਨਾਂ ਝਟਪਟ ਸਮਝਾ ਦੇਣੀ ..”ਸਾਵੇ ਪੱਤਰ ‘ “ਹੀਰ ਵਾਰਿਸ ਸ਼ਾਹ ‘ ਕਿੱਸਾ ਪੂਰਨ ਭਗਤ ” ਸੋਹਣੀ ਮਹੀਂਵਾਲ” ” ਰੂਪ ਬਸੰਤ ” ਤੇ ਦਰਦ ਨਾਲ ਭਰੀ ਰਾਜੇ ਦੇ ਮਾਂ ਮਿਟਰ ਹੋਏ ਬਚਿਆਂ ਦੀਆਂ ਕਹਾਣੀਆਂ ਸੁਣਦਿਆਂ ਵੱਡੀ ਹੋਈ .. ਉਹਨਾ ਦਾ ਅੰਦਾਜ਼ੇ ਬਿਆਂ ਏਨਾ ਕਮਾਲ ਦਾ ਸੀ ਮੈ ਸੁਣਦਿਆਂ ਸੁਣਦਿਆਂ ਬਹੁਤ ਰੋਂਦੀ ਹੁੰਦੀ ਸੀ ..ਜਦ ਕੀ ਉਸ ਵਕ਼ਤ ਮੇਰਾ ਇਸ ਦਰਦ ਨਾਲ ਦੁਨਿਆਵੀ ਰਿਸ਼ਤਾ ਨਹੀ ਸੀ …ਫਿਰ ਜਦ ਥੋੜੀ ਹੋਰ ਵੱਡੀ ਹੋਈ ਤਾਂ ਅੰਦਾਜ਼ਾ ਲਗਾ ਕੀ ਉਹਨਾ ਦੀ ਇਸ ਯੋਗਤਾ ਦਾ ਕਾਰਣ ਉਸ ਸਮੇਂ “ਗਿਆਨੀ” ਕੀਤਾ ਹੋਣਾ ਵੀ ਹੋ ਸਕਦਾ ਹੈ ..ਪਰ ਜੋ ਵੀ ਸੀ ਉਹ ਮੇਰੇ ਪਹਿਲੇ “ਸਾਹਤਿਕ ਗੁਰੂ” ਸਨ ! ਪਰ ਦਰਦ ਨੇ ਐਸਾ ਪਿੜ ਮਲਿਆ ਕੇ ..ਫਿਰ ਕਦੀ ਛਡਿਆ ਹੀ ਨਹੀਂ
ਮੇਰੇ ਤੋਂ ਵੱਡੀ ਭੈਣ ਦਾ ਮਨ ਪੜਾਈ ਵਿਚ ਉਨਾ ਨਹੀ ਸੀ ਲਗਦਾ …ਜਲਦੀ ਉਸ ਨੇ ਪੜਾਈ ਛਡ ਦਿੱਤੀ ਤਾਂ ਘਰ ਵਿੱਚ ਮੁਟਿਆਰ ਧੀ ਦਾ ਫਿਕਰ ਮਾਂ ਪਿਓ ਨੂੰ ਹੋ ਜਾਂਦਾ ਸੀ ਉਸ ਵੇਲੇ…ਬਸ ਜੀ ਜ਼ਮੀਦਾਰ ਘਰਾਣਾ ਲਭਣਾ ਸ਼ੁਰੂ ਹੋ ਗਿਆ . ਲੱਭ ਵੀ ਗਿਆ …ਰਿਸ਼ਤਾ ਪੱਕਾ ਹੋ ਗਿਆ ..ਮੈ ਅਠਵੀੰ ਕੀਤੀ ਤੇ ਨੌਵੀੰ ਵਿਚ ਨਾਲ ਦੇ ਪਿੰਡ ਦਾਖਲਾ ਲੈ ਲਿਆ (ਕਿਉਂ ਕਿ ਪੜਾਈ ਦਾ ਸ਼ੌਂਕ ਹੋਣ ਕਰਕੇ ਮੇਰੀ ਉਮਰ ੩ ਸਾਲ ਅੱਗੇ ਲਿਖਾ ਦਿੱਤੀ ਗਈ ਸੀ) ..ਘਰ ਵਿਚ ਵਿਆਹ ਦੀ ਤਿਆਰੀ ਹੋਣ ਲੱਗ ਪਈ ਮਸਾਂ 16 ਕੁ ਸਾਲ ਉਮਰ ਹੋਣੀ ਹੈ ਉਸ ਦੀ ਵੱਡੀ ਸੀ ਮੇਰੇ ਤੋਂ ੪ ਜਾਂ ੫ ਸਾਲ .ਦਿਨ ਮਿਥ ਹੋ ਗਿਆ …ਘਰ ਵਿਚ ਹਲਵਾਈ ਬਿਠਾਏ .. ਕੱਪੜਾ ਲੱਤਾ ਗਹਿਣਾ ਗੱਟਾ ਸਭ ਇੰਤਜ਼ਾਮ ਕਰ ਪੇਟੀਆਂ ਵਿਚ ਸਾਂਭ ਦਿੱਤੇ ਗਏ..ਉਦੋਂ ਏਨਾ ਧਿਆਨ ਨਹੀ ਸੀ ਬਚਿਆਂ ਦਾ ਕੇ ਵੱਡੇ ਕੀ ਕਰ ਰਹੇ ਹਨ ਪਰ ਕਦੀ ਕਦੀ ਸਭ ਤੋਂ ਵੱਡੀ ਭੈਣ ਕਹਿੰਦੀ ” ਹਾਲੀ ਉਮਰ ਬਹੁਤ ਨਿਆਣੀ ਹੈ ਕੁੜੀ ਦੀ ਕਾਹਲੀ ਕਰ ਦਿੱਤੀ” !.. ਪਰ ਮੈਂਨੂੰ ਅੱਜ ਤੱਕ ਨਹੀ ਸਮਝ ਪਈ ਕੇ ਕਿਉਂ ਏਨੀ ਨਿੱਕੀ ਜਿਹੀ ਦਾ ਵਿਆਹ ਕਰ ਦਿੱਤਾ ਪਰ ਸਾਡਾ ਇਹ ਮਸਲਾ ਉਸ ਵੇਲੇ ਬਿਲਕੁਲ ਨਹੀ ਸੀ .. ਸਾਨੂੰ ਤਾਂ ਬੂੰਦੀ ਤੇ ਮੱਠੀਆਂ ਦੀ ਮਹਿਕ ਬੜੀ ਭਾਉਂਦੀ ਸੀ ਅਸੀਂ ਸਾਰਾ ਦਿਨ ਅੱਗੇ ਪਿਛੇ ਘੁੰਮਦੇ ਰਹਿੰਦੇ ਤੇ ਨਵੇਂ ਕਪੜਿਆਂ ਦਾ ਚਾਅ ਬਹੁਤ ਸੀ .ਨਵੀਆਂ ਜੁੱਤੀਆਂ …ਮੈ ਤੇ ਮੇਰੇ ਤੋਂ ਛੋਟੀ ਤੇ ਸਭ ਤੋ ਨਿੱਕਾ ਮੇਰਾ ਵੀਰ ਖੂਬ ਮਸਤੀ ਕਰਦੇ … ਕਦੀ ਬਾਗ ਵਿਚ ਸਾਰਾ ਸਾਰਾ ਦਿਨ ਅੰਬੀਆਂ ਤੋੜਦਿਆਂ ਲੰਘਾ ਦੇਣੀ .. ਕਦੀ ਮੱਝ ਦੇ ਪੁੜਾਂ ਤੇ ਪੈਰ ਰੱਖ ਹੂਟੇ ਲੈਂਦੇ ਰਹਿਣਾ .ਸਾਡੀ ਇੱਕ ਮੱਝ ਹੁੰਦੀ ਸੀ ਬੋਲ੍ਹੀ ਪਰ ਸੀਲ ਬਹੁਤ ਸੀ ।
ਇੱਕ ਦਿਨ ਮੈ ਇਸੇ ਤਰਹ ਹੀ ਮੱਝ ਤੇ ਚੜ ਕੇ ਅੰਬੀਆਂ ਤੋੜ ਰਹੀ ਸਾਂ ਟਾਹਣੀ ਕਾਫੀ ਨੀਵੀਂ ਸੀ ..ਤੇ ਮੇਰਾ ਵੱਡਾ ਤਾਇਆ ਆ ਗਿਆ ..ਉਸ ਦੇ ਹੱਥ ਵਿਚ ਸੋਟੀ ਸੀ ਉਸ ਨੇ ਦੂਰੋਂ ਆਵਾਜ਼ ਦਿੱਤੀ” ਉਹ ਕੁੜੀਏ !! ਉੱਤਰ ਥਲੇ ਡਿੱਗ ਕੇ ਸੱਟ ਲਵਾਉਣੀ ਊਂ ” ! ..ਸੋਟੀ ਦੇਖ ਮੱਝ ਡਰ ਗਈ ਤੇ ਮੈ ਧੈਂ ਕਰਕੇ ਡਿੱਗ ਪਈ ਤੇ ਉਥੋਂ ਘਰ ਨੂੰ ਦੌੜ ਆਈ ..ਬਾਗ ਵਿਚ ਸ਼ਰੀਕੇ ਵਿਚੋਂ ਤਾਇਆ ਜੀ ਦਾ ਮੁੰਡਾ ਸੋਲਵੀ ਜਮਾਤ (ਐਮ. ਏ) ਵਿਚ ਪੜਦਾ ਸੀ ਓਸ ਨੂੰ ਮੈ ਦੀਖਿਆ ਕਿ ਵੀਰ ਮੇਰੀ ਬਾਹਂ ਦੇਖੀਂ ..ਤੇ ਉਸ ਨੇ ਦੱਸਿਆ ਕਿ ..”..ਮੇਰੀ ਖੱਬੀ ਬਾਹਂ ਟੁੱਟ ਗਈ ਸੀ ” ……..ਸਾਰੀ ਰਾਤ ਮੈ ਰੋਂਦੀ ਰਹੀ ..ਪਰ ਸਾਹਮਣੇ ਜਾ ਕੇ ਦੱਸਣ ਦੀ ਹਿੰਮਤ ਨਾ ਪਈ ..ਪਤਾ ਸੀ ਕੁੱਟ ਵੀ ਪਉਗੀ ਤੇ ਝਿੜਕਾਂ ਵੀ .ਰੁਝੇ ਹੋਣ ਕਰਕੇ ਧਿਆਨ ਵੀ ਨਹੀ ਆਇਆ ..ਬੱਸ ਜਿਥੇ ਕੱਪੜਿਆਂ ਵਾਲੀ ਮੰਜੀ ਸੀ ਲੁਕੀ ਰਹੀ ਪਰ ਰਾਤ ਦੇ ੧੨ ਕੁ ਵਜੇ ‘ ਬੀਜ਼ੀ” ਆਏ ਤਾਂ ਉਹਨਾਂ ਦੇਖਿਆ ..ਅਸੀਂ ਤਾਂ ਲੱਭ ਲੱਭ ਥੱਕ ਗਏ ਪਰ ਇਹ ਤਾਂ ਆਹ ਸੁੱਤੀ ਹੈ…ਜਦ ਉਠਾਇਆ ਤਾਂ ਦੇਖਿਆ ਸੱਟ ਲਗੀ ਤਾਂ ਸਾਰਾ ਗੁੱਸਾ ਭੁਲ ਗਏ ਫਟਾਫਟ ਤੇਲ ਗਰਮ ਕਰਕੇ .ਮੇਰੀ ਬਾਹਂ ਤੇ ਮਲਿਆ ਪੱਟੀ ਬੰਨੀ ਰੋਟੀ ਖਵਾਈ ਹਲਦੀ ਪਾ ਕੇ ਗਰਮ ਗਰਮ ਦੁੱਧ ਦਿੱਤਾ ..ਤੇ ਨਾਲ ਹੀ ਵੱਡੇ ਵੀਰ ਨੂੰ ਪੱਕੀ ਕਿੱਤੀ ਕੇ ਨਾਲ ਦੇ ਪਿੰਡ …ਜੋ ” ਮਸੀਹ” ਲੱਤਾਂ ਬਾਹਵਾਂ ਬੰਨਦਾ ਸਵੇਰੇ ਓਸ ਕੋਲ ਲੈ ਕੇ ਜਾਵੀਂ !!
ਸਵੇਰੇ ਉੱਠਦਿਆਂ ਸਾਰ ਮੁਹੰ ਹੱਥ ਧੋ ਕੇ “ਜਪੁਜੀ ਸਾਹਿਬ” ਦੀਆਂ ਪੰਜ ਪੌੜੀਆਂ ਜੋ ਕਿ {ਮੁਹੰ ਜੁਬਾਨੀ ਯਾਦ ਸਨ }ਕਰ ਲਿਆ !
ਪਾਠ ਦੀ ਗੱਲ ਤੋਂ ਯਾਦ ਆਇਆ ..ਕਿ ਕਿਸੇ ਨੂੰ ਉਨੀ ਦੇਰ ਘਰ ਵਿਚ ਕੁਝ ਖਾਣ ਨੂੰ ਨਹੀ ਸੀ ਦਿੱਤਾ ਜਾਂਦਾ ਜਦ ਤੱਕ ਉਹ ਇਸ਼ਨਾਨ ਕਰਕੇ ਪਾਠ ਨਾ ਕਰੇ ! ” ਇਹ ਬੜਾ ਸਖਤ ਰੂਲ ਸੀ ਤੇ ਹਰ ਇੱਕ ਤੇ ਲਾਗੂ ਹੁੰਦਾ ਸੀ ..ਕਿਉਂ “ਬੀਜੀ” ਢਾਈ ਵਜੇ ਉਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਸਨ ਫਿਰ ਸਿਮਰਨ ਵਿਚ ਜੁੜ ਜਾਣਾ ..ਰਾਤ ੧੨ ਵਜੇ ਤੱਕ ਕਪੜੇ ਸਿਉਣੇ …ਤੇ ਪਤਾ ਨਹੀ ਕਿਵੇਂ ਏਨੀ ਸਜਰੇ ਉਠ ਪੈਣਾ !!
ਵੱਡਾ ਵੀਰ ਮੈਨੂੰ ਸਾਇਕਲ ਤੇ ਬਿਠਾ ਕੇ ਲੈ ਗਿਆ …ਮਸੀਹ ਨੇ ਬਾਹਂ ਦੇਖੀ ਤੇ ਕਿਹਾ ” ਹੱਡੀ ਟੁੱਟੀ ਹੈ ਅਰਕ ਤੋ ਥਲਿਓਂ ਬਚਾ ਹੈ… ਅਰਕ ਹੁੰਦੀ ਤਾਂ ਔਖਾ ਹੋਣਾ ਸੀ !” ਤੇਲ ਮਲ ਕੇ ਜਦ ਘੋੜਾ ਜਿਹਾ ਕੱਸਿਆ ਕੜਕ ਕਰਕੇ ਕੜਾਕਾ ਜਿਹਾ ਕਢਿਆ ਉਸ ਨੇ ਤਾਂ… ਮੇਰੀਆਂ ਚੀਕਾ ਨਿਕਲ ਗਈਆਂ…ਸਿਰ ਨੂੰ ਚੱਕਰ ਜਿਹਾ ਆ ਗਿਆ ..ਫਿਰ ਫੱਟੀਆਂ ਲਾ ਕੇ ਬੰਨ ਦਿੱਤੀ ਮੇਰੀ ਬਾਂਹ …ਗਲ ਵਿਚ ਵੰਘਨਾ ਪਾ ਕੇ ਘਰ ਨੂੰ ਆ ਗਈ ..ਪੀੜ ਨਾਲ ਜਾਨ ਨਿਕਲਦੀ ਜਾਵੇ !!
ਇਕ ਦਿਨ ਹੋਰ ਲੰਘਿਆ ..ਪੱਟੀ ਕਰਵਾਉਣ ਜਾਣਾ ਸੀ ਦੋਬਾਰਾ …ਵਾਪਿਸ ਆ ਰਹੀ ਸਾਂ ਪੱਟੀ ਕਰਵਾ ਕੇ ਕੇ ਹੋਰ ਭਾਣਾ ਵਾਪਰ ਗਿਆ ….ਰਸਤਾ ਕੱਚਾ ਹੁੰਦਾ ਸੀ …ਤੇ ਸਾਡੇ ਪਿੰਡ ਦੇ “ਨਾਮੇ” ਦੀ ਬੰਬੀ ਦਾ “ਖਾਲ” ਕਾਫੀ ਵੱਡਾ ਸੀ ਤੇ ..ਉਹ ਰਸਤੇ ਵਿਚ ਪੈਂਦਾ ਸੀ…ਵੀਰ ਨੇ ਸੋਚਿਆ ਲੰਘ ਹੀ ਜਾਵਾਂਗੇ ਜਿਵੇਂ ਜਾਣ ਲਗਿਆਂ ਲੰਘ ਗਏ..ਪਰ ਆਉਂਦੀ ਵਾਰ ਥੋੜਾ ਪਾਣੀ ਸੀ ….ਸਾਇਕਲ ਬੁੜਕ ਕੇ ਵਿਚ ਖੁਭ ਗਿਆ ……ਤੇ “ਮੈ” ਖਾਲ ਦੀ “ਅੱਟ” ਤੇ ਜਾ ਵੱਜੀ ..ਉਸੇ ..ਬਾਹਂ ਭਾਰ…ਫਿਰ ਇੱਕ ਲੇਰ ਜਿਹੀ ਨਿਕਲੀ …ਵੀਰ ਬੜਾ ਚੁੱਪ ਕਰਾਵੇ ਘਰ ਜਾ ਕੇ ਨਾ ਦਸੀਂ ਤੂੰ ਡਿੱਗ ਪਈ ਸਾਂ…ਪਰ ਮੇਰੀ ਵਾਹ ਕੋਈ ਨਹੀ ਸੀ ..ਪੀੜ ਬਹੁਤ ਹੁੰਦੀ ਸੀ ..ਪਰ ਮੈ ਦਸਿਆਂ ਨਾ । ਮੈਨੂੰ ਵੀਰ ਦਾ ਬਾਰ ਬਾਰ ਭੋਲਾ ਜਿਹਾ ਚੇਹਰਾ ਯਾਦ ਆ ਜਾਵੇ ( ਮੈ ਬੜੀ ਦੇਰ ਬਾਅਦ ਸਮਝੀ ਸਾਂ ਕਿ ਇਹ ਇੱਕ ਭੈਣ ਦਾ ਮੋਹ ਸੀ ਆਪਣੇ ਭਰਾ ਲਈ ਨਿਰਛਲ , ਨਿਰ ਸਵਾਰਥ ਨਾ ਕਿਸੇ ਪਦਾਰਥ ਲਾਲਚ ਸੀ ਨਾ ਜਮੀਨਾ ਦੇ ਸਵਾਰਥ ਇਹ ਰਿਸ਼ਤੇ ਬਹੁਤ ਸੁਚੇ ਤੇ ਸਚੇ ਸਨ ) ਅਗਲੇ ਦਿਨ ਪਿਤਾ ਜੀ ਕਹਿੰਦੇ “ਮੈ ਆਪ ਜਾਂਦਾ ਹਾਂ ..ਪੱਟੀ ਕਰਵਾ ਕੇ ਲਿਆਉਂ ਆਰਾਮ ਕਿਉਂ ਨਹੀ ਆਇਆ । ਹੱਦ ਹੋ ਗਈ ! ”
ਅਸੀਂ ਪਿਓ ਧੀ ਅਗਲੇ ਸਵੇਰੇ ਸਾਇਕਲ ਹੀ ਤੇ ਚਲੇ ਗਏ ..ਜਦ ਖਾਲ ਨੇੜੇ ਆਇਆ ਤਾਂ ਮੈ ਕਾਹਲੀ ਨਾਲ ਕਿਹਾ .”.ਮੈਨੂੰ ਉੱਤਰ ਕੇ ਲੰਘ ਜਾਣ ਦਿਉ ਕੱਲ ਇਥੇ..ਅਸੀਂ.”……. ਬਾਕੀ ਗੱਲ ਗੱਲ ਮੇਰੇ ਮੂੰਹੋਂ ਨਾ ਨਿਕਲੀ । ਜਦ ਅਸੀਂ ਮਸੀਹ ਕੋਲ ਪਹੁੰਚੇ ਤਾਂ ਸਾਰੀ ਗੱਲ ਸਾਫ਼ ਹੋ ਗਈ ..ਮਾੜੀ ਕਿਸਮਤ ਨੂੰ ਬਾਹਂ ਇੱਕ ਥਾਂ ਤੋਂ ਹੋਰ ਟੁੱਟ ਗਈ ਸੀ ! ਫੱਟੀਆਂ ਲਗੀਆਂ ਹੋਣ ਦੇ ਬਾਵਜੂਦ ਇੰਜ ਕਿਵੇਂ ਹੋ ਗਿਆ …..ਮੈਨੂੰ ਮਸੀਹ ਨੇ ਪੁਛਿਆ ” ਕੁਦੀਏ ਕੱਲ ਡਿੱਗੀ ਸਾਂ “?
ਮੈ ਹਾਂ ਵਿਚ ਸਿਰ ਹਿਲਾ ਦਿੱਤਾ ! ਰਾਹ ਵਿਚ ਸਾਰਾ ਭੇਦ ਖੁਲ ਗਿਆ ਵੀਰ ਦਾ ! ਬੜੀਆਂ ਗਾਹਲਾਂ ਪਾਈਆਂ ..ਘਰ ਆ ਕੇ ..ਤੇ ਮੈਨੂੰ ਲਾਹਨਤਾਂ ਝੂਠ ਬੋਲਣ ਤੇ ..ਪਰ ਹੁਣ ਤਾਂ ਦੋਹਰੀ ਸੱਟ ਸੀ ਹੌਲੀ ਹੌਲੀ ਠੀਕ ਹੋਣੀ ਸੀ !
ਸਾਰਾ ਵਿਆਹ ਦਾ ਚਾ ਲਥ ਗਿਆ ਪੀੜ ਕਹੇ …ਕਿ ਮੈਂ ਵੀ ਬੱਸ ਅੱਜ …ਉਦੋਂ ਲੋਗ ਬਹੁਤੀਆਂ ਦਵਾਈਆਂ ਨਹੀ ਖਾਂਦੇ
ਜੇ ਅੱਜ ਦਾ ਵੇਲਾ ਹੁੰਦਾ ਤਾਂ “ਪੇਨ ਕਿਲਰ ” ਕਿੰਨੇ ਖਾ ਜਾਣੇ ਸੀ ! ਪਰ ਪੀੜ ਸਹਿੰਦਿਆਂ….ਨੀਦ ਵੀ ਜਾਣੀ ..ਕਈ ਵਾਰ੍ ਦੁਖ ਵੀ ਜਾਣਾ….
..ਕੁਝ ਵੀ ਚੰਗਾ ਨਾ ਲਗੇ ਜਦ ਦਿਲ ਕਰੇ ..ਜੇ ਨੱਚਣਾ ਭੁੜਕਣਾ ਤਾਂ ਤਾੜਨਾ ਹੋ ਜਾਣੀ ” ਬੈਠ ਆਰਾਮ ਨਾਲ ਪਹਿਲਾਂ ਗਲ ਵਿਚ ਬਾਹਂ ਪਾਈ ਹੋਰ ਕਿਤੇ ਸੱਟ ਲੱਗ ਜੁ ਗੀ ” !! “ਦਾਦੀ ਜੀ ” ਵੱਡੇ ਚਾਚੇ ਵੱਲ ਰਹਿੰਦੇ ਸਨ ! ਉਹ ਵੀ ਘਰ ਆ ਗੇ ! ਪਰ ਮੈਨੂ ਇੱਕ ਗੱਲ ਉਹਨਾ ਦੀ ਕਦੀ ਨਹੀਂ ਸੀ ਚੰਗੀ ਲੱਗੀ .ਜਦ ਕਦੇ ਅਸੀਂ ਘਰ ਵਿਚ ਸਾਰਿਆਂ ਰਲ ਕੇ
ਖੇਡਣਾ .ਉਹ ਮੈਨੂ ਬਹੁਤ ਝਿੜਕਦੇ ਸਨ..”ਵੇਖ ! ਕਿਦਾਂ ਦੁੜੰਗੇ ਮਾਰਦੀ ਫਿਰਦੀ !! ” ਇਹ ਕਿਤੇ ਨਿਆਣੀ ਹੈ .”.ਰੰਨ ” ਸਾਰੀ ਹੋਈ ਹੈ ” ! ਜਦ ਉਹਨਾ ਇਹ ਗੱਲ ਕਹਿਣੀ ਮੈਨੂੰ ਬੜਾ ਗੁੱਸਾ ਆਉਣਾ ਆਉਣਾ !ਮੈਨੂ ਇਹ ਸ਼ਬਦ ਕਦੀ ਵੀ ਚੰਗਾ ਨਾ ਲੱਗਾ (ਤੇ ਅੱਜ ਵੀ ਮੈਂ ਇਸ ਸ਼ਬਦ ਤੋਂ ਕੰਨੀ ਕਤਰਾਉਂਦੀ ਹਾਂ ) ਮੇਰਾ ਜੀ ਕਰਨਾ ਕਿ ਜੁਆਬ ਦੇਵਾਂ ! ਪਰ ਇਸਦਾ ਬਦਲਾ ਮੈਂ ਉਦੋਂ ਲੈਣਾ ਜਦ ਉਸਨੇ ਮਲਮਲ ਦੀ ਚੁੰਨੀ ਲਵੇਟ ਕੇ …ਮਖੀਆਂ ਤੋਂ ਡਰਦੀ ਨੇ ਰੋਟੀ ਵਾਲੀ ਥਾਲੀ ਵਿਚ ਲੁਕਾ ਕੇ ਰੋਟੀ ਖਾਣੀ ! ਤੇ ਮੈ ਉਸ ਦੀ ਚੁੰਨੀ ਖਿਚ ਕੇ ਭੱਜ ਜਾਣਾ ..ਬੱਸ ਫਿਰ ਗਾਹਲਾਂ ਦੀ ਉਹ ਬੌਛਾੜ ਹੋਣੀ ਕੀ ” ਅਟਾਰੀ ਬਾਰਡਰ ਤੇ ਚਲਦੇ ਬੰਬ ਵੀ ਮਾਤ ਪੈ ਜਾਂਦੇ ਸੀ !! ਖੂੰਡੀ ਵਗਾਹ ਕੇ ਮਾਰਨੀ ! ਪਰ ਹੁਣ ਮੈਨੂ ਆਪਣੀ ਬੇਵਕੂਫੀ ਤੇ ਹਾਸਾ ਆਉਂਦਾ ਹੈ ਤੇ ਪਛਤਾਵਾ ਵੀ ! ਕਿਉਂ ਕਿ ਬਜ਼ੁਰਗ ਦਾ ਸਾਥ ਬਹੁਤ ਥੋੜਾ ਹੁੰਦਾ ਹੈ !
ਚਾਰ ਦਿਨ ਰਹਿ ਗਏ ਸਨ ਵਿਆਹ ਵਿਚ ਉਸ ਰਾਤ ਵੱਡੀ ਭੈਣ ਬੀਬੀ ਬੜਾ ਚਿਰ ਕਮਰੇ ਵਿਚ ਕਪੜੇ ਜੋੜ ਜੋੜ ਰਖਦੀਆ ਰਹੀਆਂ ..ਜਿਸ ਨੂੰ ਅਸੀਂ ” ਨੌਗੇ “ਕਹਿੰਦੇ ਹਨ ! ਦੇਰ ਹੋਣ ਕਰਕੇ ਉਸ ਦਿਨ ਸਰੀਰ ਵੀ ਕੁਝ ਢਿਲਾ ਸੀ ਬੀਬੀ ਦਾ ਕਮਰੇ ਨੂੰ ਜਿੰਦਾ ਲਾ ਆ ਕੇ ਬਾਹਰ ਵੇਹੜੇ ਵਿਚ ਸੌਂ ਗਈਆਂ ਪੈਂਦਿਆਂ ਹੀ ਨੀਂਦ ਆ ਗਈ .. ਅਸੀਂ ਤੇ ਪਤਾ ਨਹੀ ਕਦੋਂ ਪਹਿਲਾਂ ਹੀ ..ਚਾਦਰ ਤਾਣ ਕੇ ਸੁੱਤੇ ਸੀ ! ਵੱਡੇ ਵੀਰ ਨੇ ਪਾਣੀ ਲਾਇਆ ਸੀ ..ਝੋਨੇ ਲਗਦੇ ਸਨ ..ਤੇ ਡੈਡੀ ਨੇ ਦੂਜੀ ਬੰਬੀ ਤੇ ਪਾਣੀ ਲਾਇਆ ਸੀ… ਗਹਿਣੇ ਵਾਲੀ ਪੈਲੀ ਨੂੰ ..ਘਰ ਵਿਚ ਨਿੱਕਾ ਵੀਰ ਮੈ ,ਛੋਟੀ ,ਬੀਬੀ ਤੇ ਵੱਡੀਆਂ ਦੋ ਭੈਣਾ ਸਨ ਬੀਬੀ ਤੜਕੇ ਉਠੀ ਤੇ ..ਚਾਰ ਕੁ ਦਾ ਟੈਮ ਸੀ ..ਲੋਗ ਅੰਦਰ ਬਾਹਰ ਆਉਣ ਜਾਣ ਲੱਗ ਪਏ ਸਨ ਤੇ ” ਸਾਡਾ ਇੱਕਲਾ ਘਰ ਸੀ ਜੋ ਕਿ ਗਲੀ ਵਿਚ ਤਾਂ ਸੀ ਪਰ ਪਿਛਲੇ ਪਾਸੇ .ਨਿਆਂਈ ਦੀ ਪੈਲੀ ਸੀ ਉਧਰ ਵਸੋਂ ਨਹੀ ਸੀ “) ਉਹਨਾ ਜਿੰਦਾ ਖੋਲਿਆ ਤਾਂ ਇੱਕ ਚੀਕ ਵੱਜੀ “ਵੇ ਲੁੱਟੀ ਗਈ ਲੋਕੋ “….ਨਾਲ ਹੀ ਬੇਹੋਸ਼ ਹੋ ਗਏ .”..ਚੋਰਾਂ ਨੇ ਆਪਣਾ ਕੰਮ ਕਰ ਦਿੱਤਾ ਸੀ! ਪਿਛਵਾੜੇ ” ਸੰਨ” ਲਾ ਕੇ ਸਾਰੀ ਨੁੱਕਰ ਉਧੇੜ ਦਿੱਤੀ ਸੀ …ਕਾਫੀ ਵੱਡਾ ਮਘੋਰਾ ਸੀ ਸਭ ਪੇਟੀਆਂ ਫੋਲੀਆਂ ਸਨ… ਗਹਿਣਾ ਗੱਟਾ ਕਪੜਾ ਲੱਤਾ , ਨਕਦੀ ਸਭ ਲੁੱਟਿਆ ਗਿਆ ਸੀ … ਵੱਡੀ ਭੈਣ ਚੀਕ ਸੁਣ ਕੇ ਉਠੀ …ਪਾਣੀ ਪਾਇਆ ..ਅਸੀਂ ਵੀ ਅਖ੍ਹਾਂ ਮਲਦੇ ਮਲਦੇ ਉਠੇ.. ਘਰ ਵਿਚ ਚੀਓ ਵਾਟ ਪੈ ਗਿਆ ..ਕੋਈ ਚਲਾ ਗਿਆ ਡੈਡੀ ਨੂੰ ਸਨੇਹਾ ਦੇ ਆਇਆ …ਕਿਸੇ ਥਾਣੇ ਰਪਟ ਲਿਖਾਉਣ ਨੂੰ ਕਿਹਾ ..
“ਵੀਰ” ਰਿਪੋਰਟ ਲਿਖਾ ਆਇਆ ..ਪੋਲੀਸ ਦੋ ਢਾਈ ਘੰਟੇ ਲਾ ਕੇ ..ਕਦੀ ਖੋਜੀ ਨਾਲ ਖ਼ੁਰਾ ਲਭਦੀ ਰਹੀ ਪਰ ਮਗਰ ਪੈਲੀਆਂ ਹੋਣ ਕਰਕੇ ਖੋਜੀ ਮੁੜ ਆਇਆ ..ਬੀਬੀ ਨੂੰ ਡਾਕਟਰ ਨੇ ਦੇਖਿਆ ..ਟੀਕਾ ਲਾਇਆ ਤੇ ਆਰਾਮ ਕਰਨ ਲਈ ਕਿਹਾ..ਪਰ ਉਹਨਾ ਦਾ ਹੌਕਾ ਜਿਹਾ ਨਿਕਲ ਗਿਆ ..ਚੁਪ...

ਚਾਪ ਰਹਿਣ ਲੱਗ ਪਏ..ਬਹੁਤ ਘਟ ਬੋਲਦੇ ਸਨ .. ਮਿਥੀ ਤਾਰੀਖ ਤੇ ਜਿਹੋ ਜਿਹਾ ਸਰਿਆ ਵਿਆਹ ਕਰ ਦਿੱਤਾ ..ਪਰ ਸਹੁਰੇ ਬਹੁਤ ਖੁਸ਼ ਨਹੀ ਸਨ .ਉਸਦੇ …! ਇਸ ਗੱਲ ਦਾ ਪਤਾ ਸਾਨੂੰ ਲੱਗ ਗਿਆ ਸੀ ! ਮੈਨੂ ਯਾਦ ਆਉਂਦਾ ਹੈ ਕਿਵੇਂ ..ਸਾਡਾ ਸਾਰਾ ਟੱਬਰ ਡੋਲੀ ਤੋਰਨ ਸਮੇਂ ਹੱਥ ਜੋੜ ਕੇ ਖੜਾ ਸੀ ! ਬਹੁਤ ਬੁਰਾ ਲਗਦਾ ਹੁੰਦਾ ਸੀ ਮੈਨੂੰ …ਕਿ ਧੀ ਵੀ ਦਿਓ ਤੇ ਹੱਥ ਵੀ ਜੋੜੋ ! ਇਹ ਕੀ ਦਸਤੂਰ ਹੈ ਜ਼ਮਾਨੇ ਦਾ ? ਪਰ ਸਚ ਹੀ ਬੜਾ ਅੜਬ ਜੱਟ ਸੀ .! ਆਕੜ ਏਨੀ ਸੀ ! ਜਿਵੇਂ ਮਾਂਹ ਦਾ ਆਟਾ ! ੨੮ ਕਿੱਲੇ ਜਮੀਨ ਸੀ ..ਸੂਬੇਦਾਰ ਰਿਟਾਇਰ ਸੀ ! ਉਸ ਸਮੇਂ “ਬੁਲੱਟ ਮੋਟਰਸਾਇਕਲ” ਹਰ ਇੱਕ ਦੇ ਵੱਸ ਦੀ ਗੱਲ ਨਹੀ ਸੀ ! ਸਭ ਕੁਝ ਉਸ ਦੇ ਘਰ ਸੀ ..ਪਰ ਇਹੀ ਕਿ ਮੈ ਮੁੰਡੇ ਦਾ ਪਿਉ ਹਾਂ
ਬੀਮਾਰ “ਬੀਬੀ” ਮੰਜੇ ਤੇ ਪਈ ਰਹਿੰਦੀ ਕਿਸੇ ਦਵਾਈ ਨਾਲ ਕੋਈ ਫਰਕ ਨਾ ਪਿਆ ਜੱਟੀਆਂ ਵਾਲਾ ਰੋਅਬ ਗਾਇਬ ਹੋ ਗਿਆ…ਨਾ ਕਿਸੇ ਨਾਲ ਬੋਲਣਾ ਨਾ ਕਿਸੇ ਨਾਲ ਗੱਲ ਕਰਨੀ ..ਚੁੱਪ ਚਾਪ ਇੱਕ ਥਾਂ ਤੇ ਬੈਠੇ ਰਹਿਣਾ … ਦਉਂ ਦਉਂ ਕਰਦੀ ਦੇਹ ਹੱਡੀਆਂ ਦੀ ਮੁੱਠ ਹੋ ਗਈ ..!
ਅਖੀਰ ਡਾਕਟਰਾਂ ਉਸ ਹਸਪਤਾਲ ਦਾ ਰਾਹ ਦੱਸ ਦਿੱਤਾ ..ਜਿਥੇ ਰੱਬ ਕਿਸੇ ਨੂੰ ਲੈ ਕੇ ਨਾ ਜਾਵੇ …ਸਾਰੀ ਉਮਰ ਦਾ ਰੋਗ ਚੰਬੜ ਗਿਆ …ਦਵਾਈ ਤਾਂ ਦਿੱਤੀ ਪਰ ਅਸਰ ਨਾ ਕਰਦੀ ! ਅਖੀਰ ਇੱਕ ਦਿਨ ਰਾਤ ਉਹਨਾਂ ਉਚੀ ਉਚੀ ਬੋਲਣਾ ਸ਼ੁਰੂ ਕਰ ਦਿੱਤਾ ..ਸਾਬਿਤ ਹੋ ਗਿਆ ਕਿ ਮਾਨਸਿਕ ਰੋਗ ਨਾਲ ਵਾਸਤਾ ਪੈ ਗਿਆ..! ਹੇ ਰੱਬਾ ! ਏਦਾਂ ਕਦੀ ਕਿਸੇ ਨਾਲ ਨਾ ਕਰੀਂ ਬੰਦਾ ਹੋਸ਼ ਭੁਲ ਜਾਵੇ !! ਸਾਰੇ ਪਿੰਡ ਨੂੰ ਮੱਤਾਂ ਦੇਣ ਵਾਲੀ ਅੱਜ ਕਮਲੀ ਹੋ ਗਈ ..ਆਹ !! ..ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਦੀ ਦਵਾਈ ਲੱਗ ਗਈ.. ਇੱਕ ਡਾਕਟਰ ਤੋਂ ਦੂਜੇ ਤੱਕ …(ਚੌਂਕੇ ਚੁਲ੍ਹੇ ਨੂੰ ਮੋਰਾਂ, ਕਬੂਤਰਾਂ ,ਤੋਤਿਆਂ ਤੇ ਸਹੀਆਂ ਦੇ ਸੋਹਣੀਆਂ ਮੂਰਤਾਂ ਨਾਲ ਸਜਾਉਣ ਵਾਲੀ …ਵੰਨ ਸੁਵੰਨੇ ਕਪੜੇ ਸਿਉਣ ਵਾਲੀ, ਕੇ ਕਿਸੇ ਕੋਲ ਸਵੈਟਰ ਦੀ ਨਮੂਨਾ ਨਾ ਲਾਹਿਆ ਜਾਣਾ ਕੁੜੀਆਂ ਦੌੜ ਕੇ “ਬੀਬੀ” ਕੋਲ ਆ ਜਾਣਾ ….ਅੱਜ “ਝੱਲੀ” ਅਖਵਾਉਣ ਲੱਗ ਪਈ .. ਪੰਜ ਸੱਤ ਮਝਾਂ ਨੂੰ ਮਿੰਟੋ ਮਿੰਟ ਚੋ ਕੇ ਝੱਟ ਟੱਬ ਭਰ ਦੇਣ ਵਾਲੀ ਬੀਬੀ ..ਕਦੀ ਉੱਚੀ ਬੋਲਦੀ ਕਦੀ ਆਪਣੇ ਆਪ ਰੋਂਦੀ ਕਦੀ ਚੀਜ਼ਾਂ ਤੋੜ ਦਿੰਦੀ .!
ਖੁਰਲੀ ਤੇ ਬ੍ਝੀਆਂ ਮਝਾਂ ਹਵੇਲੀ ਵਾਲੇ ਪਾਸੇ ਮੁਹੰ ਚੁੱਕ ਚੁੱਕ ਵੇਖਦੀਆਂ ਕੇ ਕਦੋਂ ਘਰ ਦੀ ਸਵਾਣੀ ਆਵੇ ਸਾਨੂੰ ਥਾਪੀ ਦੇ ਕੇ ਚੋਵੇ ..ਘਰ ਦੀ ਗ੍ਰਿਹਿਸਥੀ ਨੂੰ ਸੁਚਜੇ ਢੰਗ ਨਾਲ ਸੰਭਾਲਣ ਵਾਲੀ ..ਮੰਜੇ ਨਾਲ ਮੰਜਾ ਹੋ ਗਈ …ਪਰ ਕਿਤੇ ਆਰਾਮ ਨਾ ਆਇਆ !
ਬੀਬੀ ਮੰਜੇ ਨਾਲ ਮੰਜਾ ਹੋ ਗਈ ਜੇ ਪੁਛਦੇ ਡਾਕਟਰ ਨੂੰ ਉਹ ਕਹਿੰਦੇ ਇਹਨਾਂ ਨੂੰ ਕੋਈ ਗਹਿਰਾ ਸਦਮਾ ਲੱਗਾ ਹੈ ! ਫਿਰ ਇੱਕ ਰਾਤ ਬੀਬੀ ਉੱਚੀ ਉੱਚੀ ਰੋਂਦੀ ਰਹੀ ! ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ! ਉਹਨਾ ਨੂੰ ਦੋ ਦਿਨ ਘਰ ਵਿਚ ਬੰਦ ਰਖਿਆ ਫਿਰ ਇੱਕ ਦਿਨ ਡਾਕਟਰ ਦੀ ਸਲਾਹ ਨਾਲ “ਬਿਜਲੀ” ( ਇਲੈਕਟ੍ਰਿਕ ਸ਼ੋਰਟ ) ਲੁਆ ਲਈ ! ਜਦ ਬਾਹਰ ਲੈ ਕੇ ਆਏ ਤੇ ਮੇਰੀਆਂ ਧਾਹੀਂ ਨਿਕਲ ਗਈਆਂ…ਕੋਈ ਹੋਸ਼ ਨਹੀ ਸੀ ..ਕਪੜੇ ਸਭ ਗਿੱਲੇ ਸਨ ਵੱਡੀ ਭੈਣ ਨਾਲ ਸੀ ਉਸ ਨੇ ਸਾਂਭਿਆ ਸੂਤਿਆ…! ਉਸ ਦਿਨ ਤੋਂ “ਬੀਬੀ” ਚੁੱਪ ਵੱਟ ਗਈ ਫਿਰ ਨਾ ਬੋਲੀ ! ਕੋਈ ਹੋਸ਼ ਨਾ ਸੀ ਕਪੜੇ ਪਾਉਣੇ ਤੇ ਅਸੀਂ .! ਇਸ਼ਨਾਨ ਕਰਵਾਉਣਾ ਤਾਂ ਦੋਨਾ ਭੈਣਾ ਨੇ ਰਲ ਕੇ !
ਬਚਪਨ ਵਿਚ ਲਿਆ ਸੁਪਨਾ ਆਪਣੀ “ਬੀਬੀ” ਵਾਂਗ ਗਿਆਨੀ ਕਰਨ ਦਾ ਮੈ ਪੂਰਾ ਕਰਨ ਦਾ ਫੈਸਲਾ ਕੀਤਾ …ਸਾਲ ਦੇ ਅਖੀਰ ਵਿਚ ਜਾ ਕੇ ਦਾਖਲਾ ਲੈ ਲਿਆ …ਪੇਪਰਾਂ ਵਿਚ ਤਿੰਨ ਮਹੀਨੇ ਰਹਿੰਦੇ ਸਨ ! ਸਭ ਨੇ ਕਿਹਾ ਪੜਾਈ ਔਖੀ ਹੈ ਤੇਰੇ ਕੋਲੋਂ ਸਲੇਬਸ ਕਵਰ ਨਹੀ ਹੋਣਾ .! ਪਰ ਮੈ ਸਵੇਰ ਤੋਂ ਸ਼ਾਮ ਤੱਕ ਨੋਟ ਉਤਾਰਨੇ ਤੇ ਪੜਦੀ ਰਹਿੰਦੀ ..ਘਰ ਦਾ ਕੰਮ ਸੀ ਨਿੱਕੀ ਜਿਆਦਾ ਕਰਦੀ ਸੀ
੧੦੦ ਕੁ ਰੁਪੇ ਸ਼ਾਇਦ ਦਾਖਲਾ ਸੀ ਬਾਕੀ ਕੁਝ ਕਿਤਾਬਾਂ ਦਾ ਖਰਚਾ ..ਪਰ ਮੈ ਕਾਪੀਆਂ ਤੇ ਹੀ ਸਾਰੇ ਨੋਟ ਉਤਾਰ ਲੈ ..ਮੈਨੂ ਪਤਾ ਨਹੀਂ ਕਿਉਂ ਗਿਆਨੀ ਦਾ ਪੰਜਵਾਂ ਪਰਚਾ ਬਹੁਤ ਮੇਰੇ ਨੇੜੇ ਲੱਗਾ ( ਗੁਰਬਾਣੀ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਅਧਾਰਿਤ ਸੀ ) ਸਭ ਡਰਦੇ ਸਨ ਪਰ ਮੈਨੂੰ ਡਰ ਹਮੇਸ਼ਾਂ ਸੰਸ੍ਕਿਰਤ ਦਾ ਲੱਗਾ ਰਹਿੰਦਾ ਸੀ ! ਕਿੰਨੀ ਵੀ ਕੋਸ਼ਿਸ਼ ਕਰਦੀ ਪੱਲੇ ਨਾ ਪੈਂਦੀ ! ਪੇਪਰ ਹੋ ਗਏ .ਪ੍ਰਿੰਸਿਪਲ ਕਹਿੰਦੇ ” ਤੂੰ ਜੇ ਗਿਆਨੀ ਵਿਚੋਂ ਪਾਸ ਹੋ ਗਈ ਤਾਂ ਸੇਕਿੰਡ ਈਅਰ ਦੇ ਪੇਪਰ ਦੇ ਸਕਦੀ ਹੈਂ ! ਨਤੀਜਾ ਆਇਆ ! ਮੇਰੇ ਬਹੁਤ ਸੋਹਣੇ ਨੰਬਰ ਆਏ ! ਬਹੁਤ ਘੱਟ ਬੱਚੇ ਪਾਸ ਹੋਏ !
ਵੱਡੀ ਭੈਣ ਨੇ ਜੋਰ ਲਾਇਆ ਰਿਸ਼ਤੇ ਲਈ ..ਪਰ ਮੈ ਨਾਹਂ ਕਰ ਦਿੱਤੀ ..ਜਿਸ ਕਰਕੇ ਉਸ ਨੇ ਮੈਨੂ ਤਾ ਉਮਰ ਮੁਆਫ ਨਾ ਕੀਤਾ ਤੇ ਅੱਜ ਦੇ ਦਿਨ ਤੱਕ ਮੈ ਉਸਦੇ ਦਿਲ ਵਿਚ ਨਿੱਕੀ ਵਰਗੀ ਜਗਹ ਨਾ ਬਣਾ ਸੱਕੀ !..ਤੇ ਉਸੇ ਜਗਾਹ ਮੇਰੇ ਤੋਂ ਛੋਟੀ ਦੀ ਮੰਗਣੀ ਕਰ ਦਿੱਤੀ ! ਵਿਚਾਰੀ ਨਿੱਕੀ !
ਇੱਕ ਸਾਲ ਹੋਰ ਬੀਤ ਗਿਆ ! ..ਪਿਤਾ ਜੀ ਕਸਟਮ ਦੀ ਨੌਕਰੀ ਤੋਂ ਰਿਟਾਇਰ (ਏਡਵਾੰਸ ) ਹੋ ਕੇ ਘਰ ਆ ਗਏ ਪੰਜਾਬ ਦੇ ਹਾਲਤ ਪਹਿਲਾਂ ਹੀ ਬਹੁਤ ਖਰਾਬ ਸਨ ! ਪੰਜਾਬ ਫਿਰਕਾਪ੍ਰਸਤੀ ਦੀ ਅੱਗ ਵਿਚ ਸੜ ਰਿਹਾ ਸੀ ..ਕੋਈ ਵੀ ਜੁਆਨ ਮੁੰਡਾ ਘਰੋਂ ਬਾਹਰ ਜਾਂਦਾ ਸੀ ਤਾਂ ਧੁੜਕੂ ਲਗਾ ਰਹਿੰਦਾ ਜਦ ਤੱਕ ਘਰ ਨਾ ਆ ਜਾਵੇ ..ਵੱਡੇ ਵੀਰ ਤੇ ਕੇਸ ਪੈ ਗਿਆ ਉਹ ਭਗੌੜਾ ਹੋ ਗਿਆ …ਭਾਬੀ ਪੇਕੇ ਚਲੀ ਗਈ ! ( ਮੈ ਉਹਨਾ ਦਿਨਾਂ ਦਾ ਜਿਕਰ ਫਿਰ ਕਰਾਂਗੀ )
ਏਨੇ ਨੂੰ ਪੰਜਾਬ ਦੇ ਹਾਲਤ ਖਰਾਬ ਹੋਣੇ ਸ਼ੁਰੂ ਹੋ ਗਏ ਸਨ ! ਪੰਜਾਬ ਫਿਰਕਾਪ੍ਰਸਤੀ ਦੀ ਅੱਗ ਵਿਚ ਸੜ ਰਿਹਾ ਸੀ ..ਕੋਈ ਵੀ ਜੁਆਨ ਮੁੰਡਾ ਘਰੋਂ ਬਾਹਰ ਜਾਂਦਾ ਸੀ ਤਾਂ ਧੁੜਕੂ ਲਗਾ ਰਹਿੰਦਾ ਜਦ ਤੱਕ ਘਰ ਨਾ ਆ ਜਾਵੇ ..ਵੱਡੇ ਵੀਰ ਤੇ ਕੇਸ ਪੈ ਗਿਆ ਉਹ ਭਗੌੜਾ ਹੋ ਗਿਆ …ਭਾਬੀ ਪੇਕੇ ਚਲੀ ਗਈ ! ਅਸੀਂ ਤਿੰਨੋਂ ਭੈਣ ਭਰਾ ਪਿਤਾ ਜੀ ਤੇ “ਬੀਮਾਰ ਬੀਬੀ” ਰਹਿ ਗਏ ! ਘਰ ਪੁਲਸ ਦਾ ਆਉਣਾ ਜਾਣਾ ਲਗਿਆ ਰਹਿੰਦਾ ! ਪਿਤਾ ਜੀ ਕਦੀ ਥਾਣੇ ਤੇ ਕਦੀ ਬੀਬੀ ਸਿਰਾਹਨੇ ..ਹਸਦਾ ਵਸਦਾ ਘਰ ਮੂਧਾ ਹੋ ਗਿਆ ..ਪਿਤਾ ਜੀ ਸੋਚਦੇ ਬਹੁਤ ਸੀ ਪਰ ਬੀਬੀ ਦਾ ਧਿਆਨ ਵੀ ਰਖਦੇ ! ਸਾਰਾ ਸਾਰਾ ਦਿਨ ਗੁੰਮ ਸੁੰਮ ਰਹਿੰਦੇ ! ਬੀਬੀ ਨੂੰ ਟਾਈਮ ਨਾਲ ਦਵਾਈ ਦੇਣੀ ਰੋਟੀ ਖੁਆਉਣੀ .! ਜਦ ਕਦੀ ਡੋਲ ਜਾਣਾ ਤਾਂ ਅਵਾਜ਼ ਦੇਣੀ !! ਇੰਝ ਬੁਲਾਉਂਦੇ ਸੀ ” ਗੁਰ੍ਮੇਜ਼ ਉਠ ! ਤੇਰਾ ਜੀ ਨਹੀ ਕਰਦਾ ਗੱਲ ਕਰਨ ਨੂੰ …ਬਚੇ ਤਰਸਦੇ ਹਨ ਤੇਰੀ ਅਵਾਜ਼ ਸੁਨਣ ਨੂੰ ..ਅਵਾਜ਼ ਮਾਰ ਹਾਂ ! ਵੇਖੀਂ ਭੱਜ ਕੇ ਆਉਣਗੇ ! ਬਿਟਰ ਬਿਟ੍ਤਰ ਝਾਕਣਾ ਜੇ ਜਿਆਦਾ ਗੱਲ ਨਾ ਕਰਨੀ ਜੇ ਬਹੁਤਾ ਕਹਿਣਾ ਕਪੜਾ ਮੁਹੰ ਤੇ ਖਿਚ ਲੈਣਾ !
ਹੇ ਮੇਰੇ ਮਲਿਕ ! ਕਦੀ ਬਚਿਆਂ ਦੀ ਮਾਂ ਨੂੰ ਕੁਝ ਨਾ ਹੋਵੇ ! ਨਿੱਕੀ ਨੇ ਮੇਰੇ ਤੋਂ ਜਿਆਦਾ ਕੰਮ ਸਾਂਭ ਲਿਆ ਘਰਦਾ ..ਛੋਟੀ ਹੁੰਦੀ ਹੋਈ ਵੀ ਘਰ ਦਾ ਕੰਮ ਕਰਨਾ ਤੇ ਮੈ ਬਾਹਰ ਅੰਦਰ ਦਾ .!
ਫਿਰ ਇੱਕ ਮਨਹੂਸ ਦਿਨ ਆਇਆ ..ਪਿਤਾ ਜੀ ਬੀਮਾਰ ਹੋ ਗਏ ਐਸੇ ਕੇ ਦੋ ਦਿਨ ਬਾਦ ਸਾਨੂੰ ਰੋਂਦੀਆਂ ਨੂੰ ਛੱਡ ਕੇ ਚਲੇ ਗਏ ..! ਮੈ ਘਰ ਨਹੀ ਸ਼ਹਿਰ ਗਈ ਸੀ ਦਵਾਈ ਲੈਣ ਘਰੇ ਛੋਟੀ ਤੇ ਨਿੱਕਾ ਵੀਰ ਸੀ ..ਸਮਝ ਨਾ ਲਗੇ ਕੇ ਕੀ ਕਰਨ !!ਜਦ ਪਿਤਾ ਜੀ ਦਾ ਆਖਰੀ ਵਕ਼ਤ ਸੀ ਕੋਲ ਇਹਨਾ ਦੋਨਾ ਤੋਂ ਸਿਵਾ ਕੋਈ ਨਹੀ ਸੀ ਕੋਲ ਉਹਨਾਂ ! ਨਿੱਕੀ ਦੌੜ ਕੇ ਗਈ ਗਵਾਂਡ ਵਿਚ ਭਰਜਾਈ “ਸ਼ਿੰਦਰ” ਸੀ ਜੋ ਸਾਡੇ ਨਾਲ ਕੰਮ ਵਿਚ ਹਥ ਵਟਾ ਦੇਂਦੀ ਸੀ (ਤੇ ਸਾਡੇ ਵਿਆਹਾਂ ਦਾ ਕੰਮ ਉਹੀ ਕਰਦੀ ਸੀ )..ਉਸ ਨੂੰ ਬੁਲਾਇਆ ਦੌੜ ਕੇ ..ਬੱਸ ਪਾਣੀ ਦੇ ਦੋ ਚਮਚ ਪਾਏ ਤੇ ਪਿਤਾ ਜੀ ਚਲੇ ਗਏ !! ਉਹਨਾ ਲੱਤਾਂ ਖਿਚ ਕੇ ਸਿਧੀਆਂ ਕਰ ਦਿੱਤੀਆਂ ..ਤੇ ਮੁਹੰ ਤੇ ਚਾਦਰ ਪਾ ਦਿੱਤੀ ਭਰਜਾਈ ਕਹਿੰਦੀ ” ਭਾਪਾ ਤੁਰ ਗਿਆ ਹੁਣ ਨਹੀਂ ਉਠਣਾ ! ਨਿੱਕੀ ਕਹਿੰਦੀ ਨਹੀ ਭਾਬੀ ਇੰਝ ਨਹੀ ਹੋਣਾ ਤੈਨੂ ਭੁਲੇਖਾ ਪਿਆ ..!! ਮੇਰਾ ਪਿਤਾ ਜੀ ਨਹੀ ਮਰ ਸਕਦੇ … ਨਹੀ ਮਰ ਸਕਦੇ ਪਿਤਾ ਜੀ ਤੁਰ ਗਏ ..ਨਾ ਕਿਸੇ ਨੂੰ ਕੁਝ ਦਸਿਆ ..ਨਾ ਕਿਸੇ ਨੂੰ ਕੁਝ ਪੱਕੀ ਕੀਤੀ .!! .ਪਰ ਇਸ ਹੋਣੀ ਦਾ ਨਹੀ ਸੀ ਪਤਾ !!
ਮੈਂ ਵਾਪਿਸ ਘਰ ਆਈ ਤਾਂ ਘਰ ਭੀੜ ਦੇਖੀ ..ਮੇਰੇ ਹਥੋਂ ਦਵਾਈ ਦੀ ਸ਼ੀਸ਼ੀ ਡਿਗ ਪਈ ..ਇੱਕ ਲੇਰ………. ਇੱਕ ਭੁੱਬ ਨਿਕਲੀ ….! ਮੇਰੇ ਦੋਨੋ ਭੈਣ ਭਰਾ ਉਚੀ ਉਚੀ ਰੋਂਦੇ ਆ ਚੰਬੜੇ …ਕਿਸੇ ਨੂੰ ਕੁਝ ਸਮਝ ਨਾ ਲੱਗੇ ……. ਸਾਡੇ ਘਰ ਵਿਚ ਪਹਿਲੀ ਮੌਤ ਸੀ ਕਿਸੇ ਨੂੰ ਕੁਝ ਨਹੀ ਸੀ ਪਤਾ ਕੀ ਕਰਨਾ ਹੈ .. ਵੱਡੀ ਭੈਣ ਵੀ ਪਹੁੰਚ ਗਈ !! ਉਸਤੋਂ ਨਿੱਕੀ ਵੱਲ ਲਾਗੀ ਤੋਰ ਦਿੱਤੇ ..ਸਾਰੇ ਰਿਸ਼ਤੇਦਾਰਾਂ ਦੇ ਸੁਨੇਹੇ ਘੱਲ ਦਿੱਤੇ ! ਪਰ ਸ਼ਾਮ ਦੇ ਚਾਰ ਵੱਜੇ ਹੋਣ ਕਰਕੇ …ਵੱਡਾ ਚਾਚਾ ਨਿੱਕੀ ਚਾਚੀ ਉਹਨਾ ਦੇ ਬਚੇ ਆਂਡੀ ਗਵਾਂਡੀ ਸਭ ਬੈਠੇ ਰਹੇ ..ਇਸ ੨੫ ਅਕਤੂਬਰ ੧੯੮੫ ਦੀ ਰਾਤ ਸੀ …ਜੋ ਸਾਡੇ ਤੇ ਕਹਿਰ ਵਾਂਗ ਆਈ !!
ਭੂਆ ਜੋ ਏਨਾ ਚਿਰ ਕਦੀ ਨਾ ਆਈਆਂ ਉਸ ਦਿਨ ਟਰਾਲੀਆਂ ਭਰ ਭਰ ਕੇ ਮਕਾਣਾ ਦੀਆਂ ਲਿਆਈਆਂ ..ਸਾਰਾ ਘਰ ਭਰ ਗਿਆ ਚਿੱਟੀਆਂ ਚੁੰਨੀਆਂ ਨਾਲ .ਘੇਰਾ ਜਿਹਾ ਬਣਾ ਕੇ ਨੈਨ ਵਿਚ ਬੈਠ ਵੈਣ ਪਾਉਂਦੀ ਤੇ ਬਾਕੀ ਦੀਆਂ ਬੁੜ੍ਹੀਆਂ ਜੋਰ ਜੋਰ ਦੀ ਪਿਟਦੀਆਂ …ਫਿਰ ਉਹ ਬੋਲ ਸਾਨੂੰ ਹੋਰ ਵੀ ਰੁਆਉਂਦੇ ! ਚੁਲੇ ਅੱਗ ਨਾ ਬਾਲੀ …ਸਾਰੀ ਰਾਤ ਮੈਂ ਪਿਤਾ ਜੀ ਮੰਜੀ ਕੋਲ ਬੈਠੀ ਰਹੀ …ਤੇ ਮੈਨੂ ਇੰਜ ਲਗੇ ਜਿਵੇਂ ਉਹਨਾ ਨੂੰ ਸਾਹ ਆਉਂਦਾ ਹੈ ਤੇ ਇਹ ਸਭ ਝੂਠ ਬੋਲਦੇ ਹਨ ..ਬੜੇ ਧਿਆਨ ਨਾਲ ਵੇਖਦੀ ਰਹੀ ਬੇਯਕੀਨੀ ਜਿਹੀ ਬਣੀ ਰਹੀ ..! ਇਹ ਪਹਿਲੀ ਵਾਰ ਸੀ ਜਦ ਮੈ ਕਿਸੇ ਮਿਰਤਕ ਨੂੰ ਵੇਖਿਆ ਤੇ ਡਰ ਨਹੀ ਲੱਗਾ ! ਨਹੀ ਤੇ ਮੈ ਦੂਰੋਂ ਹੀ ਦੇਖ ਡਰ ਜਾਂਦੀ ਸਾਂ ! ਪਰ ਉਸ ਦਿਨ ਮੈਨੂ ਭੁਲੇਖੇ ਹੀ ਪੈਂਦੇ ਰਹੇ ! ਕਿ ਪਿਤਾ ਜੀ ਉਠ ਪੈਣਗੇ ! ਕੁਰਲਾਹਟ ਮਚੀ ਸੀ ਚਾਰੇ ਪਾਸੇ ….ਤੇ ਬੀਬੀ ਚੁੱਪ ਕਰਕੇ ਮੰਜੀ ਤੇ ਲੀੜਾ ਲਈ ਕੇ ਪਈ ਰਹੀ ! ਨਾ ਉਠੀ ਨਾ ਹੀ ਉਸਨੂੰ ਪਤਾ ਲੱਗਾ ..ਕਿ ਮੇਰੇ ਨਾਲ ਕਿਹੜਾ ਭਾਣਾ ਵਾਪਰ ਗਿਆ ! ਰਿਸ਼ਤੇਦਾਰ ਆਉਂਦੇ ਸਾਡਾ ਸਿਰ ਪਲੋਸਦੇ ਗਲ ਵਿਚ ਲਈ ਕੇ ਘੜੀ ਦੋ ਘੜੀ ਰੋਂਦੇ ..ਫਿਰ ਆਪਣੀ ਗੱਲੀਂ ਬਾਤੀਂ ਰੁਝ ਜਾਂਦੇ ! ਪਰ ਉਸ ਦਿਨ ਮੇਰੇ ਅੰਦਰ ਕੁਝ ਸਦਾ ਲਈ ਟੁੱਟ ਗਿਆ …ਐਸਾ ਕੁਝ ਜੋ ਅੱਜ ਤੱਕ ਨਾ ਜੁੜਿਆ ..ਬਚਪਨ ਵਿਚ ਝੂਠੇ ਰੋਣ ਰਾਜੇ ਦੇ ਬਚਿਆਂ ਦੇ ਅੱਜ ਸਚ ਹੋ ਗਏ …ਅਸੀਂ ਯਤੀਮ ਹੋ ਗਏ..ਫਿਰ ਸਮਝ ਲੱਗੀ ਉਹ ਰੋਣ ਕਿੰਨਾ ਸਚਾ ਸੀ ਤੇ ਹੁਣ ਵਾਲਾ ਕਿੰਨਾ ਸਚਾ ਹੈ …”ਯਤੀਮ” ਦੇ ਅਰਥ ਸਮਝ ਪੈ ਗਏ! ਇਸ ਤੋਂ ਦੋ ਮਹੀਨੇ ਬਾਅਦ ਇੱਕ ਦਿਨ ਮੈ ਆਪਣੀਆਂ ਪੈਲੀਆਂ ਵਿਚ ਗਈ ਸਾਂ ” ਆਡ ਵਿਚ ਪਾਣੀ ਦਾ ਬੁੱਕ ਭਰਿਆ ਪੀਣ ਦਾ ਹੋਸ਼ ਨਾ ਰਿਹਾ ..ਪਾਣੀ ਸਾਰਾ ਤਲੀ ਵਿਚੋਂ ਵਗ ਗਿਆ ..ਤੇ ਮੇਰੀ ਤਲੀ ਤੇ ਨਿੱਕੇ ਨਿੱਕੇ ਰੇਤ ਦੇ ਕਣ ਰਹਿ ਗਏ …. ਬੜਾ ਚਿਰ ਮੈ ਦੇਖਦੀ ਰਹੀ ਉਹਨਾ ਨੂੰ ਤੇ ਇਹਨਾ ਸਤਰਾਂ ਨੇ ਜਨਮ ਲਿਆ ;-
“ਪਤਾ ਨਹੀ
ਹਾਦਸਿਆਂ ਦਾ
ਉਹ ਕਿਹੜਾ ਦੌਰ ਸੀ
ਜਦ ਵਿਸ਼ਵਾਸ਼
ਮੇਰੇ ਹੱਥਾਂ ਵਿਚੋ ਕਿਰ ਗਿਆ
ਤੇ ਹਾਦਸੇ
ਮੇਰੀ ਤਲੀ ਤੇ ਰਹਿ ਗਏ “…..
ਸੋ ਦੋਸਤੋ ਇਹ ਸੀ ਮੇਰੇ ਸਾਹਤਿਕ ਸਫਰ ਦਾ ਆਗਾਜ਼ ਇਹ ਕਵਿਤਾ ਮੇਰੀ ੧੯੮੬ ਮਸ਼ਹੂਰ ਪਰਚੇ ਲੋਅ ਵਿਚ ਛਪੀ ..ਹੋ ਅੱਗੇ ਲਿਖਣ ਲਈ ਮੈਨੂੰ ” ਪਰਮਿੰਦਰਜੀਤ ਜੀ ਤੇ “ਅਮਰੀਕ ਅਮਨ” ਜੀ ਨੇ ਪ੍ਰੇਰਿਤ ਕੀਤਾ ….(ਬਾਕੀ ਕੀਤੇ ਫਿਰ ਸਹੀ ) Seema Sandhu

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)