More Punjabi Kahaniya  Posts
ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ


ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਜਦੋਂ ਜਵਾਕਾਂ ਨੇ ਸ਼ਾਮ ਨੂੰ ਨਰਮੇਂ ਦੀਆਂ ਛਿਟੀਆਂ ਉਲਾਰਕੇ ਉੱਡਦੀਆਂ ਚਾਮਚੜਿੱਕਾਂ ਦੇ ਨਿਸ਼ਾਨੇ ਬੰਨ੍ਹਣੇ ਤਾਂ ਕਿਸੇ ਮਾਈ ਨੇ ਕਹਿਣਾ,”ਵੇ ਦਾਦੇ ਮਗਾਉਣਿਉ, ਕੋਈ ਚਿੰਬੜ ਗਈ ਤਾਂ ਮਾਮੇ ਨੂੰ ਸੋਨੇ ਦਾ ਢੋਲ ਵਜਾਉਣਾ ਪੈਣਾ, ਫੇਰ ਲੱਥੂ!” ਹੁਣ ਤੱਕ ਨਹੀਂ ਪਤਾ ਲੱਗਾ ਕਿ ਮਾਮਾ ਸੋਨੇ ਦੇ ਢੋਲ ਲਿਆਊ ਕਿੱਥੋਂ ਅਤੇ ਉਹ ਵੱਜੂ ਕਿਵੇਂ!

ਚਵਾਨੀ ਜਾਂ ਅਠਿਆਨੀ ਦੀ ਚੀਜੀ ਲੈ ਕੇ ਜਵਾਕਾਂ ਨੇ ਦੁਕਾਨਦਾਰ ਤੋਂ ਰੂੰਗਾ ਅਲੱਗ ਮੰਗਣਾ, ਉਹ ਵੀ ਪੂਰੇ ਦਾਅਵੇ ਨਾਲ਼ ਜਿਵੇਂ ਉਧਾਰੀ ਦਿੱਤੀ ਚੀਜ਼ ਹੀ ਵਾਪਸ ਮੰਗ ਰਹੇ ਹੋਣ।

ਕਿਸਮਤ-ਪੁੜੀ ਪੁੱਟਕੇ ਜੇ ਕਦੇ-ਕਦਾਈਂ ਕੋਈ ਪਲਾਸਟਕ ਦੀ ਮੁੰਦਰੀ ਨਿੱਕਲ ਆਉਣੀ ਤਾਂ ਆਪਣੇ-ਆਪ ਨੂੰ ਸਿਕੰਦਰ ਬਾਦਸ਼ਾਹ ਸਮਝਣਾ।

ਨਰਮਾ, ਕਪਾਹ ਚੁਗਣ ਖੇਤ ਜਾਣਾ ਤਾਂ ਅੰਬ ਦੇ ਅਚਾਰ ਨਾਲ਼ ਰੋਟੀ ਖਾਣੀ ਅਤੇ ਗੁੜ ਦੀ ਚਾਹ ਪੀਣੀ। ਉਹ ਸਵਾਦ ਫਿਰ ਕਦੇ ਮਹਿੰਗੇ ਹੋਟਲਾਂ ‘ਚ ਖਾਧੇ ਖਾਣੇ ‘ਚੋਂ ਵੀ ਨਹੀਂ ਆਇਆ। ਝੋਲ਼ੀ ਲਾਹੁਣ ਆਉਣਾ ਤਾਂ ਆਸਾ-ਪਾਸਾ ਜਿਹਾ ਦੇਖ ਕੇ ਮਾਵਾਂ, ਚਾਚੀਆਂ, ਤਾਈਆਂ ਅਤੇ ਹੋਰ ਚੋਣੀਆਂ ਦੀਆਂ ਢੇਰੀਆਂ ‘ਤੋਂ ਥੱਬਾ ਭਰਕੇ ਨਰਮਾਂ ਆਪਣੀ ਢੇਰੀ ‘ਤੇ ਰੱਖ ਲੈਣਾ; ਮਨਸ਼ਾ ਚੋਰੀ ਨਹੀਂ ਹੋਇਆ ਕਰਦੀ ਸੀ ਪਰ ਇਹ ਦਿਖਾਉਣਾ ਹੁੰਦਾ ਸੀ ਕਿ ਮੇਰੀ ਢੇਰੀ ਵੱਡੀ ਹੈ।

ਨਰਮਾਂ ਚੁਗਣ ਤੋਂ ਬਾਅਦ ਅਣਖਿੜੇ ਟੀਂਡੇ ਧੁੱਪੇ ਛੱਤਾਂ ‘ਤੇ ਪਾਉਣੇ। ਦੁਪਹਿਰੇ ਛੱਤ ‘ਤੇ ਬਹਿਕੇ ਨਾਲ਼ੇ ਤਾਂ ਧੁੱਪ ਸੇਕਣੀ ਅਤੇ ਨਾਲ਼ੇ ਸਿੱਕਰੀਆਂ ‘ਚੋਂ ਰੂੰ ਚੁਗਣੀ। ਸਿੱਕਰੀਆਂ ਚੁੱਲ੍ਹੇ ਵਿੱਚ ਅੱਗ ਬਾਲਣ ਲਈ ਸਾਂਭ ਲੈਣੀਆਂ। ਸਿੱਕਰੀਆਂ ਨਾਲ਼ ਅੱਗ ਬੜੀ ਫ਼ਟਾਫਟ ਬਲਦੀ ਸੀ।

ਗਰਮੀਆਂ ਦੀਆਂ ਰਾਤਾਂ ਨੂੰ ਘਰਾਂ ਦੀਆਂ ਛੱਤਾਂ ‘ਤੇ ਸੌਣਾ। ਜਿਨ੍ਹਾਂ-ਜਿਨ੍ਹਾਂ ਦੇ ਕੋਠੇ ਜੁੜਦੇ ਹੋਣੇ ਉਹਨਾਂ ਨੇ ਸੌਣ ਤੋਂ ਪਹਿਲਾਂ ਇਕੱਠੇ ਹੋ ਕੇ ਗੱਲਾਂ ਕਰਨੀਆਂ, ਬਾਤਾਂ ਪਾਉਣੀਆਂ, ਬੇਬੇ-ਅੰਮਾਂ ਦੀਆਂ ਗੱਲਾਂ ਸੁਣਨੀਆਂ, ਕਈਆਂ ਨੇ ਤਾਸ਼ ਵੀ ਖੇਡਣੀ, ਜੇ ਹਵਾ ਨਾ ਚੱਲਦੀ ਹੁੰਦੀ ਤਾਂ ਪੁਰੇ ਗਿਣਨੇ। ਜੇਕਰ ਰਾਤ ਨੂੰ ਮੀਂਹ ਆ ਜਾਣਾ ਤਾਂ ਭਾਜੜ ਮੱਚ ਜਾਣੀ, ਮੰਜੇ, ਬਿਸਤਰੇ ਹੇਠਾਂ ਲਾਹੁਣੇ।

ਪਿਉ ਦੀ ਪੈਂਟ ਕੱਟਕੇ ਮਾਂ ਨੇ ਮੁੰਡੇ ਦੀ ਪੈਂਟ ਬਣਾ ਦੇਣੀ। ਫਿਰ ਉਸ ਨੂੰ ਪਹਿਨਣ ਦੀ ਵਾਰੀ ਛੋਟੇ ਭਰਾ ਦੀ ਆ ਜਾਣੀ ਜਾਂ ਉਸਦਾ ਬਸਤਾ ਜਾਂ ਪੋਣਾ ਬਣਨਾ ਅਤੇ ਅਖ਼ੀਰ ਵਿੱਚ ਸੈਕਲ ਸਾਫ਼ ਕਰਨ ਲਈ ਲੀਰਾਂ-ਟੱਲੀਆਂ ਬਣਨੀਆਂ ਜਾਂ ਫ਼ਰਸ਼ ‘ਤੇ ਲਾਉਣ ਵਾਲ਼ਾ ਪੋਚਾ।

ਨਿਮਾਣੀ ਵਾਲ਼ੇ ਪਾਣੀ ਲਈ ਡੋਲੂ ਚੱਕ ਦੋ-ਦੋ ਕਿਲੋਮੀਟਰ ਤੱਕ ਪਿੰਡ ਗਾਹ ਆਉਣਾ। ਇਹੀ ਹਾਲ਼ ਜੱਗ ਵਾਲ਼ੇ ਰੰਗ-ਬਰੰਗੇ ਚੌਲਾਂ ਲਈ ਹੁੰਦਾ ਸੀ।

ਪੰਛੀਆਂ ਲਈ ਕੋਠੇ ‘ਤੇ ਦੌਰਾ ਪਾਣੀ ਦਾ ਭਰਕੇ ਰੱਖਣਾ ਅਤੇ ਦਾਣਿਆਂ ਦੀ ਚੋਗ ਪਾਉਣੀ। ਬੇਹੀਆਂ ਰੋਟੀਆਂ ਵੀ ਟੁੱਕ ਕੇ ਪਾਉਣੀਆਂ। ਸੁਬਹਾ-ਸਾਰ ਮੋਰ ਦੇ ਖੰਭ ਇਕੱਠੇ ਕਰਨ ਲਈ ਕੋਠੇ ‘ਤੇ ਗੇੜਾ ਮਾਰਨਾ। ਪਤੰਗ ਉਡਾਉਣੇ, ਪਤੰਗ ਲੁੱਟਣੇ, ਬਹੁਤ ਬੇਪ੍ਰਵਾਹ ਜ਼ਮਾਨੇ ਸਨ।

ਘਰੇ ਸਾਗ ਬਣਨਾ ਤਾਂ ਸਾਰੇ ਮੁਹੱਲੇ ਵਿੱਚ ਬਾਟੀਆਂ ‘ਚ ਪਾ ਕੇ ਉੱਤੇ ਮਖਣੀ ਸਜ਼ਾਕੇ ਦੇ ਕੇ ਆਉਣਾ। ਪੱਬਾਂ ਭਾਰ ਹੋ ਕੇ ਨੀਂਵੀਆਂ ਕੰਧਾਂ ਦੇ ਉੱਤੋਂ ਦੀ ਚਿਰਾਂ ਤੱਕ ਗੱਲਾਂ ਕਰੀ ਜਾਣੀਆਂ, ਮਨ ਹੌਲ਼ਾ ਕਰ ਲੈਣਾ। ਕਈ ਘਰਾਂ ਨੇ ਸਾਂਝੀ ਕੰਧ ਵਿੱਚ ਬਾਰ, ਬਾਰੀ ਵੀ ਰੱਖੀ ਹੁੰਦੀ ਸੀ। ਮੁੰਡੇ ਜੇਕਰ ਆਪਣੇ ਬੇਲੀਆਂ ਅਤੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਘਰ ਰਾਤ ਠਹਿਰ ਜਾਇਆ ਕਰਦੀਆਂ ਸਨ ਤਾਂ ਬੁਰਾ ਨਹੀਂ ਮੰਨਿਆ ਜਾਂਦਾ ਸੀ।

ਲੋਹੜੀ ‘ਤੇ ਕਿਸੇ ਬਜ਼ੁਰਗ ਦੇ ਹੱਥ ਲਵਾਕੇ ਮੂੰਗਫਲੀ, ਗੱਚਕ, ਗੁੜ ਅਤੇ ਰਿਉੜੀਆਂ ਵਰਤਾਉਣੀਆਂ। ਔਰਤਾਂ ਸਿਰ ‘ਤੇ ਕੱਦੂ ਟਿਕਾ ਕੇ ਬਿਨਾਂ ਹੱਥ ਲਾਇਆਂ ਦੂਰ ਤੱਕ ਤੁਰ ਲਿਆ ਕਰਦੀਆਂ ਸਨ। ਬੁੜ੍ਹੀਆਂ ਨੇ ਕੰਧਾਂ, ਬਨੇਰੇ ਲਿੱਪਣੇ ਅਤੇ ਕੱਚੇ ਵਿਹੜਿਆਂ ‘ਚ ਗੋਹਾ ਤੇ ਲਾਲ਼ ਮਿੱਟੀ ਰਲ਼ਾਕੇ ਫੇਰਨੀ; ਚੁੱਲ੍ਹਿਆਂ, ਹਾਰਿਆਂ ਨੂੰ ਪਾਂਡੂ ਮਿੱਟੀ ਦਾ ਪੋਚਾ ਫੇਰਨਾ ਤਾਂ ਉਹ ਨਵੇਂ-ਨਕੋਰ ਲੱਗਣ ਲੱਗ ਜਾਣੇ।

ਨਵੇਂ ਬੁਣੇ ਵਾਣ ਦੇ ਮੰਜੇ ‘ਤੇ ਢੂਈ ਖੁਰਕਣ ਦਾ ਆਪਣਾ ਹੀ ਅਨੰਦ ਸੀ ਅਤੇ ਪਹਿਲਾਂ ਆਪ ਪੈਣ ਲਈ ਜ਼ਿੱਦ ਕਰਨੀ। ਸੂਤ ਦਾ ਬੁਣਿਆ, ਸਾਂਭਿਆ ਮੰਜਾ ਪੰਜਾਹ-ਸੱਠ ਸਾਲ ਕੱਢ ਜਾਂਦਾ ਸੀ।

ਖੇਤ ਖੂਹ ਜਾਂ ਬੋਰ ਦੇ ਦੁਆਲ਼ੇ ਲੱਗੇ ਦਰਖ਼ਤਾਂ ‘ਤੇ ਕੱਦੂਆਂ, ਤੋਰੀਆਂ, ਕਰੇਲਿਆਂ ਦੀਆਂ ਵੇਲਾਂ ਚੜ੍ਹਾਉਣੀਆਂ ਅਤੇ ਵਿਹਲੀ ਥਾਂ ਰੱਖਕੇ ਹੋਰ ਸਬਜ਼ੀਆਂ ਬੀਜਣੀਆਂ। ਉਡੀਕ ਕਰਨੀ ਕਿ ਜਦੋਂ ਬਾਪੂ ਖੇਤੋਂ ਪਰਤੇਗਾ ਗੰਨੇ ਅਤੇ ਛੱਲੀਆਂ ਭੰਨ ਲਿਆਵੇਗਾ।

ਅੱਜ ਦੀਆਂ ਖੇਡਾਂ ਵਾਂਗ ਚੋਰ-ਸਿਪਾਹੀ, ਛੂਣ-ਛੁਹਾਈ, ਕੋਟਲ਼ਾ-ਛਪਾਕੀ, ਮਾਰ-ਕੁਟਾਈ, ਚਿੜੀ-ਉੱਡ, ਕਾਂ-ਉੱਡ, ਬਾਂਦਰ-ਕਿੱਲਾ, ਸੱਕਰ-ਭਿੱਜੀ, ਕੜ੍ਹਕਾਲਾ-ਲੱਕੜ ਜਾਂ ਡੰਡਾ-ਡੁੱਕ, ਗੁੱਡੀਆਂ-ਪਟੋਲੇ, ਗੀਟੇ-ਗੁੱਡੇ ‘ਤੇ ਕੋਈ ਖ਼ਰਚ ਨਹੀਂ ਹੁੰਦਾ ਸੀ, ਭਰਪੂਰ ਮਨੋਰੰਜਨ ਅਤੇ ਕਸਰਤ ਵੀ ਹੁੰਦੀ ਸੀ। ਸੱਥਾਂ ਵਿੱਚ ਭਾਰ ਰੱਖੇ ਹੁੰਦੇ ਸਨ। ਜਵਾਨ ਮੁੰਡੇ ਸ਼ਾਮ ਨੂੰ ਭਾਰ ਚੱਕ ਕੇ ਜ਼ੋਰ-ਅਜ਼ਮਾਈ ਕਰਿਆ ਕਰਦੇ ਸਨ।

ਖੇਤ ਗਿਆ ਕੋਈ ਭੁੱਖਾ ਨਹੀਂ ਮਰਦਾ ਸੀ। ਮੂਲ਼ੀ, ਸ਼ਲਗਮ ਪੁੱਟ ਕੇ ਮਿੱਟੀ ਝਾੜਕੇ ਖਾ ਲਿਆ ਜਾਂਦਾ ਸੀ। ਚਿੱਬੜ ਖਾ ਕੇ ਬੇਸ਼ੱਕ ਮੂੰਹ ਪੱਕ ਜਾਂਦਾ ਸੀ ਪਰ ਕੋਈ ਪ੍ਰਵਾਹ ਨਹੀਂ ਕਰਦਾ...

ਸੀ। ਚਟਣੀ ਪੂਦੀਨੇ ਅਤੇ ਨਿਰੋਲ਼ ਲਾਲ਼ ਮਿਰਚਾਂ ਦੀ ਵੀ ਹੁੰਦੀ ਹੈ ਪਰ ਚਿੱਬੜਾਂ ਦੀ ਚਟਣੀ ਦਾ ਆਪਣਾ ਹੀ ਸਵਾਦ ਹੁੰਦਾ ਸੀ। ਸਰ੍ਹੋਂ ਦੀਆਂ ਲਵੀਆਂ ਗੰਦਲ਼ਾਂ ਕਿਹੜੇ ਪੰਜਾਬੀ ਨੇ ਨਹੀਂ ਖਾਧੀਆਂ? ਬਰਸੀਨ ਦੇ ਨਾੜ ਦੀ ਪੀਪਨੀ ਬਣਾ ਲੈਣੀ। ਗੰਨੇ ਦਾ ਰੌਹ ਹੀ ਉਦੋਂ ਕੋਕਾ-ਕੋਲ਼ਾ ਜਾਂ ਪੈਪਸੀ ਹੁੰਦਾ ਸੀ।

ਵਿਆਹ ਦੇ ਮੌਕੇ ‘ਤੇ ਰੰਗਦਾਰ ਕਾਗਜ਼ ਜਿੰਨ੍ਹਾਂ ਨੂੰ ਤਾਅ ਕਿਹਾ ਜਾਂਦਾ ਸੀ ਦੀਆਂ ਝੰਡੀਆਂ ਬਣਾਉਣੀਆਂ ਅਤੇ ਆਟੇ ਦੀ ਲੇਵੀ ਨਾਲ਼ ਸੇਬੇ ‘ਤੇ ਚਿਪਕਾਕੇ ਘਰ ਦੇ ਵਿਹੜੇ ‘ਤੇ ਜਾਲ ਬੁਣ ਦੇਣਾ ਤਾਂ ਇਉਂ ਲੱਗਣਾ ਜਿਵੇਂ ਚੰਦ, ਸੂਰਜ, ਤਾਰੇ ਬਹੁਤ ਨੀਂਵੇ ਉੱਤਰ ਆਏ ਹੋਣ ਅਤੇ ਸੁਰਗ ਦੀ ਛੱਤ ਜੇ ਹੋਈ ਤਾਂ ਬਿਲਕੁਲ ਇਸ ਤਰ੍ਹਾਂ ਦੀ ਹੋਵੇਗੀ।

ਨਾਨਕਿਉਂ ਮੁੜਦਿਆਂ ਨਾਨੀ ਨੇ ਮਰੋੜ-ਤਰੋੜ ਕੇ ਨੋਟ ਹੱਥ ‘ਚ ਫੜਾ ਦੇਣਾ ਜਾਂ ਜੇਬ ‘ਚ ਪਾ ਦੇਣਾ ਅਤੇ ਘੁੱਟ ਕੇ ਛਾਤੀ ਨਾਲ਼ ਲਾ ਲੈਣਾ। ਉਹ ਨੋਟ ਭਾਵੇਂ ਪੰਜਾਂ ਦਾ ਹੁੰਦਾ ਸੀ ਜਾਂ ਦਸਾਂ ਦਾ ਹੁਣ ਜਾ ਕੇ ਉਸ ਦੀ ਕੀਮਤ ਦਾ ਪਤਾ ਲੱਗਾ ਏ।

ਖ਼ੁਸ਼ੀ ਦੇ ਦਿਨ-ਸੁਦ ਅਤੇ ਮਰਗ ‘ਤੇ ਸਾਰਾ ਟੱਬਰ-ਕਬੀਲਾ ਆਣ ਖੜ੍ਹਦਾ। ਜੇਕਰ ਕਿਸੇ ਘਰੇ ਕੋਈ ਲੜਾਈ ਜਾਂ ਕਲੇਸ਼ ਹੋਣਾ ਤਾਂ ਮੁਹੱਲੇ ਦੇ ਦਾਨੇ ਅਤੇ ਮੋਹਤਬਾਰ ਬੰਦਿਆਂ ਨੇ ਆ ਕੇ ਸਮਝਾਉਣਾ ਅਤੇ ਧਨ-ਸਮਾਈ ਕਰਨ ਲਈ ਕਹਿਣਾ।

ਬੱਚਿਆਂ ਨੇ ਕਿਤਾਬਾਂ ਜਿਲਤਾਂ ਚੜ੍ਹਾਕੇ ਸਾਂਭ-ਸਾਂਭ ਰੱਖਣੀਆਂ, ਵਿੱਚ ਵਿੱਦਿਆ ਪੜ੍ਹਾਈ ਰੱਖਣੀ। ਕਹਿੰਦੇ ਸਨ ਕਿ ਕਿਤਾਬਾਂ ‘ਚ ਵਿੱਦਿਆ ਪੜ੍ਹਾਈ ਰੱਖਣ ਨਾਲ਼ ਵੱਧ ਪੜ੍ਹਾਈ ਆਉਂਦੀ ਹੈ। ਕਦੇ ਕਿਤਾਬ ਹੇਠਾਂ ਡਿੱਗ ਪੈਣੀ ਤਾਂ ਝਾੜਕੇ ਉਸ ਨੂੰ ਬਾਰ-ਬਾਰ ਮੱਥੇ ਲਾਉਣਾ।

ਗਵਾਂਢ ‘ਚੋਂ ਲੱਗਦਾ ਚਾਚਾ, ਤਾਇਆ ਭਾਵੇਂ ਆਪ ਨਸ਼ਾ ਕਰਦਾ ਹੁੰਦਾ ਜਾਂ ਜਰਦਾ ਲਾਉਂਦਾ ਹੁੰਦਾ ਪਰ ਮਜ਼ਾਲ ਕੀ ਸੀ ਕਿ ਲੱਗਦੇ ਭਤੀਜ ਨੂੰ ਇੱਕ ਵੀ ਦਾਣਾ ਮੂੰਹ ‘ਤੇ ਧਰਨ ਦਿੰਦਾ।

ਦੁਪਹਿਰ-ਖਿੜੀ ਦੀ ਬੂਟੀ ਦੇ ਫੁੱਲਾਂ ਦੀ ਖਿੱਚ ਕੌਣ ਭੁੱਲ ਸਕਦਾ ਹੈ?

ਜੇਠ, ਹਾੜ੍ਹ ਦੀਆਂ ਦੁਪਹਿਰਾਂ ਜੋ ਲੰਘਣ ‘ਤੇ ਨਈਂ ਆਉਂਦੀਆਂ ਸਨ ਨੂੰ ਮਾਈਆਂ ਨੇ ਦਲਾਨਾਂ ਵਿੱਚ ਚਰਖੇ ਡਾਹਕੇ ਕੱਤਣੇ।

ਘਰ ਵਿੱਚ ਆਉਣ ਵਾਲ਼ੇ ਨਵੇਂ ਜੀਅ ਲਈ ਨਿੱਕੇ-ਨਿੱਕੇ ਮੌਜੇ ਬੁਣੇ ਬਹੁਤ ਪਿਆਰੇ ਲੱਗਦੇ ਸਨ।

ਚੰਦ ਕੋਈ ਬੇਜਾਨ ਉੱਪ-ਗ੍ਰਹਿ ਨਹੀਂ ਸੀ ਸਗੋਂ ਜਿਉਂਦਾ-ਜਾਗਦਾ ਸਾਡਾ ਚੰਦ ਮਾਮਾ ਸੀ ਅਤੇ ਜਿਸ ਦੇ ਵਿਹੜੇ ਵਿੱਚ ਇੱਕ ਬੇਬੇ ਸ਼ਾਇਦ ਸਾਡੀ ਨਾਨੀ ਚਰਖਾ ਪਈ ਕੱਤਦੀ ਸੀ।

ਨਾਨਕੇ ਵੀ ਬਹੁਤੀ ਦੂਰ ਨਹੀਂ ਹੋਇਆ ਕਰਦੇ ਸਨ, ਚਾਚੇ, ਤਾਏ ਕੰਨਾਂ ਤੋਂ ਫੜ ਚੱਕਕੇ ਨਾਨਕੇ ਦਿਖਾ ਦਿਆ ਕਰਦੇ ਸਨ।

ਰਿਹਾੜ ਕਰਦੇ ਪਏ ਬੱਚੇ ਦੀਆਂ ਚੀਜ਼ਾਂ ਅਕਸਰ ਕੋਕੋ ਲੈਜਿਆ ਕਰਦੀ ਸੀ ਅਤੇ ਉਸ ਦੇ ਸੌਣ ਮਗਰੋਂ ਮੋੜ ਵੀ ਜਾਇਆ ਕਰਦੀ ਸੀ।

ਘੰਦੋਲ਼ੀ ਦੇ ਵਲਗਣ ‘ਚ ਪਾਥੀ ‘ਤੇ ਬੈਠਕੇ ਰੋਟੀ ਖਾ ਲੈਣੀ। ਭੁੱਬਲ਼ ‘ਚ ਆਲੂ ਭੁੰਨਣ ਲਈ ਬੀਬੀ ਦੀਆਂ ਸੌ-ਸੌ ਮਿੰਨਤਾਂ ਕੱਢਣੀਆਂ ਪੈਣੀਆਂ।

ਅੰਬ ਦੇ ਅਚਾਰ ਦੀ ਫਾੜੀ ਚੂਸਕੇ ਮੂੰਹ ਖਟਮਿੱਠਾ ਹੋ ਜਾਂਦਾ ਸੀ। ਅਮਰੂਦ ਅਤੇ ਪਾਪੜ ਵੇਚਣ ਵਾਲ਼ੇ ਭਾਈ ਨੇ ਅਖ਼ਬਾਰ ਦੇ ਟੁਕੜੇ ‘ਤੇ ਆਪਣਾ ਸਮਾਨ ਪਾ ਕੇ ਗਾਹਕ ਨੂੰ ਫੜਾ ਦੇਣਾ।

ਗਲ਼ੀ ‘ਚੋਂ ਆਉਂਦੇ ਵਣਜਾਰੇ ਅਤੇ ਸਬਜ਼ੀ ਵੇਚਣ ਵਾਲ਼ੇ ਦੇ ਹੋਕੇ ਜਾਂ ਭਾਂਡੇ ਕਲੀ ਕਰਨ ਵਾਲ਼ੇ ਦੀ ਸੱਦ, ਕੁਲਫੀਆਂ ਵਾਲ਼ੇ ਦੇ ਪਾਂ-ਪੂ ਦੀ ਅਵਾਜ਼ ਹੁਣ ਵੀ ਕੰਨਾਂ ਵਿੱਚ ਉਵੇਂ ਦੀ ਉਵੇਂ ਗੂੰਜਦੀ ਪਈ ਏ।

ਮੀਂਹ ‘ਚ ਨਹਾਉਣ ਨਾਲ਼ ਪਿੱਤ ਮਰ ਜਾਂਦੀ ਸੀ।

ਪੈਸੇ ਪਾ ਕੇ ਵੀਸੀਆਰ ਲਿਆਉਣਾ ਤਾਂ ਗਾਣੇ ਲੰਘਾ ਕੇ ਰਾਤ ਨੂੰ ਚਾਰ-ਚਾਰ ਫ਼ਿਲਮਾਂ ਦੇਖਣੀਆਂ।

ਜੇ ਕਿਸੇ ਟਾਂਵੇਂ-ਟੱਲੇ ਘਰ ਟੈਲੀਵਿਜ਼ਨ ਸੀ ਤਾਂ ਉਹ ਸ਼ਟਰਾਂ ਵਾਲ਼ਾ ਬਲੈਕ ਐਂਡ ਵਾਈਟ ਸੀ। ਜਲੰਧਰ ਦੂਰਦਰਸ਼ਨ ਅਤੇ ਦਿੱਲੀ ਦੂਰਦਰਸ਼ਨ ਤੋਂ ਇਲਾਵਾ ਛਤਰੀ ਸੈੱਟ ਕਰਨ ‘ਤੇ ਪਾਕਿਸਤਾਨੀ ਚੈਨਲ ਵੀ ਖਿੱਚ ਲਿਆ ਕਰਦਾ ਸੀ। ਸੋਚਿਆ ਕਰਦੇ ਸਾਂ,”ਹੋਰ ਚੈਨਲ ਕਦੋਂ ਚੱਲਣਗੇ?”

“ਵੱਡਾ ਬਾਈ ਮਰਜ਼ੀ ਨਾਲ਼ ਬਾਹਰ-ਅੰਦਰ ਆਉਂਦਾ-ਜਾਂਦਾ, ਖਾਂਦਾ-ਪੀਂਦਾ ਏ, ਕਿੰਨੀਆਂ ਮੌਜਾਂ ਹਨ ਉਹਨੂੰ!” ਬਚਪਨ ਵਿੱਚ ਜਵਾਨ ਹੋਣ ਦੀਆਂ ਛੇਤੀਆਂ ਸਨ।

ਪਿੰਡਾਂ ‘ਚ ਰਹਿੰਦੇ ਪਿੰਡਾਂ ਦੇ ਸ਼ਹਿਰ ਬਣਨ ਦੀ ਤਾਂਘ ਰੱਖਿਆ ਕਰਦੇ ਸਾਂ, ਕੋਠੀਆਂ ਦੇ ਸੁਪਨੇ ਲੈਂਦੇ ਸਾਂ, ਰੇਲ-ਗੱਡੀਆਂ ‘ਚ ਸਫ਼ਰ ਕਰਨਾ ਲੋਚਦੇ ਸਾਂ।

ਹੁਣ ਟੀਵੀ ‘ਤੇ ਚੌਵੀ ਘੰਟੇ ਅਣਗਿਣਤ ਚੈਨਲ ਚੱਲਦੇ ਹਨ, ਵੱਡੇ ਵੀ ਹੋ ਗਏ ਹਾਂ, ਆਪ ਕਮਾਉਂਦੇ, ਮਰਜ਼ੀਆਂ ਨਾਲ਼ ਖ਼ਰਚ ਕਰਦੇ ਹਾਂ, ਕੋਠੀਆਂ ਵੀ ਪਾ ਲਈਆਂ ਹਨ, ਪਿੰਡ ਸ਼ਹਿਰਾਂ ਵਰਗੇ ਹੋ ਗਏ ਹਨ, ਜਹਾਜਾਂ ‘ਤੇ ਵੀ ਝੂਟੇ ਲੈ ਲਏ ਹਨ ਪਰ ਹੁਣ ਉਹ ਸਭ ਪਹਿਲਾਂ ਵਾਲ਼ਾ ਸਮਾਂ ਚੇਤੇ ਆਉਂਦਾ ਹੈ। ਪੁਰਾਣੇ ਵੇਲ਼ਿਆਂ ਦੀਆਂ ਯਾਦਾਂ ਸਤਾਉਂਦੀਆਂ ਹਨ। ਪੁਰਾਣੇ ਘਰਾਂ ਅਤੇ ਪਿੰਡਾਂ ‘ਚ ਫ਼ਿਲਮਾਏ ਗੀਤ ਤੇ ਬਣਾਈਆਂ ਫ਼ਿਲਮਾਂ ਚੰਗੀਆਂ ਲੱਗਦੀਆਂ ਹਨ।

ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)