ਅੱਜ ਉਸਦਾ ਚਿੱਤ ਬਹੁਤ ਹੀ ਭੈੜਾ ਜਾ ਹੋ ਰਿਹਾ ਸੀ। ਕੱਲ੍ਹ ਦਾ ਫੌਨ ਆਇਆ ਹੋਇਆ ਹੈ ਕਿ ਉਸਦੇ ਸੱਸ ਦੇ ਭਰਾ ਅਤੇ ਭਰਜਾਈ ਨੇ ਅਉਣਾ। ਸਾਉਣ ਮਹੀਨਾ ਚੜਿ੍ਹਆ, ਮਾਪਿਆਂ ਦਾ ਧੀਆਂ ਕੋਲ ਅਉਣਾ ਬਣਿਆ ਹੀ ਹੋਇਆ। ਉਸਦਾ ਵੀ ਵਿਆਹ ਤੋਂ ਬਾਅਦ ਪਹਿਲਾ ਸਾਉਣ ਸੀ ਪਰ ਉਸਨੂੰ ਪਤਾ ਸੀ ਕਿ ਉਡੀਕ ਵਿਅਰਥ ਹੈ, ਕਿਸੇ ਨੇ ਨਹੀ ਅਉਣਾ। ਹੰਝੂ ਅੱਖਾਂ ਵਿੱਚੋ ਨਹੀ ਆ ਰਹੇ ਸਨ ਸਗੋਂ ਅੰਦਰੇ-ਅੰਦਰ ਗਲ੍ਹੇ ਵਿੱਚ ਡਿੱਗ ਡਿੱਗ ਉਸਦਾ ਸਿਰ ਵੀ ਭਾਰਾ ਹੋ ਗਿਆ ਸੀ। ਮਨ ਹੀ ਮਨ ਸੋਚ ਰਹੀ ਸੀ ਕਿ ਇੰਜ ਵੀ ਨੁੰਹਾਂ ਨਾਲੋ ਮਾਸ ਵੱਖ ਹੋ ਜਾਦਾਂ। ਪਰ ਉਸਦੇ ਆਪਣੇ ਹੀ ਮਨ ਨੇ ਜਵਾਬ ਦਿੱਤਾ ਕਿ, “ਹਾਂ ਹੋ ਜਾਦਾਂ”। ਉਸਦੀ ਆਪਣੀ ਹੀ ਨੀਵੀਂ ਪੈ ਗਈ।
ਗਲਤੀ ਵੀ ਤਾਂ ਉਸਦੀ ਆਪਣੀ ਹੀ ਸੀ। ਪਿਆਰ ਦਾ ਅੱਖਾਂ ਉੱਤੇ ਐਸਾ ਪਰਦਾ ਪਿਆ ਕਿ ਹੋਰ ਕੁੱਝ ਦਿੱਖਣੋ ਹੀ ਹੱਟ ਗਿਆ ਸੀ। ਮਾਂ-ਬਾਪ ਨੇ ਬਹੁਤ ਸਮਝਾਇਆ ਕਿ ਪਹਿਲਾਂ ਆਵਦੀ ਪੜ੍ਹਾਈ ਅਤੇ ਭਵਿੱਖ ਬਾਰੇ ਵਿਚਾਰ ਕਰ, ਵਿਆਹ ਬਾਰੇ ਫੇਰ ਸੋਚਾਂਗੇ। ਪਰ ਉਸਨੂੰ ਤਾਂ ਹੋਰ ਕੋਈ ਸੋਚ ਅਉਦੀ ਹੀ ਨਹੀ ਸੀ। ਉਸਨੂੰ ਲੱਗਦਾ ਸੀ ਕਿ ਬੱਸ ਸਭ ਇਹ ਬਹਾਨੇ ਹਨ, ਉਸ ਕੋਲੋ ਉਸਦਾ ਪਿਆਰ ਖੌਹਣ ਦੇ ਲਈ। ਪਿਉ ਨੇ ਤਰਲਾ ਜਿਹਾ ਪਾ ਕੇ ਕਿਹਾ ਸੀ ਕਿ, “ਪੁੱਤ ਕੁੱਝ ਤਾਂ ਖਿਆਲ ਕਰ ਇੰਜ ਤੈਨੂੰ ਪੱਟੜੀ-ਬੰਨੇ ਹੀ ਕਿੰਜ ਵਿਆਹ ਦੇਈਏ” ਅਤੇ ਬੱਸ ਉਸਨੂੰ ਪਤਾ ਲੱਗ ਗਿਆ ਸੀ ਕਿ ਘਰਦੇ ਕਦੇ ਵੀ ਨਹੀ ਮੰਨਣਗੇ। ਅਤੇ ਪਿਆਰ ਵਿੱਚ ਅੰਨ੍ਹੇ ਹੋਏ ਦੋਨਾਂ ਆਸ਼ਿਕਾਂ ਨੇ ਘਰੋਂ ਭੱਜ ਕੇ ਵਿਆਹ ਕਰਨ ਦੀ ਵਿਉਤ ਬਣਾ ਲਈ ਸੀ। ਉਸਦੇ ਕਦਮ ਇੱਕ ਪਲ ਲਈ ਵੀ ਲੜ੍ਹਖੜਾਏ ਨਹੀ ਸਨ, ਝੱਟ ਹਾਮੀ ਭਰ ਦਿੱਤੀ ਸੀ।
ਜਦੋ ਵਿਆਹ ਕਰਾ...
ਕੇ ਮੁੜੇ ਤਾਂ ਮੁੰਡੇ ਵਾਲੇ ਤਾਂ ਕੱਲੇ-ਕਾਰੇ ਪੁੱਤ ਪਿੱਛੇ ਕੌੜਾ ਘੁੱਟ ਭਰ ਗਏ ਸਨ ਪਰ ਉਸਦੇ ਪਿਉ ਨੇ ਤਾਂ ਜਦੋ ਪਤਾ ਲੱਗਾ, ਉਦੋਂ ਹੀ ਪਿੰਡ ਉਸਦਾ ਭੋਗ ਪਵਾ ਦਿੱਤਾ ਕਿ ਸਾਡੇ ਵੱਲੋ ਤਾਂ ਅੱਜ ਤੋਂ ਮਰ ਗਈ। ਵਿਆਹ ਤੋ ਬਾਅਦ ਇੱਕ ਦੋ ਮਹੀਨੇ ਤਾਂ ਉਸਨੂੰ ਕਿਸੇ ਦੀ ਕੋਈ ਯਾਦ ਤੱਕ ਵੀ ਨਾ ਆਈ ਪਰ ਫੇਰ ਹੌਲੀ ਹੌਲੀ ਹਰ ਦਿਨ ਸਦੀਆਂ ਵਰਗਾ ਲੰਮੇਰਾ ਲੱਗਣ ਲੱਗ ਪਿਆ। ਰੱਖੜੀ ਵਾਲੇ ਦਿਨ ਵੀ ਜਦੋ ਸੱਸ ਆਵਦੇ ਪੇਕੀ ਗਈ ਸੀ ਤਾਂ ਉਸਨੇ ਸਾਰਾ ਦਿਨ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ। ਦਿਲ ਵਿੱਚ ਉਮੀਦ ਵੀ ਸੀ ਕਿ ਵੀਰ ਤਾਂ ਸੱਖਣਾ ਗੁੱਟ ਰੱਖ ਹੀ ਨਹੀ ਸਕਦਾ, ਆਉਗਾ ਜਰੂਰ ਪਰ ਕੋਈ ਨਾ ਆਇਆ। ਅੱਜ ਜਦੋ ਉਹ ਪ੍ਰਹੁਣਿਆ ਲਈ ਰੋਟੀ-ਟੁੱਕ ਕਰ ਰਹੀ ਸੀ ਤਾਂ ਦਿਲ ਉਸਦਾ ਬਾਬਲ ਦੇ ਵਿਹੜੇ ਹੀ ਤੁਰਿਆ ਫਿਰਦਾ ਸੀ। ਮਾਮੀ ਸੱਸ ਦੇ ਬੋਲ ਉਸਦੇ ਸਿਰ ਵਿੱਚ ਹਥੌੜੇ ਵਾਂਗ ਵੱਜੇ ਸਨ, ਜਦੋ ਉਸਨੇ ਜਾਂਦੀ ਜਾਂਦੀ ਨੇ ਕਿਹਾ ਕਿ,” ਉਂਜ ਤਾਂ ਸਾਉਣ ਮਹੀਨੇ ਨੂੰਹ-ਸੱਸ ਇੱਕ ਦੂਜੀ ਦੇ ਮੱਥੇ ਨਹੀ ਲੱਗਦੀਆਂ, ਚੱਲ ਭਾਈ ਹੁਣ ਨਵਾਂ ਜਮਾਨਾ ਆ, ਬਾਕੀ ਤੂੰ ਤਾਂ ਜਾਣਾ ਵੀ ਕਿੱਥੇ ਆ?”
ਹੁਣ ਉਸਦੇ ਡੱਕ ਕੇ ਰੱਖੇ ਹੋਏ ਹੰਝੂ ਵਹਿ ਤੁਰੇ ਸਨ। ਕਹਿੰਦੇ ਹਨ ਕਿ,”ਸਾਉਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ” ਪਰ ਉਸਨੇ ਤਾਂ ਆਪ ਹੀ ਅਜਿਹਾ ਵਿਛੌੜਾ ਪਾ ਲਿਆ ਸੀ ਜੋ ਕਿ ਸਾਉਣ ਵੀ ਮੇਲ ਨਹੀ ਕਰਾ ਸਕਦਾ ਸੀ।
✍🏻✍🏻ਹਰਪ੍ਰੀਤ ਬਰਾੜ ਸਿੱਧੂ