More Punjabi Kahaniya  Posts
ਉਹ ਦਰੱਖ਼ਤ


ਫਰੀਦਕੋਟ ਤੋਂ ਸਾਦਿਕ ਵੱਲ ਦਾ ਅਠਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਰਾਹ ਦੇ ਵਿੱਚ,ਪਿੰਡ ਮਚਾਕੀ ਤੋਂ ਪਹਿਲਾਂ ਖੱਬੇ ਹੱਥ ਸੜਕ ਤੋਂ ਥੋੜਾ ਪਿੱਛੇ ਹਟਵਾਂ ਇੱਕ ਭਰਵਾਂ(ਸੰਘਣਾ) ਬੋਹੜ ਦਾ ਦਰੱਖ਼ਤ ਹੈ । ਇਸ ਦਰੱਖ਼ਤ ਤੇ ਕਦੇ ਵੀ ਕਿਸੇ ਰਾਹੀ ਦੀ ਨਿਗ੍ਹਾ ਨਹੀਂ ਪਈ ਹੋਣੀ,ਪਰ ਮੈਂ ਲੰਘਦਾ-ਟੱਪਦਾ ਇਸ ਵੱਲ ਨੂੰ ਮੂੰਹ ਕਰਕੇ ਸਿਰ ਜ਼ਰੂਰ ਨਿਵਾਉਂਦਾ ਹਾਂ । ਇੱਕ ਅਜੀਬ ਜਿਹਾ ਰਿਸ਼ਤਾ ਜੁੜ ਗਿਆ ਹੈ ਮੇਰਾ ਇਸ ਨਾਲ ।
ਸਾਡੀ ਰਿਹਾਇਸ਼ ਫਰੀਦਕੋਟ ਹੈ ਤੇ ਪਿੰਡ ਸਾਦਿਕ ਕੋਲ,ਸੋ ਏਸ ਰਾਹ ਤੋਂ ਦੀ ਆਉਣ-ਜਾਣ ਆਮ ਹੈ । ਮੈਂ ਜਦੋਂ ਵੀ ਪਾਪਾ ਜੀ(ਮੇਰੇ ਦਾਦਾ ਜੀ) ਨਾਲ ਐਥੋਂ ਲੰਘਦਾ,ਤਾਂ ਉਹ ਏਸ ਦੂਰੋਂ ਦਿਸਦੇ ਦਰੱਖ਼ਤ ਵੱਲ ਆਪਣਾ ਰੁਖ(ਧਿਆਨ) ਕਰਕੇ ਇਸਦਾ ਜ਼ਿਕਰ ਜ਼ਰੂਰ ਕਰਦੇ । ਉਹਨਾਂ ਦੇ ਦੱਸਣ ਮੁਤਾਬਕ ਅੱਜ ਤੋਂ ਤਕਰੀਬਨ ਸੱਠ(60) ਸਾਲ ਪਹਿਲਾਂ ਸਾਡੇ ਪਿੰਡ ਤੋਂ ਫਰੀਦਕੋਟ ਨੂੰ ਜੋ ਕੱਚਾ ਰਾਹ ਅਾਉਂਦਾ ਸੀ,ਉਹ ਏਸੇ ਦਰੱਖ਼ਤ ਕੋਲ ਦੀ ਲੰਘਦਾ ਸੀ । ਅੰਤਾਂ ਦੀ ਗਰਮੀ ਹੁੰਦੀ ਤੇ ਲੋਕ ਅਕਸਰ ਪੈਦਲ ਚੱਲਿਆ ਕਰਦੇ,ਰੇਤਲਾ ਇਲਾਕਾ ਹੋਣ ਕਰਕੇ ਰੇਤਾ ਐਨਾ ਹੁੰਦਾ ਕਿ ਪੈਰ ਵਿੱਚ ਖੁੱਬਦੇ ਜਾਂਦੇ ਅਤੇ ਹੌਲੀ-ਹੌਲੀ ਪੈਂਡੇ ਮੁੱਕਦੇ ਜਾਂਦੇ,ਤੇ ਰਾਹੀ ਏਸ ਬੋਹੜ ਦੀ ਛਾਂਵੇਂ ਬੈਠਕੇ ਆਨੰਦ ਮਾਣਦੇ । ਇਸ ਦੇ ਲਾਗੇ ਹੀ ਇੱਕ ਖੂਹੀ ਹੁੰਦੀ,ਪਰ ਉਹ ਵੀ ਲੋਕਾਂ ਵਾਂਗ ਪਾਣੀ ਬਿਨ੍ਹਾਂ ਪਿਆਸੀ ਹੀ ਰਹਿੰਦੀ ।
ਫਿਰ ਪਾਪਾ ਜੀ ਆਪਣੇ ‘ਦਾਦਾ ਜੀ’ ਬਾਰੇ ਦੱਸਣਾ ਸ਼ੁਰੂ ਕਰਦੇ,ਜਿਹਨਾਂ ਨੂੰ ਉਹ ‘ਬਾਬਾ ਜੀ’ ਆਖਿਆ ਕਰਦੇ ।ਦੱਸਦੇ ਕਿ ਬਾਬਾ ਜੀ ਵੀ ਕੋਈ ਸਮਾਨ ਸੱਪਾ ਲੈਣ ਲਈ ਥੋੜੇ ਦਿਨਾਂ ਪਿੱਛੋਂ ਸ਼ਹਿਰ ਦਾ ਚੱਕਰ ਲਗਾਉਂਦੇ । ਤਰਕਾਲਾਂ ਵੇਲੇ ਜਦੋਂ ਪਿੰਡ ਪਰਤਦੇ ਤਾਂ ਅਸੀਂ ਭੱਜਕੇ ਥੈਲਾ ਹੱਥੋਂ ਫੜਕੇ ਪੁੱਛਦੇ ਕਿ ‘ਤੁਸੀਂ ਐਨੀ ਵਾਟ ਤੁਰਕੇ ਜਾਂਦੇ ਹੋ,ਤੁਹਾਨੂੰ ਥਕਾਵਟ ਨਹੀਂ ਹੁੰਦੀ ?’ ਤਾਂ ਉਨ੍ਹਾਂ ਦਾ ਸਾਦਗੀ ਭਰਿਆ ਜਵਾਬ ਹੁੰਦਾ,’ਪੁੱਤ ਥਕਾਵਟ ਤਾਂ ਨਹੀਂ ਹੁੰਦੀ ਪਰ ਸੂਰਜ ਬੜਾ ਤੰਗ ਕਰਦਾ,ਇਹ ਜਾਂਦਿਆਂ ਦੇ ਵੀ ਸਿਰ ਚ ਵੱਜਦਾ ਤੇ ਮੁੜਦਿਆਂ ਦੇ ਵੀ । ਸ਼ਹਿਰ ਚੜ੍ਹਦੇ ਵਾਲੇ ਪਾਸੇ ਹੋਣ ਕਰਕੇ ਸਵੇਰ ਵੇਲੇ ਵੀ ਸੂਰਜ ਉਹਨਾਂ ਦੇ ਸਾਹਮਣੇ ਹੁੰਦਾ ਅਤੇ ਪਿੰਡ ਛਿਪਦੇ ਵਾਲੇ ਪਾਸੇ ਹੋਣ ਕਾਰਨ ਵਾਪਸੀ ਤੇ ਵੀ ਸੂਰਜ ਸਾਹਮਣਿਉਂ ਟੱਕਰਦਾ ।
ਖੈਰ,ਗੱਲ ਚੱਲੀ ਸੀ ਦਰੱਖ਼ਤ ਦੀ । ਪਾਪਾ ਜੀ ਦੱਸਦੇ ਕਿ ਤੁਰਕੇ ਆਉਂਦੇ ਰਾਹੀਆਂ ਦਾ ਵਗਦੀ ਲੂ ਤੇ ਤਰੇਹ ਨਾਲ ਬੁਰਾ ਹਾਲ ਹੁੰਦਾ । ਬਾਬਾ ਜੀ ਨੇ ਚੁੱਪ-ਚੁਪੀਤੇ ਇਸ ਸੰਘਣੇ ਦਰੱਖ਼ਤ ਹੇਠਾਂ ਘੜੇ ਰੱਖਕੇ ਪਾਣੀ ਪਿਲਾਉਣ ਲਈ ਇੱਕ ਬੰਦਾ ਬਿਠਾਇਆ ਅਤੇ ਉਸਨੂੰ ਸਖ਼ਤੀ ਨਾਲ ਆਖਿਆ ਕਿ ਲੰਘਦਿਆਂ-ਟੱਪਦਿਆਂ ਤੈਨੂੰ ਤੇਰਾ ਮਿਹਨਤਾਨਾ ਮਿਲ ਜਾਇਆ ਕਰੂ,ਪਰ ਕਿਸੇ ਨੂੰ ਇਹ ਨਹੀਂ ਦੱਸਣਾ ਵੀ ਐਥੇ ਤੈਨੂੰ ਮੈਂ ਬਿਠਾਇਆ ।
ਲੋਕ ਗਰਮੀ ਦੇ ਮਾਰੇ ਛਾਂਵੇਂ ਬਹਿਕੇ ਦਮ ਲੈਂਦੇ ਤੇ ਪਾਣੀ ਪੀਕੇ ਅੰਤਾਂ ਦੀ ਲੱਗੀ ਪਿਆਸ ਬੁਝਾਉਂਦੇ,ਅਤੇ ਨਾਲ ਹੀ ਪਾਣੀ ਪਿਲਾਉਣ ਵਾਲੇ ਨੂੰ ਅਸੀਸਾਂ ਦਿੰਦੇ ਆਪਣੀ ਮੰਜ਼ਲ ਵੱਲ ਨੂੰ ਕੂਚ ਕਰ ਜਾਂਦੇ । ਜਿੰਨਾ ਟਾਈਮ ਬਾਬਾ ਜੀ...

ਜਿਉਂਦੇ ਰਹੇ,ਓਨਾਂ ਸਮਾਂ ਪਾਣੀ ਵੀ ਰਾਹੀਆਂ ਦੀ ਤ੍ਰੇਹ ਬੁਝਾਉਂਦਾ ਰਿਹਾ ਤੇ ਕਿਸੇ ਨੂੰ ਕਦੇ ਵੀ ਪਤਾ ਨਾ ਲੱਗਣ ਦਿੱਤਾ ਕਿ ਇਹ ਸੇਵਾ ਉਹਨਾਂ ਵੱਲੋਂ ਹੈ ।
ਵਕਤ ਗੁਜ਼ਰਦਾ ਗਿਆ ਤੇ ਪਾਪਾ ਜੀ ਖੇਤੀਬਾੜੀ ਵਿਭਾਗ ਦੇ ਵਿੱਚ ਬਤੌਰ ਸੀਨੀਅਰ ਅਫਸਰ ਸੇਵਾ ਨਿਭਾਉਣ ਲੱਗੇ । ਉਨ੍ਹਾਂ ਟੈਮਾਂ ਚ ਉਹਨਾਂ ਨੂੰ ਸਰਕਾਰੀ ਜੀਪ ਮਿਲੀ,ਜਿਸ ਵਿੱਚ ਉਹ ਬਾਬਾ ਜੀ ਨੂੰ ਬਿਠਾਕੇ ਸ਼ਹਿਰ ਲੈਕੇ ਗਏ ਤੇ ਬਾਬਾ ਜੀ ਕਿੰਨੇ ਦਿਨਾਂ ਤੱਕ ਹੈਰਾਨ ਹੁੰਦੇ ਰਹੇ ਕਿ ਆਪਾਂ ਐਨੀ ਛੇਤੀ ਪਿੰਡ ਵੀ ਮੁੜ ਆਏ ।
ਫਰਵਰੀ 1974 ਵਿੱਚ ਬਾਬਾ ਜੀ ਚੱਲ ਵਸੇ ਤੇ ਹੌਲੀ-ਹੌਲੀ ਉਹ ਰਾਹ ਵੀ ਅਸਮਾਨੀਂ ਉੱਡ ਗਿਆ,ਪਰ ਉਹ ਦਰੱਖ਼ਤ ਅੱਜ ਵੀ ਜਿਉਂਦਾ ਹੈ । ਪਾਪਾ ਜੀ ਕਈ ਵਾਰ ਕਾਰ ਓਧਰ ਨੂੰ ਘੁੰਮਾ ਲੈਂਦੇ ਅਤੇ ਉਹਦੀ ਛਾਂਵੇਂ ਜਾਕੇ ਆਪਣੇ ਦਾਦਾ ਜੀ ਨੂੰ ਯਾਦ ਕਰਿਆ ਕਰਦੇ । ਜੁਲਾਈ 2015 ਵਿੱਚ ਪਾਪਾ ਜੀ ਵੀ ਏਸ ਜਹਾਨੋਂ ਰੁਖ਼ਸਤ ਹੋ ਗਏ,ਪਰ ਉਹ ਦਰੱਖ਼ਤ ਅੱਜ ਵੀ ਜਿਉਂਦਾ ਹੈ । ਹੁਣ ਕਈ ਵਾਰ ਜਦੋਂ ਕਦੇ ਮੈਨੂੰ ਇਕੱਲੇ ਨੂੰ ਇਸ ਰਾਹ ਜਾਣ ਦਾ ਮੌਕਾ ਮਿਲਦੈ,ਤਾਂ ਮੈਂ ਵੀ ਇਹਦੀ ਛਾਂਵੇਂ ਜਾਕੇ ਪਾਪਾ ਜੀ ਨੂੰ ਯਾਦ ਕਰ ਲੈਂਦਾ ਹਾਂ ।
ਫੌਜੀਆਂ ਦੀ ਛਾਉਣੀ ਦੀ ਵਲਗਣ ਇਹਦੇ ਤੋਂ ਥੋੜੀ ਹੀ ਦੂਰ ਹੈ । ਇੱਕ ਅਜੀਬ ਜਿਹਾ ਡਰ ਲੱਗਾ ਰਹਿੰਦਾ ਹੈ,ਕਿਧਰੇ ਇਹ ਵੀ ਵਲਗਣ ਦੇ ਵਿੱਚ ਨਾ ਆ ਜਾਵੇ,ਕਿਧਰੇ ਇਹ ਸਦਾ ਲਈ ਅਲੋਪ ਨਾ ਹੋ ਜਾਵੇ । ਕਈ ਜਜ਼ਬਾਤ ਜੁੜ ਚੁੱਕੇ ਨੇ,ਕਿੰਨੇ ਹੀ ਖਿਆਲਾਤ ਜੁੜ ਚੁੱਕੇ ਨੇ,ਰੇਤਲੇ ਰਾਹਾਂ ਦੇ ਸੰਨਾਟੇ ਤੋਂ ਲੈਕੇ ਪੱਕੀਆਂ ਸੜਕਾਂ ਦੇ ਅੜਾਟ ਜੁੜ ਚੁੱਕੇ ਨੇ । ਬਾਬਾ ਜੀ ਤੋਂ ਲੈਕੇ ਸਾਡੇ ਪਰਿਵਾਰ ਦੀ ਛੇਵੀਂ ਪੀੜ੍ਹੀ ਚੱਲ ਪਈ,ਪਰ ‘ਬਾਬਾ ਜੀ’ ਦੇ ਨੀਰ ਦਾ ਸਿੰਜਿਆ ਤੇ ‘ਪਾਪਾ ਜੀ’ ਦੀਆਂ ਯਾਦਾਂ ਨਾਲ ਭਿੱਜਿਆ ਇਹ ‘ਦਰੱਖ਼ਤ’ ਅੱਜ ਵੀ ਜਿਉਂਦਾ ਹੈ ।।।
‘ਯਾਦਾਂ ਬਣ ਨਿਸ਼ਾਨੀ ਰਹਿ ਜਾਂਦੀ,
ਅੰਬਰੋਂ ਪਾਰ ਜਾਨੋਂ ਪਿਆਰੇ ਚਲੇ ਜਾਂਦੇ ।’
‘ਵਕਤ ਗੁਜ਼ਰ ਜਾਂਦਾ ਆਪਣੀ ਚਾਲ ਚੱਲਦਾ,
ਵਕਤ ਦੇ ਨਾਲ ਹੀ ਨਜ਼ਾਰੇ ਬਦਲ ਜਾਂਦੇ ।’
‘ਬਣੋ ਸਹਾਰਾ ਬਜ਼ੁਰਗਾਂ ਦਾ,
ਉਨ੍ਹਾਂ ਨਾਲ ਹੀ ਜਿੰਦੜੀਏ ਸਹਾਰੇ ਚਲੇ ਜਾਂਦੇ ।’
~~ਰੁਪਿੰਦਰ ਸੰਧੂ~~
(7889061449)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)