More Punjabi Kahaniya  Posts
ਮੁਹੱਬਤ ਦਾ ਬੂਟਾ ( ਪਹਿਲਾ )


ਡਰ ਹੇਠ ਹੀ ਦਿਬਿਆ ਰਿਹਾ ਜਿੱਥੇ
ਸੁਣਿਆਂ ਮੈਂ ਇਜ਼ਹਾਰ ਮੁਹੱਬਤ ਦਾ
ਦਿਲ ਵੀ ਸੱਚਾ ਤੇ ਰੰਗ ਵੀ ਪੱਕਾ
ਪੱਕਾ ਸੀ ਇਕਰਾਰ ਮੁਹੱਬਤ ਦਾ
ਦੋਹਾਂ ਨੂੰ ਖਾਈ ਗਿਆ ਸਿਉਂਕ ਵਾਂਗੂੰ
ਆਹ ਪੈਂਡਾ ਲੰਮਾ ਵਿਚਕਾਰ‌ ਮੁਹੱਬਤ ਦਾ
ਪਲਕਾਂ ਝੁਕਾਅ ਲਈਆਂ ਬੋਲੇ ਕਿੱਥੋਂ
ਜਾਣਦਾ ਉਹ ਵੀ ਸਤਿਕਾਰ ਮੁਹੱਬਤ ਦਾ
ਉਡੀਕ ਤਾਂ ਬਹੁਤ ਨਿੱਕੀ, ਗੱਲ ਉਮਰਾਂ ਦੀ
ਸਭ ਗੱਲ ਅੱਖਾਂ ਮੀਚ ਸਵਿਕਾਰ‌ ਮੁਹੱਬਤ ਦਾ
ਲਕਿਆਂ ਨੇ ਜਦੋਂ ਲਿਖੇ ਭੇਜੇ ਖ਼ਤ ਨਾ ਪਹੁੰਚਾਏ
ਅਖੀਰ ਚਲਾਉਣਾਂ ‌ਪਿਆ ਅਖ਼ਬਾਰ ਮੁਹੱਬਤ ਦਾ
ਜੋ ਕਹਿੰਦਾ ਸੀ ਲਿਖਦਾਂ ਹਾਂ,ਪਰ ਕਰਦਾ ਨਹੀਂ ਆ
ਸੁਣਿਆਂ ਉਹ ਵੀ ਬਣਿਆ ਦਿਲਦਾਰ‌ ਮੁਹੱਬਤ ਦਾ
ਦੂਰ ਰਹਿ ਕੇ ਵੀ ਜੋ,ਹੋਣ ਨਾ ਦੇਵੇ ਭੋਰਾ ਵੀ ਅੱਡ ਉਹਤੋਂ
ਸੱਚੀਂ ਏਸ ਗੱਲੋਂ ਬੜਾ ਹਾਂ ਮੈਂ ਕਰਜ਼ਦਾਰ ਮੁਹੱਬਤ ਦਾ
ਵੈਸੇ ਤਾਂ ਉਹ ਵੀ ਇੱਕ ਕੁੜੀਆਂ ਵਰਗੀ ਕੁੜੀ ਹੀ ਸੀ,ਪਰ ਮੁਹੱਬਤ ਇੱਕ ਅਜਿਹੀ ਸ਼ੈਅ ਹੈ,ਜੋ ਨਜ਼ਰ ਤੇ ਨਜ਼ਰੀਆ ਦੋਵੇਂ ਬਦਲ ਦੇਂਦੀ ਹੈ,ਇਹ ਨਹੀਂ ਕਿ ਉਸਤੋਂ ਸੋਹਣਾ ਦੁਨੀਆਂ ਤੇ ਕੋਈ ਨਹੀਂ, ਨਹੀਂ ਬਹੁਤ ਹੋਣਗੇ,ਪਰ‌ ਇੱਕ ਮਹਿਬੂਬ ਦੀ ਨਜ਼ਰ ਉਹਦੇ ਮਹਿਬੂਬ ਤੋਂ ਵੱਧ ਭਲਾਂ ਕੀ ਸੋਹਣਾ ਹੋ ਸਕਦਾ ਹੈ।
ਬੇਸ਼ੱਕ ਉਹ ਅੱਜ ਵੀ ਮੇਰੇ ਕੋਲੋਂ ਕੋਹਾਂ ਦੂਰ ਹੈ,ਪਰ ਅੱਜ ਵੀ ਉਹਦੀ ਤਸਵੀਰ ਨੂੰ ਵੇਖ ਉਹੀ ਆਪਣਾਪਨ ਝਲਕਦਾ ਤੇ ਮਹਿਸੂਸ ਹੁੰਦਾ ਹੈ,ਜੋ ਉਸਦੇ ਕੋਲ਼ ਬੈਠਿਆਂ ਹੁੰਦਾ ਸੀ, ਮੈਨੂੰ ਅੱਜ ਵੀ ਯਾਦ ਹੈ‌ ਬਿਨਾਂ ਕਿਸੇ ਗੱਲ ਤੋਂ ਵੀ ਕਰੀਆਂ ਨੇ ਉਸ ਨਾਲ ਘੰਟਿਆਂਬੱਧੀ ਗੱਲਾਂ… ਕਿੰਨਾਂ ਅਜੀਬ ਜਿਹਾ ਸਮਾਂ ਸੀ ਨਾ,ਪਰ ਮੈਨੂੰ ਅੱਜ ਵੀ ਨਹੀਂ ਪਤਾ ਬੱਚਿਆਂ ਵਾਂਗ ‌ਲੜਨ‌‌ ਵਾਲਿਆਂ ਵਿਚ, ਰਿਸ਼ਤੇ ਨੂੰ ਪਿਆਰ ਨਾਲ ਨਿਭਾਉਣ ਦੀ ਤਹਿਜ਼ੀਬ ਕਿੱਥੋਂ ਆ ਗਈ , ਕਿੱਥੋਂ ਸਿੱਖ ਲ਼ਿਆ ਇਹਨਾਂ ਨੇ ਆਪਣੀਆਂ ਗਲਤੀਆਂ ਨੂੰ ਕਬੂਲਣਾਂ,ਕੀਹਨੇ ਦੱਸਿਆ ਇਹਨਾਂ ਨੂੰ ਚੱਜ…ਇਹ ਲੋਕ ਕਹਿੰਦੇ ਨੇ ਕਿ ਮੁਹੱਬਤ ਬੰਦੇ ਨੂੰ ਅੰਨ੍ਹਾ ਕਰ ਦੇਂਦੀ ਹੈ,ਪਰ ਨਹੀਂ… ਮੇਰੇ ਹਿਸਾਬ ਨਾਲ ਬੰਦਾ ਖ਼ੁਦ ਹੀ ਅੰਨ੍ਹਾ ਸਮਝ ਬੈਠਦਾ ਖ਼ੁਦ ਨੂੰ… ਮੁਹੱਬਤ ਤਾਂ ਸਕੂਨ ਹੈ, ਇੱਕ ਹਵਾ ਹੈ, ਇੱਕ ਅਨੰਦ ਹੈ,ਜਿਸ ਵਿਚ ਭਿੱਜਿਆ ਆਦਮੀ ਬਸ ਉਸੇ ਦਾ ਹੋ ਜਾਂਦਾ ਹੈ। ਨਾਲ਼ੇ ਜਦੋਂ ਆਪਾਂ ਨੂੰ ਵਕ਼ਤ ਦੀ ਸੂਈ ਨੇ ਆਪਸ ਵਿੱਚ ਮਿਲਾਇਆ ਸੀ ਤਾਂ ਕੁਝ ਤਾਂ ਸੋਚਿਆ ਹੀ ਹੋਵੇਗਾ, ਫੇਰ ਕਿਉਂ ਐਵੇਂ ਦੁਨੀਆਂ ਦੀਆਂ ਰੀਤ ਰਿਵਾਜਾਂ ਨੂੰ ਕੋਸਣਾਂ…ਕੋਈ ਚੰਗੀ ਗੱਲ ਥੋੜ੍ਹੀ ਏ… ਨਾਲ਼ੇ ਜੇ ਕੁਦਰਤ ਨੇ ਚਾਹਿਆ ਤਾਂ ਆਪਾਂ ਫ਼ੇਰ ਮਿਲਾਂਗੇ,ਇਸੇ ਧਰਤੀ ਤੇ,ਇਸੇ ਬੰਧਨਾਂ ਵਿੱਚ ਬੰਧੇ ਹੋਏ ਤੇ ਹੋਵਾਂਗੇ ਇੱਕ…

ਮੈਂ ਉਹਦਾ‌ ਭੇਜਿਆ ਹੋਇਆ ਆਖ਼ਰੀ ਖ਼ਤ ਪੜ੍ਹ ਰਿਹਾ ਸੀ,ਆਦਤ ਜਿਹੀ ਪੈ ਗਈ ਰੋਜ਼ ਪੜ੍ਹਨ ਦੀ, ਕਿੰਨੀਂ ਚੰਗੀ ਤਰ੍ਹਾਂ ਪੜ੍ਹ ਚੁੱਕੀ ਸੀ ਨਾ…ਉਹ ਮੈਨੂੰ, ਮੇਰੀ ਹਰ ਆਦਤ,ਹਰ ਸੋਚ ਤੇ ਹਰ ਖ਼ਿਆਲ ਤੋਂ ਵਾਕਿਫ਼ ਸੀ ਉਹ… ਸ਼ਾਇਦ ਉਹਦੀਆਂ ਇਹੀ ਗੱਲਾਂ ਕਰਕੇ ਸਾਡੇ ਵਿਚਲਾ ਫ਼ਰਕ ਕੋਹਾਂ ਦੂਰ ਜਾ ਬੈਠਦਾ ਸੀ ਤੇ ਆਖਦਾ ਸੀ ਮੈਂ ਤੁਹਾਡੇ ਵਿਚਕਾਰ ਨਹੀਂ ਆ ਸਕਦਾ… ਮੈਂ ਉਹਦੇ ਬਾਰੇ ਜਿੰਨਾਂ ਦੱਸਾਂ ਓਨਾ ਘੱਟ ਹੈ…ਉੱਚਾ ਲੰਮਾ ਕੱਦ,ਲੰਮੇ ਵਾਲ਼, ਚੌੜਾ ਮੱਥਾ, ਮੋਟੀਆਂ ਅੱਖਾਂ,ਤਿੱਖਾ ਨੱਕ,ਪਤਲੇ ਪਤਲੇ ਬੁੱਲ ਤੇ ਲੰਮੀਂ ਧੌਣ ਤੇ ਕਣਕ ਵਰਗਾ ਰੰਗ…ਜਵਾਂ ਕਿਸੇ ਪਰੀ ਨਾਲ਼ੋਂ ਘੱਟ ਨਹੀਂ ਸੀ ਲੱਗਦੀ, ਉਹਨੂੰ ਵੇਖ ਹਰ ਕੋਈ ਆਖਦਾ ਸੀ, ਹਾਂ ਸਵਰਗ ਵੀ ਹੁੰਦਾ ਹੈ ਲੱਗਦਾ ਇਹ ਕੁੜੀ ਉਥੋਂ ਹੀ ਆਈ ਹੈ,ਐਨੀ ਸੋਹਣੀ ਕੁੜੀ ਸੱਚੀਂ ਜਿਸਦੀ ਸ਼ਾਇਰ ਕੋਲੋਂ ਵੀ ਤਾਰੀਫ਼ ਮੁੰਕਮਲ ਨਹੀਂ ਸੀ ਕਰ ਹੁੰਦੀ… ਮੈਂ ਜਦ ਵੀ ਕਦੇ ਉਸਦੀ ਤਾਰੀਫ਼ ਕਰਦਾ ਉਹਨੇ ਮੈਨੂੰ ਟੋਕਦੇ ਬੋਲਣਾ… ਮੈਨੂੰ ਤੇ ਮੈਂ ਰਤਾ ਸੋਹਣੀ ਨਹੀਂ ਲੱਗਦੀ… ਤੁਹਾਨੂੰ ਪਤਾ ਨਹੀਂ ਕੀ ਵਿਖਦਾ ਏਹੋ ਜਾ… ਮੈਂ ਅੱਗੋਂ ਬਿਲਕੁਲ ਚੁੱਪ ਕਰ ਜਾਂਦਾ ਤੇ ਜਿਦਾਂ ਚਕੋਰ ਚੰਨ ਨੂੰ ਤੱਕਦੀ ਹੈ, ਓਦਾਂ ਉਹਦੇ ਵੱਲ ਵੇਖਣ ਲੱਗਦਾ…

ਅਸੀਂ ਟਿਊਸ਼ਨ ਸੈਂਟਰ ਵਿਚ ਇੱਕ ਦਿਨ ਅਚਾਨਕ ਮਿਲ਼ੇ ਤੇ ਹੌਲ਼ੀ ਹੌਲ਼ੀ ਦੋਸਤ ਬਣ ਗਏ, ਬੇਸ਼ੱਕ ਹੋਰ ਕੁੜੀਆਂ ਤੇ ਮੁੰਡੇ ਵੀ ਸਨ ਪਰ ਸਾਡੀ ਦੋਵਾਂ ਦੀ ਆਪਸ ਵਿੱਚ ਜ਼ਿਆਦਾ ਮੱਤ ਮਿਲ਼ਦੀ , ਜਿਸ ਦਿਨ ਮੈਨੂੰ ਕੋਈ ਕੰਮ ਪੈ ਜਾਂਦਾ ਤੇ ਮੈਂ ਸੈਂਟਰ ਨਾ ਜਾਂਦਾ,ਉਹ ਵੀ ਨਾ ਜਾਂਦੀ…ਦਰਅਸਲ ਵਿਚ ਅਸੀਂ ਦੋਵੇਂ ਕਾਲਜ ਵਿੱਚ ਐਡਮੀਸ਼ਨ ਲੈਣ ਲਈ ਪੇਪਰ ਦੀ ਤਿਆਰੀ ਕਰ ਰਹੇ ਸੀ, ਅਸੀਂ ਦੋਵਾਂ ਨੇ ਉਥੇ ਇੱਕ ਮਹੀਨਾ ਪੇਪਰ ਦੀ ਤਿਆਰੀ ਕਰੀ ਤੇ ਉਸਤੋਂ ਬਾਅਦ ਵੀ ਅਸੀਂ ਦੋਵੇਂ ਕਿਸੇ ਨਾ ਕਿਸੇ ਬਹਾਨੇ ਸ਼ਹਿਰ ਮਿਲ਼ਦੇ ਰਹਿੰਦੇ, ਹੌਲ਼ੀ ਹੌਲ਼ੀ ਸਾਡਾ ਇਹ ਦੋਸਤੀ ਦਾ ਰਿਸ਼ਤਾ ਪਿਆਰ ਵਿੱਚ ਤਬਦੀਲ‌ ਹੋ ਗਿਆ ਤੇ ਸਾਨੂੰ ਦੋਵਾਂ ਨੂੰ ਦਾਖ਼ਲਾ ਵੀ ਇੱਕੋ ਕਾਲਜ ਵਿੱਚ ਹੀ ਮਿਲ ਗਿਆ, ਅਸੀਂ ‌ਹਰ ਰੋਜ਼ ਮਿਲ਼ਦੇ, ਖਾਣਾ ਵੀ ਇੱਕਠੇ ਬੈਠ ਖਾਂਦੇ ਤੇ ਜੇ ਕੋਈ ‌ਲੈਕਚਰ ਫ੍ਰੀ ਹੁੰਦਾ ਤਾਂ ਪਾਰਕ ਵਿਚ ਜਾਂ ਕੰਟੀਨ ਵਿੱਚ ਬੈਠੇ ਰਹਿੰਦੇ,ਉਹ ਮੇਰੇ ਨਾਲ ਹਰ ਇਕ ਗੱਲ ਸਾਂਝੀ ਕਰ ਲੈਂਦੀ ਸੀ। ਬੇਸ਼ੱਕ ਉਹ ਕੇਹੋ ਜਿਹੀ ਵੀ ਹੋਵੇ, ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਤੈਨੂੰ ਪਿਆਰ ਕਰਨ ਲੱਗ ਗਈ ਆਂ, ਮੈਂ ਇਸ ਸਭ‌ ਤੋਂ ਦੂਰ ਹੀ ਰਹਿਣਾਂ ਚਾਹੁੰਦਾ‌ ਸੀ, ਕਿਉਂਕਿ ਘਰ ਵਿਚ ਦੋ ਭੈਣਾਂ ਵੀ ਸਨ,ਜੇ ਮੈਂ ਇਹ ਸਭ ਕਰਦਾ ਤਾਂ ਕੱਲ੍ਹ ਨੂੰ ਉਹਨਾਂ ਨੂੰ ਕੀ ਸਮਝਾਉਂਦਾ, ਬਾਕੀ ਮੈਨੂੰ ਇਹ ਵੀ ਪਤਾ ਸੀ,ਕਿ ਸਾਡੇ ਪਰਿਵਾਰਾਂ ਵਿਚ ਬਹੁਤ ਫ਼ਰਕ ਹੈ,ਜੋ ਮੈਂ ਸਾਰੀ ਉਮਰ ਲਾ ਦੇਵਾਂ ਤਾਂ ਵੀ ਨਹੀਂ ਭਰ ਸਕਦਾ, ਮੈਂ ਜਿੰਨਾ ਕੁ ਸਮਝਾ ਸਕਦਾ ਸੀ। ਉਸਨੂੰ ਸਮਝਿਆ ਤੇ ਕਿਹਾ ਕਿ ਇਹ ਨਹੀਂ ਕਿ ਤੂੰ ਮੈਨੂੰ ਵਧੀਆ ਨਹੀਂ ਲੱਗਦੀ, ਜਾਂ ਮੈਨੂੰ ਕੋਈ ਹੋਰ ਕੁੜੀ ਵਧੀਆ ਲੱਗਦੀ ਹੈ,ਬਸ ਇਹ ਪਿਆਰ ਪਿਉਰ ਮੇਰੇ ਵਰਗੇ ਲੋਕਾਂ ਲਈ ਨਹੀਂ ਆ, ਮੈਨੂੰ ਐਨਾ ਪਤਾ ਹੈ, ਉਹ ਨੇ ਉਸ ਵਕਤ ਮੇਰੀ ਗੱਲ ਨੂੰ ਸਮਝਿਆ ਤੇ ਚੁੱਪ ਚਾਪ ਕਲਾਸ ਦਾ ਬਹਾਨਾ ਲਾ ਚਲੀ ਗਈ, ਉਸਤੋਂ ਬਾਅਦ ਉਹ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਾ ਕਰਦੀ,ਜੋ ਮੈਨੂੰ ਵੀ ਬਿਲਕੁਲ ਵਧੀਆ ਨਾ ਲੱਗਾ, ਇੱਕ ਹਫ਼ਤਾ ਐਦਾਂ ਹੀ ਬੀਤਿਆ ਪਰ ਫ਼ੇਰ ਦੁਆਰਾ ਸਭ ਓਦਾਂ ਹੀ ਹੋ ਗਿਆ, ਉਹੀ ਪਹਿਲਾਂ ਵਾਂਗ ਨਿੱਕੀ ਨਿੱਕੀ ਗੱਲ ਤੇ ਲੜਨਾ ਤੇ ਉਹੀ ਗੁੱਸੇ ਗਿਲੇ,ਦੋ ਕੁ ਮਹੀਨੇ ਬਾਅਦ ਉਸਨੇ ਮੈਨੂੰ ਫੇਰ ਉਹੀ ‌ਗੱਲ ਕਹੀ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ, ਮੈਂ ਉਸਨੂੰ ਬਹੁਤ ਸਮਝਿਆ ਪਰ ਉਹ ਨਾ ਸਮਝੀ, ਅਖ਼ੀਰ ਪਿਆਰ ਤੇ ਮੈਂ ਵੀ ਕਰਦਾ ਸੀ,ਪਰ ਉਸਨੂੰ ਘੁੱਟ ਕੇ ਗਲਵੱਕੜੀ ਪਾ ਲਈ।

ਸਾਡਾ ਇੱਕ ਸਾਲ ਪੂਰਾ ਹੋ ਗਿਆ, ਮੈਂ ਪਾਸ ਹੋ ਗਿਆ,ਪਰ ਉਸਦੀ ਇੱਕ ਪੇਪਰ ਵਿੱਚੋਂ ਸਪਲੀ ਆ ਗਈ,ਉਸਦਾ ਮਜ਼ਾਕੀਆ ਸੁਭਾਅ ਹਰ ਦੁੱਖ ਨੂੰ ਖੁਸ਼ੀ ਵਿੱਚ ਬਦਲ ਦੇਂਦਾ ਸੀ,...

ਅਗਲੇ ਸਾਲ ਉਸਨੇ ਉਹ ਸਪਲੀ ਪਾਸ ਕਰ ਲਈ, ਦੂਸਰੇ ਸਾਲ ਦੇ ਪੇਪਰ ਆ ਗਏ,ਜਿਸ ਕਰਕੇ ਗੱਲ ਬਾਤ ਘੱਟ ਹੀ ਹੁੰਦੀ, ਪੇਪਰਾਂ ਤੋਂ ਬਾਅਦ ਹੀ ਭੈਣ ਦਾ ਵਿਆਹ ਰੱਖ ਲਿਆ ਜਿਸ ਕਰਕੇ ਬਿਲਕੁਲ ਵੀ ਸਮਾਂ ਨਾ ਲੱਗਦਾ ਗੱਲ ਕਰਨ ਦਾ, ਇੱਕ ਮਹੀਨਾ ਮੈਂ ਵਿਆਹ ਵਿੱਚ ਹੀ ਉਲਝਿਆ ਰਿਹਾ, ਅਸੀਂ ਇੱਕ ਵਾਰ ਹੀ ਮਿਲ਼ੇ ਉਸ ਦਿਨ ਵੀ ਜ਼ਿਆਦਾ ਗੱਲ ਨਾ ਹੋਈ, ਉਸਤੋਂ ਬਾਅਦ ਮੈਂ ਅੱਗੇ ਦਾਖਲਾ ਕਰਵਾ ਆਇਆ, ਮੈਂ ਉਸਨੂੰ ਫ਼ੋਨ ਵੀ ਕੀਤਾ ਪਰ ਉਸਦਾ ਫ਼ੋਨ ਬੰਦਔਰ ਸੀ, ਉਸਨੇ ਦੱਸਿਆ ਸੀ ਕਿ ਉਸਦੀ ਮਾਸੀ ਦੀ ਕੁੜੀ ਦਾ ਵਿਆਹ ਹੈ, ਉਹ ਉਥੇ ਜਾ ਰਹੀ ਆ, ਮੈਂ ਤਾਂ ਕਰਕੇ ਜ਼ਿਆਦਾ ਧਿਆਨ ਨਾ ਦਿੱਤਾ, ਫ਼ੋਨ ਤੇ ਗੱਲ ਹੁੰਦੀ ਰਹਿੰਦੀ, ਕਲਾਸਾਂ ਸ਼ੁਰੂ ਹੋ ਗਈਆਂ, ਮੈਂ ਪਹਿਲੇ ਦਿਨ ਵੇਖਿਆ ਉਹ ਕਾਲਜ ਨਾ ਆਈ, ਮੈਂ ਉਸਨੂੰ ਫ਼ੋਨ ਕਰਕੇ ਪੁੱਛਿਆ ਵੀ ,ਪਰ ਉਸਨੇ ਕੁਝ ਨਾ ਦੱਸਿਆ, ਜਦੋਂ ਦੋ ਦਿਨ ਉਹ ਹੋਰ ਕਾਲਜ ਨਾ ਆਈ, ਮੈਂ ਉਸਨੂੰ ਗੁੱਸੇ ਨਾਲ ਪੁੱਛਿਆ,ਕਿ ਗੱਲ ਕੀ ਹੈ, ਉਸਨੇ ਦੱਸਿਆ ਕਿ ਉਹ ਆਈਲੈਟਸ ਕਰਨ ਲੱਗ ਗਈ ਹੈ, ਕਿਉਂਕਿ ਉਹਦੇ ਘਰਦੇ ਇਹੀ ਚਾਹੁੰਦੇ ਨੇ ਤੇ ਉਹਨਾਂ ਨੂੰ ਵੀ ਸੌਖਾ ਹੋ ਜਾਵੇਗਾ।

ਮੈਂ ਉਸਦੇ ਹਾਲਾਤ ਨੂੰ ਸਮਝਿਆ ਤੇ ਉਸਨੂੰ ਡਾਵਾਂਡੋਲ ਹੋਂਣ ਤੋਂ ਰੋਕਿਆਂ ਤੇ ਕਿਹਾ ਕਿ ਚੱਲ ਕੋਈ ਗੱਲ ਨਹੀਂ, ਵਧੀਆ ਜ਼ਿੰਦਗੀ ਬਣ ਜਾਵੇਗਾ,ਪਰ ਉਸਦੇ ਉੱਚੀ ਉੱਚੀ ਰੋਣ ਦੀ ਆਵਾਜ਼, ਮੇਰੇ ਹੁਣ ਵੀ ਕੰਨਾਂ ਵਿਚ ਗੂੰਜਦੀ ਹੈ, ਦਰਅਸਲ ਉਹ ਨਹੀਂ ਸੀ ਚਾਹੁੰਦੀ ਕਿ ਮੇਰੇ ਕੋਲੋਂ ਦੂਰ ਹੋਵੇ,ਪਰ ਹਾਲਾਤ ਤੇ ਮਜਬੂਰੀਆਂ ਬਹੁਤ ਕੁਝ ਬਦਲ ਦੇਂਦੀਆਂ ਨੇ, ਮੈਨੂੰ ਵੀ ਇੱਕ ਦੋ ਮਹੀਨੇ ਤਾਂ ਕਾਲਜ ਉਸਤੋਂ ਬਿਨਾਂ ਜਾਣਾਂ ਚੰਗਾ ਨਾ ਲੱਗਿਆ, ਪਰ ਉਸਤੋਂ ਬਾਅਦ ਆਦਤ ਪੈ ਗਈ, ਹੁਣ ਉਹ ਵੀ ਫ਼ੋਨ ਘੱਟ ਵੱਧ ਹੀ ਕਰਦੀ,ਇਹ ਕਹਿ ਲਵੋ ਉਹ ਵੀ ਪਹਿਲਾਂ ਵਰਗੀ ਨਾ ਰਹੀ,ਇਸੇ ਤਰ੍ਹਾਂ ਚਾਰ ਮਹੀਨੇ ਬੀਤ ਗਏ,ਉਸਨੇ ਪੇਪਰ ਦਿੱਤਾ,ਪਰ ਉਸ ਕੋਲੋਂ ਉਹ ਪਾਸ ਨਾ ਕਰ ਹੋਇਆ, ਉਹ ਬਹੁਤ ਜ਼ਿਆਦਾ ਟੈਨਸ਼ਨ ਲੈ ਗਈ,ਜਿਸ ਕਰਕੇ ਉਹ ਡਿਪਰੈਸ਼ਨ ਵਿਚ ਚਲੀ‌ ਗਈ।

ਉਸਦਾ ਇੱਕ ਸਾਲ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ, ਉਹ ਹੁਣ ਨਾ ਤਾਂ ਕਾਲਜ ਵਿਚ ਦਾਖ਼ਲਾ ਲੈ ਸਕਦੀ ਸੀ ਤੇ ਨਾ ਹੀ ਆਈਲੈਟਸ ਦੁਬਾਰਾ ਕਰ ਸਕਦੀ ਸੀ, ਆਖ਼ਿਰ ਰਿਸ਼ਤੇਦਾਰਾਂ ਦੇ ਕਹਿਣ ਤੇ ਉਸਦੇ ਘਰਦਿਆਂ ਨੇ ਉਸਦਾ ਵਿਆਹ ਕਰ ਦੇਣ ਦੀ ਸਲਾਹ ਬਣਾਈ, ਕਿਉਂਕਿ ਉਸਦੇ ਡਿਪਰੈਸ਼ਨ ਵਿਚ ਜਾਣ ਕਰਕੇ,ਘਰਦੇ ਵੀ ਡਰਦੇ ਸਨ, ਉਸਨੇ ਮੈਨੂੰ ਇੱਕ ਦਿਨ ਸ਼ਹਿਰ ਮਿਲਣ ਲਈ ਬੁਲਾਇਆ ਤੇ ਸਾਰੀ ਗੱਲ ਬਾਤ ਦੱਸੀਂ, ਉਸਨੇ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ,ਪਰ ਮੈਂ ਉਸਨੂੰ ਉਸਦੇ ਹਾਲਾਤਾਂ ਦੇ ਨਾਲ ਉਹਦਾ ਆਉਣ ਵਾਲਾ ਕੱਲ੍ਹ ਵਿਖਾਇਆ ਤੇ ਉਸਨੂੰ ਜਿਨ੍ਹਾਂ ਕੁ ਸਮਝਾ ਸਕਦਾ ਸੀ , ਓਨਾ ਕੁ ਸਮਝਿਆ ਤੇ ਕੁਝ ਸਮੇਂ ਬਾਅਦ ਹੀ ਉਸਦਾ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਸਾਡੀ ਬਿਲਕੁਲ ਗੱਲਬਾਤ ਹੋਣੀਂ ਬੰਦ ਹੋ ਗਈ, ਤੇ ਇਹ ਹੋਣੀਂ ਜ਼ਰੂਰੀ ਵੀ ਸੀ, ਹੁਣ ਉਹ ਆਪਣੀ ਜ਼ਿੰਦਗੀ ਵਿਚ ਬਹੁਤ ਵਧੀਆ ਖੁਸ਼ ਹੈ ਤੇ ਮੈਂ ਆਪਣੀ ਜ਼ਿੰਦਗੀ ਵਿਚ, ਇਹ ਨਹੀਂ ਕਿ ਮੈਂ ਉਸਨੂੰ ਭੁੱਲ ਗਿਆ ਹਾਂ, ਨਹੀਂ ਸ਼ਾਇਦ ਸਾਰੀ ਜ਼ਿੰਦਗੀ ਨਾ ਭੁੱਲਾਂ,ਪਰ ਉਸਦੀ ਖੁਸ਼ੀ ਹੀ ਮੇਰੀ ਲਈ ਸਭ ਤੋਂ ਵੱਡੀ ਖੁਸ਼ੀ ਹੈ, ਮੁਹੱਬਤ ਦਾ ਅਰਥ ਕਦੇ ਵੀ ਮਿਲਣਾ ਜਾਂ ਵਿਆਹ ਨਹੀਂ ਹੁੰਦਾ….
ਜਿਸ ਇਨਸਾਨ ਨੂੰ ਅਸੀਂ ਮੁਹੱਬਤ ਕਰਦੇ ਹਾਂ,ਉਸ ਪ੍ਰਤੀ ਚੰਗੀ ਸੋਚ ਰੱਖਣਾਂ ਹੀ ਮੁਹੱਬਤ ਹੈ, ਨਹੀਂ ਤੇ ਅੱਜ ਦੇ ਸਮੇਂ ਵਿਚ ਜੋ ਇਹ ਖੇਡ ਬਣੀ ਹੈ, ਉਸਤੋਂ ਤਾਂ ਹਰ ਕੋਈ ਵਾਕਿਫ਼ ਹੀ ਹੈ। ਜੇਕਰ ਮੈਂ ਉਸ ਜਗਾਹ ਉਸਨੂੰ ਨਾ ਸਮਝਾਉਂਦਾ ਤੇ ਉਹ ਨਾ ਸਮਝਦੀ ਤਾਂ ਸ਼ਾਇਦ ਅੱਜ ਨਾ ਉਸ ਖੁਸ਼ ਹੋਣੀਂ ਸੀ ਤੇ ਨਾ ਹੀ ਮੈਂ,ਜੇਕਰ ਮੈਂ ਇਸ ਜੱਗ ਦੀਆਂ ਰੀਤਾਂ ਨੂੰ ਕੋਸ ਕੋਈ ਅਜਿਹਾ ਕਦਮ ਚੁੱਕ ਲੈਂਦਾ,ਜੋ ਮੇਰੇ ਪਰਿਵਾਰ ਨੂੰ ਸਿਰ ਨੀਵਾਂ ਕਰ ਤੁਰਨ ਲਈ ਮਜ਼ਬੂਰ ਕਰ ਦਿੰਦਾ ਤਾਂ ਸ਼ਾਇਦ ਉਥੇ ਮੇਰੀ ਮੁਹੱਬਤ ਮਰ ਜਾਂਦੀ ਬੇਸ਼ਰਮੀ ਦਾ ਫਾਹਾ ਗਲ਼ ਵਿਚ ਪਾਕੇ

ਮੁਹੱਬਤ ਕਰਨਾ ਗ਼ਲਤ ਨਹੀਂ ਆ,ਪਰ ਇਸਦੇ ਆਪਣੇ ਹਿਸਾਬ ਨਾਲ ਅਰਥ ਬਦਲਣਾ ਗ਼ਲਤ ਹੈ,ਜੋ ਸਾਡੇ ਹਿੱਸੇ ਵਿੱਚ ਹੈ,ਉਸਨੇ ਸਾਨੂੰ ਮਿਲ ਹੀ ਜਾਣਾਂ ਹੈ,ਜੇਕਰ ਤੁਸੀੰ ਮੁਹੱਬਤ ਦੇ ਬੂਟੇ ਨੂੰ , ਆਪਣੇ ਆਸ ਪਾਸ ਦੇ ਬੂਟੇ ਉਖਾੜ ਕੇ ਉਗਾ ਰਹੇ ਹੋ ਤਾਂ ਯਾਦ ਰੱਖਿਓ, ਮੌਸਮਾਂ ਦਾ ਬਦਲਣਾਂ ਤੇ ਰੁੱਤਾਂ ਦਾ ਢਲਣਾਂ‌ ਸਦੀਆਂ ਤੋਂ ਦਸਤੂਰ ਹੈ।

ਮੈਂ ਆਪਣੀ ਪੜਾਈ ਪੂਰੀ ਕਰਨ ਉਪਰੰਤ ਹੀ ਇੱਕ ਨੌਕਰੀ ਕਰਨ ਲੱਗ ਗਿਆ,ਤੇ ਦੋ ਸਾਲ ਬਾਅਦ ਹੀ ਮੈਂ ਦੋਵਾਂ ਭੈਣਾਂ ਦਾ ਵਿਆਹ ਕਰ ਦਿੱਤਾ, ਹੁਣ ਕੋਈ ਵੀ ਜ਼ਿੰਮੇਵਾਰ ਨਹੀਂ ਸੀ, ਸਿਰਫ਼ ਆਪਣੇ ਆਪ ਤੋਂ ਬਿਨਾਂ ਮੈਂ ਜ਼ਿੰਦਗੀ ਵਿਚ ਪੂਰਾ ਖੁਸ਼ ਸੀ। ਗੱਲ ਇੱਕ ਨਵੰਬਰ ਦੀ ਹੈ‌। ਜਦੋਂ ਮੇਰੀ ਬਦਲੀ ਅੰਮ੍ਰਿਤਸਰ ਦੇ ਕੋਲ ਇੱਕ ਅਜਨਾਲੇ ਨਿੱਕੇ ਜਿਹੇ ਠੀਕ ਠਾਕ ਸ਼ਹਿਰ ਵਿਚ ਕਰ ਦਿੱਤੀ, ਮੈਂ ਮਾਲਵੇ ਦਾ ਜੰਮਪਲ ਮਾਝੇ ਵਾਲਿਆਂ ਵਿਚ ਦੀ ਬੋਲੀਂ ਨੂੰ ਸੁਣ ਥੋੜ੍ਹਾ ਅਜੀਬ ਜਿਹਾ ਮਹਿਸੂਸ ਕਰਿਆ ਕਰਾਂ, ਉਪਰੋਂ ਉਹਨਾਂ ਨੂੰ ਮੇਰੇ ਨਿੱਕੇ ਸ਼ਬਦ ਬੜੇ ਅਜੀਬ ਲੱਗਦੇ, ਉਥੇ ਹੀ ਮੈਨੂੰ ਮੇਰੇ ਨਾਲ ਪੜਾਉਂਦੀ ਮੈਡਮ ਪਸੰਦ ਆ ਗਈ।

ਇਸ ਕਹਾਣੀ ਨੂੰ ਪੂਰਾ ਦੋ ਭਾਗਾਂ ਰਾਹੀਂ ਤੁਹਾਡੇ ਰੂਬਰੂ ਕਰਾਂਗੇ,ਇਸ ਕਹਾਣੀ ਨੂੰ ਅਸਲ ਵਿਚ ਤੁਹਾਡੇ ਰੂਬਰੂ ਕਿਉਂ ਕੀਤਾ ਗਿਆ,ਉਹ ਵੀ ਪੂਰੀ ਤਰ੍ਹਾਂ ਸਪੱਸ਼ਟ ਤੁਹਾਨੂੰ ਅਗਲੇ ਭਾਗ ਵਿਚ ਪਤਾ ਲੱਗ ਜਾਵੇਗਾ‌

*****

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

ਇਹ ਕਹਾਣੀ ਤੁਹਾਨੂੰ ਕਿਦਾਂ ਲੱਗੀ, ਇਸ ਬਾਰੇ ਆਪਣੇ ਵਿਚਾਰ, ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਅਤੇ ਹੋਰ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਹੋਰ ਕਹਾਣੀਆਂ

1.ਫੇਰ ਉਹੀ ਹੋਇਆ
2.ਝੂਠੇ ਹੰਝੂ
3.ਹੈਵਾਨੀਅਤ
4.ਕਿੱਥੋਂ ਆਏ ਕਿੱਥੇ ਜਾਣਾ
5.ਆਦਿ ਅੰਤ
6.ਮਿੱਟੀ ਰੰਗੇ
7.ਧੁੰਦਲੀਆਂ ਪੈੜਾਂ
8.ਵਿਲਕਦੇ ਘਰ
9.ਅੱਧੀ ਅੱਖ
10.ਅੱਧੀ ਗੁੱਤ
11.ਇੱਕ ਹੋਰ ਸਵਾਲ
12.ਜਿੰਦਗੀ ਦਾ ਸਫ਼ਰ
13. ਮੁੱਠੀ ਭਰ ਪਲ਼ ( ਭਾਗ : ਚਾਰ )
14. ਮੁਹੱਬਤ ਦੇ ਰੰਗ
15 .ਇੱਕ ਕੁੜੀ
16.ਇੱਕ ਸ਼ਾਇਰ
17.ਇੱਕ ਕਹਾਣੀ
18.ਮੈਨੂੰ ਪਤਾ ਹੈ
19.ਖੇਤਾਂ ਦੇ ਪੁੱਤ
20.ਮੈਂ ਕਹਿ ਰਹੀ ਹਾਂ
21.ਡੁੱਬਦੇ ਸੂਰਜ
22.ਮੈਂ ਉਹਦਾ ਨਾਂ ਕੁਦਰਤ ਰੱਖਿਆ
23.ਚੱਲ ਕੋਈ ਨਾ
24.ਮੁਹੱਬਤ ਦਾ ਬੂਟਾ ੧
Continue…….

ਸੁਖਦੀਪ ਸਿੰਘ ਰਾਏਪੁਰ
ਸੰਪਰਕ : 8699633924
ਇੰਸਟਾਗ੍ਰਾਮ
im_sukhdep
ਈ-ਮੇਲ
writersukhdeep@gmail.com

*****

...
...



Related Posts

Leave a Reply

Your email address will not be published. Required fields are marked *

One Comment on “ਮੁਹੱਬਤ ਦਾ ਬੂਟਾ ( ਪਹਿਲਾ )”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)